ਲੁਧਿਆਣਾ (ਰਾਜ)- ਡੇਹਲੋਂ ਦੇ ਮਾਲੇਰਕੋਟਲਾ ਰੋਡ ਸਥਿਤ ਗ੍ਰੀਨਵੁੱਡ ਢਾਬੇ ਦੀ ਪਾਰਕਿੰਗ ਵਿਚ 2 ਕਾਰ ਚਾਲਕਾਂ ਨੇ ਬਰਥਡੇ ਕੇਕ ਕੱਟਦੇ-ਕੱਟਦੇ ਅਚਾਨਕ ਪਿਸਤੌਲ ਕੱਢ ਕੇ ਹਵਾ ਵਿਚ ਗੋਲੀਆਂ ਚਲਾ ਦਿੱਤੀਆਂ। ਫਾਇਰਿੰਗ ਦੀ ਆਵਾਜ਼ ਨਾਲ ਢਾਬੇ ’ਚ ਹਫੜਾ-ਦਫੜੀ ਮਚ ਗਈ। ਲੋਕ ਆਪਣੀ ਜਗ੍ਹਾ ਤੋਂ ਉੱਠ ਭੱਜੇ। ਢਾਬੇ ਦੇ ਬਾਹਰ ਡਿਊਟੀ ’ਤੇ ਤਾਇਨਾਤ ਬਾਊਂਸਰ ਤਨਵੀਰ ਸਿੰਘ ਨੇ ਜਦੋਂ ਉਨ੍ਹਾਂ ਨੂੰ ਰੋਕਣ ਦਾ ਯਤਨ ਕੀਤਾ ਤਾਂ ਮੁਲਜ਼ਮ ਨੌਜਵਾਨ ਨੇ ਉਸ ਨੂੰ ਧਮਕਾਇਆ ਅਤੇ ਗੱਡੀ ਚੜ੍ਹਾਉਣ ਦੀ ਕੋਸ਼ਿਸ਼ ਤੱਕ ਕੀਤੀ। ਇਸ ਤੋਂ ਬਾਅਦ ਸਾਰੇ ਮੁਲਜ਼ਮ ਆਪਣੀਆਂ ਗੱਡੀਆਂ ’ਚ ਸਵਾਰ ਹੋ ਕੇ ਮਾਲੇਰਕੋਟਲਾ ਵੱਲ ਫਰਾਰ ਹੋ ਗਏ। ਤਨਵੀਰ ਸਿੰਘ ਨੇ ਤਤਕਾਲ ਪੁਲਸ ਨੂੰ ਘਟਨਾ ਦੀ ਸੂਚਨਾ ਦਿੱਤੀ।
ਕੁਝ ਹੀ ਦੇਰ ’ਚ ਥਾਣਾ ਡੇਹਲੋਂ ਦੀ ਪੁਲਸ ਮੌਕੇ ’ਤੇ ਪੁੱਜ ਗਈ। ਬਾਊਂਸਰ ਦੀ ਸ਼ਿਕਾਇਤ ’ਤੇ ਪੁਲਸ ਨੇ 2 ਅਣਪਛਾਤੇ ਵਿਅਕਤੀਆਂ ਅਤੇ 4 ਔਰਤਾਂ ਖਿਲਾਫ ਕੇਸ ਦਰਜ ਕੀਤਾ ਹੈ। ਪੁਲਸ ਨੂੰ ਮੁਲਜ਼ਮਾਂ ਦੀਆਂ ਗੱਡੀਆਂ ਦਾ ਨੰਬਰ ਮਿਲ ਗਿਆ ਹੈ। ਪੁਲਸ ਮੁਲਜ਼ਮਾਂ ਦੀ ਭਾਲ ਕਰ ਰਹੀ ਹੈ। ਜਾਣਕਾਰੀ ਮੁਤਾਬਕ ਘਟਨਾ ਦੇਰ ਰਾਤ ਕਰੀਬ 11 ਵਜੇ ਦੀ ਹੈ। ਇਕ ਵਰਨਾ ਅਤੇ ਸਕਾਰਪੀਓ ਕਾਰ ਵਿਚ 2 ਨੌਜਵਾਨ, 4 ਔਰਤਾਂ ਅਤੇ ਇਕ ਬੱਚਾ ਗ੍ਰੀਨਵੁੱਡ ਢਾਬੇ ’ਚ ਪੁੱਜੇ ਸਨ। ਉਹ ਆਪਣੇ ਬੱਚੇ ਦਾ ਜਨਮ ਦਿਨ ਮਨਾ ਰਹੇ ਸਨ। ਪਹਿਲਾਂ ਤਾਂ ਉਨ੍ਹਾਂ ਨੇ ਕੇਕ ਕੱਟਿਆ, ਫਿਰ ਪਾਰਕਿੰਗ ਵਿਚ ਹੀ ਪਟਾਕੇ ਚਲਾਉਣੇ ਸ਼ੁਰੂ ਕਰ ਦਿੱਤੇ। ਇਸੇ ਦੌਰਾਨ ਇਕ ਨੌਜਵਾਨ ਨੇ ਆਪਣੀ ਡੱਬ ’ਚੋਂ ਪਿਸਤੌਲ ਕੱਢਿਆ ਅਤੇ ਹਵਾ ਵਿਚ ਗੋਲੀਆਂ ਦਾਗ ਦਿੱਤੀਆਂ। ਢਾਬੇ ’ਤੇ ਮੌਜੂਦ ਚਸ਼ਮਦੀਦਾਂ ਮੁਤਾਬਕ ਫਾਇਰਿੰਗ ਤੋਂ ਬਾਅਦ ਉਥੇ ਭੱਜ-ਦੌੜ ਵਰਗੇ ਹਾਲਾਤ ਬਣ ਗਏ ਸਨ। ਲੋਕ ਬੱਚਿਆਂ ਨੂੰ ਲੈ ਕੇ ਇੱਧਰ-ਉੱਧਰ ਭੱਜੇ। ਕਈ ਪਰਿਵਾਰ ਅੱਧਾ ਖਾਣਾ ਖਾਧੇ ਟੇਬਲ ਛੱਡ ਕੇ ਬਾਹਰ ਨਿਕਲ ਗਏ।
ਸਕਿਓਰਿਟੀ ਗਾਰਡ ਨੇ ਉਨ੍ਹਾਂ ਨੂੰ ਰੋਕਿਆ ਤਾਂ ਮੁਲਜ਼ਮ ਗੱਡੀਆਂ ਸਮੇਤ ਫਰਾਰ ਹੋ ਗਏ। ਤਨਵੀਰ ਨੇ ਗੱਡੀਆਂ ਦੇ ਨੰਬਰ ਨੋਟ ਕਰ ਲਏ ਅਤੇ ਪੁਲਸ ਨੂੰ ਮੁਹੱਈਆ ਕਰਵਾਏ, ਜਿਸ ਦੇ ਆਧਾਰ ’ਤੇ ਪੁਲਸ ਨੇ ਮੁਲਜ਼ਮਾਂ ਦੀ ਭਾਲ ਤੇਜ਼ ਕਰ ਦਿੱਤੀ। ਹਾਲ ਦੀ ਘੜੀ ਪੁਲਸ ਇਹ ਵੀ ਜਾਂਚ ਕਰ ਰਹੀ ਹੈ ਕਿ ਗੋਲੀ ਚਲਾਉਣ ਵਿਚ ਵਰਤੀ ਪਿਸਤੌਲ ਲਾਇਸੈਂਸੀ ਸੀ ਜਾਂ ਨਾਜਾਇਜ਼। ਪੁਲਸ ਅਧਿਕਾਰੀਆਂ ਮੁਤਾਬਕ ਜਾਂਚ ਤੋਂ ਬਾਅਦ ਹੀ ਸਾਫ ਹੋਵੇਗਾ ਕਿ ਗੋਲੀਆਂ ਕਿਸ ਮਕਸਦ ਨਾਲ ਚਲਾਈਆਂ ਗਈਆਂ। ਅਜਿਹੇ ਮਾਮਲਿਆਂ ’ਚ ਕਾਨੂੰਨ ਮੁਤਾਬਿਕ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਜੇਲ੍ਹ ’ਚ ਹੋਈ ਦੋਸਤੀ, ਜ਼ਮਾਨਤ ’ਤੇ ਛੁੱਟਦੇ ਹੀ ਸ਼ੁਰੂ ਕਰ ਦਿੱਤੀ ਨਸ਼ਾ ਤਸਕਰੀ
NEXT STORY