ਲੰਮੇ ਸਮੇਂ ਤੋਂ ਲਟਕਦੇ ਆ ਰਹੇ ਮਰਾਠਾ ਰਾਖਵਾਂਕਰਨ ਦਾ ਮੁੱਦਾ 23 ਜੁਲਾਈ, 2023 ਨੂੰ ਔਰੰਗਾਬਾਦ ’ਚ ਇਕ ਨੌਜਵਾਨ ਵਲੋਂ ਆਤਮਹੱਤਿਆ ਪਿੱਛੋਂ ਅਚਾਨਕ ‘ਮਨੋਜ ਜਰਾਂਗੇ’ ਦੀ ਅਗਵਾਈ ’ਚ ਭੜਕ ਉੱਠਿਆ, ਜੋ ਛੇਤੀ ਹੀ ਸਮੁੱਚੇ ਸੂਬੇ ’ਚ ਫੈਲ ਗਿਆ ਅਤੇ ਹਿੰਸਕ ਵਿਖਾਵਿਆਂ ’ਚ ਕਈ ਪੁਲਿਸ ਮੁਲਾਜ਼ਮਾਂ ਸਮੇਤ ਅਨੇਕਾਂ ਲੋਕਾਂ ਦੀ ਮੌਤ ਹੋ ਗਈ।
ਛਿੰਦੇ ਸਰਕਾਰ ਵਲੋਂ 2 ਨਵੰਬਰ, 2023 ਨੂੰ ਮਰਾਠਾ ਮੰਗਾਂ ’ਤੇ ਹਮਦਰਦੀ ਨਾਲ ਵਿਚਾਰ ਕਰਨ ਦਾ ਭਰੋਸਾ ਦੇਣ ਪਿੱਛੋਂ ‘ਮਨੋਜ ਜਰਾਂਗੇ’ ਨੇ ਆਪਣੀ 9 ਦਿਨਾਂ ਤੋਂ ਜਾਰੀ ਅਣਮਿੱਥੇ ਸਮੇਂ ਦੀ ਭੁੱਖ ਹੜਤਾਲ ਇਸ ਚਿਤਾਵਨੀ ਨਾਲ ਖਤਮ ਕਰ ਦਿੱਤੀ ਕਿ ਜੇ 24 ਦਸੰਬਰ, 2023 ਤੱਕ ਮੰਗਾਂ ਪੂਰੀਆਂ ਨਾ ਹੋਈਆਂ ਤਾਂ ਉਹ ਦੁਬਾਰਾ ਅੰਦੋਲਨ ਸ਼ੁਰੂ ਕਰ ਦੇਣਗੇ।
ਛਿੰਦੇ ਸਰਕਾਰ ਵਲੋਂ ਅਜਿਹਾ ਨਾ ਕਰਨ ’ਤੇ ‘ਮਨੋਜ ਜਰਾਂਗੇ’ ਆਪਣੇ ਹਜ਼ਾਰਾਂ ਹਮਾਇਤੀਆਂ ਨਾਲ ਪਦ ਯਾਤਰਾ ਕਰਦੇ ਹੋਏ 20 ਜਨਵਰੀ, 2024 ਨੂੰ ਜਾਲਨਾ ਸ਼ਹਿਰ ਤੋਂ ਨਿੱਕਲ ਪਏ ਅਤੇ 26 ਜਨਵਰੀ, 2024 ਨੂੰ ਵਾਸ਼ੀ ਸ਼ਹਿਰ ਪੁੱਜ ਕੇ ਫਿਰ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ।
ਇਸ ਦਰਮਿਆਨ ਉਨ੍ਹਾਂ ਨੇ ਕਿਹਾ ਕਿ ਸਰਕਾਰ 27 ਜਨਵਰੀ ਸ਼ਾਮ ਤੱਕ ਉਨ੍ਹਾਂ ਦੀਆਂ ਮੰਗਾਂ ’ਤੇ ਫੈਸਲਾ ਲਵੇ। ਉਹ ਰਾਖਵਾਂਕਰਨ ਲਈ ਆਪਣੀ ਜਾਨ ਤੱਕ ਦੇਣ ਲਈ ਤਿਆਰ ਹਨ ਅਤੇ ਬਿਨਾਂ ਰਾਖਵਾਂਕਰਨ ਦੇ ਇੱਥੋਂ ਵਾਪਸ ਨਹੀਂ ਜਾਣਗੇ।
ਉਕਤ ਚਿਤਾਵਨੀ ਪਿੱਛੋਂ ਮਹਾਰਾਸ਼ਟਰ ਸਰਕਾਰ ਵਲੋਂ ਉਨ੍ਹਾਂ ਦੀਆਂ ਮੰਗਾਂ ਸਵੀਕਾਰ ਕਰ ਕੇ ਮਰਾਠਾ ਰਾਖਵਾਂਕਰਨ ਬਾਰੇ ਸੋਧਿਆ ਨੋਟੀਫਿਕੇਸ਼ਨ ਜਾਰੀ ਕਰਨ ਪਿੱਛੋਂ ਹਾਲਾਂਕਿ 27 ਜਨਵਰੀ, 2024 ਨੂੰ ‘ਮਨੋਜ ਜਰਾਂਗੇ’ ਨੇ ਆਪਣਾ ਅੰਦੋਲਨ ਖਤਮ ਕਰਨ ਦਾ ਐਲਾਨ ਕਰ ਦਿੱਤਾ ਸੀ ਪਰ ਜਾਲਨਾ ਸ਼ਹਿਰ ਵਾਪਸ ਪੁੱਜਣ ਪਿੱਛੋਂ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦਾ ਅੰਦੋਲਨ ਅਜੇ ਖਤਮ ਨਹੀਂ ਹੋਇਆ ਸਗੋਂ ਮੁਲਤਵੀ ਕਰ ਦਿੱਤਾ ਗਿਆ ਹੈ।
ਉਨ੍ਹਾਂ ਨੇ ਕਿਹਾ ਕਿ ਇਹ ਨੋਟੀਫਿਕੇਸ਼ਨ ਜਦ ਤੱਕ ਕਾਨੂੰਨ ’ਚ ਬਦਲ ਨਹੀਂ ਜਾਂਦਾ ਅਤੇ ਉਸ ਕਾਨੂੰਨ ਦੇ ਤਹਿਤ ਮਰਾਠਾ ਰਾਖਵਾਂਕਰਨ ਦਾ ਲਾਭ ਮਿਲਣਾ ਸ਼ੁਰੂ ਨਹੀਂ ਹੁੰਦਾ, ਤਦ ਤੱਕ ਮਰਾਠਾ ਅੰਦੋਲਨ ਇਸੇ ਤਰ੍ਹਾਂ ਜਾਰੀ ਰਹੇਗਾ। ਇਸ ਲਈ ਸਰਕਾਰ ਨੂੰ ਛੇਤੀ ਕਾਨੂੰਨ ਬਣਾ ਕੇ ਇਸ ਸਮੱਸਿਆ ਨੂੰ ਪੱਕੇ ਤੌਰ ’ਤੇ ਹੱਲ ਕਰ ਦੇਣਾ ਚਾਹੀਦਾ ਹੈ।
- ਵਿਜੇ ਕੁਮਾਰ
ਵਿਦਿਆਰਥੀ ਸੰਗਠਨ ਵੱਲੋਂ ਵਿਖਾਵੇ ਵਿਰੁੱਧ ਕੇਰਲ ਦੇ ‘ਰਾਜਪਾਲ ਦਾ ਧਰਨਾ’
NEXT STORY