‘ਨਿੱਜੀ ਦੁਰਵਿਵਹਾਰ ਦੀ ਇਕ ਅਪੁਸ਼ਟ ਸ਼ਿਕਾਇਤ’ ਦੇ ਆਧਾਰ ’ਤੇ ਬਿੰਨੀ ਬਾਂਸਲ ਦੇ ਅਸਤੀਫੇ ਦੇ ਨਾਲ ਹੀ ਸਟਾਰਟਅੱਪ ਈਕੋ ਸਿਸਟਮ ਦੇ ਪੋਸਟਰ ਬੁਆਏਜ਼ ’ਚੋਂ ਇਕ ਦਾ ਅੰਤ ਹੋ ਗਿਆ। ਪਿਛਲੇ ਇਕ ਦਹਾਕੇ ’ਚ ਫਲਿੱਪਕਾਰਟ ਅਤੇ ਇਸ ਦੇ ਪ੍ਰਮੋਟਰ ਨਾਲ ਜੁੜੀ ਹਰੇਕ ਛੋਟੀ-ਵੱਡੀ ਕਾਰਵਾਈ ਅਖ਼ਬਾਰਾਂ ਦੀ ਸੁਰਖ਼ੀ ਬਣਦੀ ਰਹੀ। ਕੋਈ ਵੀ ਹੋਰ ਕੰਪਨੀ ਜਾਂ ਪ੍ਰਮੋਟਰ ਅਜਿਹਾ ਨਹੀਂ ਸੀ, ਜਿਸ ਨੇ ਇੰਨੇ ਲੰਮੇ ਸਮੇਂ ਤਕ ਅਖ਼ਬਾਰਾਂ ’ਚ ਸਥਾਈ ਤੌਰ ’ਤੇ ਆਪਣੀ ਜਗ੍ਹਾ ਬਣਾਈ ਰੱਖੀ।
ਅਜਿਹਾ ਬੇਵਜ੍ਹਾ ਨਹੀਂ ਸੀ। ਬਾਂਸਲ ਜੋੜੀ ਦੀ ਇਸ ਗੱਲ ਨੂੰ ਸਿੱਧ ਕਰਨ ਲਈ ਸ਼ਲਾਘਾ ਕੀਤੀ ਜਾਂਦੀ ਸੀ ਕਿ 20 ਵਿਅਕਤੀਅਾਂ ਦਾ ਇਕ ਸਮੂਹ ਸਿਰਫ 7 ਲੱਖ ਰੁਪਏ ਦੀ ਪੂੰਜੀ ਨਾਲ ਇਕ ਬਿਜ਼ਨੈੱਸ ਖੜ੍ਹਾ ਕਰ ਕੇ 11 ਸਾਲਾਂ ਦੌਰਾਨ ਉਸ ਨੂੰ 20 ਅਰਬ ਡਾਲਰ ਤਕ ਲਿਜਾ ਸਕਦਾ ਹੈ। ਇਸ ਦੇ ਲਈ ਇਕ ਵੱਖਰੀ ਹੀ ਕਿਸਮ ਦੀ ‘ਅੱਗ’ ਦੀ ਲੋੜ ਸੀ। ਬਿੰਨੀ ਬਾਂਸਲ ਤੇ ਉਨ੍ਹਾਂ ਦੇ ਮਿੱਤਰ ਸਚਿਨ ਬਾਂਸਲ ਨੇ ਦਿਖਾਇਆ ਕਿ ਵੱਡੇ ਸੁਪਨਿਅਾਂ ਨਾਲ ਲੈਸ 2 ਨੌਜਵਾਨ, ਜਿਨ੍ਹਾਂ ਕੋਲ ਕੋਈ ਤਜਰਬਾ ਨਹੀਂ ਸੀ, ਕਿਸੇ ਵਪਾਰਕ ਘਰਾਣੇ ਦੇ ਸਮਰਥਨ ਤੋਂ ਬਿਨਾਂ ਦੁਨੀਆ ਨੂੰ ਵਪਾਰ ਕਰਨ ਦਾ ਹੁਨਰ ਸਿਖਾ ਸਕਦੇ ਹਨ।
ਬਿੰਨੀ ਅਜੇ ਆਈ. ਆਈ. ਟੀ. ’ਚੋਂ ਬਾਹਰ ਨਿਕਲੇ ਹੀ ਸਨ ਤੇ ਉਨ੍ਹਾਂ ਨਾਲ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਬਹੁਤ ਘੱਟ ਸਮੇਂ ਲਈ ਸਾਰਨੋਫ ਅਤੇ ਅਮੇਜ਼ਨ ’ਚ ਕੰਮ ਕੀਤਾ ਹੈ। ਹੋਰ ਕਈ ਆਈ. ਆਈ. ਟੀ. ਡਿਗਰੀ ਹੋਲਡਰਜ਼ ਵਾਂਗ ਉਹ ਵੀ ਕਾਰਪੋਰੇਟ ਪੌੜੀ ’ਤੇ ਉਪਰ ਤਕ ਜਾ ਸਕਦੇ ਸਨ ਪਰ ਉਹ ਸਾਰਨੋਫ ਨਾਲ ਕੰਮ ਕਰ ਕੇ ਅੱਕ ਗਏ ਸਨ ਤੇ ਸਮਝ ਗਏ ਸਨ ਕਿ ਇਹ ਕੰਪਨੀ ਇਸ ਤੋਂ ਅੱਗੇ ਵਧਣ ਵਾਲੀ ਨਹੀਂ। ਉਨ੍ਹਾਂ ਨੇ ਆਪਣਾ ਖ਼ੁਦ ਦਾ ਬਿਜ਼ਨੈੱਸ ਸ਼ੁਰੂ ਕਰਨ ਦੇ ਮੁਕਾਬਲੇ ਅਮੇਜ਼ਨ ’ਚ ਕੰਮ ਕਰਨਾ ‘ਜੋਖ਼ਮ ਭਰਪੂਰ’ ਸਮਝਿਆ। ਸ਼ਾਇਦ ਇਸੇ ਗੱਲ ਨੇ ਉਨ੍ਹਾਂ ਨੂੰ ਉਨ੍ਹਾਂ ਹਜ਼ਾਰਾਂ ਗ੍ਰੈਜੂਏਟਸ ਨਾਲੋਂ ਵੱਖਰੇ ਬਣਾਇਆ, ਜੋ ਹਰ ਸਾਲ ਇੰਜੀਨੀਅਰਿੰਗ ਅਦਾਰਿਅਾਂ ’ਚੋਂ ਗ੍ਰੈਜੂਏਟ ਬਣ ਕੇ ਬਾਹਰ ਨਿਕਲਦੇ ਹਨ।
ਹਾਂ, ਸਚਿਨ ਨਾਲ ਉਨ੍ਹਾਂ ਦੀ ਮਿੱਤਰਤਾ ਵੀ ਕੰਮ ਆਈ। ਸਭ ਤੋਂ ਅਹਿਮ ਗੱਲ ਇਹ ਕਿ ਦੋਹਾਂ ਬਾਂਸਲਾਂ ਨੇ ਖ਼ੁਦ ਨੂੰ ਸਹੀ ਸਮੇਂ ’ਤੇ ਸਹੀ ਜਗ੍ਹਾ ਦੇਖਿਆ, ਜਦੋਂ ਚੀਨ ’ਚ ਮੌਕਾ ਖੁੰਝ ਜਾਣ ਤੋਂ ਬਾਅਦ ਪੂੰਜੀ ਨਿਵੇਸ਼ਕਾਂ ਨੇ ਭਾਰਤ ’ਚ ਨਵੇਂ ਰਚਨਾਤਮਕ ਵਿਚਾਰਾਂ ਲਈ ਆਪਣੀ ਖੋਜ ਸ਼ੁਰੂ ਕੀਤੀ।
ਤਾਜ਼ਾ ਵਿਚਾਰਾਂ ਨਾਲ ਆਏ
ਜਦੋਂ ਉਹ ਆਏ, ਉਨ੍ਹਾਂ ਕੋਲ ਕੋਈ ਸਾਮਾਨ ਨਹੀਂ ਸੀ ਪਰ ਤਾਜ਼ਾ ਵਿਚਾਰ, ਮਜ਼ਬੂਤ ਤਕਨੀਕੀ ਹੁਨਰ ਅਤੇ ਬਿਜ਼ਨੈੱਸ ਲਈ ਇਕ ਤੀਬਰ ਮਾਨਸਿਕਤਾ ਸੀ। ਉਹ ਉਸ ਸਮੇਂ ਦੇ ਕੁਝ ਈ-ਕਾਮਰਸ ਸਟਾਰਟਅੱਪਸ ਦੇ ਬਾਨੀਅਾਂ ਨਾਲੋਂ ਕਿਤੇ ਨੌਜਵਾਨ ਸਨ ਤੇ ਆਪਣੇ ਟੀਚਿਅਾਂ ਨੂੰ ਹਾਸਿਲ ਕਰਨ ਲਈ ਉਨ੍ਹਾਂ ਨੇ ਸਖਤ ਮਿਹਨਤ ਕਰਨ ਤੋਂ ਕਦੇ ਵੀ ਸੰਕੋਚ ਨਹੀਂ ਕੀਤਾ। ਬਾਜ਼ਾਰ ਦੀ ਮੰਗ ਨੂੰ ਸਮਝਣ ਲਈ ਬਾਂਸਲ ਜੋੜੀ ਨੇ ਗਾਹਕਾਂ ਦੇ ਬੂਹੇ ’ਤੇ ਖ਼ੁਦ ਪੈਕੇਟ ਡਲਿਵਰ ਕਰਨ ਦਾ ਕਸ਼ਟ ਉਠਾਇਆ ਅਤੇ ਕਦਮ-ਦਰ-ਕਦਮ ਆਪਣੇ ਬਿਜ਼ਨੈੱਸ ਨੂੰ ਖੜ੍ਹਾ ਕੀਤਾ।
ਉਹ ਕਈ ਸ਼ਾਨਦਾਰ ਵਿਚਾਰਾਂ ਨਾਲ ਅੱਗੇ ਆਏ, ਜਿਨ੍ਹਾਂ ’ਚ ਪੇਮੈਂਟ ਸਿਸਟਮ ਅਤੇ ਕੈਸ਼ ਆਨ ਡਲਿਵਰੀ ਸ਼ਾਮਿਲ ਸਨ, ਜਿਨ੍ਹਾਂ ਨੇ ਈ-ਕਾਮਰਸ ਬਿਜ਼ਨੈੱਸ ਨੂੰ ਕਈ ਰੁਕਾਵਟਾਂ ਤੋੜਨ ’ਚ ਮਦਦ ਕੀਤੀ। ਸੀ. ਓ. ਓ. ਵਜੋਂ ਬਿੰਨੀ ਬਾਂਸਲ ਨੇ ਖ਼ੁਦ ਨੂੰ ਮੁਕਾਬਲਤਨ ਪਿਛੋਕੜ ’ਚ ਰੱਖਿਆ ਅਤੇ ਸਚਿਨ ਨੂੰ ਗੱਲਬਾਤ ਲਈ ਅੱਗੇ ਵਧਾਇਆ। ਫਿਰ ਵੀ ਦੋਵੇਂ ਮੀਡੀਆ ਪ੍ਰਤੀ ਸ਼ਰਮੀਲੇ ਬਣੇ ਰਹੇ ਤੇ ਨਾਂਹ-ਪੱਖੀ ਵਿਚਾਰ ਨੂੰ ਲੈ ਕੇ ਬਹੁਤ ਡਰਦੇ ਸਨ।
ਇਕ ਵਧੀਆ ਟੀਮ
ਇਕ ਸਟਾਰਟਅੱਪ ਵਜੋਂ ਕੰਮ ਕਰਨ ਲਈ ‘ਫਲਿੱਪਕਾਰਟ’ ਇਕ ਬਹੁਤ ਵਧੀਆ ਜਗ੍ਹਾ ਸੀ। ਕਈ ਸਾਬਕਾ ਮੁਲਾਜ਼ਮਾਂ ਨੇ ਮੰਨਿਆ ਕਿ ਉਨ੍ਹਾਂ ਨੂੰ ਇਕ ਅਜਿਹੀ ਟੀਮ ਨਾਲ ਕੰਮ ਕਰ ਕੇ ਬਹੁਤ ਮਜ਼ਾ ਆਇਆ, ਜੋ ਗਤੀਸ਼ੀਲ, ਚੁਸਤ, ਸਜੀਵ ਤੇ ਗੈਰ-ਰਸਮੀ ਪਰ ਅਨੁਸ਼ਾਸਨਬੱਧ ਸੀ। ਮੁਲਾਜ਼ਮਾਂ ਨੂੰ ਆਜ਼ਾਦੀ ਨਾਲ ਸੋਚਣ ਤੇ ਗਲਤੀਅਾਂ ਕਰ ਕੇ ਉਨ੍ਹਾਂ ਤੋਂ ਸਿੱਖਣ ਦੀ ਆਜ਼ਾਦੀ ਸੀ।
‘ਫਲਿੱਪਕਾਰਟ’ ਆਪਣੇ ਸਟਾਫ ਨੂੰ ਕਿਸੇ ਹੱਥਕੜੀ ’ਚ ਨਹੀਂ ਬੰਨ੍ਹਣਾ ਚਾਹੁੰਦੀ ਸੀ। ਫਿਰ ਇਸ ਸੰਗਠਨ ਨੇ ਖ਼ੁਦ ਨੂੰ ਇਕ ਕਾਰਪੋਰੇਟ ’ਚ ਬਦਲਣਾ ਸ਼ੁਰੂ ਕੀਤਾ ਤੇ ਨਿਵੇਸ਼ਕਾਂ ਨੇ ਉਸ ਦੇ ਰੋਜ਼ਮੱਰਾ ਦੇ ਕੰਮਾਂ ਨਾਲ ਖੜ੍ਹੇ ਰਹਿਣਾ ਸ਼ੁਰੂ ਕਰ ਦਿੱਤਾ। ਪ੍ਰਮੋਟਰਾਂ ਦੇ ਉਨ੍ਹਾਂ ਪੇਸ਼ੇਵਰਾਂ ਨਾਲ ਵੀ ਮੱਤਭੇਦ ਸਨ, ਜਿਨ੍ਹਾਂ ਨੇ ਉਨ੍ਹਾਂ ਨੂੰ ਆਪਣੇ ਕਾਰੋਬਾਰ ਦੀ ਮੈਨੇਜਮੈਂਟ ਕਰਨ ਲਈ ਨਿਯੁਕਤ ਕੀਤਾ ਸੀ।
ਬਾਂਸਲ ਜੋੜੀ ਨੇ ਸਟਾਫ ਨੂੰ ਭਰੋਸਾ ਦਿੱਤਾ ਸੀ ਕਿ ਸਾਰਿਅਾਂ ਨਾਲ ਇਕੋ ਜਿਹਾ ਸਲੂਕ ਕੀਤਾ ਜਾਏਗਾ ਪਰ ‘ਫਲਿੱਪਕਾਰਟ’ ਵਿਚੋਂ ਸੈਂਕੜੇ ਲੋਕਾਂ ਨੂੰ ਕੱਢਿਆ ਗਿਆ। ‘ਸਹਿਜ ਗਿਆਨੀ’ ਸਚਿਨ ਨੂੰ ਸਮਝ ਆ ਗਈ ਸੀ ਕਿ ਸਥਿਤੀਅਾਂ ‘ਦਲੀਲਪੂਰਨ’ ਬਿੰਨੀ ਦੇ ਮੁਕਾਬਲੇ ਕਿਤੇ ਜ਼ਿਆਦਾ ਤੇਜ਼ੀ ਨਾਲ ਬਦਲ ਰਹੀਅਾਂ ਹਨ। 2016 ’ਚ ਜਦੋਂ ਸਚਿਨ ਨੂੰ ਸੀ. ਈ. ਓ. ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਤੇ ਉਨ੍ਹਾਂ ਦੀ ਜਗ੍ਹਾ ਬਿੰਨੀ ਨੂੰ ਲਾਇਆ ਗਿਆ ਤਾਂ ਸਚਿਨ ਨੇ ਦਾਰਸ਼ਨਿਕ ਅੰਦਾਜ਼ ’ਚ ਕਿਹਾ ਸੀ ਕਿ ਕੰਪਨੀ ’ਚ ਕੋਈ ਵੀ ਲਾਜ਼ਮੀ ਨਹੀਂ ਹੈ।
ਜਦੋਂ ਵਾਲਮਾਰਟ ਸੌਦਾ ਸਿਰੇ ਚੜ੍ਹ ਗਿਆ ਤਾਂ ਸਚਿਨ ਨੇ ਉਸ ’ਚ ਜਾਣ ਦਾ ਫੈਸਲਾ ਕੀਤਾ ਪਰ ਬਿੰਨੀ ਨੇ ਫਲਿੱਪਕਾਰਟ ਨਾਲ ਜੁੜੇ ਰਹਿਣ ਨੂੰ ਹੀ ਚੁਣਿਆ। ਸਚਿਨ ਨੂੰ ਹਟਾਉਣ ਤੋਂ ਬਾਅਦ ਬਿੰਨੀ ਨੇ ਸੀ. ਈ. ਓ. ਦਾ ਅਹੁਦਾ ਹਾਸਿਲ ਕੀਤਾ ਅਤੇ ਵਾਲਮਾਰਟ ਦੇ ਆਉਣ ਤੋਂ ਬਾਅਦ ਉਨ੍ਹਾਂ ਨੂੰ ਗਰੁੱਪ ਸੀ. ਈ. ਓ. ਦਾ ਅਹੁਦਾ ਵੀ ਮਿਲ ਗਿਆ ਪਰ ਸਚਿਨ ਦੇ ਜਾਣ ਤੋਂ ਕੁਝ ਹੀ ਮਹੀਨਿਅਾਂ ਬਾਅਦ ਉਨ੍ਹਾਂ ਨੂੰ ਵੀ ਅਚਾਨਕ ਕੰਪਨੀ ਛੱਡਣੀ ਪਈ–ਉਨ੍ਹਾਂ ਸਾਰੀਅਾਂ ਚੀਜ਼ਾਂ ਕਾਰਨ, ਜਿਨ੍ਹਾਂ ਨੇ ਬਿੰਨੀ ਨੂੰ ਸਟਾਰਟਅੱਪ ਈਕੋ ਸਿਸਟਮ ’ਚ ਅਹਿਮ ਬਣਾਇਆ, ਉਹ ਬਿਹਤਰ ਦੇ ਹੱਕਦਾਰ ਸਨ।
ਹਾਲਾਂਕਿ ਉਨ੍ਹਾਂ ਦੇ ਅਸਤੀਫੇ ਤੋਂ ਬਾਅਦ ਕੰਪਨੀ ਨੇ ਉਨ੍ਹਾਂ ਦੇ ਬਾਹਰ ਹੋਣ ਦੇ ਕਾਰਨਾਂ ਦਾ ਹਵਾਲਾ ਦਿੱਤੇ ਬਿਨਾਂ ਸਿਰਫ ਇਹੋ ਸਪੱਸ਼ਟੀਕਰਨ ਦਿੱਤਾ ਕਿ ਉਨ੍ਹਾਂ ਦੇ ਫੈਸਲਿਅਾਂ ’ਚ ਕੁਤਾਹੀ ਵਰਤੀ ਗਈ ਅਤੇ ਪਾਰਦਰਸ਼ਿਤਾ ਦੀ ਘਾਟ ਸੀ। ਇਸ ਬਿਆਨ ਨੇ ਜਵਾਬਾਂ ਨਾਲੋਂ ਜ਼ਿਆਦਾ ਸਵਾਲ ਖੜ੍ਹੇ ਕਰ ਦਿੱਤੇ। ਮੀਡੀਆ ਲਈ ਜਾਣਕਾਰੀਅਾਂ ਇਕੱਠੀਅਾਂ ਕਰਨ ਵਾਸਤੇ ਇੰਨਾ ਹੀ ਕਾਫੀ ਸੀ।
ਅਤੀਤ ’ਤੇ ਨਜ਼ਰ
ਜਿਵੇਂ-ਜਿਵੇਂ ਕਹਾਣੀ ਖੁੱਲ੍ਹਦੀ ਗਈ, ਇਹ ਰਿਪੋਰਟ ਸਾਹਮਣੇ ਆਈ ਕਿ ਬਿੰਨੀ ਦੇ 2016 ’ਚ ਇਕ ਔਰਤ ਨਾਲ ਸਹਿਮਤੀਪੂਰਨ ਸਬੰਧ ਸਨ, ਜੋ 4 ਸਾਲ ਪਹਿਲਾਂ ਸੰਗਠਨ ਨੂੰ ਛੱਡ ਚੁੱਕੀ ਸੀ। ਨਿੱਜੀ ਸਬੰਧਾਂ ਦਾ ‘ਪਿੰਜਰ’ ਉਨ੍ਹਾਂ ਨੂੰ ਡਰਾਉਣ ਲਈ ਪਰਤ ਆਇਆ, ਜੋ ਖ਼ੁਦ ਉਨ੍ਹਾਂ ਲਈ ਹੈਰਾਨੀਜਨਕ ਸੀ। ਇਥੋਂ ਤਕ ਕਿ ਮੁਲਾਜ਼ਮਾਂ ਲਈ ਵੀ ‘ਗੰਭੀਰ ਦੁਰਵਿਵਹਾਰ’ ਦੇ ਦੋਸ਼ਾਂ ਨੂੰ ਬਹੁਤ ਬੇਯਕੀਨੀ ਨਾਲ ਸੁਣਿਆ। ਅਜਿਹਾ ਲੱਗਦਾ ਹੈ ਕਿ ਜਾਂਚ ਯੋਜਨਾਬੱਧ ਸੀ ਕਿਉਂਕਿ ਸੂਤਰਾਂ ਦਾ ਕਹਿਣਾ ਹੈ ਕਿ ਬਿੰਨੀ ਖ਼ੁਦ ਇਸ ਬਾਰੇ ਨਹੀਂ ਜਾਣਦੇ ਸਨ।
ਪਰ ਉਹ ਕੁਝ ਸਮੇਂ ਤੋਂ ਗਰੁੱਪ ਸੀ. ਈ. ਓ. ਵਜੋਂ ਅਹੁਦਾ ਛੱਡਣ ਦੀ ਯੋਜਨਾ ਬਣਾ ਰਹੇ ਸਨ ਤੇ ਨਵੀਂ ਮੈਨੇਜਮੈਂਟ ਦੇ ਤਹਿਤ ਉਨ੍ਹਾਂ ਨੇ ਕੰਪਨੀ ਦੇ ਕੰਮ ਦੇ ਸੰਚਾਲਨ ਨੂੰ ਲੈ ਕੇ ਆਪਣੀ ਨਾਖੁਸ਼ੀ ਦੇ ਸੰਕੇਤ ਦਿੱਤੇ ਸਨ। ਇਸ ਨਾਲ ਉਨ੍ਹਾਂ ਨੌਜਵਾਨ ਬਿਜ਼ਨੈੱਸਮੈਨਾਂ ਲਈ ਇਕ ਗਲਤ ਸੰਦੇਸ਼ ਪਹਿਲਾਂ ਹੀ ਪਹੁੰਚ ਗਿਆ, ਜੋ ਸਚਿਨ ਤੇ ਬਿੰਨੀ ਬਾਂਸਲ ਨੂੰ ਪ੍ਰੇਰਨਾ ਦੇ ਸੋਮੇ ਵਜੋਂ ਦੇਖਦੇ ਸਨ ਤੇ ਵੈਂਚਰ ਕੈਪੀਟਲ ਅਤੇ ਨਿੱਜੀ ਇਕਵਿਟੀ ਫਰਮਾਂ ਦੀ ਸਹਾਇਤਾ ਨਾਲ ਕੁਝ ਵੱਡਾ ਕਰ ਦਿਖਾਉਣ ਦੇ ਸੁਪਨੇ ਦੇਖਦੇ ਸਨ।
36 ਸਾਲਾ ਸਚਿਨ ਤੇ 35 ਸਾਲਾ ਬਿੰਨੀ ਲਈ ਇਹ ਸਿਰਫ ਇਕ ਪਾਰੀ ਦਾ ਅੰਤ ਹੋ ਸਕਦਾ ਹੈ। ਇਕ ਸ਼ੁਰੂਆਤੀ ਸਫਰ ’ਚ ਉਨ੍ਹਾਂ ਵਲੋਂ ਦਿਖਾਏ ਗਏ ਭਰੋਸੇ ਦੁਨੀਆ ’ਚ ਉਨ੍ਹਾਂ ਲਈ ‘ਬਿਹਤਰੀਨ’ ਦੀ ਵਜ੍ਹਾ ਬਣ ਸਕਦੇ ਹਨ।
ਤੇਲੰਗਾਨਾ ਵਿਧਾਨ ਸਭਾ ਚੋਣਾਂ ’ਚ ਵਿਰੋਧੀਅਾਂ ਨੂੰ ਹਰਾਉਣ ਲਈ ਕਰਨਾਟਕ ’ਚੋਂ ਗਾਇਬ ਕੀਤੇ ਜਾ ਰਹੇ ਨੇ ‘ਉੱਲੂ’
NEXT STORY