ਖੰਨਾ (ਸੁਖਵਿੰਦਰ ਕੌਰ)- ਪੰਜਾਬ ਦੀਆਂ 7 ਕਿਸਾਨ ਜਥੇਬੰਦੀਆਂ ਵਲੋਂ ਖਾਲੀ ਚੈੱਕਾਂ ਦੀ ਵਾਪਸੀ ਸਬੰਧੀ ਸੂੁਬਾ ਕਨਵੀਨਰ ਬੈਂਕਰਜ਼ ਕਮੇਟੀ ਵਿਸ਼ਵਾਜੀਤ ਸਤਪਾਥੀ ਪੰਜਾਬ ਨੈਸ਼ਨਲ ਬੈਂਕ ਲੁਧਿਆਣਾ ਨੂੰ ਮੰਗ-ਪੱਤਰ ਦਿੱਤਾ ਗਿਆ। ਮੰਗ-ਪੱਤਰ ਦੇਣ ਵੇਲੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂੁਬਾ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ, ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁਡੀਕੇ, ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਆਗੂ ਮਨਜੀਤ ਸਿੰਘ ਧਨੇਰ, ਕਿਸਾਨ ਸੰਘਰਸ਼ ਕਮੇਟੀ ਦੇ ਪ੍ਰਧਾਨ ਕੰਵਲਪ੍ਰੀਤ ਸਿੰਘ ਪੰਨੂੰ, ਕਿਸਾਨ ਸੰਘਰਸ਼ ਕਮੇਟੀ ਆਜ਼ਾਦ ਦੇ ਹਰਜੀਤ ਸਿੰਘ ਝੀਤਾ ਨੇ ਦੱਸਿਆ ਕਿ ਬੈਂਕਾਂ ਅਤੇ ਹੋਰ ਵਿੱਤੀ ਸੰਸਥਾਵਾਂ ਸਮੇਤ ਸੂਦਖੋਰ ਆਡ਼੍ਹਤੀਆਂ ਵਲੋਂ ਕਰਜ਼ਾਈ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਤੋਂ ਲੈ ਕੇ ਰੱਖੇ ਗਏ ਦਸਤਖਤਾਂ ਵਾਲੇ ਖਾਲੀ ਚੈੱਕ ਤੁਰੰਤ ਵਾਪਸ ਕਰਵਾਏ ਜਾਣ। ਅੱਗੇ ਤੋਂ ਇਹ ਗੈਰ-ਕਾਨੂੰਨੀ ਸਿਲਸਿਲਾ ਪੂਰੀ ਤਰ੍ਹਾਂ ਬੰਦ ਕੀਤਾ ਜਾਵੇ। ਅਜਿਹੇ ਚੈੱਕਾਂ ਨੂੰ ਗੈਰ-ਕਾਨੂੰਨੀ ਢੰਗ ਨਾਲ ਬਾਊਂਸ ਕਰਵਾ ਕੇ ਅਦਾਲਤਾਂ ਵਿਚ ਕੀਤੇ ਫੌਜਦਾਰੀ ਕੇਸ ਵਾਪਸ ਲਏ ਜਾਣ ਅਤੇ ਸਜ਼ਾਵਾਂ ਭੁਗਤ ਰਹੇ ਕਿਸਾਨਾਂ ਨੂੰ ਰਿਹਾਅ ਕਰਵਾਇਆ ਜਾਵੇ। ਇਸ ਧੱਕੇਸ਼ਾਹੀ ਲਈ ਜ਼ਿੰਮੇਵਾਰ ਅਧਿਕਾਰੀਆਂ ਅਤੇ ਸੂਦਖੋਰਾਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇ। ਬੈਂਕਾਂ ਦੇ ਸੂਬਾ ਕਨਵੀਨਰ ਸਤਪਾਥੀ ਨੇ ਇਹ ਮੰਗ-ਪੱਤਰ ਲੈ ਕੇ ਸਾਰੀਆਂ ਬੈਂਕਾਂ ਨੂੰ ਭੇਜ ਦਿੱਤੇ ਹਨ ਅਤੇ ਕਿਹਾ ਕਿ ਅਗਲੀ ਮੀਟਿੰਗ ਕਰ ਕੇ ਇਸ ਮਸਲੇ ਨੂੰ ਵਿਚਾਰਿਆ ਜਾਵੇਗਾ। ਕਿਸਾਨ ਆਗੂਆਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਕੋਈ ਕਾਰਵਾਈ ਨਾ ਹੋਈ ਤਾਂ ਸੱਤ ਕਿਸਾਨ ਜਥੇਬੰਦੀਆਂ ਵਲੋਂ ਉਲੀਕੇ ਪ੍ਰੋਗਰਾਮ ਤਹਿਤ 18 ਫਰਵਰੀ ਨੂੰ ਇਸੇ ਹੀ ਬੈਂਕ ਅੱਗੇ ਅਣਮਿੱਥੇ ਸਮੇਂ ਦਾ ਘਿਰਾਓ ਕੀਤਾ ਜਾਵੇਗਾ। ਇਸ ਮੌਕੇ ਸੁਦਾਗਰ ਸਿੰਘ ਘੁਡਾਣੀ, ਸਰੂਪ ਸਿੰਘ ਸਹਾਰਨਮਾਜਰਾ, ਜਗਤਾਰ ਸਿੰਘ ਚੋਮੋਂ ਅਤੇ ਹੋਰ ਕਿਸਾਨ ਵੀ ਹਾਜ਼ਰ ਸਨ।
ਵੋਟਰਾਂ ਨੂੰ ਵੀ. ਵੀ. ਪੈਟ ਮਸ਼ੀਨਾਂ ਬਾਰੇ ਦਿੱਤੀ ਜਾਣਕਾਰੀ
NEXT STORY