ਗੜ੍ਹਸ਼ੰਕਰ(ਸ਼ੋਰੀ)— ਕੇਂਦਰ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ 'ਸਵੱਛ ਭਾਰਤ' ਮੁਹਿੰਮ ਦੀ ਜਿੰਨੀ ਪ੍ਰਸ਼ੰਸਾ ਕੀਤੀ ਜਾਵੇ, ਉਹ ਘੱਟ ਹੈ। ਸੂਬਾ ਸਰਕਾਰ ਵੱਲੋਂ ਇਸ ਮੁਹਿੰਮ ਨੂੰ ਉਤਸ਼ਾਹਤ ਕਰਨਾ ਅਤੇ ਆਪਣੇ ਮਹਿਕਮਿਆਂ ਨੂੰ ਇਸ 'ਤੇ ਕੰਮ ਕਰਨ ਦੇ ਹੁਕਮ ਦੇਣਾ ਹੋਰ ਵੀ ਸ਼ਲਾਘਾਯੋਗ ਫੈਸਲਾ ਹੈ। ਪਰ ਗੱਲ ਜੇਕਰ ਗੜ੍ਹਸ਼ੰਕਰ ਦੀ ਕਰੀਏ ਤਾਂ ਆਲਮ ਇਹ ਹੈ ਕਿ ਐਤਵਾਰ ਨੂੰ ਸਥਾਨਕ ਪ੍ਰਸ਼ਾਸਨ ਅਤੇ ਸਰਕਾਰ ਨਾਲ ਜੁੜੇ ਰਾਜਨੀਤਿਕ ਲੋਕ ਜਦੋਂ ਸਵੱਛਤਾ ਮੁਹਿੰਮ ਚਲਾ ਰਹੇ ਸਨ, ਉਸੇ ਸਮੇਂ ਰਾਵਲਪਿੰਡੀ ਰੋਡ 'ਤੇ ਰਹਿਣ ਵਾਲੇ ਇਸੇ ਸ਼ਹਿਰ ਦੇ ਲੋਕ ਇਸ ਉਡੀਕ 'ਚ ਸਨ ਕਿ ਸ਼ਾਇਦ ਸਰਕਾਰੀ ਬਾਬੂ ਉਨ੍ਹਾਂ ਦੇ ਮੁਹੱਲੇ ਵੱਲ ਜ਼ਰੂਰ ਆਉਣਗੇ ਅਤੇ ਪਿਛਲੇ 6 ਮਹੀਨਿਆਂ ਤੋਂ ਸੀਵਰੇਜ ਦੇ ਗੰਦੇ ਪਾਣੀ 'ਚ ਡੁੱਬੇ ਇਸ ਇਲਾਕੇ ਦੇ ਲੋਕਾਂ ਦਾ ਹਾਲ-ਚਾਲ ਪੁੱਛਣਗੇ ਪਰ ਅਜਿਹਾ ਕੁਝ ਨਹੀਂ ਹੋਇਆ। ਦਿਨ ਬੀਤ ਗਿਆ ਪਰ ਉਹ ਨਹੀਂ ਆਏ।
ਡੰਪਾਂ 'ਚੋਂ ਨਹੀਂ ਚੁੱਕਿਆ ਜਾਂਦਾ ਕੂੜਾ-ਕਰਕਟ :
ਸ਼ਹਿਰ ਦੇ ਕਈ ਡੰਪਾਂ 'ਚੋਂ ਰੋਜ਼ਾਨਾ ਕੂੜਾ-ਕਰਕਟ ਨਹੀਂ ਚੁੱਕਿਆ ਜਾ ਰਿਹਾ। ਨਾਲੀਆਂ 'ਚੋਂ ਕੱਢੀ ਗੰਦਗੀ ਕਈ-ਕਈ ਦਿਨ ਪਈ ਰਹਿੰਦੀ ਹੈ। ਇਹ ਸਭ ਕੁਝ ਇਸ ਗੱਲ ਦੀ ਹਾਮੀ ਭਰਦਾ ਹੈ ਕਿ ਸਵੱਛਤਾ ਮੁਹਿੰਮ ਦੇ ਨਾਂ 'ਤੇ ਵੱਡੇ ਅਫਸਰਾਂ ਨੂੰ ਜੋ ਦਿਖਾਇਆ ਜਾ ਰਿਹਾ ਹੈ, ਉਸ ਦੀ ਹਕੀਕਤ ਕੁਝ ਹੋਰ ਹੀ ਹੈ।
ਕੀ ਕਹਿੰਦੇ ਹਨ ਅਧਿਕਾਰੀ
ਨਗਰ ਕੌਂਸਲ ਦੇ ਸੈਨੇਟਰੀ ਇੰਸਪੈਕਟਰ ਕਰਨ ਸਿੰਘ ਨੇ ਦੱਸਿਆ ਕਿ ਟੈਲੀਫੋਨ ਐਕਸਚੇਂਜ ਦੇ ਕੋਲ ਸੀਵਰੇਜ ਦੀ ਬਲਾਕੇਜ ਤੇ ਵੱਡੇ ਨਾਲੇ 'ਚ ਗੰਦਗੀ ਕਾਰਨ ਹੋ ਚੁੱਕੀ ਬਲਾਕੇਜ ਨਾਲ ਇਹ ਸਮੱਸਿਆ ਬਣੀ ਹੈ। ਉਨ੍ਹਾਂ ਨੇ ਭਰੋਸਾ ਦਿੱਤਾ ਕਿ ਸੋਮਵਾਰ ਨੂੰ ਹੀ ਕੰਮ ਸ਼ੁਰੂ ਕੀਤਾ ਜਾਵੇਗਾ ਅਤੇ ਕੁਝ ਦਿਨਾਂ 'ਚ ਸਾਰੀ ਸਮੱਸਿਆ ਹੱਲ ਹੋ ਜਾਵੇਗੀ।
ਡਿਪਟੀ ਕਮਿਸ਼ਨਰ ਤੋਂ ਜਾਇਜ਼ਾ ਲੈਣ ਦੀ ਕੀਤੀ ਮੰਗ
ਸਮਾਜ-ਸੇਵਕ ਰਾਕੇਸ਼ ਓਹਰੀ ਨੇ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਤੋਂ ਮੰਗ ਕੀਤੀ ਕਿ ਉਹ ਇਕ ਵਾਰ ਰਾਵਲਪਿੰਡੀ ਰੋਡ 'ਤੇ ਜ਼ਰੂਰ ਕੁਝ ਪਲਾਂ ਲਈ ਖੁਦ ਆਉਣ ਅਤੇ ਦੇਖਣ ਕਿ ਲੋਕਾਂ ਨੂੰ ਕਿੰਝ ਮੁਸ਼ਕਿਲ ਪੇਸ਼ ਆ ਰਹੀ ਹੈ। ਉਨ੍ਹਾਂ ਦੱਸਿਆ ਕਿ ਘਰ ਸੀਵਰੇਜ ਦੇ ਗੰਦੇ ਪਾਣੀ ਨਾਲ ਘਿਰੇ ਹੋਏ ਹਨ, ਪੈਦਲ ਨਿਕਲਿਆ ਨਹੀਂ ਜਾ ਸਕਦਾ ਅਤੇ ਕੈਦੀ ਬਣ ਕੇ ਰਹਿ ਗਏ ਹਨ ਮੁਹੱਲੇ ਦੇ ਲੋਕ।
ਕੈਪਟਨ ਸਰਕਾਰ ਨਹੀਂ ਦੇ ਰਹੀ ਧਿਆਨ : ਠੇਕੇਦਾਰ
ਸਾਬਕਾ ਵਿਧਾਇਕ ਠੇਕੇਦਾਰ ਸੁਰਿੰਦਰ ਸਿੰਘ ਨੇ ਕਿਹਾ ਕਿ ਸ਼ਹਿਰ 'ਚ ਗੰਦੇ ਪਾਣੀ ਦੀ ਸਮੱਸਿਆ ਨੂੰ ਦੇਖਦਿਆਂ ਉਨ੍ਹਾਂ ਦੇ ਯਤਨਾਂ ਨਾਲ ਸੀਵਰੇਜ ਦਾ ਕੰਮ ਸ਼ੁਰੂ ਹੋ ਗਿਆ ਸੀ ਪਰ ਕੈਪਟਨ ਸਰਕਾਰ ਨੇ ਸਾਰਾ ਅਲਾਟ ਫੰਡ ਵਾਪਸ ਲੈ ਕੇ ਗੜ੍ਹਸ਼ੰਕਰ ਦੇ ਲੋਕਾਂ ਨਾਲ ਬੇਇਨਸਾਫੀ ਕੀਤੀ ਹੈ। ਉਨ੍ਹਾਂ ਨੇ ਮੰਗ ਕੀਤੀ ਕਿ ਸਰਕਾਰ ਬਿਨਾਂ ਦੇਰੀ ਸੀਵਰੇਜ ਦਾ ਵਿਚਾਲੇ ਲਟਕਿਆ ਕੰਮ ਦੁਬਾਰਾ ਸ਼ੁਰੂ ਕਰਵਾਵੇ।
ਸੀਵਰੇਜ ਦੀ ਬਲਾਕੇਜ ਕਾਰਨ ਓਵਰਫਲੋਅ ਹੁੰਦੈ ਗੰਦਾ ਪਾਣੀ
ਰਾਵਲਪਿੰਡੀ ਰੋਡ 'ਤੇ ਭਰੇ ਗੰਦੇ ਪਾਣੀ ਦਾ ਕਾਰਨ ਸੀਵਰੇਜ ਦੀ ਬਲਾਕੇਜ ਹੈ, ਇਸ ਕਾਰਨ ਗੰਦਾ ਪਾਣੀ ਮੈਨਹੋਲ 'ਚੋਂ ਨਿਕਲ ਕੇ ਬਾਹਰ ਸੜਕਾਂ 'ਤੇ ਫੈਲ ਰਿਹਾ ਹੈ ਅਤੇ ਲੋਕਾਂ ਨੂੰ ਬਦਬੂਦਾਰ ਅਤੇ ਦੂਸ਼ਿਤ ਮਾਹੌਲ 'ਚ ਜਿਊਣਾ ਪੈ ਰਿਹਾ ਹੈ। ਹੈਰਾਨੀ ਇਸ ਗੱਲ ਦੀ ਹੈ ਕਿ ਮਨੁੱੱਖੀ ਅਧਿਕਾਰਾਂ ਦੀਆਂ ਵੱਡੀਆਂ-ਵੱਡੀਆਂ ਗੱਲਾਂ ਕਰਨ ਵਾਲੀਆਂ ਸਮਾਜ-ਸੇਵੀ ਸੰਸਥਾਵਾਂ ਨੇ ਚੁੱਪ ਧਾਰੀ ਹੋਈ ਹੈ, ਰਹੀ ਗੱਲ ਪ੍ਰਸ਼ਾਸਨ ਦੀ ਤਾਂ ਉਸ ਦੀ ਬੇਪ੍ਰਵਾਹੀ ਤਾਂ ਸਾਫ ਦਿਖਾਈ ਦੇ ਰਹੀ ਹੈ।
ਕਲਯੁੱਗੀ ਮਾਂ ਦੀ ਕਰਤੂਤ : ਬੱਚੀ ਨੂੰ ਜਨਮ ਦੇ ਕੇ ਹਸਪਤਾਲ 'ਚੋਂ ਹੋਈ ਗਾਇਬ
NEXT STORY