ਡਾ. ਵੇਦਪ੍ਰਤਾਪ ਵੈਦਿਕ
ਬੀਜਿੰਗ ਦੇ ਓਲੰਪਿਕ ਸਮਾਰੋਹ ’ਚ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਵੀ ਸ਼ਾਮਲ ਹੋਏ। ਭਾਰਤ ਨੇ ਉਸ ਦਾ ਬਾਈਕਾਟ ਕੀਤਾ ਹੋਇਆ ਹੈ। ਇਸ ’ਚ ਖਦਸ਼ਾ ਇਹ ਸੀ ਕਿ ਚੀਨ ਪੁਤਿਨ ਨੂੰ ਪਟਾਏਗਾ ਅਤੇ ਕੋਈ ਨਾ ਕੋਈ ਭਾਰਤ ਵਿਰੋਧੀ ਬਿਆਨ ਉਸ ਕੋਲੋਂ ਜ਼ਰੂਰ ਦਿਵਾਏਗਾ। ਅਜਿਹਾ ਇਸ ਲਈ ਵੀ ਹੋਵੇਗਾ ਕਿ ਭਾਰਤ ਅੱਜਕਲ ਅਮਰੀਕਾ ਦੇ ਕਾਫੀ ਨੇੜੇ ਚਲਾ ਗਿਆ ਹੈ ਅਤੇ ਰੂਸ ਤੇ ਅਮਰੀਕਾ ਦੋਵੇਂ ਹੀ ਯੂਕਰੇਨ ਨੂੰ ਲੈ ਕੇ ਆਹਮੋ-ਸਾਹਮਣੇ ਹਨ। ਇਸ ਤੋਂ ਇਲਾਵਾ ਇਮਰਾਨ ਖਾਨ ਭਾਰਤ ਵਿਰੋਧੀ ਬਿਆਨ ਬੀਜਿੰਗ ’ਚ ਜਾਰੀ ਨਹੀਂ ਕਰਵਾਉਣਗੇ ਤਾਂ ਕਿਥੋਂ ਕਰਵਾਉਣਗੇ?
ਅੱਜਕਲ ਕਸ਼ਮੀਰ ’ਤੇ ਸਾਊਦੀ ਅਰਬ, ਯੂ.ਏ.ਈ. ਅਤੇ ਤਾਲਿਬਾਨ ਲਗਭਗ ਚੁੱਪ ਹੋ ਗਏ ਹਨ। ਸਿਰਫ ਚੀਨ ਹੀ ਇਕੋ-ਇਕ ਸਹਾਰਾ ਬਚਿਆ ਹੈ ਪਰ ਜੇ ਤੁਸੀਂ ਚੀਨ-ਪਾਕਿ ਦੇ ਸਾਂਝੇ ਬਿਆਨ ਨੂੰ ਧਿਆਨ ਨਾਲ ਪੜ੍ਹੋ ਤਾਂ ਤੁਹਾਨੂੰ ਚੀਨ ਦੀ ਚਲਾਕੀ ਦਾ ਪਤਾ ਲੱਗ ਜਾਵੇਗਾ। ਚੀਨ ਨੇ ਆਪਣਾ ਰਵੱਈਆ ਇੰਨੀ ਤਰਕੀਬ ਨਾਲ ਪ੍ਰਗਟ ਕੀਤਾ ਹੈ ਕਿ ਤੁਸੀਂ ਉਸ ਦਾ ਜਿਵੇਂ ਅਰਥ ਕੱਢਣਾ ਚਾਹੋ, ਕੱਢ ਸਕਦੇ ਹੋ। ਤਿੰਨ ਚਾਰ ਦਹਾਕੇ ਪਹਿਲਾਂ ਉਹ ਜਿਸ ਤਰ੍ਹਾਂ ਕਸ਼ਮੀਰ ’ਤੇ ਪਾਕਿਸਤਾਨ ਦੀ ਸਪੱਸ਼ਟ ਹਮਾਇਤ ਕਰਦਾ ਸੀ, ਹੁਣ ਉਹ ਉਂਝ ਨਹੀਂ ਕਰਦਾ। ਉਸ ਨੇ ਇਹ ਤਾਂ ਜ਼ਰੂਰ ਕਿਹਾ ਹੈ ਕਿ ਕਸ਼ਮੀਰ ਮੁੱਦੇ ਦਾ ਹੱਲ ਸੁਰੱਖਿਆ ਕੌਂਸਲ ਦੇ ਪ੍ਰਸਤਾਵ, ਯੂ.ਐੱਨ. ਐਲਾਨਨਾਮੇ ਅਤੇ ਆਪਸੀ ਸਮਝੌਤਿਅਾਂ ਨਾਲ ਕੀਤਾ ਜਾਣਾ ਚਾਹੀਦਾ ਹੈ। ਇਸ ਦਾ ਮਤਲਬ ਕੀ ਹੋਇਆ?
ਸੁਰੱਖਿਆ ਕੌਂਸਲ ਦੀ ਰਾਏਸ਼ੁਮਾਰੀ ਦੇ ਪ੍ਰਸਤਾਵ ਨੂੰ ਤਾਂ ਉਸ ਦੇ ਜਨਰਲ ਸਕੱਤਰ ਖੁਦ ਹੀ ਬੇਤੁਕਾ ਐਲਾਨ ਚੁੱਕੇ ਹਨ। ਉਨ੍ਹਾਂ ਕਿਹਾ ਹੈ ਕਿ ਆਪਸੀ ਸਮਝੌਤੇ ਲਈ ਗੱਲਬਾਤ ਦਾ ਰਾਹ ਹੀ ਸਭ ਤੋਂ ਚੰਗਾ ਹੈ। ਮੈਂ ਤਾਂ ਪਾਕਿਸਤਾਨ ਦੇ ਰਾਸ਼ਟਰਪਤੀਅਾਂ ਅਤੇ ਪ੍ਰਧਾਨ ਮੰਤਰੀਆਂ ਨੂੰ ਹਮੇਸ਼ਾ ਇਹੀ ਕਹਿੰਦਾ ਆ ਰਿਹਾ ਹਾਂ ਕਿ ਜੰਗ ਅਤੇ ਅੱਤਵਾਦ ਰਾਹੀਂ ਕਸ਼ਮੀਰ ਨੂੰ ਹਾਸਲ ਕਰਨਾ ਤੁਹਾਡੇ ਲਈ ਅਸੰਭਵ ਹੈ ਪਰ ਭਾਰਤ ਅਤੇ ਪਾਕਿਸਤਾਨ ਆਪਸ ’ਚ ਮਿਲ ਕੇ ਕੋਈ ਹੱਲ ਲੱਭਣ ਤਾਂ ਇਹ ਨਿਕਲ ਸਕਦਾ ਹੈ।
ਚੀਨ-ਪਾਕਿ ਦੇ ਸਾਂਝੇ ਬਿਆਨ ਦੇ ਅਗਲੇ ਪਹਿਰੇ ’ਚ ਇਹ ਗੱਲ ਬਿਲਕੁਲ ਸਪੱਸ਼ਟ ਕਹੀ ਗਈ ਹੈ। ਇਹ ਸਪੱਸ਼ਟ ਹੈ ਕਿ ਕਿਸੇ ਬਾਹਰੀ ਮਹਾਸ਼ਕਤੀ ਦੀ ਦਖਲਅੰਦਾਜ਼ੀ ਦਾ ਸਿੱਟਾ ਕੁਝ ਨਹੀਂ ਨਿਕਲੇਗਾ ਉਲਟਾ ਉਹ ਦੇਸ਼ ਪਾਕਿਸਤਾਨ ਨੂੰ ਬੁਧੂ ਬਣਾਉਂਦਾ ਰਹੇਗਾ ਅਤੇ ਆਪਣਾ ਉੱਲੂ ਸਿੱਧਾ ਕਰਦਾ ਰਹੇਗਾ। ਚੀਨ ਦਾ ਇਹ ਕਹਿਣਾ ਕਿ ਕਸ਼ਮੀਰ ’ਚ ਇਕਪਾਸੜ ਕਾਰਵਾਈ ਠੀਕ ਨਹੀਂ, ਸੁਣ ਕੇ ਪਾਕਿਸਤਾਨ ਖੁਸ਼ ਹੋ ਸਕਦਾ ਹੈ ਕਿ ਚੀਨ ਨੇ ਧਾਰਾ 370 ਦੇ ਖਤਮ ਕਰਨ ਵਿਰੁੱਧ ਬਿਆਨ ਦਿੱਤਾ ਹੈ ਪਰ ਅਸਲ ’ਚ ਚੀਨ ਨੇ ਗੋਲ-ਮੋਲ ਭਾਸ਼ਾ ਦੀ ਵਰਤੋਂ ਕੀਤੀ ਹੈ।
ਇਸ ਮੁੱਦੇ ’ਤੇ ਵੀ ਚੀਨ ਸਪੱਸ਼ਟ ਨਹੀਂ ਬੋਲ ਰਿਹਾ। ਜੇ ਉਹ ਬੋਲੇਗਾ ਤਾਂ ਭਾਰਤ ਉਸ ਦੇ ਸਿੰਕਯਾਂਗ ਸੂਬੇ ਦੇ ਉਈਗਰ ਮੁਸਲਮਾਨਾਂ ’ਤੇ ਹੋ ਰਹੇ ਅੱਤਿਆਚਾਰਾਂ ਬਾਰੇ ਚੁੱਪ ਕਿਉਂ ਰਹੇਗਾ? ਜਿਥੋਂ ਤਕ ਰੂਸ ਦਾ ਸਵਾਲ ਹੈ, ਪੁਤਿਨ ਨੇ ਕੋਈ ਲਿਹਾਜ਼ਦਾਰੀ ਨਹੀਂ ਕੀਤੀ। ਚੀਨ ਵਾਂਗ ਉਸ ਨੇ ਕੁਝ ਨਹੀਂ ਕੀਤਾ। ਉਸ ਨੇ ਤਾਂ ਸਾਫ-ਸਾਫ ਕਹਿ ਦਿੱਤਾ ਹੈ ਕਿ ਕਸ਼ਮੀਰ ਦੋਪਾਸੜ ਮਾਮਲਾ ਹੈ। ਦਿੱਲੀ ਦੇ ਰੂਸੀ ਦੂਤਘਰ ਨੇ ਇਕ ਬਿਆਨ ’ਚ ਇਹ ਵੀ ਸਪੱਸ਼ਟ ਕਰ ਦਿੱਤਾ ਹੈ ਕਿ ਰੈੱਡ ਫਿਸ਼ ਚੈਨਲ ਨਾਮੀ ਇਕ ਰੂਸੀ ਚੈਨਲ ਦੇ ਇਸ ਕਥਨ ਨਾਲ ਉਹ ਬਿਲਕੁਲ ਵੀ ਸਹਿਮਤ ਨਹੀਂ ਹੈ ਕਿ ਕਸ਼ਮੀਰ ਹੁਣ ਫਲਸਤੀਨ ਬਣਦਾ ਜਾ ਰਿਹਾ ਹੈ। ਰੂਸ ਦਾ ਇਹ ਰਵੱਈਆ ਚੀਨ ਦੇ ਮੁਕਾਬਲੇ ਸਪੱਸ਼ਟ ਹੈ। ਚੀਨ ਦੇ ਰਵੱਈਆ ਦਾ ਭੇਦ ਇਹੀ ਹੈ ਕਿ ਉਸ ਨੂੰ ਪੱਛਮ ਏਸ਼ੀਆ ਅਤੇ ਯੂਰਪ ਤਕ ਰੇਸ਼ਮ ਮਹਾਪਥ ਬਣਾਉਣ ਲਈ ਪਾਕਿਸਤਾਨ ਨੂੰ ਵਿੰਨ੍ਹੀ ਰੱਖਣਾ ਬੇਹੱਦ ਜ਼ਰੂਰੀ ਹੈ। ਇਹ ਰੇਸ਼ਮ ਮਹਾਪੱਥ ‘ਕਬਜ਼ੇ ਹੇਠਲੇ ਕਸ਼ਮੀਰ’ ’ਚੋਂ ਹੀ ਹੋ ਕੇ ਅੱਗੇ ਜਾਂਦਾ ਹੈ।
ਕੀ ਇਹ ਚੀਨ ਦੇ ਆਰਥਿਕ ਪਤਨ ਦੀ ਸ਼ੁਰੂਆਤ ਹੈ?
NEXT STORY