ਅੰਮ੍ਰਿਤਸਰ— ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਵੱਲੋਂ 1984 ਸਿੱਖ ਵਿਰੋਧੀ ਦੰਗਿਆਂ ਨੂੰ ਲੈ ਕੇ ਦਿੱਤੇ ਗਏ ਬਿਆਨ ਨੇ ਸਿਆਸਤ 'ਚ ਭੂਚਾਲ ਆ ਗਿਆ ਹੈ। ਡਾ. ਮਨਮੋਹਮਨ ਸਿੰਘ ਵੱਲੋਂ ਦਿੱਤੇ ਗਏ ਬਿਆਨ 'ਤੇ ਸਾਬਕਾ ਕੈਬਨਿਟ ਮੰਤਰੀ ਅਤੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਆਪਣਾ ਪ੍ਰਤੀਕਰਮ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਵੱਲੋਂ ਦਿੱਤੇ ਗਏ ਬਿਆਨ ਨੇ ਕਾਂਗਰਸ ਨੂੰ ਬੇਨਕਾਬ ਕੀਤਾ ਹੈ। ਮਨਮੋਹਨ ਸਿੰਘ ਦੇ ਬਿਆਨ ਨੂੰ ਸਹੀ ਠਹਿਰਾਉਂਦੇ ਹੋਏ ਮਜੀਠੀਆ ਨੇ ਕਿਹਾ ਕਿ ਉਨ੍ਹਾਂ ਵੱਲੋਂ ਦਿੱਤੇ ਗਏ ਬਿਆਨ ਤੋਂ ਬਾਅਦ ਹੁਣ ਕੋਈ ਸਬੂਤ ਦੀ ਲੋੜ ਨਹੀਂ ਰਹਿ ਜਾਂਦੀ।
ਉਨ੍ਹਾਂ ਕਿਹਾ ਕਿ ਡਾ. ਮਨਮੋਹਨ ਸਿੰਘ ਦੇ ਦਿਲ 'ਤੇ ਜੋ ਪਹਾੜ ਚੁੱਕੇ ਕੇ ਘੁੰਮ ਰਹੇ ਸਨ, ਜਿਸ ਨੂੰ ਉਨ੍ਹਾਂ ਨੇ ਕਬੂਲ ਕਰ ਲਿਆ ਹੈ। ਉਨ੍ਹਾਂ ਕਿਹਾ ਕਿ 1984 ਸਿੱਖ ਕਤਲੇਆਮ ਗਾਂਧੀ ਪਰਿਵਾਰ ਦੇ ਇਸ਼ਾਰੇ 'ਤੇ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਸੱਜਣ ਸਿੰਘ, ਜਗਦੀਸ਼ ਟਾਈਟਲਰ ਰਾਜੀਵ ਗਾਂਧੀ ਦੇ ਕਰੀਬੀ ਸਨ। ਹਰ ਤਰੀਕੇ ਦੀ ਧੱਕੇਸ਼ਾਹੀ ਜੋ ਹੋਈ ਹੈ, ਉਸ ਦਾ ਕਬੂਲਨਾਮਾ ਡਾ. ਮਨਮੋਹਨ ਸਿੰਘ ਨੇ ਆਪ ਦੇ ਲਫਜ਼ਾ 'ਚ ਖੁਦ ਬਿਆਨ ਕੀਤਾ ਹੈ। ਉਨ੍ਹਾਂ ਕਿਹਾ ਕਿ ਮਨਮੋਹਨ ਸਿੰਘ ਨੇ ਇਹ ਕਬੂਲਨਾਮਾ ਕਰਕੇ ਆਪਣਾ ਮਨ ਹਲਕਾ ਕੀਤਾ ਹੈ। ਉਨ੍ਹਾਂ ਕਿਹਾ ਕਿ ਡਾ. ਮਨਮੋਹਨ ਸਿੰਘ ਨੇ ਜੋ ਕਬੂਲਨਾਮਾ ਕੀਤਾ ਹੈ, ਉਹ ਸ਼ਾਇਦ ਹੀ ਕੋਈ ਕਾਂਗਰਸੀ ਲੀਡਰ ਕਰ ਸਕਦਾ।

ਉਨ੍ਹਾਂ ਡਾ. ਮਨਮੋਹਨ ਸਿੰਘ ਦਾ ਤਹਿ ਦਿਲੋਂ ਧੰਨਵਾਦ ਕਰਦੇ ਹੋਏ ਕਿਹਾ ਕਿ ਹੁਣ ਤੱਕ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਚੁੱਪ ਕਿਉਂ ਸਨ ਅਤੇ ਇਹ ਗੱਲ ਉਨ੍ਹਾਂ ਨੇ ਆਪਣੇ ਮਨ 'ਚ ਕਿਉਂ ਲੁਕੋ ਕੇ ਰੱਖੀ। ਵਿਰੋਧੀ ਧਿਰ ਬੜੇ ਲੰਬੇ ਸਮੇਂ ਤੋਂ ਰੌਲਾ ਪਾਉਂਦੇ ਰਹੇ ਸਨ ਪਰ ਸੋਨੀਆ ਗਾਂਧੀ, ਰਾਹੁਲ ਗਾਂਧੀ 1984 ਦੇ ਕਤਲੇਆਮ ਦੇ ਮੁਲਜ਼ਮ ਜਗਦੀਸ਼ ਟਾਈਟਲਰ, ਸੱਜਣ ਸਿੰਘ ਅਤੇ ਕਮਲਨਾਥ ਨੂੰ ਬਚਾਉਂਦੇ ਰਹੇ ਹਨ। ਉਨ੍ਹਾਂ ਕਿਹਾ ਕਿ ਜਦੋਂ 1984 ਦੇ ਦੰਗੇ ਹੋਏ ਸਨ ਤਾਂ ਉਸ ਸਮੇਂ ਰਾਜੀਵ ਗਾਂਧੀ ਨੂੰ ਇਹ ਪੁੱਛਿਆ ਗਿਆ ਸੀ ਕਿ ਦਿੱਲੀ 'ਚ ਇੰਨਾ ਕੁਝ ਹੋ ਰਿਹਾ ਹੈ ਤਾਂ ਰਾਜੀਵ ਗਾਂਧੀ ਨੇ ਹਮਦਰਦੀ ਦਿਖਾਉਣ ਦੀ ਬਜਾਏ ਇਹ ਕਿਹਾ ਸੀ ਕਿ ਜਦੋਂ ਕੋਈ ਵੱਡਾ ਦਰੱਖਤ ਡਿੱਗਦਾ ਤਾਂ ਧਰਤੀ ਹਿੱਲਦੀ ਹੈ। ਉਨ੍ਹਾਂ ਨੇ ਕਿਹਾ 1984 ਦੇ ਦੰਗਿਆਂ 'ਚ ਕਾਂਗਰਸੀ ਲੀਡਰ ਸ਼ਾਮਲ ਸਨ, ਇਹ ਜਾਣਦੇ ਹੋਏ ਵੀ ਕਾਂਗਰਸ ਨੇ ਪ੍ਰਤੱਖ ਰੂਪ ਨਾਲ ਸੱਚਾਈ ਨੂੰ ਸਵੀਕਾਰ ਨਹੀਂ ਕੀਤਾ। ਉਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ, ਸੁਨੀਲ ਜਾਖੜ ਨੂੰ ਸਵਾਲ ਕਰਦੇ ਹੋਏ ਕਿਹਾ ਕਿ ਜੇਕਰ ਅਜੇ ਵੀ ਕਾਂਗਰਸ ਨੇ ਗਾਂਧੀ ਪਰਿਵਾਰ ਦੀ ਚਾਪਲੂਸੀ ਕੀਤੀ ਤਾਂ ਇਹ ਗੱਲ ਸਾਬਤ ਹੋਵੇਗੀ ਕਿ ਕਾਂਗਰਸ ਨੂੰ ਸਿਰਫ ਕੁਰਸੀ ਪਿਆਰੀ ਹੈ।
ਦੱਸਣਯੋਗ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ 1984 ਸਿੱਖ ਵਿਰੋਧੀ ਦੰਗਿਆਂ ਨੂੰ ਲੈ ਕੇ ਵੱਡਾ ਬਿਆ ਦਿੰਦੇ ਹੋਏ ਕਿਹਾ ਸੀ ਕਿ ਜੇਕਰ ਸਾਬਕਾ ਗ੍ਰਹਿ ਮੰਤਰੀ ਪੀ. ਵੀ. ਨਰਸਿਮਹਾ ਰਾਵ ਨੇ ਇੰਦਰ ਕੁਮਾਰ ਗੁਜਰਾਲ ਦੀ ਸਲਾਹ ਮੰਨੀ ਹੁੰਦੀ ਤਾਂ ਦਿੱਲੀ 'ਚ ਸਿੱਖ ਕਤਲੇਆਮ ਤੋਂ ਬਚਿਆ ਜਾ ਸਕਦਾ ਸੀ। ਬੁੱਧਵਾਰ ਨੂੰ ਦਿੱਲੀ 'ਚ ਸਾਬਕਾ ਪ੍ਰਧਾਨ ਮੰਤਰੀ ਗੁਜਰਾਲ ਦੀ 100ਵੀਂ ਜਯੰਤੀ 'ਤੇ ਆਯੋਜਿਤ ਸਮਾਰੋਹ 'ਚ ਮਨਮੋਹਨ ਸਿੰਘ ਨੇ ਇਹ ਗੱਲ ਕਹੀ। ਮਨਮੋਹਨ ਸਿੰਘ ਨੇ ਕਿਹਾ ਸੀ ਕਿ ਦਿੱਲੀ 'ਚ ਜਦੋਂ 1984 ਸਿੱਖ ਵਿਰੋਧੀ ਦੰਗੇ ਹੋ ਰਹੇ ਸਨ, ਗੁਜਰਾਲ ਜੀ ਉਸ ਸਮੇਂ ਗ੍ਰਹਿ ਮੰਤਰੀ ਨਰਸਿਮਹਾ ਰਾਵ ਕੋਲ ਗਏ ਸਨ। ਉਨ੍ਹਾਂ ਨੇ ਰਾਵ ਨੂੰ ਕਿਹਾ ਕਿ ਸਥਿਤੀ ਇੰਨੀ ਗੰਭੀਰ ਹੈ ਕਿ ਸਰਕਾਰ ਲਈ ਜਲਦ ਤੋਂ ਜਲਦ ਫੌਜ ਨੂੰ ਬੁਲਾਉਣਾ ਜ਼ਰੂਰੀ ਹੈ। ਜੇਕਰ ਰਾਵ ਗੁਜਰਾਲ ਦੀ ਸਲਾਹ ਮੰਨ ਕੇ ਜ਼ਰੂਰੀ ਕਾਰਵਾਈ ਕਰਦੇ ਤਾਂ ਸ਼ਾਇਦ 1984 ਕਤਲੇਆਮ ਤੋਂ ਬਚਿਆ ਜਾ ਸਕਦਾ ਸੀ।
ਕੈਪਟਨ ਦਾ ਸੁਰੱਖਿਆ ਘੇਰਾ ਤੋੜ ਕੇ ਧੱਕੇ ਨਾਲ ਮੀਟਿੰਗ ਹਾਲ 'ਚ ਵੜਿਆ ਵਿਅਕਤੀ
NEXT STORY