ਲੁਧਿਆਣਾ (ਗੌਤਮ/ਰਿਸ਼ੀ): ਨਸ਼ਾ ਸਮੱਗਲਿੰਗ ਤੇ ਕਤਲ ਕਰਨ ਦੇ ਦੋਸ਼ ’ਚ ਬੰਦ 2 ਮੁਲਜ਼ਮਾਂ ਦੀ ਜੇਲ ’ਚ ਦੋਸਤੀ ਹੋਈ ਅਤੇ ਦੋਵਾਂ ਨੇ ਜ਼ਮਾਨਤ ’ਤੇ ਛੁੱਟਦੇ ਹੀ ਨਸ਼ਾ ਸਮੱਗਲਿੰਗ ਦਾ ਕਾਰੋਬਾਰ ਸ਼ੁਰੂ ਕਰ ਦਿੱਤਾ। ਕ੍ਰਾਈਮ ਬ੍ਰਾਂਚ ਦੀ ਟੀਮ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਕਾਰਵਾਈ ਕਰਦੇ ਹੋਏ ਦੋਵਾਂ ਨੂੰ ਕਾਬੂ ਕਰ ਲਿਆ। ਪੁਲਸ ਨੇ ਮੁਲਜ਼ਮਾਂ ਤੋਂ 100 ਗ੍ਰਾਮ ਹੈਰੋਇਨ, ਨਾਜਾਇਜ਼ ਪਿਸਤੌਲ ਤੇ ਇਕ ਜ਼ਿੰਦਾ ਕਾਰਤੂਸ ਸਮੇਤ ਕਾਬੂ ਕਰ ਲਿਆ। ਮੁਲਜ਼ਮਾਂ ਖਿਲਾਫ ਥਾਣਾ ਫੋਕਲ ਪੁਆਇੰਟ ’ਚ ਨਸ਼ਾ ਸਮੱਗਲਿੰਗ ਤੇ ਆਰਮ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਸ ਨੇ ਮੁਲਜ਼ਮਾਂ ਦੀ ਪਛਾਣ ਵਸਾ਼ਲ ਕੁਮਾਰ ਤੇ ਉਸ ਦੀ ਸਾਥੀ ਹਰਮਿੰਦਰ ਸਿੰਘ ਵਜੋਂ ਕੀਤੀ ਹੈ।
ਏ. ਡੀ. ਸੀ. ਪੀ. ਅਮਨਦੀਪ ਸਿੰਘ ਬਰਾੜ ਨੇ ਦੱਸਿਆ ਕਿ ਕ੍ਰਾਈਮ ਬ੍ਰਾਂਚ ਦੇ ਇੰਚਾਰਜ ਬੇਅੰਤ ਜੁਨੇਜ਼ਾ ਦੀ ਟੀਮ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਥਾਣਾ ਫੋਕਲ ਪੁਆਇੰਟ ਦੇ ਇਲਾਕੇ ਉੱਚੀ ਮੰਗਲੀ ਰੋਡ ਸੂਆ ਰੋਡ ’ਤੇ ਨਾਕਾਬੰਦੀ ਕਰ ਕੇ ਚੈਕਿੰਗ ਕਰ ਰਹੀ ਸੀ ਤਾਂ ਟੀਮ ਨੇ ਦੇਖਿਆ ਕਿ ਦੋਵੇ ਮੁਲਜ਼ਮ ਪੈਦਲ ਹੀ ਉਨ੍ਹਾਂ ਵੱਲ ਆ ਰਹੇ ਸਨ। ਪੁਲਸ ਟੀਮ ਨੂੰ ਦੇਖ ਕੇ ਮੁਲਜ਼ਮ ਘਬਰਾ ਕੇ ਵਾਪਸ ਮੁੜਨ ਲਗੇ ਤਾਂ ਸ਼ੱਕ ਹੋਣ ’ਤੇ ਟੀਮ ਨੇ ਮੁਲਜ਼ਮਾਂ ਨੂੰ ਫੜ ਕੇ ਜਦੋਂ ਉਨ੍ਹਾਂ ਦੀ ਤਲਾਸ਼ੀ ਲਈ ਤਾਂ ਮੁਲਜ਼ਮਾਂ ਤੋਂ 100 ਗ੍ਰਾਮ ਹੈਰੋਇਨ, ਨਾਜਾਇਜ਼ ਪਿਸਤੌਲ ਤੇ ਇਕ ਜ਼ਿੰਦਾ ਕਾਰਤੂਸ ਬਰਾਮਦ ਕੀਤਾ ਗਿਆ। ਜਾਂਚ ਅਧਿਕਾਰੀ ਇੰਸਪੈਕਟਰ ਬੇਅੰਤ ਜੁਨੇਜਾ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕਰ ਕੇ 2 ਦਿਨ ਦਾ ਪੁਲਸ ਰਿਮਾਂਡ ਲਿਆ ਗਿਆ ਹੈ। ਸ਼ੁਰੂਆਤੀ ਜਾਂਚ ਦੌਰਾਨ ਪਤਾ ਲੱਗਿਆ ਹੈ ਕਿ ਮੁਲਜ਼ਮ ਵਿਸ਼ਾਲ ਕਤਲ ਅਤੇ ਦੂਜਾ ਮੁਲਜ਼ਮ ਹਰਵਿੰਦਰ ਸਿੰਘ ਨਸ਼ਾ ਸਮੱਗਲਿੰਗ ਦੇ ਦੋਸ਼ ਵਿਚ ਜੇਲ੍ਹ ’ਚ ਬੰਦ ਸਨ ਅਤੇ ਜੇਲ ਵਿਚ ਹੀ ਦੋਵਾਂ ਦੀ ਮੁਲਾਕਾਤ ਹੋਈ ਸੀ। ਮੁਲਜ਼ਮਾਂ ਨੇ ਜੇਲ ਤੋਂ ਜ਼ਮਾਨਤ ’ਤੇ ਛੁੱਟਣ ਤੋਂ ਬਾਅਦ ਨਸ਼ਾ ਸਮੱਗਲਿੰਗ ਕਰਨੀ ਸ਼ੁਰੂ ਕਰ ਦਿੱਤੀ।
ਮੁਲਜ਼ਮਾਂ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਹ ਤਰਨਤਾਰਨ ਦੇ ਇਲਾਕੇ ਤੋਂ ਨਸ਼ਾ ਲੈ ਕੇ ਆਉਂਦੇ ਸਨ ਅਤੇ ਆਲੇ-ਦੁਆਲੇ ਦੇ ਇਲਾਕਿਆਂ ’ਚ ਸਪਲਾਈ ਕਰਦੇ ਸਨ। ਮੁਲਜ਼ਮਾਂ ਤੋਂ ਪੁੱਛਗਿੱਛ ਕਰ ਕੇ ਪਤਾ ਲਗਾਇਆ ਜਾ ਰਿਹਾ ਹੈ ਕਿ ਮੁਲਜ਼ਮ ਨਸ਼ਾ ਕਿਥੋਂ ਲੈ ਕੇ ਆਉਂਦੇ ਸਨ ਅਤੇ ਕਿਹੜੇ-ਕਿਹੜੇ ਲੋਕਾਂ ਨੂੰ ਸਪਲਾਈ ਕਰਦੇ ਸਨ। ਮੁਲਜ਼ਮਾਂ ਤੋਂ ਉਨ੍ਹਾਂ ਦੇ ਸੰਪਰਕ ’ਚ ਆਉਣ ਵਾਲੇ ਹੋਰ ਸਮੱਗਲਰਾਂ ਬਾਰੇ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ। ਮੁਲਜ਼ਮਾਂ ਤੋਂ ਪਤਾ ਲਗਾਇਆ ਜਾ ਰਿਹਾ ਹੈ ਕਿ ਮੁਲਜ਼ਮ ਨਾਜਾਇਜ਼ ਪਿਸਤੌਲ ਕਿਥੋਂ ਲੈ ਕੇ ਆਏ ਸਨ ਅਤੇ ਕਿਹੜੇ ਮਕਸਦ ਨਾਲ ਪਿਸਤੌਲ ਲੈ ਕੇ ਰੱਖਿਆ ਹੋਇਆ ਸੀ।
ਅਕਾਲੀ ਦਲ ਨੇ ਚੋਣ ਕਮਿਸ਼ਨ ਕੋਲ ਕੀਤੀ ਸ਼ਿਕਾਇਤ
NEXT STORY