ਫਤਿਹਗੜ੍ਹ ਸਾਹਿਬ (ਜਗਦੇਵ) - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬੱਚਿਆਂ ਨੂੰ ਧਰਮ, ਇਤਿਹਾਸ ਤੇ ਵਿਰਾਸਤ ਨਾਲ ਜੋੜਨ ਲਈ ਨਿਰੰਤਰ ਕਾਰਜਸ਼ੀਲ ਰਹੇਗੀ ਤਾਂ ਜੋ ਗੁਰਬਾਣੀ ਤੋਂ ਸੇਧ ਪ੍ਰਾਪਤ ਕਰ ਕੇ ਅੱਜ ਦੇ ਸਮੇਂ 'ਚ ਮਨੁੱਖੀ ਵਖਰੇਵਿਆਂ ਦੀ ਆੜ ਹੇਠ ਸਮਾਜ 'ਚ ਵਧ ਰਹੇ ਪਾੜੇ ਨੂੰ ਰੋਕਿਆ ਜਾ ਸਕੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਨੇ ਗੁਰਦੁਆਰਾ ਸ੍ਰੀ ਬਿਭੋਰ ਸਾਹਿਬ ਵਿਖੇ ਬੱਚਿਆਂ ਅਤੇ ਨੌਜਵਾਨਾਂ ਨੂੰ ਗੁਰਮਤਿ ਨਾਲ ਜੋੜਨ ਲਈ ਲਗਾਏ ਗਏ 'ਗੁਰਮਤਿ ਸਿਖਲਾਈ ਕੈਂਪ' ਦੇ ਸਮਾਪਤੀ ਸਮਾਰੋਹ ਮੌਕੇ ਜੁੜੀ ਸੰਗਤ ਨੂੰ ਸੰਬੋਧਨ ਕਰਦਿਆਂ ਕੀਤਾ। ਇਸ ਕੈਂਪ 'ਚ ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾ ਤੇ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਭਾਈ ਅਮਰਜੀਤ ਸਿੰਘ ਚਾਵਲਾ ਉਚੇਚੇ ਤੌਰ 'ਤੇ ਪਹੁੰਚੇ ਅਤੇ ਕੈਂਪ 'ਚ ਸ਼ਾਮਲ ਬੱਚਿਆਂ ਨਾਲ ਸਿੱਖ ਇਤਿਹਾਸ ਤੇ ਗੁਰਮਤਿ ਫਲਸਫੇ ਸੰਬੰਧੀ ਭਾਵਪੂਰਤ ਵਿਚਾਰਾਂ ਸਾਂਝੀਆਂ ਕੀਤੀਆਂ। ਇਸ ਮੌਕੇ ਕੈਂਪ ਦੇ ਪ੍ਰਬੰਧਕ ਭਾਈ ਅਮਰਜੀਤ ਸਿੰਘ ਚਾਵਲਾ ਨੇ ਖਾਲਸਾਈ ਜਾਹੋ-ਜਲਾਲ ਨੂੰ ਪੇਸ਼ ਕਰਦਿਆਂ 'ਪੰਥ ਤੇਰੇ ਦੀਆਂ ਗੂੰਜਾਂ ਜੁਗੋ-ਜੁਗ ਪੈਣਗੀਆਂ' ਵਾਲੇ ਜੋਸ਼ੀਲੇ ਬੋਲਾਂ ਰਾਹੀਂ ਬੱਚਿਆਂ 'ਚ ਨਵਾਂ ਜੋਸ਼ ਭਰਿਆ। ਇਸ ਤੋਂ ਬਾਅਦ ਬੱਚਿਆਂ ਦੇ ਧਾਰਮਿਕ ਕਵਿਤਾ, ਕਵੀਸ਼ਰੀ, ਦਸਤਾਰ ਤੇ ਸਿੱਖ ਇਤਿਹਾਸ ਸੰਬੰਧੀ ਚਿੱਤਰਕਾਰੀ ਦੇ ਮੁਕਾਬਲੇ ਕਰਵਾਏ ਗਏ ਅਤੇ ਗੁਰਮਤਿ ਗਿਆਨ ਸੰਬੰਧੀ ਲਿਖਤੀ ਟੈਸਟ ਵੀ ਲਿਆ ਗਿਆ। ਇਨ੍ਹਾਂ ਮੁਕਾਬਲਿਆਂ 'ਚ ਪਹਿਲੇ, ਦੂਜੇ ਤੇ ਤੀਜੇ ਸਥਾਨ 'ਤੇ ਰਹਿਣ ਵਾਲੇ ਬੱਚਿਆਂ ਨੂੰ ਕ੍ਰਮਵਾਰ 3100, 2100 ਤੇ 1100 ਰੁਪਏ ਇਨਾਮ ਵਜੋਂ ਦਿੱਤੇ ਗਏ।
ਇਸ ਮੌਕੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਫੂਲਾ ਸਿੰਘ, ਮੈਂਬਰ ਸ਼੍ਰੋਮਣੀ ਕਮੇਟੀ ਪ੍ਰਿੰਸੀਪਲ ਸੁਰਿੰਦਰ ਸਿੰਘ, ਸਾਬਕਾ ਮੈਂਬਰ ਸ. ਜਗੀਰ ਸਿੰਘ ਤੇ ਸ. ਸਤਨਾਮ ਸਿੰਘ, ਬਾਬਾ ਅਵਤਾਰ ਸਿੰਘ ਟਿੱਬੀ ਸਾਹਿਬ, ਬਾਬਾ ਲਾਭ ਸਿੰਘ ਕਿਲਾ ਅਨੰਦਗੜ੍ਹ ਸਾਹਿਬ, ਮੀਤ ਸਕੱਤਰ ਸ. ਕੁਲਵਿੰਦਰ ਸਿੰਘ ਰਮਦਾਸ ਤੇ ਸ. ਸਿਮਰਜੀਤ ਸਿੰਘ, ਡਾਇਰੈਕਟਰ ਸਿੱਖਿਆ ਡਾ. ਧਰਮਿੰਦਰ ਸਿੰਘ Àੁੱਭਾ, ਅਸਿਸਟੈਂਟ ਡਾਇਰੈਕਟਰ ਪ੍ਰਿੰਸੀਪਲ ਸਤਵੰਤ ਕੌਰ, ਸ. ਮਨਜੀਤ ਸਿੰਘ ਘਨੌਲੀ ਸਾਬਕਾ ਚੇਅਰਮੈਨ, ਸ. ਸਤਨਾਮ ਸਿੰਘ ਝੱਜ, ਪ੍ਰੋ. ਸੁਖਦੇਵ ਸਿੰਘ ਇੰਚਾਰਜ ਤੇ ਵੱਖ-ਵੱਖ ਸਕੂਲਾਂ ਦਾ ਸਟਾਫ ਆਦਿ ਹਾਜ਼ਰ ਸੀ।
ਇਸ ਦੌਰਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗਲਿਆਰੇ 'ਚ ਲੱਗੀਆਂ ਸਕਰੀਨਾਂ 'ਤੇ ਅਸ਼ਲੀਲ ਇਸ਼ਤਿਹਾਰਾਂ ਦੀ ਪ੍ਰਦਰਸ਼ਨੀ ਪੰਜਾਬ ਸਰਕਾਰ ਵੱਲੋਂ ਹਟਾਉਣ ਦੇ ਭਾਵੇਂ ਆਦੇਸ਼ ਦੇ ਦਿੱਤੇ ਗਏ ਹਨ ਪਰ ਇਸ ਮਾਮਲੇ 'ਚ ਸ਼ਾਮਲ ਲੋਕ ਭਾਵੇਂ ਉਹ ਕਿੱਡੇ ਵੀ ਕੱਦ ਦੇ ਹੋਣ, ਉਸ ਖਿਲਾਫ ਕਾਰਵਾਈ ਕੀਤੀ ਜਾਣੀ ਹੈ, ਕਿਉਂਕਿ ਇਸ ਨਾਲ ਸੰਗਤਾਂ ਦੇ ਦਿਲਾਂ ਨੂੰ ਵੱਡੀ ਠੇਸ ਪਹੁੰਚੀ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਦਾ ਜ਼ਬਰਦਸਤ ਵਿਰੋਧ ਕੀਤਾ ਸੀ ਤੇ ਸ਼੍ਰੋਮਣੀ ਕਮੇਟੀ ਅਤੇ ਸੰਗਤਾਂ ਦੇ ਰੋਸ ਅੱਗੇ ਪੰਜਾਬ ਸਰਕਾਰ ਨੇ ਝੁਕ ਕੇ ਇਹ ਫੈਸਲਾ ਲਿਆ ਹੈ, ਜਦੋਂ ਕਿ ਅਜਿਹਾ ਮੰਦਭਾਗਾ ਕੰਮ ਪਹਿਲਾਂ ਹੀ ਨਹੀਂ ਕਰਨਾ ਚਾਹੀਦਾ ਸੀ।
ਰਨਵੇ 'ਤੇ ਦੌੜਨ ਤੋਂ ਬਾਅਦ ਰੋਕਿਆ ਰਾਹੁਲ ਦਾ ਚਾਰਟਰਡ ਜਹਾਜ਼
NEXT STORY