ਕਿਸਾਨਾਂ ਵੱਲੋਂ ਰਸਾਇਣਕ ਖਾਦਾਂ ਦੀ ਵਰਤੋਂ ਨੂੰ ਨਿਰਉਤਸ਼ਾਹਿਤ ਕਰਨ ਦੇ ਲਈ ਕੇਂਦਰ ਸਰਕਾਰ ਜਲਦੀ ਹੀ ‘ਪ੍ਰਾਈਮ ਮਨਿਸਟਰ ਪ੍ਰਮੋਸ਼ਨ ਆਫ ਅਲਟਰਨੇਟ ਨਿਊਟ੍ਰੀਐਂਟਸ ਐਂਡ ਐਗਰੀਕਲਚਰ ਮੈਨੇਜਮੈਂਟ’ (‘ਪ੍ਰਨਾਮ’) ਯੋਜਨਾ ਲਿਆ ਰਹੀ ਹੈ। ਇਸ ਦਾ ਮੂਲ ਮਕਸਦ ਕਿਸਾਨਾਂ ਨੂੰ ਦਿੱਤੀ ਜਾਣ ਵਾਲੀ ‘ਰਸਾਇਣਕ ਖਾਦ ਸਬਸਿਡੀ’ ਦਾ ਸਰਕਾਰ ਦਾ ਬੋਝ ਘੱਟ ਕਰਨਾ ਹੈ, ਜੋ ਇਸ ਸਾਲ ਵਧ ਕੇ 2.25 ਲੱਖ ਕਰੋੜ ਰੁਪਏ ਹੋ ਜਾਣ ਦੀ ਸੰਭਾਵਨਾ ਹੈ। ਇਹ ਰਕਮ ਬੀਤੇ ਸਾਲ ਤੋਂ 39 ਫੀਸਦੀ ਵੱਧ ਹੈ।
ਹੁਣ ਜਦਕਿ ਸਰਕਾਰ ਰਸਾਇਣਕ ਖਾਦਾਂ ’ਤੇ ਕਿਸਾਨਾਂ ਦੀ ਨਿਰਭਰਤਾ ਅਤੇ ਇਨ੍ਹਾਂ ’ਤੇ ਸਬਸਿਡੀ ’ਚ ਕਮੀ ਲਿਆਉਣ ਲਈ ਉਕਤ ਯੋਜਨਾ ਸ਼ੁਰੂ ਕਰਨ ’ਤੇ ਵਿਚਾਰ ਕਰ ਰਹੀ ਹੈ, ਮੈਂ 2 ਉੱਚ ਸਿੱਖਿਆ ਪ੍ਰਾਪਤ ਪ੍ਰਗਤੀਸ਼ੀਲ ਕਿਸਾਨਾਂ ਸ. ਅਵਤਾਰ ਸਿੰਘ ਅਤੇ ਰਿਟਾ. ਖੇਤੀ ਵਿਗਿਆਨੀ ਡਾ. ਚਮਨ ਲਾਲ ਵਸ਼ਿਸ਼ਠ ਦਾ ਵਰਨਣ ਕਰਨਾ ਚਾਹਾਂਗਾ। ਇਨ੍ਹਾਂ ਨੇ ਕੁਦਰਤੀ ਸੋਮਿਆਂ ਦੀ ਵਰਤੋਂ ਨਾਲ ਘੱਟ ਪਾਣੀ, ਘੱਟ ਬੀਜ ਅਤੇ ਘੱਟ ਖਾਦ ਦੀ ਵਰਤੋਂ ’ਤੇ ਆਧਾਰਿਤ ਪੰਜ ਤੱਤਾਂ ਅਗਨੀ, ਹਵਾ, ਪਾਣੀ, ਪ੍ਰਿਥਵੀ ਤੇ ਆਕਾਸ਼ ਨੂੰ ਬਚਾਉਣ ਵਾਲੀ ਉੱਨਤ ਤੇ ਲਾਭਦਾਇਕ ਖੇਤੀ ਦੀ ਨਵੀਂ ਰਾਹ ਕੱਢੀ ਹੈ।
ਇਸ ਤਕਨੀਕ ਨਾਲ ਉਗਾਈਆਂ ਫਸਲਾਂ ਦਿਖਾਉਣ ਦੇ ਲਈ ਪਿਛਲੇ ਲਗਭਗ 7-8 ਸਾਲਾਂ ਦੇ ਦੌਰਾਨ ਉਹ ਮੈਨੂੰ 17-18 ਵਾਰ ਪੰਜਾਬ ਅਤੇ ਹਰਿਆਣਾ ’ਚ ਇਸ ਤਕਨੀਕ ਨੂੰ ਅਪਣਾ ਕੇ ਖੇਤੀ ਕਰਨ ਵਾਲੇ ਪ੍ਰਗਤੀਸ਼ੀਲ ਕਿਸਾਨਾਂ ਦੇ ਫਾਰਮਾਂ ’ਤੇ ਲੈ ਕੇ ਗਏ। ਸ. ਅਵਤਾਰ ਸਿੰਘ ਅਤੇ ਡਾ. ਵਸ਼ਿਸ਼ਠ ਦੇ ਅਨੁਸਾਰ :
‘‘ਆਰਗੈਨਿਕ ਢੰਗ ਨਾਲ ਵਿਕਸਿਤ ਇਸ ਤਕਨੀਕ ਨਾਲ ਇਕ ਸਾਲ ’ਚ ਇਕ ਏਕੜ ’ਚ ਇਕੱਠੀਆਂ 5 ਰਵਾਇਤੀ ਤੇ ਸਬਜ਼ੀ ਦੀਆਂ ਫਸਲਾਂ ਦੀ ਚੰਗੀ ਪੈਦਾਵਾਰ ਲਈ ਜਾ ਸਕਦੀ ਹੈ। ਇਸ ਨੂੰ ‘ਕੰਸੈਪਟ ਆਫ ਕ੍ਰਾਪ ਬਾਇਓਡਾਇਵਰਸਿਟੀ ਇਨ ਐਗਰੀਕਲਚਰ’ ਕਹਿੰਦੇ ਹਨ।’’
‘‘ਇਸ ਤਕਨੀਕ ਨਾਲ ਖੇਤ ’ਚ ਇਕੱਠਿਆਂ ਗੰਨੇ ਦੇ ਨਾਲ ਟਮਾਟਰ ਤੇ ਮਟਰ, ਗੰਨੇ ਦੇ ਨਾਲ ਬੰਦਗੋਭੀ ਅਤੇ ਮਟਰ, ਗੰਨੇ ਨਾਲ ਬੈਂਗਨ ਤੇ ਮਟਰ ਤੇ ਕਪਾਹ ਨਾਲ ਗੰਨਾ ਤੇ ਖੀਰਾ ਅਤੇ ਮਾਂਹ ਬੀਜੇ ਜਾ ਰਹੇ ਹਨ। ਇਸ ਤਰ੍ਹਾਂ ਫਸਲਾਂ ਉਗਾਉਣ ’ਤੇ ਨਾ ਸਿਰਫ ਲਾਗਤ ਘੱਟ ਆਉਂਦੀ ਹੈ ਸਗੋਂ ਪਾਣੀ, ਬਿਜਲੀ, ਖਾਦਾਂ ਤੇ ਬੀਜਾਂ ਦੀ ਵੀ ਬੱਚਤ ਹੁੰਦੀ ਹੈ।’’
ਅਵਤਾਰ ਸਿੰਘ ਤੇ ਡਾ. ਵਸ਼ਿਸ਼ਠ ਨੇ ਦੱਸਿਆ ਕਿ ਪ੍ਰਾਚੀਨ ਕਾਲ ’ਚ ਵਾਤਾਵਰਣ ਮਿੱਤਰ ਉਪਾਵਾਂ ਦੇ ਅਨੁਸਾਰ ਖੇਤੀ ਕੀਤੀ ਜਾਂਦੀ ਸੀ। ਇਸ ਨਾਲ ਜੈਵਿਕ ਅਤੇ ਅਜੈਵਿਕ ਪਦਾਰਥਾਂ ’ਚ ਆਦਾਨ-ਪ੍ਰਦਾਨ ਦਾ ਚੱਕਰ ਲਗਾਤਾਰ ਚੱਲਦੇ ਰਹਿਣ ਨਾਲ ਭੂਮੀ, ਜਲ, ਵਾਯੂ ਅਤੇ ਵਾਤਾਵਰਣ ਪ੍ਰਦੂਸ਼ਿਤ ਨਾ ਹੋਣ ਨਾਲ ਲੋਕਾਂ ਦੀ ਸਿਹਤ ਲਈ ਕੋਈ ਖਤਰਾ ਪੈਦਾ ਨਹੀਂ ਹੁੰਦਾ ਸੀ ਪਰ ਅੱਜ ਖੇਤੀਬਾੜੀ ’ਚ ਵੱਖ-ਵੱਖ ਰਸਾਇਣਕ ਕੀਟਨਾਸ਼ਕਾਂ ਦੀ ਵਰਤੋਂ ਨਾਲ ਵਾਤਾਵਰਣ ਪ੍ਰਦੂਸ਼ਿਤ ਹੋ ਕੇ ਕਿਸਾਨਾਂ ਤੇ ਦੂਜੇ ਲੋਕਾਂ ਦੀ ਸਿਹਤ ਨੂੰ ਪ੍ਰਭਾਵਿਤ ਕਰ ਰਿਹਾ ਹੈ।
ਧਰਤੀ ’ਚ ਪੌਦਿਆਂ ਦੇ ਪਾਲਣ-ਪੋਸ਼ਣ ਲਈ ਜ਼ਰੂਰੀ ਪੌਸ਼ਟਿਕ ਤੱਤ ਅਤੇ ਜੈਵਿਕ ਸਮੱਗਰੀ ਮੌਜੂਦ ਹੁੰਦੀ ਹੈ। ਇਸ ਨੂੰ ਮਜ਼ਬੂਤ ਬਣਾਉਣ ਦਾ ਕੰਮ ਸੂਖਮ ਜੀਵ ਕਰਦੇ ਹਨ ਅਤੇ ਚੰਗੀ ਫਸਲ ਦੇ ਲਈ ਇਨ੍ਹਾਂ ਸੂਖਮ ਜੀਵਾਂ ਨੂੰ ਬਚਾਉਣ ਦੀ ਬੇਹੱਦ ਲੋੜ ਹੈ। ਪਾਣੀ ਦਾ ਮੁੱਖ ਸਰੋਤ ਬੱਦਲ ਹਨ। ਖੇਤੀ ਦੇ ਲਈ ਪਾਣੀ ਲਾਜ਼ਮੀ ਹੈ ਪਰ ਖੇਤਾਂ ’ਚ ਵੱਧ ਪਾਣੀ ਜ਼ਹਿਰ ਦੇ ਬਰਾਬਰ ਹੈ, ਜਦਕਿ ਨਮੀ ਅੰਮ੍ਰਿਤ ਹੈ ਅਤੇ ਫਸਲ ਨੂੰ ਪਾਣੀ ਦੀ ਨਹੀਂ ਸਿਰਫ ਨਮੀ ਦੀ ਲੋੜ ਹੁੰਦੀ ਹੈ, ਇਸ ਲਈ ਖੇਤੀ ’ਚ ਸਿੰਚਾਈ ਦੇ ਸਮੇਂ ਫਾਲਤੂ ਪਾਣੀ ਤੋਂ ਬਚਣ ਦੀ ਲੋੜ ਹੈ।
ਪੌਦਿਆਂ ਨੂੰ ਸਾਰੇ ਪੌਸ਼ਟਿਕ ਤੱਤ ਆਪਣੀਆਂ ਜੜ੍ਹਾਂ ਤੋਂ ਪ੍ਰਾਪਤ ਹੁੰਦੇ ਹਨ, ਜੋ ਪਾਣੀ ’ਚ ਘੁਲ ਕੇ ਜੜ੍ਹਾਂ ਦੇ ਰਸਤੇ ਪੌਦਿਆਂ ’ਚ ਦਾਖਲ ਹੁੰਦੇ ਹਨ ਅਤੇ ਆਪਣੀ ਜੈਵਿਕ ਕਿਰਿਆ ਜਾਰੀ ਰੱਖਣ ਲਈ ਪਾਣੀ ਦੇ ਨਾਲ-ਨਾਲ ਪੌਦੇ ਦੀਆਂ ਜੜ੍ਹਾਂ ਨੂੰ ਹਵਾ ਵੀ ਮੁਹੱਈਆ ਕਰਦੇ ਹਨ।
ਫਸਲਾਂ ਨੂੰ ਵੱਧ ਪਾਣੀ ਦੇਣ ਨਾਲ-1. ਪੌਦਿਆਂ ਦੀਆਂ ਜੜ੍ਹਾਂ ਨੂੰ ਲੋੜੀਂਦੀ ਹਵਾ ਨਹੀਂ ਮਿਲਦੀ, 2. ਸੂਖਮ ਜੀਵਾਂ ਲਈ ਹੜ੍ਹ ਵਰਗੀ ਸਥਿਤੀ ਪੈਦਾ ਹੋ ਜਾਂਦੀ ਹੈ ਅਤੇ 3. ਸੂਖਮ ਜੀਵਾਂ ਦੁਆਰਾ ਤਿਆਰ ਕੀਤਾ ਹੋਇਆ ਭੋਜਨ ਪੌਦਿਆਂ ਦੀਆਂ ਜੜ੍ਹਾਂ ਤੋਂ ਬਹੁਤ ਦੂਰ ਚਲੇ ਜਾਣ ਨਾਲ ਪੌਦੇ ਕਮਜ਼ੋਰ ਰਹਿ ਜਾਂਦੇ ਹਨ। ਇਸ ਤੋਂ ਬਚਣ ਲਈ ਧਿਆਨ ਰੱਖੀਏ ਕਿ ਪਾਣੀ ਕਦੇ ਵੀ ਪੌਦੇ ਦੇ ਤਣੇ ਨੂੰ ਸਪਰਸ਼ ਨਾ ਕਰੇ। ਇਸ ਦੇ ਲਈ ਖੇਤੀ ‘ਬੈੱਡ’ ਬਣਾ ਕੇ ਕਰੋ ਅਤੇ ਪਾਣੀ ਸਿਰਫ ਹੇਠਾਂ ਵਾਲੇ ਹਿੱਸੇ ’ਚ ਖਾਲਾਂ ਦੇ ਰਾਹੀਂ ਕੇਸ਼ਿਕਾ ਕਿਰਿਆ ਦੁਆਰਾ ਹੀ ਦਿਓ।
ਇਸ ਨਾਲ ਸੂਖਮ ਜੀਵਾਂ ਦਾ ਬੈੱਡਾਂ ਵੱਲ ਵਧਣਾ ਯਕੀਨੀ ਹੋ ਜਾਂਦਾ ਹੈ। ਸੂਖਮ ਜੀਵਾਂ ਦੁਆਰਾ ਤਿਆਰ ਸਾਰਾ ਭੋਜਨ ਪੌਦਿਆਂ ਨੂੰ ਹੀ ਮਿਲਣ ਨਾਲ ਭੂਮੀ ਉਪਜਾਊ ਬਣਦੀ ਹੈ ਤੇ ਕਿਸੇ ਤਰ੍ਹਾਂ ਦੀਆਂ ਰਸਾਇਣਕ ਖਾਦਾਂ ਦੀ ਲੋੜ ਹੀ ਨਹੀਂ ਪੈਂਦੀ। ਅੱਜ ਦੇ ਦੌਰ ’ਚ ਜਦੋਂ ਵਧੇ ਹੋਏ ਖਰਚਿਆਂ ਅਤੇ ਸਿਰ ’ਤੇ ਚੜ੍ਹੇ ਕਰਜ਼ੇ ਕਾਰਨ ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ, ਇਨ੍ਹਾਂ ਦੇ ਦੱਸੇ ਹੋਏ 5 ਤੱਤਾਂ ’ਤੇ ਆਧਾਰਿਤ ਖੇਤੀ ਅਪਣਾਉਣ ਨਾਲ ਯਕੀਨਨ ਹੀ ਕਿਸਾਨਾਂ ਨੂੰ ਆਪਣੇ ਖਰਚ ਘਟਾਉਣ ਤੇ ਆਮਦਨ ਵਧਾਉਣ ’ਚ ਸਹਾਇਤਾ ਮਿਲ ਸਕਦੀ ਹੈ।
ਇਨ੍ਹਾਂ ਨੇ ਆਪਣੀਆਂ ਪ੍ਰਾਪਤੀਆਂ ਦੇ ਆਧਾਰ ’ਤੇ ਇਕ ‘ਐਫੀਡੇਵਿਟ’ ਤਿਆਰ ਕੀਤਾ ਹੈ, ਜਿਸ ਵਿਚ ਦਾਅਵਾ ਕੀਤਾ ਗਿਆ ਹੈ ਕਿ ਇਸ ਵਿਧੀ ਨੂੰ ਅਪਣਾਉਣ ਨਾਲ ਕਿਸਾਨਾਂ ਦੀ ਆਰਥਿਕਤਾ ਮਜ਼ਬੂਤ ਹੋਵੇਗੀ, ਪਹਿਲੇ ਸਾਲ ਤੋਂ ਹੀ ਰਸਾਇਣਕ ਖਾਦਾਂ ਦੀ ਵਰਤੋਂ ’ਚ 50 ਫੀਸਦੀ ਕਮੀ ਆ ਜਾਵੇਗੀ, ਸਵੈ-ਰੋਜ਼ਗਾਰ ਦੇ ਮੌਕੇ ਪੈਦਾ ਹੋਣਗੇ, ਲੋਕਾਂ ਨੂੰ ਪੌਸ਼ਟਿਕ ਭੋਜਨ ਪ੍ਰਾਪਤ ਹੋਵੇਗਾ, ਕੀਟਨਾਸ਼ਕਾਂ ਦੀ ਵਰਤੋਂ ਅੱਧੀ ਰਹਿ ਜਾਵੇਗੀ, ਜ਼ਮੀਨ ਦੇ ਪਾਣੀ ਦਾ ਪੱਧਰ ਉਪਰ ਉੱਠੇਗਾ ਅਤੇ ਬੀਜਾਂ ਦੀ ਬੱਚਤ ਹੋਵੇਗੀ।
ਇਸ ਲਈ ਕੇਂਦਰ ਸਰਕਾਰ ਅਤੇ ਵੱਖ-ਵੱਖ ਸੂਬਿਆਂ ਦੀਆਂ ਸਰਕਾਰਾਂ ਨੂੰ ਇਸ ਵਿਸ਼ੇ ’ਚ ਸ. ਅਵਤਾਰ ਸਿੰਘ ਅਤੇ ਡਾ. ਚਮਨ ਲਾਲ ਵਸ਼ਿਸ਼ਠ ਵਰਗੇ ਖੇਤੀਬਾੜੀ ਮਾਹਿਰਾਂ ਦੀ ਸਹਾਇਤਾ ਨਾਲ ਆਰਗੈਨਿਕ ਖੇਤੀ ਨੂੰ ਹੁੰਗਾਰਾ ਦੇਣ ਅਤੇ ਰਸਾਇਣਕ ਖਾਦਾਂ ਦੀ ਵਰਤੋਂ ਘਟਾਉਣ ਦੀ ਮੁਹਿੰਮ ਚਲਾਉਣੀ ਚਾਹੀਦੀ ਹੈ। ਇਸ ਨਾਲ ਕਿਸਾਨਾਂ ਨੂੰ ਵੀ ਲਾਭ ਹੋਵੇਗਾ ਅਤੇ ਦੇਸ਼ ਨੂੰ ਵੀ।
-ਵਿਜੇ ਕੁਮਾਰ
ਦੇਸ਼ 'ਚ ਫਿਰਕੂਪੁਣੇ ਨੂੰ ਸ਼ੀਸ਼ਾ ਦਿਖਾਉਂਦੇ ਭਾਈਚਾਰੇ ਦੀਆਂ ਕੁਝ ਮਿਸਾਲੀ ਉਦਾਹਰਣਾਂ
NEXT STORY