ਬਾਘਾਪੁਰਾਣਾ, (ਚਟਾਨੀ)- ਦੇਸ਼ ਦੇ ਕੋਨੇ-ਕੋਨੇ ਦੀ ਗੰਦਗੀ ਨੂੰ ਸਵੱਛ ਭਾਰਤ ਅਭਿਆਨ ਤਹਿਤ ਸਾਫ ਕਰਨ ਦਾ ਹੋਕਾ ਦੇਣ ਵਾਲੀ ਮੋਦੀ ਸਰਕਾਰ ਦੀਆਂ ਨਜ਼ਰਾਂ ਤੋਂ ਕਸਬੇ ਦੀਆਂ ਝੋਪਡ਼ੀਆਂ ’ਚ ਵਸੇਬਾ ਕਰ ਰਹੇ ਪਰਿਵਾਰਾਂ ਦੀਆਂ ਮੁਸ਼ਕਲਾਂ ਅਜੇ ਤੱਕ ਓਹਲੇ ਹੀ ਤੁਰੀਆਂ ਆ ਰਹੀਆਂ ਹਨ। ਦੋ ਦਹਾਕਿਆਂ ਤੋਂ ਸਡ਼ਕ ਦੇ ਕਿਨਾਰੇ ਵਸੇਬਾ ਕਰ ਰਹੇ ਇਨ੍ਹਾਂ ਮਜ਼ਬੂਰ ਲੋਕਾਂ ਨੇ ਪੱਕੀ ਛੱਤ ਦੀ ਸਹੂਲਤ ਤੋਂ ਸੱਖਣੇ ਹੋਣ ਵਾਲਾ ਸੰਤਾਪ ਤਾਂ ਅੌਖੇ ਸੌਖੇ ਹੰਢਾ ਲਿਆ ਪਰ ਪੈਖਾਨੇ ਦੀ ਅਣਹੋਂਦ ਇਨ੍ਹਾਂ ਲਈ ਵੱਡੀ ਮੁਸ਼ਕਲ ਬਣੀ ਖਡ਼ੀ ਹੈ। ਘਰ-ਘਰ ਪਖਾਨੇ ਬਨਾਉਣ ਵਾਲੀ ਸਰਕਾਰ ਦੀ ਸਕੀਮ ਵੀ ਇਨ੍ਹਾਂ ਗਰੀਬ ਪਰਿਵਾਰਾਂ ਤੋਂ ਅਜੇ ਕੋਹਾਂ ਦੂਰ ਹੀ ਦਿਖਾਈ ਦੇ ਰਹੀ ਹੈ। ਜੇਠ-ਹਾਡ਼ ਦੀ ਸੀਨਾ ਤਪਾਉਂਦੀ ਗਰਮੀ ਅਤੇ ਪੋਹ-ਮਾਘ ਦੀ ਹੱਡ ਚੀਰਵੀਂ ਠੰਡ ’ਚ ਮਜ਼ਦੂਰੀ ਕਰੇ ਪੇਟ ਪਾਲਣ ਵਾਲੇ ਪਰਿਵਾਰਾਂ ਦੇ ਮੈਂਬਰ ਪਖਾਨਾ ਜਾਣ ਲਈ ਤਡ਼ਕਸਾਰ ਸੁਰੱਖਿਅਤ ਥਾਵਾਂ ਦੀ ਭਾਲ ’ਚ ਘੰਟਿਆਂ ਦਾ ਸਮਾਂ ਗਵਾ ਲੈਂਦੇ ਹਨ। ਖਡ਼ੀ ਫਸਲ ਵਾਲੇ ਖੇਤਾਂ ’ਚ ਪਖਾਨਾ ਕਰਨ ਦੀ ਇਨ੍ਹਾਂ ਲਿਤਾਡ਼ੇ ਲੋਕਾਂ ਦੀ ਕੋਸ਼ਿਸ਼ ਨੂੰ ਖੇਤਾਂ ਦੇ ਮਾਲਕ ਸਫਲ ਨਹੀਂ ਹੋਣ ਦਿੰਦੇ। ਸਡ਼ਕਾਂ ਦੇ ਕਿਨਾਰੇ ਬੈਠ ਬੱਚਿਆਂ ਨੂੰ ਤਾਂ ਕਈ ਵਾਰ ਤੇਜ ਵਾਹਨ ਵੀ ਆਪਣੀ ਲਪੇਟ ’ਚ ਲੈ ਲੈਂਦੇ ਹਨ। ਵਢੇਰੀ ਉਮਰ ਦੀਆਂ ਅੌਰਤਾਂ ਅਤੇ ਮਰਦ ਦੂਰ-ਦੁਰੇਡੇ ਪਖਾਨਾ ਕਰਨ ਲਈ ਜਾਂਦੇ ਰੋਜਾਨਾਂ ਦੇਖੇ ਜਾਂਦੇ ਹਨ।
ਗੁਰਬਤ ਦੇ ਮਾਰੇ ਇਕ ਗਰੀਬ ਲੋਕਾਂ ਜਿਨ੍ਹਾਂ ਕੋਲ ਪੇਟ ਭਰਨ ਲਈ ਆਰਥਿਕ ਸਮਰੱਥਾ ਨਹੀਂ ਉਨ੍ਹਾਂ ਲਈ ਪਖਾਨਿਆਂ ਦਾ ਨਿਰਮਾਣ ਬਹੁਤ ਦੂਰ ਦੀ ਗੱਲ ਹੈ। ਇਸ ਰਸਤੇ ਉਪਰ ਸੈਰ ਕਰਨ ਲਈ ਜਾਂਦੇ ਰੋਟਰੀ ਕਲੱਬ ਦੇ ਮੈਂਬਰਾਂ ਪ੍ਰਿੰਸੀਪਲ ਗੁਰਦੇਵ ਸਿੰਘ, ਵਿਮਲ ਗਰਗ, ਦੇਵ ਰਾਜ ਗਰਗ, ਰਮਨ ਮਿੱਤਲ, ਮੁਨੀਸ਼ ਗਰਗ, ਯਸ਼ ਗੁਪਤਾ, ਰਕੇਸ ਅਤੇ ਰਜੀਵ ਹੁਰਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਨੂੰ ਉਲਾਂਭਾ ਦਿੰਦਿਆਂ ਕਿਹਾ ਕਿ ਅਜਿਹੇ ਲੋਕਾਂ ਦੀਆਂ ਸਹੂਲਤਾਂ ਤੋਂ ਟਾਲਾ ਵੱਟਣਾ ਗੁਰਬਤ ਦੇ ਮਾਰੇ ਲੋਕਾਂ ਨਾਲ ਸਰਾਸਰ ਬੇਇਨਸਾਫੀ ਹੈ।
ਰੋਟਰੀ ਕਲੱਬ ਦੇ ਪ੍ਰਧਾਨ ਅਤੇ ਉਘੇ ਸਮਾਜ ਸੇਵੀ ਪ੍ਰਿੰਸੀਪਲ ਗੁਰਦੇਵ ਸਿੰਘ ਨੇ ਇਨ੍ਹਾਂ ਗਰੀਬਾਂ ਲਈ ਪਖਾਨਿਆਂ ਦੇ ਨਿਰਮਾਣ ਲਈ ਉਨ੍ਹਾਂ ਦੇ ਵਿਦੇਸ਼ ਬੈਠੇ ਰਿਸ਼ਤੇਦਾਰਾਂ ਵੱਲੋਂ ਭੇਜੀ ਗਈ ਇਕ ਲੱਖ ਦੀ ਰਾਸ਼ੀ ਤੋਂ ਇਲਾਵਾ ਆਪਣੇ ਕੋਲੋਂ ਵੀ ਕੁੱਝ ਰਕਮ ਖਰਚਣ ਦੀ ਪੇਸ਼ਕਸ਼ ਕੀਤੀ ਹੈ, ਬੇਸ਼ਰਤੇ ਕਿ ਘੋਲੀਆ ਕਲਾਂ ਦੀ ਪੰਚਾਇਤ ਜਾਂ ਸਥਾਨਕ ਕੌਂਸਲ ਪਖਾਨਿਆਂ ਲਈ ਢੁੱਕਵੀਂ ਥਾਂ ਦਾ ਪ੍ਰਬੰਧ ਕਰੇ। ਰੋਟਰੀ ਕਲੱਬ ਦੇ ਪ੍ਰਧਾਨ ਵਿਮਲ ਗਰਗ ਨੇ ਵੀ ਕਲੱਬ ਵੱਲੋਂ ਇਸ ਕਾਰਜ ਲਈ ਢੁੱਕਵੀਂ ਰਾਸ਼ੀ ਖਰਚਣ ਦੀ ਪੇਸ਼ਕਸ਼ ਕੀਤੀ ਹੈ।
ਜ਼ਿਕਰਯੋਗ ਹੈ ਕਿ ਨਗਰ ਕੌਂਸਲ ਕੋਲ ਘਰ-ਘਰ ਪਖਾਨਾ ਬਨਾਉਣ ਲਈ ਵਿਸ਼ੇਸ਼ ਗ੍ਰਾਂਟ ਵੀ ਆਈ ਹੈ, ਜਿਸ ’ਚੋਂ ਕੁੱਝ ਰਾਸ਼ੀ ਝੁੱਗੀ ਝੌਂਪਡ਼ੀਆਂ ਵਾਲੇ ਗਰੀਬ ਪਰਿਵਾਰਾਂ ਲਈ ਪਖਾਨਿਆਂ ਦੇ ਨਿਰਮਾਣ ਲਈ ਰੋਟਰੀ ਕਲੱਬ ਅਤੇ ਹੋਰਨਾਂ ਸਮਾਜ ਸੇਵੀ ਲੋਕਾਂ ਨੇ ਕੌਂਸਲ ਨੂੰ ਪੁਰਜ਼ੋਰ ਅਪੀਲ ਕੀਤੀ ਹੈ। ਸਮਾਜ ਸੇਵੀ ਲੋਕਾਂ ਨੇ ਘੋਲੀਆ ਕਲਾਂ ਦੀ ਪੰਚਾਇਤ ਨੂੰ ਅਰਜੋਈ ਕੀਤੀ ਕਿ ਉਹ ਕਾਲੇਕੇ ਕੋਠਿਆਂ ਦੇ ਨੇਡ਼ੇ ਪਈ ਆਪਣੀ ਡੇਢ ਕਿੱਲਾ ਪੰਚਾਇਤੀ ਜਗ੍ਹਾ ’ਚੋਂ ਸਿਰਫ ਇਕ ਕਨਾਲ ਇਸ ਭਲੇ ਦੇ ਕਾਰਜ ਲਈ ਜ਼ਰੂਰ ਅਲਾਟ ਕਰਨ ਤਾਂ ਜੋ ਗਰੀਬ ਪਰਿਵਾਰਾਂ ਲਈ ਪਖਾਨਿਆਂ ਦੀ ਮੁਸ਼ਕਲ ਦਾ ਹੱਲ ਹੋ ਸਕੇ।
10 ਦਿਨਾਂ ਤੋਂ ਪਾਣੀ ਦੀ ਸਪਲਾਈ ਠੱਪ ਹੋਣ ਕਾਰਨ ਲੋਕ ਪ੍ਰੇਸ਼ਾਨ
NEXT STORY