ਮੋਗਾ (ਆਜ਼ਾਦ)-ਪੁਲਸ ਨੇ ਮੋਟਰਸਾਈਕਲ ਅਤੇ ਮੋਬਾਇਲ ਖੋਹਣ ਵਾਲੇ ਇਕ ਭਗੌਡ਼ੇ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਹੈ, ਜਦਕਿ ਉਸ ਦਾ ਸਾਥੀ ਭੱਜਣ ’ਚ ਸਫਲ ਹੋ ਗਿਆ ਅਤੇ ਇਕ ਪਹਿਲਾਂ ਹੀ ਜੁਡੀਸ਼ੀਅਲ ਹਿਰਾਸਤ ’ਚ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ ਮੋਗਾ ਦੇ ਇੰਚਾਰਜ ਇੰਸਪੈਕਟਰ ਜਗਤਾਰ ਸਿੰਘ ਨੇ ਦੱਸਿਆ ਕਿ ਮਨਦੀਪ ਸਿੰਘ ਪੁੱਤਰ ਗੁਰਲਾਭ ਸਿੰਘ ਨਿਵਾਸੀ ਪ੍ਰੀਤ ਨਗਰ ਮੋਗਾ ਦੀ ਸ਼ਿਕਾਇਤ ’ਤੇ ਹਿੰਮਤ ਸਿੰਘ ਉਰਫ ਹਨੀ ਨਿਵਾਸੀ ਅਕਾਲਸਰ ਰੋਡ ਮੋਗਾ, ਰਵਿੰਦਰ ਰਵੀ ਤੇ ਗੋਮਾ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ, ਜਿਸ ’ਚ ਉਸ ਨੇ ਦੋਸ਼ ਲਾਇਆ ਸੀ ਕਿ ਕਥਿਤ ਦੋਸ਼ੀਆਂ ਨੇ ਉਸ ਦਾ ਮੋਟਰਸਾਈਕਲ ਖੋਹਿਆ ਹੈ, ਜਿਸ ’ਤੇ ਸਹਾਇਕ ਥਾਣੇਦਾਰ ਅਸ਼ੋਕ ਕੁਮਾਰ, ਸਹਾਇਕ ਥਾਣੇਦਾਰ ਪਰਮਜੀਤ ਸਿੰਘ ਅਤੇ ਹੌਲਦਾਰ ਸੁਖਮੰਦਰ ਸਿੰਘ ਨੇ ਜਦ ਕਥਿਤ ਦੋਸ਼ੀਆਂ ਦੀ ਤਲਾਸ਼ ਕੀਤੀ ਤਾਂ ਰਵਿੰਦਰ ਰਵੀ ਨੂੰ ਪੁਲਸ ਨੇ ਖੋਹੇ ਹੋਏ ਮੋਟਰਸਾਈਕਲ ਸਮੇਤ ਕਾਬੂ ਕਰ ਲਿਆ ਸੀ, ਜਿਸ ਨੂੰ ਪੁੱਛਗਿੱਛ ਦੇ ਬਾਅਦ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਗਿਆ, ਅਦਾਲਤ ਨੇ ਉਸ ਨੂੰ ਜੁਡੀਸ਼ੀਅਲ ਹਿਰਾਸਤ ਵਿਚ ਭੇਜ ਦਿੱਤਾ ਸੀ, ਜਦਕਿ ਦੂਸਰੇ ਕਥਿਤ ਦੋਸ਼ੀ ਹਿੰਮਤ ਸਿੰਘ ਉਰਫ ਹਨੀ ਨੂੰ ਪੁਲਸ ਪਾਰਟੀ ਨੇ ਅਕਾਲਸਰ ਰੋਡ ਮੋਗਾ ਤੋਂ ਕਾਬੂ ਕਰ ਕੇ ਉਸ ਕੋਲੋਂ ਵੱਖ-ਵੱਖ ਜਗ੍ਹਾ ਤੋਂ ਖੋਹੇ ਗਏ ਅੱਠ ਮੋਬਾਇਲ ਫੋਨ ਬਰਾਮਦ ਕੀਤੇ, ਜਦਕਿ ਉਕਤ ਮਾਮਲੇ ਵਿਚ ਗੋਮਾ ਅਜੇ ਤੱਕ ਪੁਲਸ ਦੇ ਕਾਬੂ ਨਹੀਂ ਆ ਸਕਿਆ। ਉਨ੍ਹਾਂ ਕਿਹਾ ਕਿ ਹਿੰਮਤ ਸਿੰਘ ਉਰਫ ਹਨੀ ਨੂੰ ਅੱਜ ਪੁੱਛਗਿੱਛ ਦੇ ਬਾਅਦ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਭਗੌਡ਼ੇ ਗੋਮਾ ਦੀ ਤਲਾਸ਼ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਮਾਮਲੇ ਦੀ ਅਗਲੇਰੀ ਜਾਂਚ ਸਹਾਇਕ ਥਾਣੇਦਾਰ ਅਸ਼ੋਕ ਕੁਮਾਰ ਵੱਲੋਂ ਕੀਤੀ ਜਾ ਰਹੀ ਹੈ।
ਲੇਖਕਾਂ ਨਾਲ ਰੂ-ਬਰੂ ਹੋਏ ਅਜਮੇਰ ਰੋਡੇ
NEXT STORY