ਜਲੰਧਰ, (ਸ਼ੋਰੀ)- ਸਿਵਲ ਹਸਪਤਾਲ ਵਿਚ ਦੁਪਹਿਰ ਦੇ ਸਮੇਂ ਇਕ ਕੈਦੀ ਔਰਤ ਨੂੰ ਪੁਲਸ ਜਵਾਨਾਂ ਨੇ ਬੀੜੀ ਦੇਣ ਤੋਂ ਮਨ੍ਹਾ ਕਰ ਦਿੱਤਾ ਤਾਂ ਉਸਦਾ ਗੁੱਸਾ ਏਨਾ ਹਾਈ ਹੋ ਗਿਆ ਕਿ ਉਹ ਹੰਗਾਮਾ ਕਰਨ ਲੱਗੀ। ਭੜਕੀ ਔਰਤ ਨੇ ਸਰਕਾਰੀ ਵੈਨ ਦੇ ਸ਼ੀਸ਼ੇ ਤਕ ਤੋੜ ਦਿੱਤੇ। ਹਸਪਤਾਲ ਵਿਚ ਚੌਕੀ ਪੁਲਸ ਨੇ ਮਹਿਲਾ ਪੁਲਸ ਦੀ ਮਦਦ ਨਾਲ ਔਰਤ ਨੂੰ ਸ਼ਾਂਤ ਕੀਤਾ। ਜਾਣਕਾਰੀ ਮੁਤਾਬਕ ਮੀਨੂ ਵਰਮਾ ਉਰਫ ਤਾਂਬੀ ਵਾਸੀ ਘਾਹ ਮੰਡੀ, ਜੋ ਕਈ ਕੇਸਾਂ ਵਿਚ ਨਾਮਜ਼ਦ ਹੋਣ ਕਾਰਨ ਕਪੂਰਥਲਾ ਜੇਲ ਵਿਚ ਸਜ਼ਾ ਕੱਟ ਰਹੀ ਹੈ, ਕਪੂਰਥਲਾ ਜੇਲ ਵਿਚ ਤਾਇਨਾਤ ਏ. ਐੱਸ. ਆਈ. ਜਸਵੀਰ ਸਿੰਘ 10 ਕੈਦੀ, ਜਿਨ੍ਹਾਂ ਵਿਚੋਂ ਦੋ ਔਰਤਾਂ, ਜਦਕਿ ਬਾਕੀ 8 ਪੁਰਸ਼ ਸਨ, ਦਾ ਮੈਡੀਕਲ ਚੈੱਕਅਪ ਕਰਵਾਉਣ ਲਈ ਮਹਿਲਾ ਤੇ ਪੁਰਸ਼ ਜਵਾਨਾਂ ਨਾਲ ਸਰਕਾਰੀ ਵੈਨ ਵਿਚ ਕੈਦੀਆਂ ਨੂੰ ਸਿਵਲ ਹਸਪਤਾਲ ਲਿਆਏ। ਇਸ ਦੌਰਾਨ ਤਾਂਬੀ ਨੂੰ ਬੀੜੀ ਪੀਣ ਦੀ ਤਲਬ ਲੱਗੀ ਤੇ ਉਹ ਹਸਪਤਾਲ ਵਿਚ ਲੋਕਾਂ ਕੋਲੋਂ ਬੀੜੀ ਮੰਗਣ ਲੱਗੀ। ਪੁਲਸ ਜਵਾਨਾਂ ਵਲੋਂ ਰੋਕਣ 'ਤੇ ਤਾਂਬੀ ਨੇ ਹੰਗਾਮਾ ਖੜ੍ਹਾ ਕਰਦਿਆਂ ਵੈਨ ਦੇ ਸ਼ੀਸ਼ੇ ਤੋੜ ਦਿੱਤੇ। ਘਟਨਾ ਦੀ ਸੂਚਨਾ ਮਿਲਣ 'ਤੇ ਥਾਣਾ 4 ਦੀ ਪੁਲਸ ਵੀ ਹਸਪਤਾਲ ਪਹੁੰਚ ਗਈ ਸੀ। ਤਾਂਬੀ ਨੂੰ ਸ਼ਾਂਤ ਕਰਵਾਉਣ ਤੋਂ ਬਾਅਦ ਉਸਨੂੰ ਵੈਨ ਵਿਚ ਬਿਠਾ ਵਾਪਸ ਕਪੂਰਥਲਾ ਜੇਲ ਭੇਜ ਦਿੱਤਾ ਗਿਆ।
ਤਾਂਬੀ ਦੀ ਦਿਮਾਗੀ ਹਾਲਤ ਠੀਕ ਨਹੀਂ : ਸੁਪਰਿੰਟੈਂਡੈਂਟ
ਇਸ ਮਾਮਲੇ ਵਿਚ ਕਪੂਰਥਲਾ ਦੇ ਜੇਲ ਸੁਪਰਿੰਟੈਂਡੈਂਟ ਐੱਸ. ਪੀ. ਖੰਨਾ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਨੋਟਿਸ ਵਿਚ ਮਾਮਲਾ ਆਇਆ ਹੈ ਕਿ ਤਾਂਬੀ ਨੇ ਹੰਗਾਮਾ ਕਰ ਕੇ ਵੈਨ ਦੇ ਸ਼ੀਸ਼ੇ ਤੋੜੇ ਹਨ। ਅਸਲ ਵਿਚ ਤਾਂਬੀ ਕਾਫੀ ਦੇਰ ਤੋਂ ਜੇਲ ਵਿਚ ਬੰਦ ਹੈ ਤੇ ਨਸ਼ਿਆਂ ਦੀ ਆਦੀ ਵੀ ਹੈ। ਨਸ਼ਾ ਨਾ ਮਿਲਣ ਕਾਰਨ ਉਸਦੀ ਦਿਮਾਗੀ ਹਾਲਤ ਠੀਕ ਨਹੀਂ ਤੇ ਉਸਦਾ ਇਲਾਜ ਚੱਲ ਰਿਹਾ ਹੈ।
ਤਾਂਬੀ ਦਾ ਇਤਿਹਾਸ
ਕੈਦੀ ਤਾਂਬੀ ਖਿਲਾਫ ਕਈ ਥਾਣਿਆਂ ਵਿਚ ਚੋਰੀ, ਲੁੱਟ-ਖੋਹ ਆਦਿ ਦੇ ਕਈ ਕੇਸ ਦਰਜ ਹਨ। 9 ਸਾਲ ਪਹਿਲਾਂ ਤਾਂਬੀ ਰੇਲਵੇ ਸਟੇਸ਼ਨ 'ਤੇ ਦੇਰ ਰਾਤ ਤੱਕ ਘੁੰਮਣ ਦੀ ਆਦੀ ਸੀ। ਸ਼ਰਾਬ ਦੇ ਨਸ਼ੇ ਵਿਚ ਉਹ ਹੌਲੀ-ਹੌਲੀ ਰਾਹਗੀਰਾਂ ਨੂੰ ਆਪਣੇ ਹੁਸਨ ਦੇ ਜਾਲ ਵਿਚ ਫਸਾਉਣ ਦੇ ਨਾਲ-ਨਾਲ ਰਿਕਸ਼ੇ 'ਤੇ ਸਵਾਰ ਹੋ ਕੇ ਮਿਥੀ ਯੋਜਨਾ ਦੇ ਤਹਿਤ ਸੁੰਨਸਾਨ ਇਲਾਕੇ ਵਿਚ ਲੈ ਜਾਂਦੀ। ਜਿਥੇ ਪਹਿਲਾਂ ਤੋਂ ਮੌਜੂਦ ਤਾਂਬੀ ਦੇ ਸਾਥੀ ਰਾਹਗੀਰ ਨਾਲ ਕੁੱਟਮਾਰ ਕਰ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੰਦੇ। ਉਸ ਤੋਂ ਬਾਅਦ ਤਾਂਬੀ ਨੇ ਗੈਂਗ ਤਿਆਰ ਕੀਤਾ ਤੇ ਘਰਾਂ ਵਿਚੋਂ ਚੋਰੀਆਂ ਕਰਨ ਲੱਗੀ। ਪੁਲਸ ਨੇ ਉਸਨੂੰ ਤੇ ਉਸਦੇ ਗੈਂਗ ਦੇ ਮੈਂਬਰ ਨੌਜਵਾਨਾਂ ਨੂੰ ਕਾਬੂ ਕਰ ਜੇਲ ਦੀ ਹਵਾ ਵੀ ਖੁਆਈ। ਪਿਛਲੇ ਮਹੀਨੇ ਜ਼ਮਾਨਤ 'ਤੇ ਰਿਹਾਅ ਹੋਣ ਤੋਂ ਬਾਅਦ ਤਾਂਬੀ ਵਰਕਸ਼ਾਪ ਚੌਕ ਦੇ ਨਾਲ ਸਾਥਣ ਔਰਤ ਦੇ ਨਾਲ ਮਿਲ ਕੇ ਟਰੱਕ ਵਾਲਿਆਂ ਨੂੰ ਹੁਸਨ ਦੇ ਜਾਲ ਵਿਚ ਫਸਾ ਕੇ ਲੁੱਟ ਦੀਆਂ ਵਾਰਦਾਤਾਂ ਕਰਨ ਲੱਗੀ। ਸੀ. ਆਈ. ਏ. ਸਟਾਫ ਦੀ ਪੁਲਸ ਨੇ ਤਾਂਬੀ ਤੇ ਉਸਦੇ ਸਾਥੀਆਂ ਨੂੰ ਕਾਬੂ ਕੀਤਾ ਸੀ।
ਹੈਰੋਇਨ ਸਮੱਗਲਿੰਗ 'ਚ ਨਾਈਜੀਰੀਅਨਾਂ ਦੀ ਵਧਦੀ ਸ਼ਮੂਲੀਅਤ ਖਤਰਨਾਕ
NEXT STORY