ਰਾਏਕੋਟ, (ਭੱਲਾ)- ਸ਼ਹਿਰ ਵਿੱਚ ਪਿਛਲੇ ਕਈ ਮਹੀਨਿਆਂ ਤੋਂ ਚੋਰਾਂ ਵੱਲੋਂ ਚੋਰੀਆਂ ਕਰਨ ਦਾ ਸਿਲਸਿਲਾ ਜਾਰੀ ਹੈ, ਚੋਰ ਪੁਲਸ ਦੀ ਗ੍ਰਿਫਤ ’ਚੋਂ ਬਾਹਰ ਹੋਣ ਕਾਰਨ ਆਏ ਦਿਨ ਚੋਰੀ ਦੀਆਂ ਘਟਨਾਵਾਂ ਨੂੰ ਬੇਖੌਫ ਅੰਜਾਮ ਦੇ ਰਹੇ ਸਨ। ਬੀਤੀ ਰਾਤ ਵੀ ਚੋਰਾਂ ਵੱਲੋਂ ਸਥਾਨਕ ਸ਼ਹਿਰ ਵਿੱਚ ਦੋ ਮੈਡੀਕਲ ਸਟੋਰਾਂ ਅਤੇ ਇੱਕ ਰੈਡੀਮੇਡ ਦੁਕਾਨ ਨੂੰ ਨਿਸ਼ਾਨਾ ਬਣਾਉਂਦੇ ਹੋਏ, ਉੱਥੋਂ ਨਕਦੀ ਅਤੇ ਇਨਵਰਟਰ ਚੋਰੀ ਕਰਨ ਅਤੇ ਦੋ ਚੋਰਾਂ ਨੂੰ ਲੋਕਾਂ ਅਤੇ ਚੌਕੀਦਾਰ ਵੱਲੋਂ ਫਡ਼ ਕੇ ਪੁਲਸ ਹਵਾਲੇ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਸਥਾਨਕ ਤਲਵੰਡੀ ਗੇਟ ਦੇ ਨਜ਼ਦੀਕ ਸਥਿਤ ਵਰਧਮਾਨ ਮੈਡੀਕਲ ਸਟੋਰ ਦੇ ਮਾਲਕ ਸੂਰਜ ਭਾਨ ਜੈਨ ਨੇ ਦੱਸਿਆ ਕਿ ਉਹ ਆਪਣੀ ਦੁਕਾਨ ਬੀਤੀ ਸ਼ਾਮ 8 ਵਜੇ ਬੰਦ ਕਰਕੇ ਆਪਣੇ ਘਰ ਚਲੇ ਗਏ, ਅੱਜ ਸਵੇੇਰੇ 6 ਵਜੇ ਦੇ ਕਰੀਬ ਕਿਸੇ ਵਿਅਕਤੀ ਨੇ ਉਨ੍ਹਾਂ ਨੂੰ ਸੂਚਨਾ ਦਿੱਤੀ ਕਿ ਉਨ੍ਹਾਂ ਦੇ ਮੈਡੀਕਲ ਸਟੋਰ ਦਾ ਸ਼ਟਰ ਟੁੱਟਿਆ ਹੋਇਆ ਹੈ, ਜਦੋਂ ਉਨ੍ਹਾਂ ਆ ਕੇ ਦੇਖਿਆ ਤਾਂ ਦੁਕਾਨ ਵਿੱਚ ਪਿਆ ਇਨਵਰਟਰ , ਬੈਟਰੀ ਅਤੇ ਗੱਲੇ ਵਿੱਚ ਪਈ 5 ਹਜ਼ਾਰ ਦੀ ਨਗਦੀ ਅਤੇ ਕੁੱਝ ਦਵਾਈਆਂ ਗਾਇਬ ਸਨ। ਇਸੇ ਤਰ੍ਹਾਂ ਰਾਏਕੋਟ ਮੈਡੀਕਲ ਸਟੋਰ ਦੇ ਮਾਲਕ ਵਿਨੋਦ ਕੁਮਾਰ ਨੇ ਦੱਸਿਆ ਕਿ ਚੋਰਾਂ ਨੇ ਉਨ੍ਹਾਂ ਦੀ ਦੁਕਾਨ ਦਾ ਸ਼ਟਰ ਤੋਡ਼ ਕੇ ਦੁਕਾਨ ਵਿੱਚ ਪਈ ਨਗਦੀ ਅਤੇ ਕੁੱਝ ਦਵਾਈਆਂ ਚੋਰੀ ਕਰਕੇ ਲੈ ਗਏ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਚੋਰੀ ਦੀਆਂ ਘਟਨਾਵਾਂ ਸਬੰਧੀ ਥਾਣਾ ਸਿਟੀ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਜਿਸ ’ਤੇ ਥਾਣਾ ਸਿਟੀ ਦੇ ਇੰਚਾਰਜ ਜਸਵਿੰਦਰ ਸਿੰਘ ਮੌਕਾ ਦੇਖਣ ਪੁੱਜੇ ਅਤੇ ਉਨ੍ਹਾਂ ਨੇ ਵਿਸ਼ਵਾਸ ਦਿਵਾਇਆ ਕਿ ਚੋਰਾਂ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।
ਤੀਸਰੀ ਚੋਰੀ ਦੀ ਘਟਨਾ ਵਿੱਚ ਜਦੋਂ ਚੋਰਾਂ ਨੇ ਰੈਡੀਮੇਡ ਦੀ ਦੁਕਾਨ ਨੂੰ ਨਿਸ਼ਾਨਾ ਬਣਾਉਣਾ ਚਾਹਿਆ ਤਾਂ ਲੋਕਾਂ ਅਤੇ ਦੁਕਾਨਦਾਰ ਦੀ ਹੁਸ਼ਿਆਰੀ ਨਾਲ ਦੋ ਚੋਰ ਫਡ਼ੇ ਗਏ, ਜਿਨ੍ਹਾਂ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ। ਰੈਡੀਮੇਡ ਦੁਕਾਨ ਦੇ ਮਾਲਕ ਸੰਨੀ ਨੇ ਦੱਸਿਆ ਕਿ ਉਨ੍ਹਾਂ ਦੀ ਦੁਕਾਨ ਉਨ੍ਹਾਂ ਦੇ ਘਰ ਦੇ ਸਾਹਮਣੇ ਹੈ ਤੇ ਉਹ ਦੇਰ ਰਾਤ ਘਰ ਦੀ ਛੱਤ ’ਤੇ ਸੁੱਤੇ ਹੋਏ ਸਨ ਤਾਂ ਉਨ੍ਹਾਂ ਨੁੰ ਕੁੱਝ ਖਡ਼ਕਾ ਹੋਣ ਦੀ ਅਵਾਜ਼ ਆਈ , ਉਨ੍ਹਾਂ ਆਪਣੇ ਗੁਆਂਢੀਆਂ ਅਤੇ ਚੌਕੀਦਾਰਾਂ ਦੀ ਮੱਦਦ ਨਾਲ ਦੁਕਾਨ ਦੀ ਛਾਣਬੀਣ ਕੀਤੀ ਤਾਂ ਦੇਖਿਆ ਕਿ ਚੋਰ ਦੁਕਾਨ ਦੇ ਅੰਦਰ ਪਾਡ਼ ਲਗਾ ਕੇ ਵਡ਼ੇ ਹੋਏ ਸਨ, ਜਦੋਂ ਉਨ੍ਹਾਂ ਨੂੰ ਲਲਕਾਰਿਆ ਗਿਆ ਤਾਂ ਉਹ ਭੱਜਣ ਦੀ ਕੋਸ਼ਿਸ਼ ਕਰਨ ਲੱਗੇ ਤੇ ਉੱਥੇ ਮੌਜੂਦ ਲੋਕਾਂ ਵੱਲੋਂ ਉਨ੍ਹਾਂ ਨੂੰ ਦਬੋਚ ਕੇ ਪੁਲਸ ਹਵਾਲੇ ਕਰ ਦਿੱਤਾ ਗਿਆ। ਦੁਕਾਨਦਾਰਾਂ ਨੇ ਮੰਗ ਕੀਤੀ ਕਿ ਸ਼ਹਿਰ ਵਿੱਚ ਹੋ ਰਹੀਆਂ ਚੋਰੀ ਦੀਆਂ ਘਟਨਾਵਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਪੁਲਸ ਗਸ਼ਤ ਤੇਜ਼ ਕੀਤੀ ਜਾਵੇ ਅਤੇ ਚੋਰਾਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਵੇ।
ਨਗਰ ਕੌਂਸਲ ਦੇ ਮੁਅੱਤਲ ਕੀਤੇ ਗਏ ਸੀਨੀਅਰ ਕਲਰਕ ਨੇ ਹਾਈ ਕੋਰਟ ਤੋਂ ਕੀਤੀ ਇਨਸਾਫ ਦੀ ਮੰਗ
NEXT STORY