ਸੰਗਰੂਰ(ਬਾਵਾ)-ਵਧੀਕ ਸੈਸ਼ਨ ਤੇ ਜ਼ਿਲਾ ਜੱਜ ਦਿਨੇਸ਼ ਕੁਮਾਰ ਦੀ ਅਦਾਲਤ ਨੇ ਇਕ ਮਾਸੂਮ ਬੱੱਚੇ ਦੀ ਹੱਤਿਆ ਕਰਨ ਦੇ ਦੋਸ਼ ਵਿਚ ਜਸਪ੍ਰੀਤ ਕੌਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਜ਼ਿਕਰਯੋਗ ਹੈ ਕਿ ਪਿੰਡ ਖੇੜੀ ਨਾਗਾ ਦੇ ਬਲਜੀਤ ਸਿੰਘ ਨੇ ਪੁਲਸ ਨੂੰ ਦਰਜ ਕਰਵਾਈ ਰਿਪੋਰਟ ਵਿਚ ਆਪਣੇ ਰਿਸ਼ਤੇ ਵਿਚ ਲੱਗਦੀ ਭਤੀਜ ਨੂੰਹ ਜਸਪ੍ਰੀਤ ਕੌਰ 'ਤੇ ਦੋਸ਼ ਲਾਇਆ ਸੀ ਕਿ ਉਸਦੇ ਕਿਸੇ ਮਨਦੀਪ ਸਿੰਘ ਅਮਨੀ ਨਾਲ ਨਾਜਾਇਜ਼ ਸੰਬੰਧ ਹਨ ਜਿਨ੍ਹਾਂ ਨੂੰ ਉਨ੍ਹਾਂ ਦਾ ਪਰਿਵਾਰ ਪਸੰਦ ਨਹੀਂ ਸੀ ਕਰਦਾ। ਜਿਸ ਕਾਰਨ ਫਤਿਹ ਸਿੰਘ ਦੀ ਘਰਵਾਲੀ ਜਸਪ੍ਰੀਤ ਕੌਰ ਉਨ੍ਹਾਂ ਨਾਲ ਈਰਖਾ ਰੱਖਦੀ ਸੀ ਅਤੇ ਉਨ੍ਹਾਂ ਦੇ ਪਰਿਵਾਰ ਤੋਂ ਬਦਲਾ ਲੈਣ ਲਈ ਉਸਦੇ ਪੋਤਰੇ ਦਾ ਕਤਲ ਕਰ ਦਿੱਤਾ। ਦਿੜ੍ਹਬਾ ਪੁਲਸ ਨੇ ਬਲਜੀਤ ਸਿੰਘ ਦੇ ਬਿਆਨਾਂ 'ਤੇ ਜਸਪ੍ਰੀਤ ਕੌਰ ਤੇ ਮਨਦੀਪ ਸਿੰਘ ਵਿਰੁੱਧ ਹੱਤਿਆ ਦਾ ਮਾਮਲਾ ਦਰਜ ਕਰ ਕੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ। ਅਦਾਲਤ ਵਿਚ ਚੱਲੇ ਕੇਸ ਦੌਰਾਨ ਅਦਾਲਤ ਨੇ ਮਨਦੀਪ ਸਿੰਘ ਨੂੰ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ ਤੇ ਮਾਸੂਮ ਬੱਚੇ ਸਹਿਜ ਸਿੰਘ ਦੀ ਹੱਤਿਆ ਦੇ ਦੋਸ਼ 'ਚ ਜਸਪ੍ਰੀਤ ਕੌਰ ਨੂੰ ਉਮਰ ਕੈਦ ਦੀ ਸਜ਼ਾ ਅਤੇ 50 ਹਜ਼ਾਰ ਰੁਪਏ ਜੁਰਮਾਨਾ ਭਰਨ ਦੀ ਸਜ਼ਾ ਸੁਣਾਈ ਹੈ।
ਸਿੱਧੂ 'ਤੇ ਪਲਟਵਾਰ ਲਈ ਮਜੀਠੀਏ ਨੇ ਸਿੱਖੀ ਸ਼ਾਇਰੀ!
NEXT STORY