ਜਲੰਧਰ, (ਅਮਿਤ, ਰਾਜ)- ਮੋਦੀ ਸਰਕਾਰ ਦੇ ਡਿਜੀਟਲ ਇੰਡੀਆ ਦਾ ਸਭ ਤੋਂ ਜ਼ਿਆਦਾ ਲਾਭ ਜੇਕਰ ਕੋਈ ਲੈ ਰਿਹਾ ਹੈ ਤਾਂ ਉਹ ਹਨ ਧੋਖੇਬਾਜ਼ ਹੈਕਰ, ਜਿਨ੍ਹਾਂ ਨੇ ਕੁਝ ਬੈਂਕਾਂ ਦੀ ਨਕਲੀ ਵੈੱਬਸਾਈਟ ਬਣਾ ਕੇ ਜਾਅਲਸਾਜ਼ੀ ਦਾ ਗੋਰਖ-ਧੰਦਾ ਚਲਾਇਆ ਹੋਇਆ ਹੈ। ਹੈਕਰਾਂ ਵਲੋਂ ਬਣਾਈ ਗਈ ਨਕਲੀ ਵੈੱਬਸਾਈਟ ਦੇ ਉਪਰ ਉਨ੍ਹਾਂ ਨੇ ਕਸਟਮਰ ਕੇਅਰ ਦੀ ਜਗ੍ਹਾ ਬਕਾਇਦਾ ਤੌਰ 'ਤੇ ਆਪਣੇ ਮੋਬਾਇਲ ਨੰਬਰ ਦੇ ਰੱਖੇ ਹਨ, ਜਿਸ ਦੀ ਵਰਤੋਂ ਉਹ ਬੈਂਕ ਕਰਮਚਾਰੀ ਬਣ ਕੇ ਭੋਲੀ-ਭਾਲੀ ਜਨਤਾ ਨੂੰ ਲੁੱਟਣ ਵਿਚ ਕਰ ਰਹੇ ਹਨ। ਅਜਿਹਾ ਹੀ ਇਕ ਮਾਮਲਾ ਜਲੰਧਰ ਵਿਚ ਵੀ ਸਾਹਮਣੇ ਆਇਆ ਹੈ, ਜਿਸ ਵਿਚ ਇਕ ਨੌਜਵਾਨ ਦੇ ਬੈਂਕ ਖਾਤੇ 'ਚੋਂ 20 ਹਜ਼ਾਰ ਰੁਪਏ ਬੜੀ ਸਫਾਈ ਨਾਲ ਉਡਾ ਲਏ ਗਏ।
ਕੀ ਹੈ ਮਾਮਲਾ, ਕਿਵੇਂ ਹੋਈ ਧੋਖਾਦੇਹੀ
ਪ੍ਰਿਥਵੀ ਨਗਰ ਵਾਸੀ ਹਰੀਸ਼ ਕੁਮਾਰ ਨੇ ਆਪਣੇ ਨਾਲ ਹੋਈ ਜਾਅਲਸਾਜ਼ੀ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਸ ਨੇ ਵਿਦੇਸ਼ ਜਾਣਾ ਹੈ, ਜਿਸ ਦੇ ਲਈ ਉਹ ਬੈਂਕ ਤੋਂ ਕਰਜ਼ਾ ਲੈਣ ਲਈ ਬੈਂਕ ਦੀ ਵੈੱਬਸਾਈਟ 'ਤੇ ਦਿੱਤੇ ਗਏ ਕਸਟਮਰ ਕੇਅਰ ਨੰਬਰ 'ਤੇ ਗੱਲ ਕਰ ਕੇ ਜ਼ਰੂਰੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦਾ ਸੀ। ਉਸ ਨੇ ਬੀਤੇ ਦਿਨ ਆਨਲਾਈਨ ਜਾ ਕੇ ਸਟੇਟ ਬੈਂਕ ਆਫ ਇੰਡੀਆ ਦੇ ਕਸਟਮਰ ਕੇਅਰ ਨੰਬਰ ਦੇ ਲਈ ਸਰਚ ਕੀਤਾ ਤਾਂ ਇਕ ਵੈੱਬਸਾਈਟ ਜੋ ਬਿਲਕੁਲ ਐੱਸ. ਬੀ. ਆਈ. ਦੀ ਵੈੱਬਸਾਈਟ ਦੀ ਤਰ੍ਹਾਂ ਲੱਗ ਰਹੀ ਸੀ, ਉਸ ਦੇ ਉਪਰ ਇਕ ਮੋਬਾਇਲ ਨੰਬਰ 079822-61439 ਬਤੌਰ ਕਸਟਮਰ ਕੇਅਰ ਨੰਬਰ ਦਿੱਤਾ ਗਿਆ ਸੀ।
ਜਦੋਂ ਉਸ ਨੇ ਇਸ ਨੰਬਰ 'ਤੇ ਕਾਲ ਕੀਤੀ ਤਾਂ ਅੱਗੇ ਤੋਂ ਫੋਨ ਰਸੀਵ ਕਰਨ ਵਾਲੇ ਵਿਅਕਤੀ ਨੇ ਬੜੀ ਚਲਾਕੀ ਨਾਲ ਖੁਦ ਨੂੰ ਐੱਸ. ਬੀ. ਆਈ. ਨੋਇਡਾ ਤੋਂ ਕਸਟਮਰ ਕੇਅਰ ਐਗਜ਼ੀਕਿਊਟਿਵ ਦੱਸਦੇ ਹੋਏ ਉਸ ਦੇ ਖਾਤੇ ਦੀ ਪੂਰੀ ਜਾਣਕਾਰੀ ਹਾਸਲ ਕੀਤੀ ਅਤੇ ਕੁਝ ਹੀ ਦੇਰ ਵਿਚ ਉਸ ਦੇ ਮੋਬਾਇਲ ਨੰਬਰ 'ਤੇ ਇਕ ਓ. ਟੀ. ਪੀ. ਨੰਬਰ ਆਇਆ, ਜੋ ਉਸ ਨੇ ਉਸ ਵਿਅਕਤੀ ਨੂੰ ਦੱਸ ਦਿੱਤਾ। ਕੁਝ ਹੀ ਪਲਾਂ ਵਿਚ ਉਸ ਦੇ ਮੋਬਾਇਲ 'ਤੇ ਮੈਸੇਜ ਆਇਆ ਕਿ ਉਸ ਦੇ ਖਾਤੇ ਤੋਂ 20 ਹਜ਼ਾਰ ਰੁਪਏ ਕੱਢ ਲਏ ਗਏ ਹਨ। ਪੈਸੇ ਕੱਢਣ ਦਾ ਮੈਸੇਜ ਪੜ੍ਹਦੇ ਹੀ ਉਸ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ।
ਹਰੀਸ਼ ਨੇ ਕਿਹਾ ਕਿ ਉਸ ਦੇ ਖਾਤੇ ਵਿਚ ਕੁੱਲ 35 ਹਜ਼ਾਰ ਰੁਪਏ ਸਨ, ਜਿਸ ਵਿਚੋਂ ਸਿਰਫ 15 ਹਜ਼ਾਰ ਰੁਪਏ ਬਾਕੀ ਰਹਿ ਗਏ ਸਨ। ਹਰੀਸ਼ ਨੇ ਜਦੋਂ ਦੁਬਾਰਾ ਉਸ ਨੰਬਰ 'ਤੇ ਫੋਨ ਕੀਤਾ ਤਾਂ ਸਾਹਮਣੇ ਵਾਲੇ ਵਿਅਕਤੀ ਨੇ ਕਿਹਾ ਕਿ ਉਸ ਨੇ ਗਲਤੀ ਨਾਲ ਅਕਾਊਂਟ ਨੂੰ ਡੈਬਿਟ ਕਰ ਦਿੱਤਾ ਹੈ। ਤੁਸੀਂ ਫਿਕਰ ਨਾ ਕਰੋ ਤੁਹਾਡਾ ਪੈਸਾ ਵਾਪਸ ਤੁਹਾਡੇ ਅਕਾਊਂਟ ਵਿਚ ਪਾ ਦਿੱਤਾ ਜਾਵੇਗਾ, ਜਿਸ ਦੇ ਲਈ ਪਹਿਲਾਂ 15 ਹਜ਼ਾਰ ਅਤੇ ਬਾਅਦ ਵਿਚ 5 ਹਜ਼ਾਰ ਰੁਪਏ ਜਮ੍ਹਾ ਹੋਣਗੇ ਪਰ ਉਸ ਨੂੰ ਇਕ ਵਾਰ ਫਿਰ ਤੋਂ ਓ. ਟੀ. ਪੀ. ਨੰਬਰ ਦੱਸਣਾ ਪਵੇਗਾ। ਇੰਨੀ ਦੇਰ ਵਿਚ ਹਰੀਸ਼ ਨੂੰ ਆਪਣੇ ਨਾਲ ਹੋਏ ਧੋਖੇ ਦਾ ਪਤਾ ਲੱਗ ਚੁੱਕਾ ਸੀ ਅਤੇ ਉਸ ਨੇ ਦੁਬਾਰਾ ਓ. ਟੀ. ਪੀ. ਨੰਬਰ ਦੱਸਣ ਤੋਂ ਸਾਫ ਤੌਰ 'ਤੇ ਇਨਕਾਰ ਕਰ ਦਿੱਤਾ।
ਬੈਂਕ ਮੈਨੇਜਰ ਨੇ ਕਿਸੇ ਤਰ੍ਹਾਂ ਦੀ ਸਹਾਇਤਾ ਕਰਨ ਤੋਂ ਕੀਤਾ ਇਨਕਾਰ
ਹਰੀਸ਼ ਨੇ ਕਿਹਾ ਕਿ ਆਪਣੇ ਨਾਲ ਹੋਏ ਧੋਖੇ ਦੀ ਜਾਣਕਾਰੀ ਦੇਣ ਜਦੋਂ ਉਹ ਐੱਸ. ਬੀ. ਆਈ. ਦੀ ਲੰਮਾ ਪਿੰਡ ਚੌਕ ਸਥਿਤ ਬ੍ਰਾਂਚ ਵਿਖੇ ਸ਼ਿਕਾਇਤ ਕਰਨ ਗਿਆ ਤਾਂ ਬੈਂਕ ਦੇ ਬ੍ਰਾਂਚ ਮੈਨੇਜਰ ਨੇ ਕਿਹਾ ਕਿ ਉਹ ਇਸ ਬਾਰੇ ਵਿਚ ਕੁਝ ਨਹੀਂ ਕਰ ਸਕਦੇ ਕਿਉਂਕਿ ਅਜਿਹੀਆਂ ਸ਼ਿਕਾਇਤਾਂ ਆਏ ਦਿਨ ਉਨ੍ਹਾਂ ਦੇ ਕੋਲ ਆਉਂਦੀਆਂ ਰਹਿੰਦੀਆਂ ਹਨ।
ਕੁਝ ਦੇਰ ਬਾਅਦ ਸਾਈਟ ਤੋਂ ਮੋਬਾਇਲ ਨੰਬਰ ਵੀ ਹੋਇਆ ਗਾਇਬ
ਹਰੀਸ਼ ਨੇ ਕਿਹਾ ਕਿ ਜਦੋਂ ਉਸ ਨੇ ਦੁਬਾਰਾ ਆਨਲਾਈਨ ਚੈੱਕ ਕੀਤਾ ਤਾਂ ਉਸ ਦੀ ਹੈਰਾਨੀ ਦਾ ਟਿਕਾਣਾ ਹੀ ਨਹੀਂ ਰਿਹਾ ਕਿਉਂਕਿ ਜਿਸ ਨੰਬਰ ਨੂੰ ਬੈਂਕ ਦਾ ਕਸਟਮਰ ਕੇਅਰ ਦੱਸ ਕੇ ਵੈੱਬਸਾਈਟ 'ਤੇ ਦਰਸਾਇਆ ਗਿਆ ਸੀ, ਉਹ ਨੰਬਰ ਵੀ ਵੈੱਬਸਾਈਟ ਤੋਂ ਗਾਇਬ ਹੋ ਚੁੱਕਾ ਸੀ।
ਕਰੰਟ ਲੱਗਣ ਨਾਲ ਵਿਅਕਤੀ ਦੀ ਮੌਤ
NEXT STORY