ਭੁੱਚੋ ਮੰਡੀ, (ਨਾਗਪਾਲ)- ਦਿਨੋ-ਦਿਨ ਵਧ ਰਹੀਆਂ ਜਬਰ-ਜ਼ਨਾਹ ਦੀਆਂ ਘਟਨਾਵਾਂ ਨੇ ਦੇਸ਼ ਦੇ ਸੰਵੇਦਨਸ਼ੀਲ ਲੋਕਾਂ ਨੂੰ ਹਿਲਾ ਕੇ ਰੱਖ ਦਿੱਤਾ ਹੈ। ਮਹਿਲਾਵਾਂ ਖ਼ਿਲਾਫ਼ ਵਧਦੇ ਅਪਰਾਧ ਕਾਰਨ ਉਨ੍ਹਾਂ ਦਾ ਘਰੋਂ ਬਾਹਰ ਨਿਕਲਣਾ ਮੁਸ਼ਕਲ ਹੋ ਗਿਆ ਹੈ। ਥਾਣਾ ਫੂਲ ਟਾਊਨ ਵਿਖੇ ਇਕ 80 ਸਾਲਾ ਬਜ਼ੁਰਗ ਵੱਲੋ 5 ਸਾਲਾ ਬੱਚੀ ਨਾਲ ਜਬਰ-ਜ਼ਨਾਹ ਦੀ ਕੋਸ਼ਿਸ਼ ਤੇ ਅਰੁਣਾਚਲ ਪ੍ਰਦੇਸ਼ ਵਿਚ 5 ਸਾਲਾ ਬੱਚੀ ਨਾਲ ਜਬਰ-ਜ਼ਨਾਹ ਉਪਰੰਤ ਉਸ ਦਾ ਸਿਰ ਧੜ ਨਾਲੋਂ ਅਲੱਗ ਕਰਨ ਦੀ ਘਟਨਾ ਨੇ ਇਨਸਾਨੀਅਤ ਨੂੰ ਸ਼ਰਮਸਾਰ ਕੀਤਾ ਹੈ। ਅਜਿਹੀਆਂ ਘਟਨਾਵਾਂ ਸਾਡੇ ਸਮਾਜ ਸਾਹਮਣੇ ਇਕ ਅਜਿਹੀ ਗੰਭੀਰ ਚੁਣੌਤੀ ਬਣ ਗਈਆਂ ਹਨ।
ਅੰਜੂ ਡੋਗਰਾ ਅਤੇ ਰਚਨਾ ਜਿੰਦਲ ਦਾ ਕਹਿਣਾ ਹੈ ਕਿ ਲੋਕਤੰਤਰ ਨੂੰ ਸ਼ਰਮਸਾਰ ਕਰਨ ਵਾਲੀਆਂ ਅਜਿਹੀਆਂ ਘਟਨਾਵਾਂ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਅਪਰਾਧੀਆਂ ਦੇ ਹੌਸਲੇ ਬੁਲੰਦ ਹਨ।
ਉਨ੍ਹਾਂ ਨੂੰ ਕਾਨੂੰਨ ਜਾਂ ਪੁਲਸ ਦੀ ਕੋਈ ਪ੍ਰਵਾਹ ਨਹੀਂ। ਕਾਨੂੰਨ ਨੂੰ ਸਖ਼ਤ ਕੀਤੇ ਜਾਣ ਦੀ ਲੋੜ ਹੈ ਤਾਂ ਕਿ ਅਜਿਹੀਆਂ ਮੰਦਭਾਗੀਆਂ ਘਟਨਾਵਾਂ ਮੁੜ ਨਾ ਵਾਪਰਨ। ਪੁਲਸ ਦੀ ਅਣਗਹਿਲੀ ਵਾਲੇ ਵਤੀਰੇ ਅਤੇ ਸਖ਼ਤ ਕਾਨੂੰਨ ਦੀ ਘਾਟ ਕਾਰਨ ਲੜਕੀਆਂ ਅਤੇ ਉਨ੍ਹਾਂ ਦੇ ਮਾਪੇ ਅਕਸਰ ਹੀ ਆਪਣੇ ਘਰਾਂ ਵਿਚ ਸਬਰ ਦਾ ਘੁੱਟ ਭਰ ਕੇ ਬੈਠ ਜਾਂਦੇ ਹਨ। ਲੜਕੀਆਂ ਨਾਲ ਛੇੜ-ਛਾੜ ਅਤੇ ਬਦਸਲੂਕੀ ਕਰਨ ਦੀਆਂ ਘਟਨਾਵਾਂ ਸਮਾਜ ਦੇ ਮੱਥੇ 'ਤੇ ਕਲੰਕ ਹਨ ਪਰ ਇਸ ਦੇ ਬਾਵਜੂਦ ਆਏ ਦਿਨ ਅਜਿਹੀਆਂ ਘਟਨਾਵਾਂ ਵਿਚ ਵਾਧਾ ਹੋ ਰਿਹਾ ਹੈ।
ਸੋਨੀਆ ਧਵਨ ਅਤੇ ਗੀਤਾ ਮਿੱਤਲ ਦਾ ਕਹਿਣਾ ਹੈ ਕਿ ਜਬਰ-ਜ਼ਨਾਹ ਦੇ ਮਾਮਲਿਆਂ ਦੀ ਸਮਾਂਬੱਧ ਪੜਤਾਲ ਲਈ ਮਹਿਲਾ ਅਧਿਕਾਰੀਆਂ ਨੂੰ ਜਾਂਚ ਅਫਸਰ ਨਿਯੁਕਤ ਕੀਤਾ ਜਾਵੇ ਤਾਂ ਕਿ ਪੀੜਤਾਂ ਨੂੰ ਪੁਰਸ਼ਾਂ ਵੱਲੋ ਪੁੱਛੇ ਜਾਂਦੇ ਜ਼ਲਾਲਤ ਭਰੇ ਸੁਆਲਾਂ ਦਾ ਸਾਹਮਣਾ ਨਾ ਕਰਨਾ ਪਵੇ।
ਅਜਿਹੇ ਦੋਸ਼ੀਆਂ ਨੂੰ ਜਨਤਕ ਸਜ਼ਾ ਦਿੱਤੀ ਜਾਵੇ। ਅਜਿਹਾ ਮਾਹੌਲ ਸਿਰਜਿਆ ਜਾਣਾ ਚਾਹੀਦਾ ਹੈ, ਜਿਸ ਵਿਚ ਮਹਿਲਾ ਆਜ਼ਾਦੀ ਨਾਲ ਵਿਚਰ ਸਕੇ। ਮਹਿਲਾ ਨੂੰ ਆਪਣੇ 'ਤੇ ਹੋ ਰਹੇ ਅੱਤਿਆਚਾਰ ਨੂੰ ਰੋਕਣ ਲਈ ਪਹਿਲਾਂ ਆਪਣੀ ਮਾਨਸਿਕਤਾ ਬਦਲਣੀ ਹੋਵੇਗੀ। ਆਪਣੇ ਨਾਲ ਹੋ ਰਹੀ ਧੱਕੇਸ਼ਾਹੀ ਨੂੰ ਰੋਕਣ ਲਈ ਡਟ ਕੇ ਮੁਕਾਬਲਾ ਕਰਨਾ ਹੋਵੇਗਾ।
ਰੇਲ-ਗੱਡੀ ਹੇਠ ਆ ਕੇ ਨੌਜਵਾਨ ਨੇ ਕੀਤੀ ਖੁਦਕੁਸ਼ੀ
NEXT STORY