ਬਰਨਾਲਾ, (ਵਿਵੇਕ ਸਿੰਧਵਾਨੀ)- ‘ਤੰਦਰੁਸਤ ਪੰਜਾਬ’ ਮਿਸ਼ਨ ਤਹਿਤ ਬਰਨਾਲਾ ’ਚ ਚੰਗੇ ਨਤੀਜੇ ਸਾਹਮਣੇ ਆ ਰਹੇ ਹਨ। ਇਹ ਵਿਚਾਰ ਐੱਸ. ਡੀ. ਐੱਮ. ਸੰਦੀਪ ਕੁਮਾਰ ਆਈ. ਏ. ਐੱਸ. ਨੇ ‘ਜਗ ਬਾਣੀ’ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਜ਼ਿਲਾ ਬਰਨਾਲਾ ’ਚ ਕੁੱਲ 6 ਨਸ਼ਾ ਛੁਡਾਊ ਕੇਂਦਰ ਹਨ, ਜਿਨ੍ਹਾਂ ’ਚੋਂ ਇਕ ਸਰਕਾਰੀ ਅਤੇ 5 ਪ੍ਰਾਈਵੇਟ ਕੇਂਦਰ ਹਨ। ਇਨ੍ਹਾਂ ਵਿਚ ਰੋਜ਼ਾਨਾ 100 ਦੇ ਕਰੀਬ ਮਰੀਜ਼ ਨਸ਼ਾ ਛੱਡਣ ਤੇ ਆਪਣਾ ਇਲਾਜ ਕਰਵਾਉਣ ਲਈ ਆ ਰਹੇ ਹਨ। ਡੀ. ਸੀ. ਬਰਨਾਲਾ ਧਰਮਪਾਲ ਗੁਪਤਾ ਦੀ ਹਦਾਇਤਾਂ ’ਤੇ ਸਿਵਲ ਪ੍ਰਸ਼ਾਸਨ ਅਤੇ ਪੁਲਸ ਪ੍ਰਸ਼ਾਸਨ ਵੱਲੋਂ ਪ੍ਰਤੀਦਿਨ ਪਿੰਡਾਂ ਵਿਚ ਸੈਮੀਨਾਰ ਲਾਏ ਜਾ ਰਹੇ ਹਨ। ਇਸ ਲਈ 7-8 ਟੀਮਾਂ ਦਾ ਗਠਨ ਕੀਤਾ ਹੈ। ਇਕ ਟੀਮ ’ਚ ਡੀ. ਸੀ. ਅਤੇ ਐੱਸ. ਐੱਸ. ਪੀ. ਖੁਦ ਹਨ, ਦੂਸਰੀ ਟੀਮ ’ਚ ਐੱਸ. ਡੀ. ਐੱਮ., ਡੀ. ਐੱਸ. ਪੀ., ਤੀਸਰੀ ਟੀਮ ’ਚ ਐੱਸ. ਐੱਚ. ਓ., ਤਹਿਸੀਲਦਾਰ ਇਸ ਪ੍ਰਕਾਰ ਨਾਲ ਇਨ੍ਹਾਂ ਟੀਮਾਂ ਵੱਲੋਂ 5 ਅਗਸਤ ਤੱਕ ਜ਼ਿਲੇ ’ਚ ਨਸ਼ਿਅਾਂ ਵਿਰੁੱਧ ਸੈਮੀਨਾਰ ਲਾਏ ਜਾਣਗੇ ਅਤੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ ਕਿ ਉਹ ਨਸ਼ੇ ਦੀ ਦਲਦਲ ਵਿਚ ਨਾ ਫਸਣ।
ਸਿਵਲ ਪ੍ਰਸ਼ਾਸਨ ਅਤੇ ਪੁਲਸ ਪ੍ਰਸ਼ਾਸਨ ਵੱਲੋਂ ਕੀਤੀ ਗਈ ਸਖਤੀ ਕਾਰਨ ਨਸ਼ਿਅਾਂ ਦੀ ਸਪਲਾਈ ਬੰਦ ਹੋ ਗਈ ਹੈ। ਨਸ਼ਾ ਨਾ ਮਿਲਣ ਕਾਰਨ ਹੀ ਕਈ ਲੋਕ ਨਸ਼ਾ ਛੱਡਣ ਲਈ ਨਸ਼ਾ ਛੁਡਾਊ ਕੇਂਦਰਾਂ ’ਚ ਆ ਰਹੇ ਹਨ। ਉਨ੍ਹਾਂ ਕਿਹਾ ਕਿ ਹਰਿਆਵਲ ਪੰਜਾਬ ਦੇ ਵੀ ਚੰਗੇ ਨਤੀਜੇ ਸਾਹਮਣੇ ਆ ਰਹੇ ਹਨ। ਸਬ-ਡਵੀਜ਼ਨ ਤਪਾ ਅਤੇ ਬਰਨਾਲਾ ਵਿਚ ਲੱਖਾਂ ਬੂਟੇ ਲਾਏ ਜਾਣਗੇ ਤਾਂ ਕਿ ਪ੍ਰਦੂਸ਼ਣ ਤੋਂ ਮੁਕਤੀ ਮਿਲ ਸਕੇ। ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਸ਼ਹਿਰ ਬਰਨਾਲਾ ਦੀਆਂ ਸਾਰੀਆਂ ਸਡ਼ਕਾਂ ਟੁੱਟੀਆਂ ਪਈਆਂ ਹਨ ਤਾਂ ਉਨ੍ਹਾਂ ਕਿਹਾ ਕਿ ਇਨ੍ਹਾਂ ਸਡ਼ਕਾਂ ਦੇ ਨਿਰਮਾਣ ਲਈ ਪੰਜਾਬ ਸਰਕਾਰ ਨੂੰ ਲਿਖ ਕੇ ਭੇਜਿਆ ਹੋਇਆ ਹੈ ਜਦੋਂ ਵੀ ਫੰਡ ਉਪਲੱਬਧ ਕਰਵਾਇਆ ਜਾਵੇਗਾ, ਪਹਿਲ ਦੇ ਆਧਾਰ ’ਤੇ ਸਡ਼ਕਾਂ ਦਾ ਨਿਰਮਾਣ ਕੀਤਾ ਜਾਵੇਗਾ। ਕਚਹਿਰੀ ਦੇ ਓਵਰਬ੍ਰਿਜ ਦੇ ਨਿਰਮਾਣ ’ਚ ਹੋ ਰਹੀ ਦੇਰੀ ਬਾਰੇ ਪੁੱਛਣ ’ਤੇ ਉਨ੍ਹਾਂ ਕਿਹਾ ਕਿ ਦੋ ਮਹੀਨਿਆਂ ਦੇ ਅੰਦਰ-ਅੰਦਰ ਕਚਹਿਰੀ ਓਵਰਬ੍ਰਿਜ ਦੇ ਨਿਰਮਾਣ ਦਾ ਕੰਮ ਪੂਰਾ ਕਰ ਦਿੱਤਾ ਜਾਵੇਗਾ। ਇਸ ਸਬੰਧੀ ਮੈਂ ਠੇਕੇਦਾਰ ਨਾਲ ਸੰਪਰਕ ਵਿਚ ਹਾਂ ਅਤੇ ਉਸ ਨੂੰ ਹਦਾਇਤ ਦਿੱਤੀ ਗਈ ਹੈ ਕਿ ਉਹ ਓਵਰਬ੍ਰਿਜ ਦੇ ਨਿਰਮਾਣ ਕੰਮ ’ਚ ਤੇਜ਼ੀ ਲਿਆਵੇ ਤਾਂ ਕਿ ਦੋ ਮਹੀਨਿਆਂ ਦੇ ਅੰਦਰ-ਅੰਦਰ ਇਸ ਦਾ ਨਿਰਮਾਣ ਪੂਰਾ ਹੋ ਸਕੇ। ਸ਼ਹਿਰ ’ਚ ਨਾਜਾਇਜ਼ ਕਬਜ਼ਿਆਂ ਸਬੰਧੀ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਇਹ ਤੁਹਾਡਾ ਆਪਣਾ ਸ਼ਹਿਰ ਹੈ, ਲੋਕਾਂ ਦੇ ਸਹਿਯੋਗ ਨਾਲ ਨਾਜਾਇਜ਼ ਕਬਜ਼ੇ ਛੁਡਵਾਏ ਜਾਣਗੇ। ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਨਾਜਾਇਜ਼ ਕਬਜ਼ੇ ਛੁਡਵਾਉਣ ਤੇ ਪ੍ਰਸ਼ਾਸਨ ਦਾ ਸਾਥ ਦੇਣ।
ਹੈਜ਼ੇ ਨੇ ਲਈ ਵਿਦਿਆਰਥਣ ਦੀ ਜਾਨ
NEXT STORY