ਅੰਮ੍ਰਿਤਸਰ (ਦਲਜੀਤ)-ਪੰਜਾਬ ਸਰਕਾਰ ਨੇ ਐੱਚ. ਐੱਮ. ਪੀ. ਵੀ. ਵਾਇਰਸ ਨੂੰ ਲੈ ਕੇ ਸਿਹਤ ਸੰਸਥਾਵਾਂ ਨੂੰ ਅਲਰਟ ਰਹਿਣ ਦੇ ਹੁਕਮ ਜਾਰੀ ਕਰ ਦਿੱਤੇ ਹਨ। ਸਰਕਾਰ ਦੀਆਂ ਹਦਾਇਤਾਂ ਤੋਂ ਬਾਅਦ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਅਧੀਨ ਚੱਲਣ ਵਾਲੇ ਗੁਰੂ ਨਾਨਕ ਦੇਵ ਹਸਪਤਾਲ ਵਿਚ 200 ਬੈੱਡਾਂ ਦੀ ਆਈਸੋਲੇਸ਼ਨ ਵਿਸ਼ੇਸ਼ ਵਾਰਡ ਬਣਾ ਦਿੱਤੀ ਗਈ ਹੈ ਅਤੇ ਹਰ ਐਮਰਜੈਂਸੀ ਨਾਲ ਨਜਿੱਠਣ ਲਈ 50 ਤੋਂ ਵਧੇਰੇ ਵੈਂਟੀਲੇਟਰ ਸਥਾਪਿਤ ਕਰ ਦਿੱਤੇ ਗਏ ਹਨ।
ਇਸ ਤੋਂ ਇਲਾਵਾ ਸੀਨੀਅਰ ਅਤੇ ਜੂਨੀਅਰ ਡਾਕਟਰਾਂ ਤੋਂ ਇਲਾਵਾ ਮੁਲਾਜ਼ਮਾਂ ਨੂੰ ਭਵਿੱਖ ਵਿਚ ਹਰ ਸਥਿਤੀ ਨਾਲ ਨਜਿੱਠਣ ਲਈ ਤਿਆਰ ਰਹਿਣ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ। ਭਾਵੇਂ ਉਕਤ ਵਾਇਰਸ ਦਾ ਪੰਜਾਬ ਵਿਚ ਅਜੇ ਤੱਕ ਕੋਈ ਵੀ ਮਾਮਲਾ ਸਾਹਮਣੇ ਨਹੀਂ ਆਇਆ ਹੈ ਪਰ ਸਰਕਾਰ ਨੇ ਐਡਵਾਈਜ਼ਰੀ ਜਾਰੀ ਕਰਦਿਆਂ ਅਧਿਕਾਰੀਆਂ ਨੂੰ ਸੁਚੇਤ ਰਹਿਣ ਦੇ ਹੁਕਮ ਦੇ ਦਿੱਤੇ ਹਨ।
ਕੋਵਿਡ ਨਾਲ ਮੇਲ ਖਾਂਦੇ ਹਨ ਐੱਚ. ਐੱਮ. ਪੀ. ਵੀ. ਦੇ ਲੱਛਣ
ਜਾਣਕਾਰੀ ਅਨੁਸਾਰ ਹਿਊਮਨ ਮੇਟਾ ਯੂਮੋ ਵਾਇਰਸ (ਐੱਚ. ਐੱਮ. ਪੀ. ਵੀ.) ਸਾਹ ਰੋਗ ਦੇ ਨਾਲ ਸੰਬੰਧਤ ਹੈ। ਚੀਨ ਵਿਚ ਆਪਣੀ ਦਹਿਸ਼ਤ ਫੈਲਾਉਣ ਤੋਂ ਬਾਅਦ ਇਸ ਵਾਇਰਸ ਦੇ ਭਾਰਤ ਵਿਚ ਵੀ ਕੁਝ ਮਾਮਲੇ ਸਾਹਮਣੇ ਆਏ ਹਨ। ਇਹ ਵਾਇਰਸ ਕੋਵਿਡ-19 ਦੇ ਨਾਲ ਮਿਲਦਾ-ਜੁਲਦਾ ਹੈ, ਕਿਉਂਕਿ ਕੋਵਿਡ ਵਾਂਗ ਹੀ ਇਸ ਦੇ ਲੱਛਣ ਤਕਰੀਬਨ ਮੇਲ ਖਾਂਦੇ ਹਨ। ਭਾਰਤ ਵਿਚ ਭਾਵੇਂ ਅਜੇ ਤੱਕ ਇਸ ਵਾਇਰਸ ਨਾਲ ਕੋਈ ਖਤਰਾ ਨਹੀਂ ਹੈ ਪਰ ਚੀਨ ਵਿਚ ਇਸ ਵਾਇਰਸ ਦੇ ਮਾਮਲੇ ਧੜਾਧੜ ਸਾਹਮਣੇ ਆਉਣ ਤੋਂ ਬਾਅਦ ਅੰਮ੍ਰਿਤਸਰ ਨਿਵਾਸੀਆਂ ਵਿਚ ਕਾਫੀ ਦਹਿਸ਼ਤ ਪਾਈ ਜਾ ਰਹੀ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡਾ ਹਾਦਸਾ, ਮੰਗਣੀ ਤੋਂ ਵਾਪਸ ਆ ਰਹੇ ਪਰਿਵਾਰ ਦੀ ਪਲਟੀ ਕਾਰ, ਇਕ ਦੀ ਮੌਤ
ਵਾਇਰਸ ਨੂੰ ਲੈ ਕੇ ਲੋਕ ਦੁਚਿੱਤੀ ’ਚ
ਅੰਮ੍ਰਿਤਸਰ ਵਿਚ ਅੰਤਰਰਾਸ਼ਟਰੀ ਹਵਾਈ ਅੱਡਾ ਅਤੇ ਅੰਤਰਰਾਸ਼ਟਰੀ ਬਾਰਡਰ ਹੋਣ ਕਾਰਨ ਲੋਕ ਇਸ ਵਾਇਰਸ ਨੂੰ ਲੈ ਕੇ ਦੁਚਿੱਤੀ ਵਿਚ ਪਏ ਹੋਏ ਹਨ। ਦੱਸਿਆ ਜਾਂਦਾ ਹੈ ਕਿ ਇਹ ਵਾਇਰਸ ਕੋਈ ਲੱਭਿਆ ਹੋਇਆ ਵਾਇਰਸ ਨਹੀਂ ਹੈ। ਯੂ. ਐੱਸ. ਸਟੈਂਡਰਡ ਫੋਰ ਡਿਜੀਜ ਕੰਟਰੋਲ ਐਂਡ ਪ੍ਰਵੈਂਸ਼ਨ ਅਨੁਸਾਰ ਇਸ ਨੂੰ ਪਹਿਲੀ ਵਾਰ ਸਾਲ 2001 ਵਿਚ ਲੱਭਿਆ ਗਿਆ ਸੀ। ਭਾਰਤ ਵਿਚ ਬੈਂਗਲੁਰੂ ਅਤੇ ਕੁਝ ਹੋਰ ਥਾਵਾਂ ’ਤੇ ਇਸ ਦੇ ਮਾਮਲੇ ਸਾਹਮਣੇ ਆਏ ਹਨ ਅਤੇ ਛੋਟੇ ਬੱਚੇ ਹੀ ਇਸ ਵਾਇਰਸ ਦੀ ਜਕੜ ਵਿਚ ਆਏ ਹੋਏ ਹਨ।
ਅੰਮ੍ਰਿਤਸਰ ਵਿਚ ਸਾਹਮਣੇ ਆਇਆ ਸੀ ਕੋਰੋਨਾ ਦਾ ਪਹਿਲਾ ਕੇਸ
ਇਸ ਤੋਂ ਇਲਾਵਾ ਇਕ ਦੋ ਸੂਬਿਆਂ ਵੱਲੋਂ ਇਸ ਵਾਇਰਸ ਨੂੰ ਲੈ ਕੇ ਗਾਈਡਲਾਈਨ ਵੀ ਜਾਰੀ ਕੀਤੀ ਗਈ ਹੈ ਅਤੇ ਹੁਣ ਪੰਜਾਬ ਸਰਕਾਰ ਵੱਲੋਂ ਵੀ ਗਾਈਡਲਾਈਨ ਜਾਰੀ ਕਰਦਿਆਂ ਸੂਬਾ ਵਾਸੀਆਂ ਨੂੰ ਸੁਚੇਤ ਰਹਿਣ ਲਈ ਅਪੀਲ ਕੀਤੀ ਗਈ ਹੈ। ਪੰਜਾਬ ਵਿਚ ਕੋਰੋਨਾ ਵਾਇਰਸ ਦਾ ਪਹਿਲਾਂ ਮਾਮਲਾ ਅੰਮ੍ਰਿਤਸਰ ਵਿਚ ਹੀ ਸਾਹਮਣੇ ਆਇਆ ਸੀ। ਭਾਵੇਂ ਪੰਜਾਬ ਦੇ ਨਵਾਂ ਸ਼ਹਿਰ ਦੇ ਰਹਿਣ ਵਾਲਾ ਮਰੀਜ਼ ਕੋਰੋਨਾ ਦੇ ਮਾਮਲੇ ਵਿਚ ਰਿਪੋਰਟ ਕੀਤਾ ਗਿਆ ਸੀ ਪਰ ਅੰਮ੍ਰਿਤਸਰ ਵਿਚ ਉਸ ਨੂੰ ਦਾਖਲ ਕਰ ਕੇ ਟੈਸਟ ਕੀਤਾ ਗਿਆ ਸੀ। ਇਸ ਲਈ ਅੰਤਰਰਾਸ਼ਟਰੀ ਹਵਾਈ ਅੱਡਾ ਅਤੇ ਅੰਤਰਰਾਸ਼ਟਰੀ ਬਾਰਡਰ ਹੋਣ ਕਾਰਨ ਲੋਕ ਜ਼ਿਆਦਾ ਦਹਿਸ਼ਤ ਵਿਚ ਨਜ਼ਰ ਆ ਰਹੇ ਹਨ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਵਾਰਦਾਤ, 30 ਤੋਂ 40 ਬੰਦੇ ਫੂਕ ਗਏ ਪੂਰਾ ਘਰ, ਕੱਖ ਨਹੀਂ ਛੱਡਿਆ
ਸਿਹਤ ਕਰਮਚਾਰੀਆਂ ਨੂੰ ਹਰ ਸਮੇਂ ਸੁਚੇਤ ਰਹਿਣ ਦੇ ਹੁਕਮ
ਦੂਸਰੇ ਪਾਸੇ ਗੁਰੂ ਨਾਨਕ ਦੇਵ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਕਰਮਜੀਤ ਸਿੰਘ ਨੇ ਦੱਸਿਆ ਕਿ ਸਰਕਾਰ ਦੀਆਂ ਹਦਾਇਤਾਂ ਤੋਂ ਬਾਅਦ 200 ਬੈੱਡਾਂ ਦੀ ਵਿਸ਼ੇਸ਼ ਆਈਸੋਲੇਸ਼ਨ ਵਾਰਡ ਬਣਾ ਦਿੱਤੀ ਗਈ ਹੈ ਅਤੇ ਪੰਜਾਬ ਤੋਂ ਵਧੇਰੇ ਬੈੱਡ ਵੈਂਟੀਲੇਟਰ ਲਈ ਸਥਾਪਿਤ ਕਰ ਦਿੱਤੇ ਗਏ ਹਨ। ਇਸ ਤੋਂ ਇਲਾਵਾ ਮੈਡੀਸਨ ਚੈਸਟ ਅਤੇ ਹੋਰ ਵਰਗ ਦੇ ਸੀਨੀਅਰ ਅਤੇ ਜੂਨੀਅਰ ਡਾਕਟਰਾਂ ਤੋਂ ਇਲਾਵਾ ਮੁਲਾਜ਼ਮਾਂ ਨੂੰ ਹਰ ਸਮੇਂ ਸੁਚੇਤ ਰਹਿਣ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ।
ਉਨ੍ਹਾਂ ਦੱਸਿਆ ਕਿ ਭਾਵੇਂ ਅਜੇ ਅੰਮ੍ਰਿਤਸਰ ਅਤੇ ਪੰਜਾਬ ਵਿਚ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ ਪਰ ਸਮਾਂ ਰਹਿੰਦਿਆਂ ਹੀ ਗੁਰੂ ਨਾਨਕ ਦੇਵ ਹਸਪਤਾਲ ਪ੍ਰਸ਼ਾਸਨ ਵੱਲੋਂ ਤਿਆਰੀਆਂ ਮੁਕੰਮਲ ਕਰ ਦਿੱਤੀਆਂ ਗਈਆਂ ਹਨ। ਇਸ ਸੰਬੰਧ ਵਿਚ ਲਗਾਤਾਰ ਸੀਨੀਅਰ ਅਤੇ ਜੂਨੀਅਰ ਅਧਿਕਾਰੀਆਂ ਅਤੇ ਮੁਲਾਜ਼ਮਾਂ ਨਾਲ ਮੀਟਿੰਗਾਂ ਵੀ ਕੀਤੀਆਂ ਜਾ ਰਹੀਆਂ ਹਨ। ਲੋਕਾਂ ਨੂੰ ਡਰਨ ਦੀ ਜ਼ਰੂਰਤ ਨਹੀਂ ਹੈ। ਕੋਰੋਨਾ ਵਾਂਗ ਹੀ ਇਸ ਵਾਇਰਸ ਨਾਲ ਸੁਚੇਤ ਰਹਿ ਕੇ ਨਜਿੱਠਿਆ ਜਾ ਸਕਦਾ ਹੈ।
ਸਰਕਾਰੀ ਵੀ. ਡੀ. ਆਰ. ਲੈਬੋਰੇਟਰੀ ਵੀ ਤਿਆਰ
ਸਰਕਾਰੀ ਮੈਡੀਕਲ ਕਾਲਜ ਅਧੀਨ ਚੱਲਣ ਵਾਲੀ ਵੀ. ਡੀ. ਆਰ. ਲੈਬੋਰੇਟਰੀ ਵੀ ਉਕਤ ਵਾਇਰਸ ਦੇ ਟੈਸਟਿੰਗ ਨੂੰ ਲੈ ਕੇ ਤਿਆਰ ਹੋ ਗਈ ਹੈ। ਲੈਬੋਰੇਟਰੀ ਦੇ ਇੰਚਾਰਜ ਡਾ. ਕੇ. ਡੀ. ਸਿੰਘ ਵੱਲੋਂ ਕੋਰੋਨਾ ਮਹਾਂਮਾਰੀ ਦੌਰਾਨ ਵੀ ਅਹਿਮ ਭੂਮਿਕਾ ਨਿਭਾਉਂਦਿਆਂ ਹੋਇਆ ਦਿਨ-ਰਾਤ ਸਟਾਫ ਦੇ ਸਹਿਯੋਗ ਨਾਲ ਲੈਬੋਰੇਟਰੀ ਵਿਚ ਲੋਕਾਂ ਦੀ ਟੈਸਟਿੰਗ ਕਰਵਾਉਂਦਿਆਂ ਹੋਇਆ ਕੋਰੋਨਾ ਮਹਾਮਾਰੀ ਨੂੰ ਖਤਮ ਕਰਵਾਉਣ ਲਈ ਅਹਿਮ ਭੂਮਿਕਾ ਨਿਭਾਈ ਸੀ। ਉਕਤ ਲੈਬੋਰੇਟਰੀ ਦੀ ਚੰਗੀ ਕਾਰਗੁਜ਼ਾਰੀ ਕਾਰਨ ਪੰਜਾਬ ਭਰ ਵਿਚ ਡਾ. ਕੇ. ਡੀ. ਦੇ ਕਾਰਜਾਂ ਨੂੰ ਸ਼ਾਬਾਸ਼ ਵੀ ਦਿੱਤੀ ਗਈ ਸੀ ਅਤੇ ਹੁਣ ਸਰਕਾਰ ਵੱਲੋਂ ਮੁੜ ਉਕਤ ਲੈਬੋਰੇਟਰੀ ਨੂੰ ਟੈਸਟਿੰਗ ਲਈ ਤਿਆਰ ਰਹਿਣ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਵਾਰਦਾਤ, ਮੈਡੀਕਲ ਸਟੋਰ 'ਚ ਦਾਖ਼ਲ ਹੋ ਲੁਟੇਰਿਆਂ ਨੇ ਚਲਾ 'ਤੀਆਂ ਗੋਲੀਆਂ
ਇਹ ਵਾਇਰਸ ਛੋਟੇ ਬੱਚਿਆਂ ਅਤੇ ਬਜ਼ੁਰਗਾਂ ਖਾਸ ਤੌਰ ’ਤੇ ਘੱਟ ਇਮਿਊਨਿਟੀ ਵਾਲੇ ਲੋਕਾਂ ਨੂੰ ਆਪਣੀ ਜਕੜ ਵਿਚ ਲੈਂਦਾ ਹੈ। ਇਸ ਵਾਰਸ ਵਿਚ ਖਾਂਸੀ, ਬੁਖਾਰ, ਨੱਕ ਬੰਦ ਹੋਣਾ, ਸਾਹ ਲੈਣ ਵਿਚ ਤਕਲੀਫ ਹੋਣਾ, ਥਕਾਵਟ ਮਹਿਸੂਸ ਹੋਣਾ, ਗਲੇ ਵਿਚ ਖਰਾਸ਼ ਹੋਣਾ, ਸਰੀਰ ’ਤੇ ਲਾਲ ਨਿਸ਼ਾਨ ਪੈਣੇ ਆਦਿ ਸ਼ਾਮਲ ਹਨ। ਇਸ ਵਾਇਰਸ ਵਿੱਚ ਮੁੱਖ ਗੱਲ ਹੈ ਕਿ ਦੋ ਲੋਕਾਂ ਵਿੱਚ ਸਾਹ ਪ੍ਰਣਾਲੀ ਦੇ ਰਸਤੇ ਇਹ ਤੇਜ਼ੀ ਨਾਲ ਫੈਲਦਾ ਹੈ।
ਇਹ ਵਾਇਰਸ ਕੁਝ ਦਿਨਾਂ ਵਿਚ ਹੀ ਖਤਮ ਹੋ ਜਾਂਦਾ ਹੈ ਪਰ ਲੋਕਾਂ ਨੂੰ ਇਸ ਵਾਇਰਸ ਨੂੰ ਲੈ ਕੇ ਦਹਿਸ਼ਤ ਵਿਚ ਨਹੀਂ ਆਉਣਾ ਚਾਹੀਦਾ। ਬਿਨਾਂ ਡਾਕਟਰ ਦੀ ਸਲਾਹ ਤੋਂ ਕੋਈ ਵੀ ਐਂਟੀਬੋਟਿਕ ਦਵਾਈ ਦਾ ਸੇਵਨ ਨਹੀਂ ਕਰਨਾ ਚਾਹੀਦਾ। ਲੋਕਾਂ ਨੂੰ ਆਪਣੀ ਇਮਿਊਨਿਟੀ ਬਣਾਏ ਰੱਖਣੀ ਚਾਹੀਦੀ ਹੈ। ਭੀੜ-ਭਾੜ ਵਾਲੀ ਜਗ੍ਹਾ ’ਤੇ ਜਾਣ ਤੋਂ ਗੁਰੇਜ ਕਰਨਾ ਚਾਹੀਦਾ ਹੈ। ਬੀਮਾਰ ਵਿਅਕਤੀ ਨੂੰ ਮਾਸਕ ਲਗਾ ਕੇ ਰੱਖਣਾ ਚਾਹੀਦਾ ਹੈ, ਹੱਥਾਂ ਨੂੰ ਬਾਰ-ਬਾਰ ਸਾਫ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਘਰ ਦਾ ਖਾਣਾ ਖਾਣਾ ਚਾਹੀਦਾ ਹੈ। ਬਾਹਰੀ ਖਾਣੇ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ।
ਸ਼ੂਗਰ, ਫੇਫੜਿਆਂ ਦੀ ਬੀਮਾਰੀ ਨਾਲ ਸੰਬੰਧਤ ਅਤੇ ਹੋਰਨਾ ਬੀਮਾਰੀਆਂ ਦੀ ਜਕੜ ਵਿਚ ਆਏ ਮਰੀਜ਼ ਉਕਤ ਵਾਇਰਸ ਨੂੰ ਲੈ ਕੇ ਸਾਵਧਾਨ ਹੋਣੇ ਚਾਹੀਦੇ ਹਨ। ਇਹ ਵਾਇਰਸ ਘੱਟ ਇਮਿਊਨਿਟੀ ਵਾਲੇ ਲੋਕਾਂ ਨੂੰ ਆਪਣੀ ਜਕੜ ਵਿਚ ਲੈਂਦਾ ਹੈ। ਭਾਵੇਂਕਿ ਪੰਜਾਬ ਅਤੇ ਅੰਮ੍ਰਿਤਸਰ ਤੋਂ ਇਲਾਵਾ ਭਾਰਤ ਵਿਚ ਇਸ ਸਬੰਧੀ ਕੋਈ ਦਹਿਸ਼ਤ ਵਾਲਾ ਮਾਹੌਲ ਨਹੀਂ ਹੈ ਪਰ ਲੋਕਾਂ ਨੂੰ ਜਾਗਰੂਕ ਰਹਿਣਾ ਚਾਹੀਦਾ ਹੈ ਅਤੇ ਭਾਰਤ ਸਰਕਾਰ ਵੱਲੋਂ ਸਮੇਂ-ਸਮੇਂ ’ਤੇ ਦਰਸਾਏ ਗਏ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
10 ਮਾਰਚ ਤੋਂ ਪਹਿਲਾਂ ਪੰਜਾਬ 'ਚ ਮੁੜ ਹੋਣਗੀਆਂ ਚੋਣਾਂ, ਹਾਈਕੋਰਟ ਹੋਈ ਸਖ਼ਤ
NEXT STORY