ਸਪੋਰਟਸ ਡੈਸਕ- ਬਾਰਬਾਡੋਸ ਦੇ ਕੈਨਿੰਗਸਟਨ ਓਵਲ ਸਟੇਡੀਅਮ 'ਚ ਟੀ-20 ਵਿਸ਼ਵ ਕੱਪ 2024 ਦਾ ਫਾਈਨਲ ਮੁਕਾਬਲਾ ਭਾਰਤ ਤੇ ਦੱਖਣੀ ਅਫਰੀਕਾ ਵਿਚਾਲੇ ਖੇਡਿਆ ਜਾ ਰਿਹਾ ਹੈ। ਇਸ ਮੁਕਾਬਲੇ 'ਚ ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਭਾਰਤੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਵਿਰਾਟ ਕੋਹਲੀ ਤੇ ਅਕਸ਼ਰ ਪਟੇਲ ਦੀਆਂ ਤਾਬੜਤੋੜ ਪਾਰੀਆਂ ਦੀ ਬਦੌਲਤ 176 ਦੌੜਾਂ ਬਣਾ ਲਈਆਂ ਹਨ।

ਭਾਰਤ ਵੱਲੋਂ ਅੱਜ ਫਿਰ ਤੋਂ ਓਪਨਿੰਗ ਲਈ ਰੋਹਿਤ ਸ਼ਰਮਾ ਤੇ ਵਿਰਾਟ ਕੋਹਲੀ ਮੈਦਾਨ 'ਤੇ ਉਤਰੇ ਹਨ। ਭਾਰਤ ਨੇ ਪਹਿਲੇ ਓਵਰ 'ਚ ਵਿਰਾਟ ਕੋਹਲੀ ਦੇ 3 ਚੌਕਿਆਂ ਦੀ ਮਦਦ ਨਾਲ 15 ਦੌੜਾਂ ਬਣਾਈਆਂ। ਇਸ ਤੋਂ ਬਾਅਦ ਦੂਜੇ ਓਵਰ 'ਚ ਰੋਹਿਤ ਸ਼ਰਮਾ ਕੇਸ਼ਵ ਮਹਾਰਾਜ ਦੀ ਗੇਂਦ 'ਤੇ 9 ਦੌੜਾਂ ਬਣਾ ਕੇ ਕੈਚ ਆਊਟ ਹੋ ਗਿਆ। ਰਿਸ਼ਭ ਪੰਤ ਵੀ ਬਿਨਾਂ ਖਾਤਾ ਖੋਲ੍ਹੇ ਹੀ ਪੈਵੇਲੀਅਨ ਪਰਤ ਗਏ।

ਸੂਰਿਆਕੁਮਾਰ ਯਾਦਵ ਵੀ 3 ਦੌੜਾਂ ਬਣਾ ਕੇ ਗ਼ਲਤ ਸ਼ਾਟ ਖੇਡ ਕੇ ਬਾਊਂਡਰੀ 'ਤੇ ਕੈਚ ਆਊਟ ਹੋ ਗਏ। ਭਾਰਤੀ ਟੀਮ ਮੁਸ਼ਕਲ 'ਚ ਫਸੀ ਹੋਈ ਸੀ। ਇਸ ਤੋਂ ਬਾਅਦ ਆਏ ਅਕਸ਼ਰ ਪਟੇਲ ਨੇ ਵਿਰਾਟ ਕੋਹਲੀ ਦਾ ਚੰਗਾ ਸਾਥ ਦਿੱਤਾ ਤੇ ਦੋਵਾਂ ਨੇ ਸੂਝਬੂਝ ਨਾਲ ਖੇਡਦੇ ਹੋਏ ਟੀਮ ਦਾ ਸਕੋਰ 50 ਤੋਂ ਪਾਰ ਕਰਵਾਇਆ। ਅਕਸ਼ਰ ਪਟੇਲ ਨੇ ਤਾਬੜਤੋੜ ਪਾਰੀ ਖੇਡਦੇ ਹੋਏ ਤੇਜ਼ੀ ਨਾਲ ਦੌੜਾਂ ਬਣਾਈਆਂ ਤੇ ਦੋਵਾਂ ਨੇ ਮਿਲ ਕੇ ਟੀਮ ਦਾ ਸਕੋਰ 100 ਤੋਂ ਪਾਰ ਕਰਵਾਇਆ।

ਇਸ ਤੋਂ ਬਾਅਦ ਅਕਸ਼ਰ ਪਟੇਲ ਸ਼ਾਨਦਾਰ ਬੱਲੇਬਾਜ਼ੀ ਕਰਨ ਤੋਂ ਬਾਅਦ ਤਾਲਮੇਲ 'ਚ ਗੜਬੜੀ ਕਾਰਨ ਰਨ ਆਊਟ ਹੋ ਗਿਆ। ਉਸ ਨੇ 31 ਗੇਂਦਾਂ 'ਚ 1 ਚੌਕਾ ਤੇ 4 ਛੱਕਿਆਂ ਦੀ ਮਦਦ ਨਾਲ 47 ਦੌੜਾਂ ਬਣਾਈਆਂ।

ਵਿਰਾਟ ਕੋਹਲੀ ਨੇ ਸੂਝਬੂਝ ਕੇ ਖੇਡਦੇ ਹੋਏ 48 ਗੇਂਦਾਂ 'ਚ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਇਸ ਤੋਂ ਬਾਅਦ ਉਸ ਨੇ ਤੇਜ਼ੀ ਨਾਲ ਦੌੜਾਂ ਬਣਾਉਣੀਆਂ ਸ਼ੁਰੂ ਕੀਤੀਆਂ, ਪਰ ਉਹ 59 ਗੇਂਦਾਂ 'ਚ 6 ਚੌਕੇ ਤੇ 2 ਛੱਕਿਆਂ ਦੀ ਮਦਦ ਨਾਲ 76 ਦੌੜਾਂ ਬਣਾ ਕੇ ਆਊਟ ਹੋ ਗਿਆ।

ਅੰਤ 'ਚ ਸ਼ਿਵਮ ਦੁਬੇ ਦੀਆਂ 27 ਦੌੜਾਂ ਦੀ ਬਦੌਲਤ ਭਾਰਤ ਨੇ 20 ਓਵਰਾਂ 'ਚ 7 ਵਿਕਟਾਂ ਗੁਆ ਕੇ 176 ਦੌੜਾਂ ਬਣਾਈਆਂ ਹਨ। ਇਸ ਤਰ੍ਹਾਂ ਭਾਰਤ ਨੇ ਦੱਖਣੀ ਅਫਰੀਕਾ ਅੱਗੇ ਜਿੱਤ ਲਈ 177 ਦੌੜਾਂ ਦਾ ਟੀਚਾ ਰੱਖਿਆ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਕੋਸਟਾ ਰਿਕਾ ਨੂੰ ਹਰਾ ਕੇ ਕੋਲੰਬੀਆ ਕੋਪਾ ਅਮਰੀਕਾ ਦੇ ਕੁਆਰਟਰ ਫਾਈਨਲ ਵਿੱਚ ਪੁੱਜਾ
NEXT STORY