ਜਕਾਰਤਾ-ਭਾਰਤ ਦੀ ਓਲੰਪਿਕ ਤਮਗਾ ਜੇਤੂ ਸ਼ਟਲਰ ਪੀ. ਵੀ. ਸਿੰਧੂ ਤੇ ਸਾਇਨਾ ਨੇਹਵਾਲ ਨੇ ਸ਼ਨੀਵਾਰ ਨੂੰ ਇੱਥੇ ਆਪਣੀ ਜੇਤੂ ਲੈਅ ਬਰਕਰਾਰ ਰੱਖਦਿਆਂ 18ਵੀਆਂ ਏਸ਼ੀਆਈ ਖੇਡਾਂ ਦੀ ਬੈਡਮਿੰਟਨ ਪ੍ਰਤੀਯੋਗਿਤਾ ਦੇ ਮਹਿਲਾ ਸਿੰਗਲਜ਼ ਦੇ ਕੁਆਰਟਰ ਫਾਈਨਲ ਵਿਚ ਪ੍ਰਵੇਸ਼ ਕਰ ਲਿਆ, ਜਦਕਿ ਹੋਰ ਭਾਰਤੀ ਖਿਡਾਰੀਆਂ ਦੀ ਚੁਣੌਤੀ ਖਤਮ ਹੋ ਗਈ ਹੈ।
ਭਾਰਤ ਨੇ ਇਨ੍ਹਾਂ ਖੇਡਾਂ ਵਿਚ ਬੈਡਮਿੰਟਨ ਵਿਚ 20 ਮੈਂਬਰੀ ਟੀਮ ਉਤਾਰੀ ਸੀ, ਜਿਨ੍ਹਾਂ ਵਿਚੋਂ ਸਿਰਫ ਸਿੰਧੂ ਤੇ ਸਾਇਨਾ ਹੀ ਕੁਆਰਟਰ ਫਾਈਨਲ ਤਕ ਪਹੁੰਚ ਸਕੀਆਂ ਹਨ। ਭਾਰਤ ਦੀਆਂ ਪੁਰਸ਼ ਤੇ ਮਹਿਲਾ ਟੀਮਾਂ ਕੁਆਰਟਰ ਫਾਈਨਲ ਵਿਚ ਹਾਰ ਗਈਆਂ।
ਤੀਜਾ ਦਰਜਾ ਪ੍ਰਾਪਤ ਸਿੰਧੂ ਨੇ ਮਹਿਲਾ ਸਿੰਗਲਜ਼ ਦੇ ਰਾਊਂਡ-16 ਮੁਕਾਬਲੇ ਵਿਚ ਇੰਡੋਨੇਸ਼ੀਆ ਦੀ ਮਰਿਸਕਾ ਗ੍ਰੇਗੋਰਿਯਾ ਤੁਨਜੁੰਗ ਨੂੰ 34 ਮਿੰਟ ਤਕ ਚੱਲੇ ਮੁਕਾਬਲੇ ਵਿਚ 21-12, 21-15 ਨਾਲ ਲਗਾਤਰਾ ਸੈੱਟਾਂ ਵਿਚ ਹਰਾ ਦਿੱਤਾ। ਇਸ ਤੋਂ ਪਹਿਲਾਂ ਵਿਸ਼ਵ ਵਿਚ 10ਵੀਂ ਰੈਂਕਿੰਗ ਦੀ ਸਾਇਨਾ ਨੇ ਵੀ ਮੇਜ਼ਬਾਨ ਦੇਸ਼ ਦੀ ਫਿਤ੍ਰਾਨੀ ਫਿਤ੍ਰਾਨੀ ਨੂੰ 2-0 ਨਾਲ ਹਰਾਇਆ ਸੀ। ਉਸ ਨੇ ਫਿਤ੍ਰਾਨੀ ਨੂੰ 31 ਮਿੰਟ ਵਿਚ ਲਗਾਤਾਰ ਸੈੱਟਾਂ ਵਿਚ 21-6, 21-14 ਨਾਲ ਆਸਾਨੀ ਨਾਲ ਹਰਾ ਦਿੱਤਾ।
ਇਨ੍ਹਾਂ ਮੈਚਾਂ ਦੌਰਾਨ ਮੇਜ਼ਬਾਨ ਖਿਡਾਰੀਆਂ ਦੇ ਸਮਰਥਕਾਂ ਨੇ ਸਟੇਡੀਅਮ ਵਿਚ ਜੰਮ ਕੇ ਰੌਲਾ ਪਾਇਆ ਪਰ ਇਸਦਾ ਭਾਰਤੀ ਖਿਡਾਰੀਆਂ ਦੀ ਇਕਾਗਰਤਾ 'ਤੇ ਕੋਈ ਅਸਰ ਨਹੀਂ ਪਿਆ ਤੇ ਉਨ੍ਹਾਂ ਨੇ ਆਸਾਨ ਜਿੱਤ ਹਾਸਲ ਕੀਤੀ।
ਏਸ਼ੀਆਈ ਖੇਡਾਂ : ਹਿਮਾ ਅਤੇ ਨਿਰਮਲਾ 400 ਮੀਟਰ ਦੇ ਫਾਈਨਲ 'ਚ
NEXT STORY