ਕਲਿਆਣੀ ਸ਼ੰਕਰ
ਕਾਂਗਰਸੀ ਧੜੇ ’ਚ ਅਜਿਹੀ ਚਰਚਾ ਹੈ ਕਿ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਰਾਣਸੀ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਰੁੱਧ ਚੋਣ ਲੜ ਕੇ ਆਪਣੀ ਚੋਣ ਪਾਰੀ ਦੀ ਸ਼ੁਰੂਆਤ ਕਰ ਸਕਦੀ ਹੈ। ਕਾਂਗਰਸ ਲੀਡਰਸ਼ਿਪ ਇਸ ਬਾਰੇ ਚੁੱਪ ਹੈ ਪਰ ਪ੍ਰਿਯੰਕਾ ਗਾਂਧੀ ਨੇ ਵੀ ਇਸ ਰਹੱਸ ਨੂੰ ਬਰਕਰਾਰ ਰੱਖਿਆ ਹੈ। ਹੁਣੇ ਜਿਹੇ ਰਾਏਬਰੇਲੀ ’ਚ ਜਦੋਂ ਪਾਰਟੀ ਵਰਕਰਾਂ ਨੇ ਪ੍ਰਿਯੰਕਾ ਗਾਂਧੀ ਨੂੰ ਚੋਣਾਂ ਲੜਨ ਦੀ ਅਪੀਲ ਕੀਤੀ ਤਾਂ ਉਨ੍ਹਾਂ ਨੇ ਵਰਕਰਾਂ ਨੂੰ ਇਹ ਪੁੱਛਦਿਆਂ ਪ੍ਰਤੀਕਿਰਿਆ ਦਿੱਤੀ ਕਿ ਕੀ ਉਨ੍ਹਾਂ ਨੂੰ ਵਾਰਾਣਸੀ ਤੋਂ ਚੋਣ ਲੜਨੀ ਚਾਹੀਦੀ ਹੈ? ਪਿਛਲੇ ਕੁਝ ਦਿਨਾਂ ਤੋਂ ਅਜਿਹੇ ਚਰਚੇ ਹਨ ਕਿ ਕਾਂਗਰਸ ਪ੍ਰਿਯੰਕਾ ਨੂੰ ਵਾਰਾਣਸੀ ਤੋਂ ਚੋਣ ਮੈਦਾਨ ’ਚ ਉਤਾਰ ਸਕਦੀ ਹੈ। ਬੀਤੇ ਸ਼ਨੀਵਾਰ ਪਾਰਟੀ ਨੇ ਕਿਹਾ ਕਿ ਉਹ ਇਨ੍ਹਾਂ ਅਫਵਾਹਾਂ ’ਤੇ ਕੋਈ ਟਿੱਪਣੀ ਨਹੀਂ ਕਰੇਗੀ ਅਤੇ ਜੇ ਅਜਿਹਾ ਕੋਈ ਫੈਸਲਾ ਲਿਆ ਜਾਂਦਾ ਹੈ ਤਾਂ ਮੀਡੀਆ ਨੂੰ ਇਸ ਬਾਰੇ ਸੂਚਿਤ ਕੀਤਾ ਜਾਵੇਗਾ। ਸਵਾਲ ਇਹ ਹੈ ਕਿ ਕੀ ਪ੍ਰਿਯੰਕਾ ਚੋਣ ਮੈਦਾਨ ’ਚ ਉਤਰੇਗੀ? ਪ੍ਰਿਯੰਕਾ ਨੂੰ ਸਰਗਰਮ ਸਿਆਸਤ ’ਚ ਆਉਣ ’ਚ ਕਈ ਸਾਲ ਲੱਗੇ ਹਨ। ਗਾਂਧੀ ਪਰਿਵਾਰ ਇਸ ਬਾਰੇ ਕਾਫੀ ਸਾਵਧਾਨੀ ਵਰਤਦਾ ਹੈ ਕਿ ਸਿਆਸਤ ’ਚ ਕਦੋਂ ਪੈਰ ਰੱਖਿਆ ਜਾਵੇ ਅਤੇ ਕਿੱਥੋਂ ਚੋਣ ਲੜੀ ਜਾਵੇ। ਇਥੋਂ ਤਕ ਕਿ ਸੋਨੀਆ ਗਾਂਧੀ ਨੂੰ ਵੀ ਇਹ ਫੈਸਲਾ ਲੈਣ ’ਚ 7 ਸਾਲ ਲੱਗੇ ਸਨ ਤੇ ਉਹ 1998 ’ਚ ਉਦੋਂ ਸਿਆਸਤ ’ਚ ਆਈ ਸੀ, ਜਦੋਂ ਕਾਂਗਰਸ ਬਹੁਤ ਖਰਾਬ ਸਥਿਤੀ ’ਚ ਸੀ ਤੇ ਪਾਰਟੀ ਨੂੰ ਕਿਸੇ ਚਮਤਕਾਰੀ ਨੇਤਾ ਦੀ ਲੋੜ ਸੀ। ਸੋਨੀਆ ਨੇ ਉਦੋਂ ਸਿਆਸਤ ’ਚ ਆਉਣ ਦੀ ਹਿੰਮਤ ਦਿਖਾਈ, ਜਦੋਂ ਪਾਰਟੀ ਵਿਰੋਧੀ ਧਿਰ ’ਚ ਮਰਨ ਕੰਢੇ ਪਹੁੰਚੀ ਹੋਈ ਸੀ ਤੇ ਇਸ ਦੇ ਮੁੜ ਜ਼ਿੰਦਾ ਹੋਣ ਦੇ ਕੋਈ ਆਸਾਰ ਨਹੀਂ ਸਨ। ਸੋਨੀਆ 1999 ’ਚ ਚੋਣਾਂ ’ਚ ਉਤਰੀ ਅਤੇ ਵਿਰੋਧੀ ਧਿਰ ਦੀ ਪਹਿਲੀ ਮਹਿਲਾ ਨੇਤਾ ਬਣੀ। ਸਿਆਸਤ ’ਚ ਅਨਾੜੀ ਹੋਣ ਦੇ ਬਾਵਜੂਦ ਉਨ੍ਹਾਂ ਨੇ ਭਾਜਪਾ ਨੂੰ ਕਈ ਮੁੱਦਿਆਂ ’ਤੇ ਘੇਰਿਆ। ਪ੍ਰਧਾਨ ਮੰਤਰੀ ਸ਼੍ਰੀ ਅਟਲ ਬਿਹਾਰੀ ਵਾਜਪਾਈ ਨਾਲ ਉਨ੍ਹਾਂ ਦੇ ਚੰਗੇ ਰਿਸ਼ਤੇ ਸਨ। ਯੂ. ਪੀ. ਏ. ਦੀ ਕਮਾਨ ਸੰਭਾਲ ਕੇ ਸੋਨੀਆ ਗਾਂਧੀ ਨੇ ਸਭ ਨੂੰ ਹੈਰਾਨ ਕਰ ਦਿੱਤਾ ਅਤੇ ਭਾਜਪਾ ਦੇ ‘ਇੰਡੀਆ ਸ਼ਾਈਨਿੰਗ’ ਦੇ ਸੁਪਨੇ ਨੂੰ ਚੂਰ-ਚੂਰ ਕਰਦਿਆਂ ਯੂ. ਪੀ. ਏ. ਨੂੰ ਲਗਾਤਾਰ 2 ਵਾਰ ਸੱਤਾ ’ਚ ਲਿਆਂਦਾ।
ਸਿਆਸਤ ’ਚ ਰਾਹੁਲ ਦੀ ਐਂਟਰੀ
ਰਾਹੁਲ ਗਾਂਧੀ ਨੇ 2004 ’ਚ ਸਿਆਸਤ ’ਚ ਐਂਟਰੀ ਕੀਤੀ ਤੇ ਆਪਣੇ ਪਰਿਵਾਰ ਦੇ ਗੜ੍ਹ ਮੰਨੇ ਜਾਂਦੇ ਅਮੇਠੀ ਹਲਕੇ ਤੋਂ ਚੋਣ ਲੜੀ ਤੇ ਜਿੱਤੀ। 2007 ’ਚ ਰਾਹੁਲ ਗਾਂਧੀ ਨੂੰ ਪਾਰਟੀ ਦਾ ਜਨਰਲ ਸਕੱਤਰ ਅਤੇ 2013 ’ਚ ਉਪ-ਪ੍ਰਧਾਨ ਬਣਾਇਆ ਗਿਆ। ਪਿਛਲੇ ਸਾਲ ਮਾਰਚ ’ਚ ਰਾਹੁਲ ਨੇ ਪਾਰਟੀ ਪ੍ਰਧਾਨ ਦਾ ਅਹੁਦਾ ਸੰਭਾਲਿਆ। ਇਹ ਪਹਿਲੀ ਵਾਰ ਹੈ ਕਿ ਆਮ ਚੋਣਾਂ ’ਚ ਉਹ ਪਾਰਟੀ ਦੀ ਅਗਵਾਈ ਕਰ ਰਹੇ ਹਨ ਤੇ ਜੇ ਪਾਰਟੀ ਚੰਗਾ ਪ੍ਰਦਰਸ਼ਨ ਕਰਦੀ ਹੈ ਤਾਂ ਇਹ ਉਨ੍ਹਾਂ ਲਈ ਅਹਿਮ ਹੋਵੇਗਾ। ਪ੍ਰਿਯੰਕਾ ਗਾਂਧੀ ਦੀ ਸਿਆਸਤ ’ਚ ਐਂਟਰੀ ਵੀ ਇਕ ਸੋਚਿਆ-ਸਮਝਿਆ ਕਦਮ ਹੈ ਤੇ ਉਨ੍ਹਾਂ ਦੇ ਸਿਆਸਤ ’ਚ ਆਉਣ ਦਾ ਸਮਾਂ ਹੈਰਾਨੀਜਨਕ ਮੰਨਿਆ ਜਾ ਰਿਹਾ ਹੈ ਕਿਉਂਕਿ ਪਾਰਟੀ ’ਚ ਕਈ ਸਾਲਾਂ ਤੋਂ ਇਹ ਮੰਗ ਕੀਤੀ ਜਾ ਰਹੀ ਸੀ ਕਿ ਪ੍ਰਿਯੰਕਾ ਨੂੰ ਸਿਆਸਤ ’ਚ ਲਿਆਂਦਾ ਜਾਵੇ। ਪ੍ਰਿਯੰਕਾ ਗਾਂਧੀ ਨੂੰ ਰਾਹੁਲ ਦੇ ਮੁਕਾਬਲੇ ਜ਼ਿਆਦਾ ਕ੍ਰਿਸ਼ਮਈ ਨੇਤਾ ਮੰਨਿਆ ਜਾਂਦਾ ਹੈ ਤੇ ਅਜਿਹਾ ਅੰਦਾਜ਼ਾ ਹੈ ਕਿ ਉਹ ਇਸ ਡਰੋਂ ਸਿਆਸਤ ’ਚ ਨਹੀਂ ਆ ਰਹੀ ਸੀ ਕਿ ਕਿਤੇ ਉਨ੍ਹਾਂ ਦੇ ਆਉਣ ਨਾਲ ਰਾਹੁਲ ਗਾਂਧੀ ਦਾ ਪ੍ਰਭਾਵ ਨਾ ਘਟ ਜਾਵੇ। ਫਿਲਹਾਲ ਸੋਨੀਆ ਦੀ ਸਰਗਰਮੀ ਘਟਣ ਤੋਂ ਬਾਅਦ ਪ੍ਰਿਯੰਕਾ ਮੈਦਾਨ ’ਚ ਆ ਗਈ ਹੈ। ਚੋਣ ਲੜਨ ਦਾ ਫੈਸਲਾ ਪੂਰੀ ਤਰ੍ਹਾਂ ਪਰਿਵਾਰ ’ਤੇ ਛੱਡ ਦਿੱਤਾ ਗਿਆ ਹੈ। ਕੀ ਗਾਂਧੀ ਪਰਿਵਾਰ ਦੇ ਤਿੰਨਾਂ ਮੈਂਬਰਾਂ ਨੂੰ ਚੋਣ ਮੈਦਾਨ ’ਚ ਉਤਰਨਾ ਚਾਹੀਦਾ ਹੈ? ਇਹ ਸਵਾਲ ਵੀ ਪਰਿਵਾਰ ’ਤੇ ਹੀ ਛੱਡ ਦਿੱਤਾ ਗਿਆ ਹੈ। ਯੂ. ਪੀ. ’ਚ ਦਿਨੋ-ਦਿਨ ਰੌਲਾ ਤੇਜ਼ ਹੁੰਦਾ ਜਾ ਰਿਹਾ ਹੈ। ਪਾਰਟੀ ਆਗੂਆਂ ਤੇ ਵਰਕਰਾਂ ਦਾ ਮੰਨਣਾ ਹੈ ਕਿ ਪ੍ਰਿਯੰਕਾ ਦੇ ਆਉਣ ਨਾਲ ਕਾਂਗਰਸ ਯੂ. ਪੀ. ਅਤੇ ਪੂਰੇ ਦੇਸ਼ ’ਚ ਹੋਰ ਮਜ਼ਬੂਤ ਹੋਵੇਗੀ।
ਭਾਜਪਾ ਦਾ ਗੜ੍ਹ ਹੈ ਵਾਰਾਣਸੀ
ਪ੍ਰਿਯੰਕਾ ਗਾਂਧੀ ਦੇ ਚੋਣ ਮੈਦਾਨ ’ਚ ਆਉਣ ਬਾਰੇ ਕਾਫੀ ਸਮੇਂ ਤੋਂ ਚਰਚਾ ਹੋ ਰਹੀ ਸੀ। ਪਹਿਲਾਂ ਇਹ ਮੰਨਿਆ ਜਾ ਰਿਹਾ ਸੀ ਕਿ ਜੇ ਸੋਨੀਆ ਗਾਂਧੀ ‘ਰਿਟਾਇਰਮੈਂਟ’ ਲੈ ਲੈਂਦੀ ਹੈ ਤਾਂ ਪ੍ਰਿਯੰਕਾ ਰਾਏਬਰੇਲੀ ਤੋਂ ਚੋਣ ਲੜੇਗੀ। ਪਾਰਟੀ ਦੀ ਇਲਾਹਾਬਾਦ ਇਕਾਈ ਨੇ ਇਹ ਮੰਗ ਕਰਦਿਆਂ ਮਤਾ ਪਾਸ ਕੀਤਾ ਸੀ ਕਿ ਕਾਂਗਰਸ ਲੀਡਰਸ਼ਿਪ ਪ੍ਰਿਯੰਕਾ ਨੂੰ ਫੂਲਪੁਰ ਤੋਂ ਚੋਣ ਲੜਾਵੇ, ਜਿੱਥੋਂ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਲੋਕ ਸਭਾ ਮੈਂਬਰ ਰਹੇ ਹਨ। ਅਜਿਹਾ ਹੁਣ ਵੀ ਹੋ ਸਕਦਾ ਹੈ ਕਿਉਂਕਿ ਪ੍ਰਿਯੰਕਾ ਉਥੇ ਚੰਗਾ ਪ੍ਰਦਰਸ਼ਨ ਕਰ ਸਕਦੀ ਹੈ। ਮੋਦੀ ਨੂੰ ਹਰਾਉਣਾ ਮੁਸ਼ਕਿਲ ਹੋ ਸਕਦਾ ਹੈ ਕਿਉਂਕਿ ਉਹ ਹੁਣ ਵੀ ਵਾਰਾਣਸੀ ’ਚ ਮਸ਼ਹੂਰ ਹਨ। ਰਵਾਇਤੀ ਤੌਰ ’ਤੇ ਵੀ, 2004 ਨੂੰ ਛੱਡ ਕੇ, 1991 ਤੋਂ ਲੈ ਕੇ ਹੁਣ ਤਕ ਭਾਜਪਾ ਹੀ ਵਾਰਾਣਸੀ ਤੋਂ ਚੋਣਾਂ ਜਿੱਤਦੀ ਰਹੀ ਹੈ। ਹੁਣ ਗੱਲ ਉਸ ਅੰਦਾਜ਼ੇ ਦੀ, ਜਿਸ ਨੂੰ ਪ੍ਰਿਯੰਕਾ ਖ਼ੁਦ ਹਵਾ ਦਿੰਦੀ ਰਹੀ ਹੈ। ਵਾਰ-ਵਾਰ ਇਹ ਪੁੱਛੇ ਜਾਣ ’ਤੇ ਕਿ ਕੀ ਉਹ ਚੋਣ ਲੜੇਗੀ, ਪ੍ਰਿਯੰਕਾ ਨੇ ਸਿੱਧਾ ਮੀਡੀਆ ਨੂੰ ਪੁੱਛਿਆ, ‘‘ਕਿਉਂ ਨਹੀਂ, ਤੁਸੀਂ ਵੀ ਲੜ ਸਕਦੇ ਹੋ। ਜੇ ਮੇਰੀ ਪਾਰਟੀ ਮੈਨੂੰ ਚੋਣ ਲੜਾਉਣਾ ਚਾਹੁੰਦੀ ਹੈ ਤਾਂ ਮੈਂ ਜ਼ਰੂਰ ਲੜਾਂਗੀ। ਕਾਂਗਰਸੀ ਵਰਕਰਾਂ ਦਾ ਮੰਨਣਾ ਹੈ ਕਿ ਪ੍ਰਿਯੰਕਾ ਗਾਂਧੀ ਦੀ ਸ਼ਕਲ ਇੰਦਰਾ ਗਾਂਧੀ ਨਾਲ ਮਿਲਣ ਕਰ ਕੇ ਉਹ ਕਾਫੀ ਵੋਟਾਂ ਖਿੱਚ ਸਕਦੀ ਹੈ। ਉਹ ਲੋਕਾਂ ਨਾਲ ਵੀ ਖੂਬ ਘੁਲ-ਮਿਲ ਜਾਂਦੀ ਹੈ ਤੇ ਕਾਫੀ ਭੀੜ ਇਕੱਠੀ ਕਰ ਸਕਦੀ ਹੈ।
ਇਸ ਵਾਰ ਮੋਦੀ ਲਹਿਰ ਨਹੀਂ
ਕਾਂਗਰਸ ਦੇ ਇਕ ਧੜੇ ਦਾ ਮੰਨਣਾ ਹੈ ਕਿ ਜੇ ਪ੍ਰਿਯੰਕਾ ਗਾਂਧੀ ਵਾਰਾਣਸੀ ਤੋਂ ਚੋਣ ਲੜਦੀ ਹੈ ਤਾਂ ਮੋਦੀ ਵਾਰਾਣਸੀ ’ਚ ਸਿਮਟ ਕੇ ਰਹਿ ਜਾਣਗੇ। ਇਸ ਵਾਰ ਕਿਉਂਕਿ ਕੋਈ ਮੋਦੀ ਲਹਿਰ ਨਹੀਂ ਹੈ, ਇਸ ਲਈ ਪ੍ਰਿਯੰਕਾ ਵਾਸਤੇ ਉਨ੍ਹਾਂ ਦਾ ਮੁਕਾਬਲਾ ਕਰਨਾ ਸੌਖਾ ਹੋਵੇਗਾ। 2014 ’ਚ ਮੋਦੀ ਦੇ ਵਿਰੁੱਧ ਲੱਗਭਗ 4 ਲੱਖ ਵੋਟਾਂ ਵੰਡੀਆਂ ਗਈਆਂ ਸਨ। ਜੇ ਪ੍ਰਿਯੰਕਾ ਨੂੰ ਕਾਂਗਰਸ, ਸਪਾ, ਬਸਪਾ ਤੇ ਰਾਲੋਦ ਦੀ ਸਾਂਝੀ ਉਮੀਦਵਾਰ ਵਜੋਂ ਖੜ੍ਹੀ ਕੀਤਾ ਜਾਂਦਾ ਹੈ ਤਾਂ ਵੋਟਾਂ ਦੀ ਵੰਡ ਨੂੰ ਰੋਕਿਆ ਜਾ ਸਕਦਾ ਹੈ। ਪ੍ਰਿਯੰਕਾ ਗਾਂਧੀ ਆਪਣੇ ਪਰਿਵਾਰ ’ਚੋਂ ਇਕ ਨਵਾਂ ਚਿਹਰਾ ਵੀ ਹੋਵੇਗੀ ਪਰ ਕਾਂਗਰਸ ਨੇ ਅਜੇ ਤਕ ਵਾਰਾਣਸੀ ਅਤੇ ਫੂਲਪੁਰ ਤੋਂ ਕਿਸੇ ਦਾ ਵੀ ਨਾਂ ਨਹੀਂ ਐਲਾਨਿਆ ਹੈ। ਇਸ ਦਰਮਿਆਨ ਰਾਹੁਲ ਅਤੇ ਪ੍ਰਿਯੰਕਾ 2022 ਦੀਆਂ ਯੂ. ਪੀ. ਵਿਧਾਨ ਸਭਾ ਚੋਣਾਂ ਲਈ ਜ਼ਮੀਨ ਤਿਆਰ ਕਰ ਰਹੇ ਹਨ। ਪਾਰਟੀ ਉਨ੍ਹਾਂ ਨੂੰ ਸ਼ਾਇਦ ਮੁੱਖ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਵਜੋਂ ਪੇਸ਼ ਕਰਨਾ ਚਾਹੁੰਦੀ ਹੈ। ਪ੍ਰਿਯੰਕਾ ਨੇ ਵੀ ਸਪੱਸ਼ਟ ਕੀਤਾ ਹੈ ਕਿ ‘‘ਅਸੀਂ 2022 ਦੀਆਂ ਵਿਧਾਨ ਸਭਾ ਚੋਣਾਂ ਲਈ ਮਾਹੌਲ ਤਿਆਰ ਕਰ ਰਹੇ ਹਾਂ।’’ ਪ੍ਰਧਾਨ ਮੰਤਰੀ ਮੋਦੀ ਵਿਰੁੱਧ ਪ੍ਰਿਯੰਕਾ ਦੇ ਚੋਣ ਲੜਨ ਦੇ ਮੁੱਦੇ ’ਤੇ ਉਨ੍ਹਾਂ ਦੀ ਪ੍ਰਤੀਕਿਰਿਆ ਸੀ, ‘‘ਲੋਕਤੰਤਰ ’ਚ ਕੋਈ ਵੀ, ਕਿਤਿਓਂ ਵੀ ਚੋਣ ਲੜ ਸਕਦਾ ਹੈ। ਮੈਂ ਇਸ ਗੱਲ ਤੋਂ ਨਹੀਂ ਡਰਦੀ ਕਿ ਕਿੱਥੋਂ ਕੌਣ ਚੋਣ ਲੜ ਰਿਹਾ ਹੈ। ਇਹ ਮੇਰੇ ਲਈ ਮਾਇਨੇ ਨਹੀਂ ਰੱਖਦਾ।’’ ਮੋਦੀ ਅਤੇ ਪ੍ਰਿਯੰਕਾ ਦਾ ਮੁਕਾਬਲਾ ਕਾਫੀ ਦਿਲਚਸਪ ਹੋਵੇਗਾ ਪਰ ਵੱਡਾ ਸਵਾਲ ਇਹ ਹੈ ਕਿ ਕੀ ਕਾਂਗਰਸ ਜੋਖ਼ਮ ਉਠਾਏਗੀ?
ਸਿੰਗਾਪੁਰ ਤੋਂ ਸਬਕ ਲੈਣ ਭਾਰਤੀ ਸਿਆਸਤਦਾਨ
NEXT STORY