ਮੋਹਾਲੀ (ਨਿਆਮੀਆਂ) - ਸਿਹਤ ਵਿਭਾਗ ਪੰਜਾਬ ਦੇ ਲੋਕਾਂ ਨੂੰ ਵਧੀਆ ਸਿਹਤ ਸੇਵਾਵਾਂ ਦੇਣ ਲਈ ਵਚਨਬੱਧ ਹੈ ਅਤੇ ਰਾਜ ਵਿਚ ਸਿਹਤ ਸੰਸਥਾਵਾਂ ਵਿਚ ਡਾਕਟਰਾਂ ਅਤੇ ਹੋਰ ਅਮਲੇ ਦੀ ਘਾਟ ਨੂੰ ਪੂਰਾ ਕਰਨ ਲਈ ਨਵੀਂ ਭਰਤੀ ਕੀਤੀ ਜਾਵੇਗੀ। ਇਸ ਗੱਲ ਦੀ ਜਾਣਕਾਰੀ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬ੍ਰਹਮ ਮਹਿੰਦਰਾ ਨੇ ਮੋਹਾਲੀ ਦੇ ਫੇਜ਼-7 ਵਿਚ ਸਥਿਤ ਗੁਰਦੁਆਰਾ ਬੀਬੀ ਭਾਨੀ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦਿੱਤੀ। ਉਹ ਅੱਜ ਇਥੇ ਅੰਮ੍ਰਿਤ ਕੌਂਸਲਰ ਫਾਊਂਡੇਸ਼ਨ ਚੰਡੀਗੜ੍ਹ ਵਲੋਂ ਵਰਲਡ ਕੈਂਸਰ ਕੇਅਰ ਸੁਸਾਇਟੀ ਤੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਆਯੋਜਿਤ ਇਕ ਕੈਂਸਰ ਜਾਂਚ ਕੈਂਪ ਦਾ ਰਸਮੀ ਉਦਘਾਟਨ ਕਰਨ ਲਈ ਪੁੱਜੇ ਹੋਏ ਸਨ।
ਸਿਹਤ ਮੰਤਰੀ ਨੇ ਇਸ ਮੌਕੇ ਕੈਂਸਰ ਜਾਂਚ ਕੈਂਪ ਦੇ ਪ੍ਰਬੰਧਕਾਂ ਦੀ ਤਾਰੀਫ ਕਰਦਿਆਂ ਕਿਹਾ ਕਿ ਇਹ ਇਕ ਵਧੀਆ ਉਪਰਾਲਾ ਹੈ ਤੇ ਸਰਕਾਰ ਵਲੋਂ ਕੈਂਸਰ ਜਾਗਰੂਕਤਾ ਅਤੇ ਜਾਂਚ ਦੇ ਕੰਮ ਵਿਚ ਸਹਿਯੋਗ ਦੇਣ ਵਾਲੀਆਂ ਸੰਸਥਾਵਾਂ ਦੀ ਬਣਦੀ ਮਦਦ ਕੀਤੀ ਜਾਵੇਗੀ ਤੇ ਕੈਂਸਰ ਨੂੰ ਕੰਟਰੋਲ ਕਰਨ ਲਈ ਅਜਿਹੇ ਕੈਂਪ ਕਾਫੀ ਹੱਦ ਤਕ ਸਹਾਈ ਸਾਬਿਤ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਪੰਜਾਬ ਵਿਚ ਬਠਿੰਡਾ ਵਿਖੇ ਐਡਵਾਂਸ ਕੈਂਸਰ ਕੇਅਰ ਸੈਂਟਰ ਵੀ ਸਥਾਪਿਤ ਕੀਤਾ ਗਿਆ ਹੈ ਅਤੇ ਇਨ੍ਹਾਂ ਸੰਸਥਾਵਾਂ ਨੂੰ ਵੀ ਚਾਹੀਦਾ ਹੈ ਕਿ ਉਹ ਸ਼ਹਿਰਾਂ ਦੇ ਨਾਲ-ਨਾਲ ਅੰਦਰੂਨੀ ਖੇਤਰਾਂ (ਖਾਸ ਕਰਕੇ ਮਾਲਵਾ ਪੱਟੀ ਜਿਥੇ ਇਸ ਬੀਮਾਰੀ ਦਾ ਕਰੋਪ ਵੱਧ ਹੈ) ਵਿਚ ਅਜਿਹੇ ਵੱਧ ਤੋਂ ਵੱਧ ਕੈਂਪ ਆਯੋਜਿਤ ਕਰਨ।
ਸਿਹਤ ਵਿਭਾਗ ਵਿਚ ਚੱਲ ਰਹੀ ਡਾਕਟਰਾਂ ਦੀ ਘਾਟ ਬਾਰੇ ਮਹਿੰਦਰਾ ਨੇ ਕਿਹਾ ਕਿ ਪਿਛਲੀ ਸਰਕਾਰ ਵਲੋਂ ਡਾਕਟਰਾਂ ਦੀ ਭਰਤੀ ਨਾ ਕੀਤੇ ਜਾਣ ਕਾਰਨ ਇਹ ਸਮੱਸਿਆ ਆਈ ਹੈ ਤੇ ਹੁਣ ਕਾਂਗਰਸ ਸਰਕਾਰ ਵਲੋਂ ਡਾਕਟਰਾਂ ਅਤੇ ਹੋਰ ਸਟਾਫ ਦੀ ਭਰਤੀ ਲਈ ਕਾਰਵਾਈ ਆਰੰਭ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਫੈਸਲਾ ਕੀਤਾ ਗਿਆ ਹੈ ਕਿ ਪੇਂਡੂ ਖੇਤਰਾਂ ਦੇ ਡਾਕਟਰਾਂ ਦਾ ਸਿਹਤ ਵਿਭਾਗ ਵਿਚ ਰਲੇਵਾਂ ਕੀਤਾ ਜਾਵੇ ਤੇ ਅਜਿਹਾ ਕਰਨ ਨਾਲ ਸਿਹਤ ਵਿਭਾਗ ਕੋਲ 800 ਹੋਰ ਡਾਕਟਰ ਉਪਲਬਧ ਹੋ ਜਾਣਗੇ, ਜਿਨ੍ਹਾਂ ਨੂੰ ਵੱਖ-ਵੱਖ ਡਿਸਪੈਂਸਰੀਆਂ ਵਿਚ ਤਾਇਨਾਤ ਕੀਤਾ ਜਾ ਸਕੇਗਾ।
ਇਸ ਮੌਕੇ ਹਲਕਾ ਵਿਧਾਇਕ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਸ਼ਹਿਰਾਂ ਦੇ ਨਾਲ-ਨਾਲ ਅਜਿਹੇ ਕੈਂਪ ਅੰਦਰੂਨੀ ਖੇਤਰਾਂ ਵਿਚ ਵੱਧ ਲਾਏ ਜਾਣੇ ਚਾਹੀਦੇ ਹਨ, ਤਾਂ ਜੋ ਲੋੜਵੰਦਾਂ ਨੂੰ ਵੱਧ ਤੋਂ ਵੱਧ ਫਾਇਦਾ ਮਿਲੇ। ਉਨ੍ਹਾਂ ਦੱਸਿਆ ਕਿ ਸੰਸਥਾ ਵਲੋਂ ਭਲਕੇ ਸੈਕਟਰ-22 ਚੰਡੀਗੜ੍ਹ ਦੇ ਕਮਿਊਨਿਟੀ ਸੈਂਟਰ ਵਿਚ ਵੀ ਅਜਿਹਾ ਇਕ ਕੈਂਪ ਲਾਇਆ ਜਾ ਰਿਹਾ ਹੈ।
ਇਸ ਮੌਕੇ ਸਿਵਲ ਸਰਜਨ ਡਾ. ਰੀਟਾ ਭਰਦਵਾਜ, ਕਾਂਗਰਸੀ ਆਗੂ ਗੁਰਸ਼ਰਨ ਸਿੰਘ ਭਮਰਾ, ਗੁਰਦੁਆਰਾ ਸਾਚਾ ਧਨ ਫੇਜ਼-3ਬੀ1 ਦੇ ਪ੍ਰਧਾਨ ਪਰਮਜੀਤ ਸਿੰਘ ਗਿੱਲ, ਅੰਮ੍ਰਿਤ ਕੇਅਰ ਫਾਊਂਡੇਸ਼ਨ ਦੇ ਅਹੁਦੇਦਾਰ ਗੁਰਦੀਪ ਸਿੰਘ ਤੇ ਭੁਪਿੰਦਰ ਸਿੰਘ, ਗੁਰਦੁਆਰਾ ਬੀਬੀ ਭਾਨੀ ਦੇ ਚੇਅਰਮੈਨ ਮਨਜੀਤ ਸਿੰਘ, ਪ੍ਰਧਾਨ ਰਜਿੰਦਰ ਸਿੰਘ, ਸੁਰਿੰਦਰਜੀਤ ਸਿੰਘ ਖਜ਼ਾਨਚੀ, ਉੱਤਮ ਸਿੰਘ, ਹਰਜਸਪਾਲ ਸਿੰਘ ਜੱਸੀ, ਦਰਸ਼ਨ ਸਿੰਘ ਤੇ ਹੋਰ ਮੈਂਬਰ ਹਾਜ਼ਰ ਸਨ।
ਕਦੇ ਆੜ੍ਹਤੀਏ ਹਾੜੇ ਕੱਢਦੇ ਸਨ ਤੇ ਹੁਣ ਸ਼ੈਲਰ ਮਾਲਕ!
NEXT STORY