ਨਿਊਯਾਰਕ— ਭਾਰਤੀ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਇਨ੍ਹੀਂ ਦਿਨੀਂ ਆਪਣੀ ਗੇਂਦਬਾਜ਼ੀ ਨਾਲ ਤਬਾਹੀ ਮਚਾ ਰਹੇ ਹਨ ਪਰ ਉਹ ਸਿਰਫ ਇੰਨੇ ਤੋਂ ਹੀ ਸੰਤੁਸ਼ਟ ਨਹੀਂ ਹਨ ਅਤੇ ਹੇਠਲੇ ਕ੍ਰਮ ਦੇ ਭਰੋਸੇਯੋਗ ਬੱਲੇਬਾਜ਼ ਬਣਨਾ ਚਾਹੁੰਦੇ ਹਨ, ਜਿਸ ਲਈ ਉਹ ਵਿਕਰਮ ਰਾਠੌਰ ਦੇ ਨਾਲ ਸਖਤ ਮਿਹਨਤ ਵੀ ਕਰ ਰਹੇ ਹਨ। ਅਰਸ਼ਦੀਪ ਨੇ ਅਮਰੀਕਾ ਖਿਲਾਫ ਟੀ-20 ਵਿਸ਼ਵ ਕੱਪ ਦੇ ਮੈਚ ਵਿੱਚ 9 ਦੌੜਾਂ ਦੇ ਕੇ ਚਾਰ ਵਿਕਟਾਂ ਲਈਆਂ ਅਤੇ ਭਾਰਤ ਦੀ ਸੱਤ ਵਿਕਟਾਂ ਨਾਲ ਜਿੱਤ ਵਿੱਚ ਅਹਿਮ ਭੂਮਿਕਾ ਨਿਭਾਈ। ਭਾਰਤ ਦੀ ਇਹ ਲਗਾਤਾਰ ਤੀਜੀ ਜਿੱਤ ਹੈ, ਜਿਸ ਨੇ ਆਖਰੀ ਅੱਠਾਂ ਵਿੱਚ ਆਪਣੀ ਥਾਂ ਪੱਕੀ ਕੀਤੀ ਹੈ।
ਅਰਸ਼ਦੀਪ ਨੇ ਮੈਚ ਤੋਂ ਬਾਅਦ ਕਿਹਾ, 'ਅਸੀਂ ਹਮੇਸ਼ਾ ਕੁਝ ਨਵਾਂ ਸਿੱਖਣ ਦੀ ਕੋਸ਼ਿਸ਼ ਕਰਦੇ ਹਾਂ। ਅਸੀਂ ਸਾਰੇ ਵਿਭਾਗਾਂ ਵਿੱਚ ਬਿਹਤਰ ਬਣਨ ਦੀ ਕੋਸ਼ਿਸ਼ ਕਰਦੇ ਹਾਂ ਭਾਵੇਂ ਉਹ ਗੇਂਦਬਾਜ਼ੀ ਹੋਵੇ, ਬੱਲੇਬਾਜ਼ੀ ਹੋਵੇ ਜਾਂ ਫੀਲਡਿੰਗ ਕਿਉਂਕਿ ਤੁਹਾਨੂੰ ਪਤਾ ਨਹੀਂ ਕਦੋਂ ਟੀਮ ਨੂੰ ਤੁਹਾਡੇ ਤੋਂ ਕੁਝ ਦੌੜਾਂ ਦੀ ਲੋੜ ਪੈ ਜਾਵੇ। ਉਨ੍ਹਾਂ ਨੇ ਕਿਹਾ, 'ਇਹ ਦੋ ਜਾਂ ਚਾਰ ਦੌੜਾਂ ਹੋ ਸਕਦੀਆਂ ਹਨ। ਇਸ ਲਈ ਤੁਹਾਨੂੰ ਆਪਣਾ ਸਰਵੋਤਮ ਦੇਣਾ ਹੁੰਦਾ ਹੈ। ਜਿੱਥੋਂ ਤੱਕ ਮੇਰੀ ਬੱਲੇਬਾਜ਼ੀ ਦਾ ਸਵਾਲ ਹੈ ਤਾਂ ਮੈਂ ਵਿਕਰਮ ਭਾਈ ਨਾਲ ਵੱਧ ਤੋਂ ਵੱਧ ਮਿਹਨਤ ਕਰਨ ਦੀ ਕੋਸ਼ਿਸ਼ ਕਰਦਾ ਹਾਂ।
ਅਰਸ਼ਦੀਪ ਨੇ 9 ਜੂਨ ਨੂੰ ਪਾਕਿਸਤਾਨ ਖਿਲਾਫ 13 ਗੇਂਦਾਂ 'ਤੇ ਨੌਂ ਦੌੜਾਂ ਦੀ ਉਪਯੋਗੀ ਪਾਰੀ ਖੇਡੀ ਸੀ। ਇਸ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਨੇ ਕਿਹਾ ਕਿ ਉਸ ਮੈਚ ਵਿੱਚ ਉਨ੍ਹਾਂ ਨੇ ਜਸਪ੍ਰੀਤ ਬੁਮਰਾਹ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਲਈ ਕਿਹਾ ਸੀ। ਉਨ੍ਹਾਂ ਨੇ ਕਿਹਾ, 'ਜੱਸੀ ਭਾਈ ਨੇ ਮੇਰੇ ਤੋਂ ਪਹਿਲਾਂ ਬੱਲੇਬਾਜ਼ੀ ਲਈ ਆਉਣਾ ਸੀ ਪਰ ਮੈਂ ਰੋਹਿਤ (ਸ਼ਰਮਾ) ਦੇ ਪੁੱਛ ਕੇ ਪਹਿਲਾਂ ਗਿਆ। ਉਹ ਇਸ ਤੋਂ ਹੈਰਾਨ ਸੀ ਪਰ ਮੈਂ ਉਸ ਨੂੰ ਕਿਹਾ ਕਿ ਤੁਸੀਂ ਜੋ ਵੀ ਕਹੋ, ਮੈਂ ਪਹਿਲਾਂ ਬੱਲੇਬਾਜ਼ੀ ਕਰਨ ਜਾਵਾਂਗਾ। ਮੈਨੂੰ ਆਪਣੀ ਬੱਲੇਬਾਜ਼ੀ 'ਤੇ ਪੂਰਾ ਭਰੋਸਾ ਹੈ। ਫੀਲਡਿੰਗ ਹੋਵੇ ਜਾਂ ਗੇਂਦਬਾਜ਼ੀ, ਬਿਹਤਰ ਬਣਨ ਦੀ ਕੋਸ਼ਿਸ਼ ਕਰਦੇ ਹਾਂ।
ਅਰਸ਼ਦੀਪ ਨੇ ਟੂਰਨਾਮੈਂਟ ਬਾਰੇ ਕਿਹਾ ਕਿ ਸਫ਼ਲਤਾ ਲਈ ਹਾਲਾਤਾਂ ਨਾਲ ਤਾਲਮੇਲ ਬਿਠਾਉਣਾ ਬਹੁਤ ਜ਼ਰੂਰੀ ਹੈ। ਭਾਰਤ ਨੇ ਗਰੁੱਪ ਏ ਦਾ ਆਪਣਾ ਆਖਰੀ ਮੈਚ ਕੈਨੇਡਾ ਦੇ ਖਿਲਾਫ ਲਾਡਰਹਿਲ, ਫਲੋਰੀਡਾ ਵਿੱਚ ਖੇਡਣਾ ਹੈ। ਇਸ ਤੋਂ ਬਾਅਦ ਟੀਮ ਸੁਪਰ 8 ਮੈਚ ਖੇਡਣ ਵੈਸਟਇੰਡੀਜ਼ ਜਾਵੇਗੀ। ਅਰਸ਼ਦੀਪ ਨੇ ਕਿਹਾ, 'ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਤੁਸੀਂ ਹਾਲਾਤਾਂ ਨੂੰ ਕਿਵੇਂ ਅਨੁਕੂਲ ਬਣਾਉਂਦੇ ਹੋ। ਜੇਕਰ ਵਿਕਟ ਗੇਂਦਬਾਜ਼ਾਂ ਦੀ ਮਦਦ ਕਰ ਰਹੀ ਹੈ ਤਾਂ ਅਸੀਂ ਸ਼ੁਰੂਆਤ 'ਚ ਵਿਕਟਾਂ ਲੈਣ ਦੀ ਕੋਸ਼ਿਸ਼ ਕਰਦੇ ਹਾਂ ਅਤੇ ਜੇਕਰ ਅਸੀਂ ਪਹਿਲਾਂ ਬੱਲੇਬਾਜ਼ੀ ਕਰਦੇ ਹਾਂ ਤਾਂ ਅਸੀਂ ਵੱਧ ਤੋਂ ਵੱਧ ਦੌੜਾਂ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਕਿ ਗੇਂਦਬਾਜ਼ਾਂ ਨੂੰ ਵੱਡੇ ਟੀਚੇ ਦਾ ਬਚਾਅ ਕਰਨਾ ਪਵੇ।
ਵੈਸਟਇੰਡੀਜ਼ ਨੇ ਜਿੱਤ ਨਾਲ ਕੀਤੀ ਸੁਪਰ 8 'ਚ ਐਂਟਰੀ, ਨਿਊਜ਼ੀਲੈਂਡ ਬਾਹਰ
NEXT STORY