ਪੰਜਾਬੀਆਂ ਦੀ ਉੱਦਮਸ਼ੀਲਤਾ ਜਗ-ਜ਼ਾਹਿਰ ਹੈ। ਪੰਜਾਬ ਦੀਆਂ ਜੜ੍ਹਾਂ ਨਾਲ ਜੁੜੇ ਅਜਿਹੇ ਕਈ ਸਫਲ ਸਟਾਰਟਅਪਸ ਨੇ ਦੁਨੀਆ ਭਰ ’ਚ ਮਿਸਾਲ ਕਾਇਮ ਕੀਤੀ ਹੈ। ਸ੍ਰੀ ਮੁਕਤਸਰ ਸਾਹਿਬ ਦੇ ਇਕ ਟੀਚਰ ਦੇ ਪੁੱਤਰ ਜ਼ੋਮੈਟੋ ਦੇ ਸੰਸਥਾਪਕ ਸੀ. ਈ. ਓ. ਦੀਪਿੰਦਰ ਗੋਇਲ ਨੇ ਆਨਲਾਈਨ ਫੂਡ ਬਿਜ਼ਨੈੱਸ ਦਾ ਕਾਰੋਬਾਰ ਕਈ ਦੇਸ਼ਾਂ ’ਚ ਫੈਲਾਇਆ ਹੈ। 50,000 ਕਰੋੜ ਰੁਪਏ ਤੋਂ ਵੱਧ ਦਾ ਕਾਰੋਬਾਰ ਜਮਾਉਣ ਵਾਲੇ ਫਲਿਪਕਾਰਟ ਦੇ ਸੀ. ਈ. ਓ. ਬਿੰਨੀ ਬਾਂਸਲ ਚੰਡੀਗੜ੍ਹ ਦੇ ਹਨ। 5-7 ਸਾਲ ’ਚ ਹੀ ਪੰਜਾਬੀ ਨੌਜਵਾਨ ਉੱਦਮੀਆਂ ਦੀ ਸਫਲਤਾ ਦੀਆਂ ਇਹ ਚਮਤਕਾਰੀ ਕਹਾਣੀਆਂ ਨੌਕਰੀ ਲੱਭਣ ਵਾਲੇ ਲੱਖਾਂ ਬੇਰੋਜ਼ਗਾਰ ਨੌਜਵਾਨਾਂ ਨੂੰ ਉੱਦਮਸ਼ੀਲਤਾ ਵੱਲ ਅੱਗੇ ਵਧਣ ਲਈ ਪ੍ਰੇਰਿਤ ਕਰਦੀਆਂ ਹਨ। ਪੰਜਾਬ ’ਚ ਰੋਜ਼ਗਾਰ ਦੇ ਨਵੇਂ ਸੋਮਿਆਂ ’ਚ ਤੇਜ਼ੀ ਲਿਆਉਣ ਦੀ ਲੋੜ ਇਸ ਲਈ ਵੀ ਹੈ ਕਿਉਂਕਿ ਇਸ ਖੇਤੀ ਪ੍ਰਧਾਨ ਸੂਬੇ ’ਚ ਖੇਤਾਂ ਦੀ ਗਿਣਤੀ ਤਾਂ ਨਹੀਂ ਵਧਾਈ ਜਾ ਸਕਦੀ ਪਰ ਉਦਯੋਗਿਕ ਅਤੇ ਸਰਵਿਸ ਸੈਕਟਰ ’ਚ ਨੌਕਰੀਆਂ ਦਾ ਹੜ੍ਹ ਜ਼ਰੂਰ ਲਿਆਂਦਾ ਜਾ ਸਕਦਾ ਹੈ। ਨੌਜਵਾਨਾਂ ’ਚ ਉੱਦਮਸ਼ੀਲਤਾ ਵਧਾਉਣ ਲਈ 2023-24 ਦੇ ਬਜਟ ’ਚ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਅਗਲੇ ਵਿੱਦਿਅਕ ਸੈਸ਼ਨ ਤੋਂ ਸਾਰੇ ਸਕੂਲਾਂ ’ਚ ‘ਬਿਜ਼ਨੈੱਸ ਬਲਾਸਟਰ ਯੰਗ ਐਂਟਰਪ੍ਰੇਨਿਓਰ ਪ੍ਰੋਗਰਾਮ’ ਸ਼ੁਰੂ ਕਰਨ ਨੂੰ ਹਰੀ ਝੰਡੀ ਦਿੱਤੀ ਹੈ। ਇਸ ਪਹਿਲ ਨਾਲ ਸਕੂਲਾਂ ’ਚ 11ਵੀਂ ਜਮਾਤ ਤੋਂ ਹੀ ਬੱਚਿਆਂ ਨੂੰ ਉੱਦਮੀ ਬਣਨ ਲਈ ਪ੍ਰੇਰਿਤ ਕੀਤਾ ਜਾਵੇਗਾ। ਇਸ ਪ੍ਰੋਗਰਾਮ ਨਾਲ ਸੂਬੇ ਦੇ ਕਈ ਸਫਲ ਕਾਰੋਬਾਰੀਆਂ ਨੂੰ ਮਾਰਗਦਰਸ਼ਕ ਦੇ ਰੂਪ ’ਚ ਜੋੜਿਆ ਜਾ ਸਕਦਾ ਹੈ। ਇਹ ਤਜਰਬੇਕਾਰ ਕਾਰੋਬਾਰੀ ਨੌਜਵਾਨਾਂ ਨੂੰ ਪ੍ਰੇਰਿਤ ਕਰਨ ਦੇ ਨਾਲ ਉਨ੍ਹਾਂ ਦੇ ਉੱਦਮਾਂ ’ਚ ਨਿਵੇਸ਼ ਨਾਲ ਵੀ ਉਨ੍ਹਾਂ ਨੂੰ ਹੋਰ ਵੱਧ ਉਤਸ਼ਾਹਿਤ ਕਰ ਸਕਦੇ ਹਨ। ਖਾਸ ਕਰ ਕੇ ਸਕੂਲੀ ਪੜ੍ਹਾਈ ਵਿਚਾਲਿਓਂ ਹੀ ਛੱਡਣ ਲਈ ਮਜਬੂਰ ਨੌਜਵਾਨਾਂ ਨੂੰ ਨੌਕਰੀ ਲਈ ਭਟਕਣ ਦੀ ਬਜਾਏ ਨੌਕਰੀ ਦੇਣ ਲਾਇਕ ਬਣਾ ਸਕਣ ਤਾਂ ਬੇਰੋਜ਼ਗਾਰੀ ਦੀ ਸਮੱਸਿਆ ਨਾਲ ਹੋਰ ਵੱਧ ਆਸਾਨੀ ਨਾਲ ਨਜਿੱਠਿਆ ਜਾ ਸਕੇਗਾ।
ਪੰਜਾਬ ’ਚ 20-30 ਸਾਲ ਦੀ ਉਮਰ ਦੇ 28 ਫੀਸਦੀ ਬੇਰੋਜ਼ਗਾਰਾਂ ’ਚ 62 ਫੀਸਦੀ ਮੈਟ੍ਰਿਕ ਪਾਸ ਜਾਂ ਉਸ ਤੋਂ ਉਪਰ ਦੇ ਪੜ੍ਹੇ-ਲਿਖੇ ਹਨ, ਜਿਨ੍ਹਾਂ ’ਚ ਲਗਭਗ ਇਕ-ਚੌਥਾਈ ਤਕਨੀਕੀ ਜਾਂ ਪੇਸ਼ੇਵਰ ਤੌਰ ’ਤੇ ਟ੍ਰੇਂਡ ਹਨ। ਪੜ੍ਹੇ-ਲਿਖੇ ਨੌਜਵਾਨਾਂ ਦੀਆਂ ਆਸਾਂ ਦੇ ਮੁਤਾਬਕ ਨੌਕਰੀਆਂ ਨਾ ਮਿਲਣੀਆਂ ਵੀ ਬੇਰੋਜ਼ਗਾਰੀ ਦਾ ਇਕ ਵੱਡਾ ਕਾਰਨ ਹੈ। ਇਸ ਕਾਰਨ ਮਾਨਸਿਕ ਬੀਮਾਰੀ, ਅਪਰਾਧ ਅਤੇ ਨਸ਼ੇ ਦੀ ਗ੍ਰਿਫਤ ’ਚੋਂ ਨੌਜਵਾਨਾਂ ਨੂੰ ਬਾਹਰ ਕੱਢਣ ਲਈ ਰੋਜ਼ਗਾਰ ਨਾਲ ਜੋੜਨਾ ਬੜਾ ਜ਼ਰੂਰੀ ਹੈ। ਸਰਕਾਰੀ ਖੇਤਰ ’ਚ ਨੌਕਰੀਆਂ ਸੀਮਤ ਹਨ। ਇਸ ਹੱਦ ਤੋਂ ਪਰ੍ਹੇ ਨੌਕਰੀ ਲੱਭਣ ਵਾਲੇ ਲੱਖਾਂ ਨੌਜਵਾਨਾਂ ’ਚੋਂ ਹੀ ਦਰਜਨਾਂ ਨੂੰ ਵੀ ਜੇਕਰ ਨੌਕਰੀ ਦੇਣ ਲਾਇਕ ਬਣਾਉਣਾ ਹੈ ਤਾਂ ਇਸ ਲਈ ਪੰਜਾਬ ਨੂੰ ‘ਯੰਗ ਐਂਟਰਪ੍ਰੇਨਿਓਰ ਪਾਲਿਸੀ’ ਦੀ ਲੋੜ ਹੈ।
ਵਿਦੇਸ਼ਾਂ ’ਚ ਛੋਟੀਆਂ ਨੌਕਰੀਆਂ ਕਰਨ ਲਈ ਮਜਬੂਰ : ਕਈ ਅਧਿਐਨਾਂ ਤੋਂ ਖੁਲਾਸਾ ਹੋਇਆ ਕਿ 30 ਫੀਸਦੀ ਬੱਚੇ ਸਕੂਲ ਦੀ ਪੜ੍ਹਾਈ ਵਿਚਾਲੇ ਹੀ ਛੱਡ ਰਹੇ ਹਨ। ਕੈਨੇਡਾ, ਅਮਰੀਕਾ, ਆਸਟ੍ਰੇਲੀਆ ਅਤੇ ਇੰਗਲੈਂਡ ਵਰਗੇ ਦੇਸ਼ਾਂ ਦੀ ਬਿਹਤਰ ਜੀਵਨਸ਼ੈਲੀ ਨੌਜਵਾਨਾਂ ਨੂੰ ਭਰਮਾ ਰਹੀ ਹੈ। ਇਸ ਲਈ ਆਪਣੇ ਬੱਚਿਆਂ ਨੂੰ ਵਿਦੇਸ਼ਾਂ ’ਚ ਨੌਕਰੀ ਲਈ ਭੇਜਣ ਲਈ ਜ਼ਮੀਨਾਂ ਵੇਚ ਰਹੇ ਛੋਟੇ ਤੇ ਦਰਮਿਆਨੇ ਕਿਸਾਨਾਂ ਦਾ ਇਕ ਵੱਡਾ ਤਬਕਾ ਆਪਣਾ ਬੁਢਾਪਾ ਇਕੱਲਿਆਂ ਕੱਟਣ ਲਈ ਮਜਬੂਰ ਹੈ। 2021 ’ਚ ਪੰਜਾਬ ਬੇਰੋਜ਼ਗਾਰੀ ਬਿਊਰੋ ’ਚ ਨੌਕਰੀ ਦੇ ਲਈ ਰਜਿਸਟ੍ਰੇਸਨ ਕਰਵਾਉਣ ਵਾਲੇ 2,69,534 ਨੌਜਵਾਨ ਸਨ। ਜਦਕਿ ਸੈਂਟਰ ਫਾਰ ਮਾਨੀਟਰਿੰਗ ਇੰਡੀਅਨ ਇਕਾਨਮੀ (ਸੀ. ਐੱਮ. ਆਈ. ਈ.) ਨੇ ਦਾਅਵਾ ਕੀਤਾ ਕਿ ਪਿਛਲੇ 5 ਸਾਲ ਦੌਰਾਨ ਪੰਜਾਬ ’ਚ ਕੰਮਕਾਜੀ ਉਮਰ ਦੀ ਆਬਾਦੀ ’ਚ 24 ਲੱਖ ਦਾ ਵਾਧਾ ਹੋਇਆ ਹੈ। ਜਨਵਰੀ 2017 ’ਚ 2.34 ਕਰੋੜ ਕੰਮਕਾਜੀ ਆਬਾਦੀ ਜਨਵਰੀ 2022 ’ਚ ਵਧ ਕੇ 2.58 ਕਰੋੜ ਹੋ ਗਈ। ਓਧਰ ਸੂਬੇ ’ਚ ਨੌਕਰੀ ਹਾਸਲ ਕਰਨ ਵਾਲਿਆਂ ਦੀ ਕੁਲ ਗਿਣਤੀ 99 ਲੱਖ ਹੈ। ਸੰਕੇਤ ਸਾਫ ਹੈ ਕਿ ਮੁਹੱਈਆ ਨੌਕਰੀ ਤੇ ਇਨ੍ਹਾਂ ਦੇ ਚਾਹਵਾਨਾਂ ਦੀਆਂ ਉੱਚ ਯੋਗਤਾਵਾਂ ਦੇ ਦਰਮਿਆਨ ਮੇਲ ਨਾ ਹੋਣ ਨਾਲ ਉਨ੍ਹਾਂ ਨੂੰ ਵਿਦੇਸ਼ਾਂ ’ਚ ਛੋਟੀਆਂ ਨੌਕਰੀਆਂ ਵੀ ਕਰਨ ਲਈ ਮਜਬੂਰ ਕਰਦਾ ਹੈ।
ਰੋਜ਼ਗਾਰ ਵਧਾਉਣ ਦੀ ਸੰਭਾਵਨਾ
ਖੇਤੀ : ਕਿਸਾਨ ਪਰਿਵਾਰਾਂ ’ਚ ਜ਼ਮੀਨ ਦੀ ਵੰਡ ਨਾਲ ਵੱਡੇ ਪੱਧਰ ’ਤੇ ਖੇਤ ਸੁੰਗੜਦੇ ਜਾ ਰਹੇ ਹਨ। ਪੰਜਾਬ ’ਚ ਖੇਤੀਬਾੜੀ ਖੇਤਰ ਦਾ ਰੋਜ਼ਗਾਰ ’ਚ ਯੋਗਦਾਨ 2004-05 ’ਚ 50 ਫੀਸਦੀ ਤੋਂ ਘੱਟ ਕੇ 26 ਫੀਸਦੀ ਰਹਿ ਗਿਆ ਜਦਕਿ ਦੇਸ਼ ’ਚ ਅੱਜ ਵੀ 45.6 ਫੀਸਦੀ ਆਬਾਦੀ ਦਾ ਪ੍ਰਮੁੱਖ ਰੋਜ਼ਗਾਰ ਖੇਤੀ ਹੈ। ਜੀ. ਡੀ. ਪੀ. ’ਚ ਖੇਤੀ ਦਾ ਯੋਗਦਾਨ 48.6 ਫੀਸਦੀ ਤੋਂ ਘੱਟ ਕੇ 24 ਫੀਸਦੀ ਰਹਿ ਗਿਆ ਹੈ। ਦਿਹਾਤੀ ਇਲਾਕਿਆਂ ’ਚ ਛੋਟੀਆਂ ਫੂਡ ਪ੍ਰਾਸੈਸਿੰਗ ਇਕਾਈਆਂ ਨਾਲ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨ ਦੀ ਸੰਭਾਵਨਾ ਹੈ।
ਉਦਯੋਗ : ਪੰਜਾਬ ਦੀ ਜੀ. ਡੀ. ਪੀ. ’ਚ 24 ਫੀਸਦੀ ਯੋਗਦਾਨ ਦੇਣ ਵਾਲੇ ਉਦਯੋਗ ਸੂਬੇ ਦੀ 35 ਫੀਸਦੀ ਆਬਾਦੀ ਨੂੰ ਰੋਜ਼ਗਾਰ ਦੇ ਰਹੇ ਹਨ। ਉਦਯੋਗਿਕ ਖੇਤਰ ’ਚ ਅਜੇ ਵੀ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨ ਦੀ ਬੜੀ ਸਮਰੱਥਾ ਹੈ। ਮੈਨੂਫੈਕਚਰਿੰਗ ਸੈਕਟਰ ’ਚ ਲਗਭਗ 15 ਲੱਖ ਐੱਮ. ਐੱਸ. ਐੱਮ. ਈ. ਇਕਾਈਆਂ ’ਚ 24 ਲੱਖ ਲੋਕ ਕੰਮ ਕਰ ਰਹੇ ਹਨ। ਟੈਕਸਟਾਈਲ-ਯਾਰਨ, ਆਟੋਮੋਬਾਈਲ ਪਾਰਟਸ, ਟਰੈਕਟਰ ਤੇ ਖੇਤੀ ਯੰਤਰ, ਸਾਈਕਲ ਤੇ ਪਾਰਟਸ, ਹੌਜ਼ਰੀ, ਖੇਡਾਂ ਦਾ ਸਾਮਾਨ, ਹੈਂਡ ਤੇ ਮਸ਼ੀਨ ਟੂਲਜ਼, ਇੰਜੀਨੀਅਰਿੰਗ ਗੁਡਸ ਵਰਗੇ ਮਜ਼ਬੂਤ ਉਦਯੋਗਾਂ ’ਚ ਮੌਜੂਦਾ ਤੇ ਨਵੇਂ ਉੱਦਮੀਆਂ ਲਈ ਦੁਨੀਆ ਦੇ ਬਾਜ਼ਾਰਾਂ ’ਚ ਕਾਰੋਬਾਰ ਵਿਸਤਾਰ ਦੀਆਂ ਵੱਡੀਆਂ ਸੰਭਾਵਨਾਵਾਂ ਨਾਲ ਇੱਥੇ ਰੋਜ਼ਗਾਰ ਦੇ ਨਵੇਂ ਮੌਕੇ ਵਧਾਏ ਜਾ ਸਕਦੇ ਹਨ।
ਸਰਵਿਸ ਸੈਕਟਰ : ਸਰਵਿਸ ਸੈਕਟਰ ਜਿਵੇਂ ਕਿ ਆਈ. ਟੀ. ਤੇ ਟਰਸ਼ਰੀ ਸੈਕਟਰ ਜਿਵੇਂ ਸਿੱਖਿਆ, ਸਿਹਤ, ਹਾਸਪੀਟੈਲਿਟੀ ਤੇ ਮਨੋਰੰਜਨ ਆਦਿ ਪੰਜਾਬ ਦੀ ਜੀ. ਡੀ. ਪੀ. ’ਚ 53.4 ਫੀਸਦੀ ਦਾ ਯੋਗਦਾਨ ਕਰਦੇ ਹਨ ਪਰ ਇਨ੍ਹਾਂ ’ਚ ਸਿਰਫ 30 ਫੀਸਦੀ ਆਬਾਦੀ ਨੂੰ ਰੋਜ਼ਗਾਰ ਮਿਲਿਆ ਹੈ। ਸਰਵਿਸ ਸੈਕਟਰ ’ਚ ਉੱਦਮਸ਼ੀਲਤਾ ਨੂੰ ਉਤਸ਼ਾਹਿਤ ਕਰਨ ਲਈ ਸੂਬੇ ਨੂੰ ਡਿਜੀਟਲ ਮੈਨੂਫੈਕਚਰਿੰਗ, ਲਾਈਫ ਸਾਇੰਸ ਤੇ ਬਾਇਓਟੈਕਨਾਲੋਜੀ, ਖੇਤੀਬਾੜੀ ਤੇ ਫੂਡ ਪ੍ਰਾਸੈਸਿੰਗ ਤੇ ਆਈ. ਟੀ. ਦੇ ਲਈ ‘ਪਲੱਗ ਐਂਡ ਪਲੇਅ’ ਇਨਕਿਊਬੇਟਰਾਂ ਨੂੰ ਉਤਸ਼ਾਹਿਤ ਕਰਨਾ ਜ਼ਰੂਰੀ ਹੈ। ਇਹ ਆਈ. ਟੀ. ਇਨਕਿਊਬੇਟਰ ਸੂਬੇ ’ਚ ਮੌਜੂਦਾ ਉਦਯੋਗਿਕ ਸਮੂਹਾਂ ਦੇ ਨੇੇੜੇ-ਤੇੜੇ ਸਥਾਪਿਤ ਕੀਤੇ ਜਾਣ ਦੀ ਲੋੜ ਹੈ।
ਅੱਗੇ ਦਾ ਰਾਹ : ਨੌਜਵਾਨ ਉੱਦਮੀਆਂ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਸਰਕਾਰ ਦੀ ਪਹਿਲ ‘ਬਿਜ਼ਨੈੱਸ ਬਲਾਸਟਰ ਯੰਗ ਐਂਟਰਪ੍ਰੇਨਿਓਰ ਪ੍ਰੋਗਰਾਮ’ ਦੇ ਇਲਾਵਾ ਇੱਥੋਂ ਦੇ ਕਾਰਪੋਰੇਟ ਘਰਾਣੇ ਦੇ ਕਾਰਪੋਰੇਟ ਸੋਸ਼ਲ ਰਿਸਪਾਂਸੀਬਿਲਿਟੀ (ਸੀ. ਐੱਸ. ਆਰ.) ਫੰਡ, ਸਕੂਲਾਂ ਤੇ ਕਾਲਜਾਂ ਦੇ ਐਲੂਮਨੀ ਫੰਡ ਤੇ ਐੱਨ. ਆਰ. ਆਈ. ਫੰਡ ’ਚੋਂ ਨੌਜਵਾਨ ਉੱਦਮੀਆਂ ਦੀ ਮਦਦ ਕੀਤੀ ਜਾ ਸਕਦੀ ਹੈ। ਕਾਰਪੋਰੇਟ ਵਲੋਂ ਐਂਟਰਪ੍ਰੇਨਿਓਰਸ਼ਿਪ ਡਿਵੈਲਪਮੈਂਟ ਸੈੱਲ (ਈ. ਡੀ. ਸੀ.) ਉੱਦਮਸ਼ੀਲ ਨੌਜਵਾਨਾਂ ਨੂੰ ਅਜਿਹੇ ਉੱਦਮੀ ਦੇ ਤੌਰ ’ਤੇ ਿਤਆਰ ਕਰ ਸਕਦਾ ਹੈ ਜੋ ਨੌਕਰੀ ਲੱਭਣ ਦੀ ਬਜਾਏ ਨੌਕਰੀ ਦੇਣ ਲਾਇਕ ਬਣਨ ਦੀ ਸੋਚ ਰਹੇ ਹੋਣ। ਇਸ ਸੈੱਲ ਦੇ ਸਹਿਯੋਗ ਲਈ ‘ਯੰਗ ਐਂਟਰਪ੍ਰੇਨਿਓਰ ਪਾਲਿਸੀ’ ਲਾਗੂ ਕਰਨ ਦੀ ਲੋੜ ਹੈ ਜਿਸ ਦੀ ਮਦਦ ਨਾਲ ਸੂਬੇ ’ਚ ਵੱਡੇ ਪੱਧਰ ’ਤੇ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣ ਜਿਸ ਨਾਲ ‘ਰੰਗਲੇ ਪੰਜਾਬ’ ਦੇ ਸੁਨਹਿਰੇ ਸੁਪਨੇ ਨੂੰ ਖੰਭ ਲੱਗਣ। (ਲੇਖਕ ਕੈਬਨਿਟ ਮੰਤਰੀ ਰੈਂਕ ’ਚ ਪੰਜਾਬ ਇਕਨਾਮਿਕ ਪਾਲਿਸੀ ਅਤੇ ਪਲਾਨਿੰਗ ਬੋਰਡ ਦੇ ਵਾਈਸ ਚੇਅਰਮੈਨ ਵੀ ਹਨ)।
ਡਾ. ਅੰਮ੍ਰਿਤ ਸਾਗਰ ਮਿੱਤਲ (ਵਾਈਸ ਚੇਅਰਮੈਨ ਸੋਨਾਲੀਕਾ)
ਟੈਕਸਟਾਈਲ ਮੈਗਾ ਪਾਰਕ : ਦੁਨੀਆ ਦੇ ਲਈ ਭਾਰਤੀ ਉਤਪਾਦ ਨਿਰਮਾਣ ਵੱਲ ਇਕ ਵੱਡਾ ਕਦਮ
NEXT STORY