ਕਿਸੇ ਵੀ ਬੱਚੇ ਦੇ ਜੀਵਨ ’ਚ ਸਿੱਖਿਆ ਅਤਿਅੰਤ ਮਹੱਤਵਪੂਰਨ ਹੁੰਦੀ ਹੈ ਪਰ ਸਿੱਖਿਆ ਸਿਰਫ ਸਕੂਲਾਂ ਦੀ ਚਾਰਦੀਵਾਰੀ ਤੱਕ ਸੀਮਤ ਨਹੀਂ ਹੁੰਦੀ। ਜੀਵਨ ਦੀ ਸਭ ਤੋਂ ਪਹਿਲੀ ਅਤੇ ਸਭ ਤੋਂ ਪ੍ਰਭਾਵਸ਼ਾਲੀ ਸਿੱਖਿਆ ਬੱਚੇ ਨੂੰ ਆਪਣੇ ਘਰ ਤੋਂ ਪ੍ਰਾਪਤ ਹੁੰਦੀ ਹੈ। ਵਿਸ਼ੇਸ਼ ਤੌਰ ’ਤੇ ਬੇਟੀਆਂ ਲਈ ਮਾਂ-ਬਾਪ ਦਾ ਘਰ ਹੀ ਸਭ ਤੋਂ ਵੱਡਾ ਸਕੂਲ ਹੁੰਦਾ ਹੈ, ਜਿੱਥੇ ਉਹ ਜੀਵਨ ਜਿਊਣ ਦੀ ਕਲਾ, ਸੰਸਕਾਰ, ਨੈਤਿਕ ਕਦਰਾਂ-ਕੀਮਤਾਂ, ਆਤਮਵਿਸ਼ਵਾਸ ਅਤੇ ਸਮਾਜਿਕ ਵਿਵਹਾਰ ਸਿੱਖਦੀਆਂ ਹਨ।
ਮਾਤਾ-ਪਿਤਾ ਹੀ ਉਨ੍ਹਾਂ ਦੇ ਪਹਿਲੇ ਅਧਿਆਪਕ ਹੁੰਦੇ ਹਨ ਅਤੇ ਪਰਿਵਾਰ ਉਨ੍ਹਾਂ ਦਾ ਪਹਿਲਾ ਸਕੂਲ। ਬੇਟੀ ਜਦੋਂ ਜਨਮ ਲੈਂਦੀ ਹੈ ਤਾਂ ਉਹ ਆਪਣੇ ਆਸ-ਪਾਸ ਦੇ ਵਾਤਾਵਰਣ ਤੋਂ ਸਿੱਖਣਾ ਸ਼ੁਰੂ ਕਰ ਦਿੰਦੀ ਹੈ। ਉਹ ਮਾਤਾ-ਪਿਤਾ ਦੇ ਵਿਵਹਾਰ, ਉਨ੍ਹਾਂ ਦੇ ਬੋਲਚਾਲ ਦੇ ਤਰੀਕੇ, ਪਰਿਵਾਰਕ ਸੰਬੰਧਾਂ ਅਤੇ ਜੀਵਨਸ਼ੈਲੀ ਨੂੰ ਦੇਖ ਕੇ ਬਹੁਤ ਕੁਝ ਸਿੱਖਦੀ ਹੈ। ਘਰ ਦਾ ਵਾਤਾਵਰਣ ਹੀ ਉਸ ਦੀ ਸ਼ਖਸੀਅਤ ਦੇ ਨਿਰਮਾਣ ਦੀ ਨੀਂਹ ਰੱਖਦਾ ਹੈ। ਜੇਕਰ ਘਰ ’ਚ ਪ੍ਰੇਮ, ਸਨਮਾਨ, ਅਨੁਸ਼ਾਸਨ ਅਤੇ ਸਕਾਰਾਤਮਕਤਾ ਦਾ ਮਾਹੌਲ ਹੋਵੇ ਤਾਂ ਬੇਟੀ ਦੇ ਅੰਦਰ ਵੀ ਉਹੀ ਗੁਣ ਵਿਕਸਿਤ ਹੁੰਦੇ ਹਨ।
ਭਾਰਤੀ ਸੰਸਕ੍ਰਿਤੀ ’ਚ ਪਰਿਵਾਰ ਨੂੰ ਹਮੇਸ਼ਾ ਸੰਸਕਾਰਾਂ ਦੀ ਪਾਠਸ਼ਾਲਾ ਮੰਨਿਆ ਗਿਆ ਹੈ। ਬੇਟੀ ਆਪਣੇ ਘਰ ’ਚ ਵੱਡਿਆਂ ਦਾ ਸਨਮਾਨ ਕਰਨਾ, ਛੋਟੇ-ਵੱਡੇ ਦਾ ਫਰਕ ਸਮਝਣਾ, ਸਹਿਯੋਗ ਅਤੇ ਹਮਦਰਦੀ ਦਾ ਭਾਵ ਰੱਖਣਾ ਅਤੇ ਸਮਾਜਿਕ ਜ਼ਿੰਮੇਵਾਰੀਆਂ ਨੂੰ ਨਿਭਾਉਣਾ ਸਿੱਖਦੀ ਹੈ। ਇਹ ਜੀਵਨ ਦੀਆਂ ਅਜਿਹੀਆਂ ਕਦਰਾਂ-ਕੀਮਤਾਂ ਹਨ, ਜੋ ਕਿਸੇ ਪਾਠ-ਪੁਸਤਕ ’ਚ ਨਹੀਂ ਪੜ੍ਹਾਈਆਂ ਜਾ ਸਕਦੀਆਂ, ਸਗੋਂ ਇਨ੍ਹਾਂ ਨੂੰ ਵਿਵਹਾਰਕ ਰੂਪ ’ਚ ਘਰ ’ਚ ਹੀ ਸਿੱਖਿਆ ਜਾਂਦਾ ਹੈ।
ਅੱਜ ਦੇ ਆਧੁਨਿਕ ਯੁੱਗ ’ਚ ਜਿੱਥੇ ਸਿੱਖਿਆ ਦੇ ਅਨੇਕ ਸਾਧਨ ਉਪਲਬਧ ਹਨ, ਉੱਥੇ ਹੀ ਪਰਿਵਾਰ ਦੀ ਭੂਮਿਕਾ ਹੋਰ ਵੀ ਮਹੱਤਵਪੂਰਨ ਹੋ ਗਈ ਹੈ। ਸਕੂਲੀ ਬੱਚਿਆਂ ਨੂੰ ਵਿਸ਼ਾ ਗਿਆਨ ਹੁੰਦਾ ਹੈ ਪਰ ਚਰਿੱਤਰ ਨਿਰਮਾਣ ਦਾ ਕਾਰਜ ਮੁੱਖ ਰੂਪ ’ਚ ਪਰਿਵਾਰ ਹੀ ਕਰਦਾ ਹੈ। ਇਕ ਬੇਟੀ ਆਪਣੇ ਮਾਤਾ-ਪਿਤਾ ਨੂੰ ਦੇਖ ਕੇ ਇਹ ਸਮਝਦੀ ਹੈ ਕਿ ਜੀਵਨ ’ਚ ਇਮਾਨਦਾਰੀ, ਮਿਹਨਤ, ਧੀਰਜ ਅਤੇ ਆਤਮ-ਸਨਮਾਨ ਦਾ ਕਿੰਨਾ ਮਹੱਤਵ ਹੈ। ਜੇਕਰ ਮਾਤਾ-ਪਿਤਾ ਖੁਦ ਇਨ੍ਹਾਂ ਕਦਰਾਂ-ਕੀਮਤਾਂ ਦੀ ਪਾਲਣਾ ਕਰਦੇ ਹਨ ਤਾਂ ਬੇਟੀ ਵੀ ਉਨ੍ਹਾਂ ਨੂੰ ਆਪਣੇ ਜੀਵਨ ’ਚ ਅਪਣਾਉਂਦੀ ਹੈ।
ਮਾਂ ਦਾ ਪ੍ਰਭਾਵ ਬੇਟੀ ਦੇ ਜੀਵਨ ’ਚ ਵਿਸ਼ੇਸ਼ ਤੌਰ ’ਤੇ ਮਹੱਤਵਪੂਰਨ ਹੁੰਦਾ ਹੈ। ਮਾਂ ਬੇਟੀ ਦੀ ਪਹਿਲੀ ਮਿੱਤਰ, ਮਾਰਗਦਰਸ਼ਕ ਅਤੇ ਅਧਿਆਪਿਕਾ ਹੁੰਦੀ ਹੈ। ਉਹ ਬੇਟੀ ਨੂੰ ਘਰੇਲੂ ਕਾਰਜਾਂ ਦੇ ਨਾਲ-ਨਾਲ ਜੀਵਨ ਦੀਆਂ ਵਿਵਹਾਰਕ ਚੁਣੌਤੀਆਂ ਦਾ ਸਾਹਮਣਾ ਕਰਨਾ ਵੀ ਸਿਖਾਉਂਦੀ ਹੈ। ਉੱਥੇ ਹੀ ਪਿਤਾ ਬੇਟੀ ਦੇ ਆਤਮਵਿਸ਼ਵਾਸ, ਸੁਰੱਖਿਆ ਅਤੇ ਸਵਾਭਿਮਾਨ ਦੇ ਨਿਰਮਾਣ ’ਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਇਕ ਸਨੇਹੀ ਅਤੇ ਸਹਿਯੋਗੀ ਪਿਤਾ ਬੇਟੀ ਨੂੰ ਇਹ ਵਿਸ਼ਵਾਸ ਦਿਵਾਉਂਦਾ ਹੈ ਕਿ ਉਹ ਜੀਵਨ ’ਚ ਕਿਸੇ ਵੀ ਟੀਚੇ ਨੂੰ ਪ੍ਰਾਪਤ ਕਰ ਸਕਦੀ ਹੈ।
ਮੌਜੂਦਾ ਸਮੇਂ ’ਚ ਬੇਟੀਆਂ ਸਿੱਖਿਆ, ਵਿਗਿਆਨ, ਖੇਡਾਂ, ਰਾਜਨੀਤੀ, ਪ੍ਰਸ਼ਾਸਨ ਅਤੇ ਕਾਰੋਬਾਰ ਸਹਿਤ ਹਰ ਖੇਤਰ ’ਚ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰ ਰਹੀਆਂ ਹਨ। ਇਸ ਦੀ ਸਭ ਤੋਂ ਵੱਡੀ ਵਜ੍ਹਾ ਇਹ ਹੈ ਕਿ ਅੱਜ ਮਾਤਾ-ਪਿਤਾ ਆਪਣੀਆਂ ਬੇਟੀਆਂ ਨੂੰ ਬਿਹਤਰ ਮੌਕੇ ਪ੍ਰਦਾਨ ਕਰ ਰਹੇ ਹਨ। ਉਹ ਉਨ੍ਹਾਂ ਨੂੰ ਸਿਰਫ ਘਰੇਲੂ ਜ਼ਿੰਮੇਵਾਰੀਆਂ ਤੱਕ ਸੀਮਤ ਨਹੀਂ ਰੱਖਦੇ, ਸਗੋਂ ਉਨ੍ਹਾਂ ਦੀ ਪ੍ਰਤਿਭਾ ਅਤੇ ਸੁਪਨਿਆਂ ਨੂੰ ਵੀ ਮਹੱਤਵ ਦਿੰਦੇ ਹਨ। ਇਹੀ ਸਕਾਰਾਤਮਕ ਸੋਚ ਬੇਟੀਆਂ ਨੂੰ ਆਤਮਨਿਰਭਰ ਅਤੇ ਸਫ਼ਲ ਬਣਾਉਣ ’ਚ ਸਹਾਇਕ ਬਣਦੀ ਹੈ।
ਹਾਲਾਂਕਿ ਸਮਾਜ ਦੇ ਕੁਝ ਹਿੱਸਿਆਂ ’ਚ ਅੱਜ ਵੀ ਬੇਟੀਆਂ ਪ੍ਰਤੀ ਭੇਦਭਾਵ ਦੇਖਣ ਨੂੰ ਮਿਲਦਾ ਹੈ। ਕਈ ਸਥਾਨਾਂ ’ਤੇ ਉਨ੍ਹਾਂ ਦੀ ਸਿੱਖਿਆ ਅਤੇ ਆਜ਼ਾਦੀ ਨੂੰ ਲੋੜੀਂਦਾ ਮਹੱਤਵ ਨਹੀਂ ਦਿੱਤਾ ਜਾਂਦਾ। ਅਜਿਹੇ ਹਾਲਾਤ ’ਚ ਮਾਤਾ-ਪਿਤਾ ਦੀ ਜ਼ਿੰਮੇਵਾਰੀ ਹੋਰ ਵਧ ਜਾਂਦੀ ਹੈ। ਉਨ੍ਹਾਂ ਨੂੰ ਆਪਣੀਆਂ ਬੇਟੀਆਂ ਨੂੰ ਇਹ ਸਿਖਾਉਣਾ ਚਾਹੀਦਾ ਹੈ ਕਿ ਉਹ ਆਪਣੇ ਅਧਿਕਾਰਾਂ ਨੂੰ ਪਛਾਣਨ, ਆਤਮਨਿਰਭਰ ਬਣਨ ਅਤੇ ਸਮਾਜ ’ਚ ਸਨਮਾਨਪੂਰਵਕ ਜੀਵਨ ਬਤੀਤ ਕਰਨ। ਘਰ ’ਚ ਮਿਲਣ ਵਾਲੀ ਇਹ ਸਿੱਖਿਆ ਉਨ੍ਹਾਂ ਦੇ ਪੂਰੇ ਜੀਵਨ ਦੀ ਦਿਸ਼ਾ ਤੈਅ ਕਰਦੀ ਹੈ।
ਰਾਸ਼ਟਰੀ ਪਰਿਵਾਰ ਸਿਹਤ ਸਰਵੇਖਣ (ਐੱਨ.ਐੱਫ.ਐੱਚ.ਐੱਸ.) ਅਤੇ ਵੱਖ-ਵੱਖ ਸਮਾਜਿਕ ਅਧਿਐਨਾਂ ਤੋਂ ਵੀ ਇਹ ਸਪੱਸ਼ਟ ਹੋਇਆ ਹੈ ਕਿ ਜਿਨ੍ਹਾਂ ਪਰਿਵਾਰਾਂ ’ਚ ਬੇਟੀਆਂ ਨੂੰ ਸਿੱਖਿਆ, ਸਨਮਾਨ ਅਤੇ ਫੈਸਲੇ ਲੈਣ ਦੀ ਆਜ਼ਾਦੀ ਮਿਲਦੀ ਹੈ, ਉੱਥੇ ਉਹ ਵੱਧ ਆਤਮਵਿਸ਼ਵਾਸੀ ਅਤੇ ਸਫ਼ਲ ਬਣਦੀਆਂ ਹਨ। ਅਜਿਹੇ ਪਰਿਵਾਰ ਨਾ ਸਿਰਫ ਆਪਣੀਆਂ ਬੇਟੀਆਂ ਦਾ ਭਵਿੱਖ ਉੱਜਵਲ ਬਣਾਉਂਦੇ ਹਨ, ਸਗੋਂ ਸਮਾਜ ਦੇ ਵਿਕਾਸ ’ਚ ਵੀ ਮਹੱਤਵਪੂਰਨ ਯੋਗਦਾਨ ਦਿੰਦੇ ਹਨ।
ਡਿਜੀਟਲ ਯੁੱਗ ’ਚ ਮਾਤਾ-ਪਿਤਾ ਦੀ ਭੂਮਿਕਾ ਹੋਰ ਵੱਧ ਚੁਣੌਤੀਪੂਰਨ ਹੋ ਗਈ ਹੈ। ਇੰਟਰਨੈੱਟ ਅਤੇ ਸੋਸ਼ਲ ਮੀਡੀਆ ਦੇ ਵਧਦੇ ਪ੍ਰਭਾਵ ਦੇ ਵਿਚਾਲੇ ਬੇਟੀਆਂ ਨੂੰ ਸਹੀ ਅਤੇ ਗ਼ਲਤ ਦੀ ਪਛਾਣ ਕਰਵਾਉਣੀ ਜ਼ਰੂਰੀ ਹੈ। ਇਹ ਜ਼ਿੰਮੇਵਾਰੀ ਸਭ ਤੋਂ ਪਹਿਲਾਂ ਪਰਿਵਾਰ ਦੀ ਹੁੰਦੀ ਹੈ। ਮਾਤਾ-ਪਿਤਾ ਜੇਕਰ ਸੰਵਾਦ, ਵਿਸ਼ਵਾਸ ਅਤੇ ਮਾਰਗਦਰਸ਼ਨ ਦਾ ਵਾਤਾਵਰਣ ਬਣਾਈ ਰੱਖਣ ਤਾਂ ਬੇਟੀਆਂ ਆਧੁਨਿਕ ਤਕਨੀਕ ਦੀ ਸਕਾਰਾਤਮਕ ਵਰਤੋਂ ਕਰਨਾ ਸਿੱਖ ਸਕਦੀਆਂ ਹਨ।
ਬੇਟੀਆਂ ਨੂੰ ਸਿਰਫ ਪੜ੍ਹਾਈ ’ਚ ਵਧੀਆ ਬਣਾਉਣਾ ਹੀ ਕਾਫੀ ਨਹੀਂ ਹੈ, ਸਗੋਂ ਉਨ੍ਹਾਂ ਨੂੰ ਸੰਵੇਦਨਸ਼ੀਲ, ਜ਼ਿੰਮੇਵਾਰ ਅਤੇ ਨੈਤਿਕ ਨਾਗਰਿਕ ਬਣਾਉਣਾ ਵੀ ਜ਼ਰੂਰੀ ਹੈ। ਇਹ ਕਾਰਜ ਸਕੂਲ ਨਾਲੋਂ ਵੱਧ ਪਰਿਵਾਰ ਕਰ ਸਕਦਾ ਹੈ। ਘਰ ’ਚ ਸਿਖਾਏ ਗਏ ਸੰਸਕਾਰ ਜੀਵਨ ਭਰ ਉਨ੍ਹਾਂ ਦੇ ਨਾਲ ਰਹਿੰਦੇ ਹਨ ਅਤੇ ਮੁਸ਼ਕਲ ਹਾਲਾਤ ’ਚ ਸਹੀ ਫੈਸਲੇ ਲੈਣ ’ਚ ਸਹਾਇਤਾ ਕਰਦੇ ਹਨ।
ਇਸ ਲਈ ਕਿਹਾ ਜਾ ਸਕਦਾ ਹੈ ਕਿ ਬੇਟੀ ਲਈ ਮਾਂ-ਬਾਪ ਦਾ ਘਰ ਅਸਲ ਵਿਚ ਸਭ ਤੋਂ ਵੱਡਾ ਸਕੂਲ ਹੁੰਦਾ ਹੈ। ਇੱਥੇ ਉਸ ਨੂੰ ਜੀਵਨ ਦੀ ਉਹ ਸਿੱਖਿਆ ਮਿਲਦੀ ਹੈ ਜੋ ਕਿਸੇ ਡਿਗਰੀ ਜਾਂ ਪ੍ਰਮਾਣ-ਪੱਤਰ ਤੋਂ ਕਿਤੇ ਵੱਧ ਮੁੱਲਵਾਨ ਹੁੰਦੀ ਹੈ। ਮਾਤਾ-ਪਿਤਾ ਦੇ ਸੰਸਕਾਰ, ਪ੍ਰੇਮ, ਮਾਰਗਦਰਸ਼ਨ ਅਤੇ ਵਿਸ਼ਵਾਸ ਨਾਲ ਹੀ ਬੇਟੀ ਦੀ ਸ਼ਖਸੀਅਤ ਨਿਖਰਦੀ ਹੈ ਅਤੇ ਉਹ ਇਕ ਸਫ਼ਲ, ਆਤਮਨਿਰਭਰ ਅਤੇ ਜ਼ਿੰਮੇਵਾਰ ਨਾਗਰਿਕ ਬਣਦੀ ਹੈ।
-ਪ੍ਰੋ. ਮਨੋਜ ਡੋਗਰਾ
‘ਕੁਝ ਸਰਕਾਰੀ ਹਸਪਤਾਲਾਂ ’ਚ’ ਹੋ ਰਹੀ ਲਾਪਰਵਾਹੀ!
NEXT STORY