ਜਲੰਧਰ (ਰਵਿੰਦਰ)- ਹਰ ਸਮੇਂ ਚਿਹਰੇ 'ਤੇ ਮੁਸਕਾਨ, ਜਿਸਨੂੰ ਵੀ ਮਿਲਣਾ ਆਪਣਾ ਬਣਾ ਲੈਣਾ ਜਾਂ ਫਿਰ ਉਸਦਾ ਬਣ ਜਾਣਾ। ਕੁਝ ਅਜਿਹਾ ਹੀ ਸੁਭਾਅ ਸੀ ਨੌਜਵਾਨ ਕਾਂਗਰਸੀ ਆਗੂ ਬਲਵੰਤ ਸ਼ੇਰਗਿੱਲ ਦਾ। ਇਕ ਅਣਹੋਣੀ ਨੇ ਸ਼ੇਰਗਿੱਲ ਨੂੰ ਬੇਮੌਤ ਆਪਣਾ ਸ਼ਿਕਾਰ ਬਣਾ ਲਿਆ। ਪਿੱਛੇ ਛੱਡ ਗਿਆ ਉਹ ਰੋਂਦਾ ਹੋਇਆ ਪਰਿਵਾਰ ਅਤੇ ਉਮਰ ਭਰ ਨਾ ਭੁੱਲਣ ਵਾਲਾ ਦਰਦ। ਪਰਿਵਾਰ ਸਣੇ ਯਾਰਾਂ ਦੋਸਤਾਂ ਤੇ ਸਕੇ ਸਬੰਧੀਆਂ ਨੂੰ 24 ਘੰਟੇ ਬਾਅਦ ਵੀ ਯਕੀਨ ਨਹੀਂ ਹੋ ਰਿਹਾ ਸੀ ਕਿ ਸ਼ੇਰਗਿੱਲ ਉਨ੍ਹਾਂ ਦਰਮਿਆਨ ਨਹੀਂ ਰਿਹਾ। ਬੇਹੱਦ ਗਮਗੀਨ ਮਾਹੌਲ 'ਚ ਬੁੱੱਧਵਾਰ ਦੁਪਹਿਰ ਕਿਸ਼ਨਪੁਰਾ ਸ਼ਮਸ਼ਾਨਘਾਟ 'ਚ ਸ਼ੇਰਗਿੱਲ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ।

ਅੰਤਿਮ ਸੰਸਕਾਰ 'ਚ ਸ਼ਾਮਲ ਹਰ ਅੱਖ ਵਿਚ ਹੰਝੂ ਸਨ ਅਤੇ ਹਰ ਕੋਈ ਇਹ ਹੀ ਕਹਿ ਰਿਹਾ ਸੀ ਕਿ ਯਾਰਾਂ ਦਾ ਯਾਰ ਸੀ ਸ਼ੇਰਗਿੱਲ। ਬਚਪਨ 'ਚ ਹੀ ਖੇਡਾਂ 'ਚ ਰੁਚੀ ਰੱਖਣ ਵਾਲੇ ਸ਼ੇਰਗਿੱਲ ਦੇ ਪਿਤਾ ਨਸ਼ੱਤਰ ਸ਼ੇਰਗਿੱਲ ਵੀ ਹਾਕੀ ਦੇ ਚੰਗੇ ਖਿਡਾਰੀ ਰਹੇ ਹਨ। ਜਵਾਨੀ ਵਿਚ ਕਦਮ ਰੱਖਿਆ ਤਾਂ ਸਿਆਸਤ 'ਚ ਰੁਚੀ ਵਧੀ। ਪਹਿਲਾਂ ਅਕਾਲੀ ਦਲ ਜੁਆਇਨ ਕੀਤਾ ਅਤੇ ਬਾਅਦ 'ਚ ਮਨਪ੍ਰੀਤ ਬਾਦਲ ਨੂੰ ਆਪਣਾ ਸਿਆਸੀ ਗੁਰੂ ਬਣਾ ਲਿਆ। ਮਨਪ੍ਰੀਤ ਬਾਦਲ ਨੇ ਜਦੋਂ ਵੱਖਰੀ ਪਾਰਟੀ ਪੀ. ਪੀ. ਪੀ. ਬਣਾਈ ਤਾਂ ਸ਼ੇਰਗਿੱਲ ਪਾਰਟੀ ਦਾ ਪਹਿਲਾ ਮੈਂਬਰ ਬਣਿਆ। ਉਸਨੇ ਹੀ ਮਨਪ੍ਰੀਤ ਬਾਦਲ ਫੈਨ ਕਲੱਬ ਦੀ 2010 'ਚ ਸ਼ੁਰੂਆਤ ਕੀਤੀ ਅਤੇ ਜ਼ਿਲੇ ਚ ਪੀ. ਪੀ. ਪੀ. ਨੂੰ ਬੁਲੰਦੀਆਂ 'ਤੇ ਸ਼ੇਰਗਿੱਲ ਨੇ ਹੀ ਪਹੁੰਚਾਇਆ ਸੀ। ਸਵੇਰੇ ਉੱਠ ਕੇ ਘਰੋਂ ਨਿੱਕਲ ਜਾਂਦਾ ਅਤੇ ਪਾਰਟੀ ਨਾਲ ਲੋਕਾਂ ਨੂੰ ਜੋੜਦਾ। ਇਸਤੋਂ ਬਾਅਦ ਜਦੋਂ ਮਨਪ੍ਰੀਤ ਬਾਦਲ ਕਾਂਗਰਸ 'ਚ ਗਏ ਤਾਂ ਪਿੱਛੇ-ਪਿੱਛੇ ਸ਼ੇਰਗਿੱਲ ਨੇ ਵੀ ਰਸਤਾ ਫੜ ਲਿਆ। ਨਾਰਥ ਹਲਕੇ 'ਚ ਕਾਂਗਰਸ ਦੀ 2017 'ਚ ਜਿੱਤ ਵਿਚ ਵੱਡਾ ਹੱਥ ਸ਼ੇਰਗਿੱਲ ਦਾ ਰਿਹਾ। ਜਦੋਂ ਸਾਬਕਾ ਕੈਬਨਿਟ ਮੰਤਰੀ ਅਵਤਾਰ ਹੈਨਰੀ ਨੂੰ ਸ਼ੇਰਗਿੱਲ ਦੀ ਮੌਤ ਦਾ ਪਤਾ ਲੱਗਿਆ ਤਾਂ ਉਨ੍ਹਾਂ ਦੀਆਂ ਅੱਖਾਂ ਵਿਚ ਵੀ ਹੰਝੂ ਸਨ ਅਤੇ ਉਹ ਸ਼ੇਰਗਿੱਲ ਪਰਿਵਾਰ ਨਾਲ ਸੰਵੇਦਨਾ ਜਤਾਉਣ ਉਨ੍ਹਾਂ ਦੇ ਘਰ ਪਹੁੰਚ ਗਏ।
8 ਸਾਲ ਦਾ ਯੁਵਰਾਜ ਪੁੱਛਦਾ ਰਿਹਾ ਮੰਮੀ ਅੱਜ ਸਕੂਲ ਨਹੀਂ ਜਾਣਾ
8 ਸਾਲ ਦੇ ਯੁਵਰਾਜ ਨੂੰ ਇਸ ਗੱਲ ਦਾ ਯਕੀਨ ਨਹੀਂ ਆ ਰਿਹਾ ਸੀ ਕਿ ਉਸਦੇ ਪਿਤਾ ਇਸ ਦੁਨੀਆ 'ਚ ਨਹੀਂ ਰਹੇ। ਪਹਿਲਾਂ ਬੇਟੇ ਕੋਲੋਂ ਇਹ ਗੱਲ ਲੁਕੋਈ ਗਏ। ਸਵੇਰੇ ਉਠਿਆ ਤਾਂ ਕਹਿਣ ਲੱਗਾ ਕਿ ਮੰਮੀ ਅੱਜ ਸਕੂਲ ਨਹੀਂ ਜਾਣਾ। ਨੰਨ੍ਹੀ ਜ਼ੁਬਾਨ 'ਚੋਂ ਨਿਕਲਿਆ ਇਕ-ਇਕ ਸ਼ਬਦ ਕੁਦਰਤ ਦੇ ਕਹਿਰ 'ਤੇ ਸਵਾਲ ਕਰ ਰਿਹਾ ਸੀ।
ਦੁੱਧ ਦੀ ਆੜ 'ਚ ਨਸ਼ਾ ਵੇਚ ਰਿਹਾ ਸੀ ਦੋਧੀ, ਚੜ੍ਹਿਆ ਪੁਲਸ ਅੜਿੱਕੇ
NEXT STORY