2016 ਦੀਆਂ ਰਾਸ਼ਟਰਪਤੀ ਚੋਣਾਂ 'ਚ 40 ਫੀਸਦੀ ਅਮਰੀਕੀਆਂ ਨੇ ਰੂਸੀਆਂ ਵਲੋਂ ਘੜੀਆਂ ਗਈਆਂ ਵੰਡ-ਪਾਊ ਅਤੇ ਨਸਲਵਾਦੀ ਖ਼ਬਰਾਂ ਨੂੰ ਪੜ੍ਹਿਆ ਅਤੇ ਅੱਗੇ ਵੱਖ-ਵੱਖ ਸੋਸ਼ਲ ਮੀਡੀਆ 'ਤੇ ਇਨ੍ਹਾਂ ਨੂੰ ਫੈਲਾਇਆ ਪਰ ਭਾਰਤ ਵਿਚ ਇਸ ਦਾ ਭਿਆਨਕ ਰੂਪ ਉੱਭਰ ਕੇ ਸਾਹਮਣੇ ਆਇਆ।
ਇਸ ਸਾਲ ਅਪ੍ਰੈਲ ਤੋਂ ਲੈ ਕੇ ਹੁਣ ਤਕ ਦੇਸ਼ 'ਚ ਘੱਟੋ-ਘੱਟ 18 ਲੋਕਾਂ ਦੀ ਹੱਤਿਆ ਵ੍ਹਟਸਐਪ 'ਤੇ ਫੈਲੀਆਂ ਅਫਵਾਹਾਂ ਕਾਰਨ ਹੋਈ ਹੈ। ਪੁਲਸ ਦਾ ਕਹਿਣਾ ਹੈ ਕਿ ਇਨ੍ਹਾਂ ਸਾਰੇ ਮਾਮਲਿਆਂ 'ਚ ਅਫਵਾਹਾਂ ਵ੍ਹਟਸਐਪ ਦੇ ਜ਼ਰੀਏ ਹੀ ਫੈਲੀਆਂ ਸਨ।
ਜਾਂਚ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਅਕਸਰ ਲੋਕ ਝੂਠੇ ਸੰਦੇਸ਼ਾਂ ਅਤੇ ਜਾਅਲੀ ਵੀਡੀਓਜ਼ ਤੇ ਫੋਟੋਜ਼ ਨੂੰ ਵੱਡੇ ਗਰੁੱਪਾਂ ਨੂੰ ਫਾਰਵਰਡ ਕਰ ਦਿੰਦੇ ਹਨ, ਜਿਨ੍ਹਾਂ 'ਚੋਂ ਕੁਝ ਦੇ ਮੈਂਬਰਾਂ ਦੀ ਗਿਣਤੀ 100 ਤੋਂ ਵੀ ਵੱਧ ਹੁੰਦੀ ਹੈ।
ਭੀੜ ਵਲੋਂ ਕੀਤੀਆਂ ਗਈਆਂ ਹੱਤਿਆਵਾਂ ਦੇ ਅਜਿਹੇ ਮਾਮਲਿਆਂ 'ਚ ਅਣਜਾਣ ਲੋਕਾਂ 'ਤੇ ਹਮਲਾ ਕਰਨ ਲਈ ਹਿੰਸਕ ਭੀੜ ਤੇਜ਼ੀ ਨਾਲ ਜਮ੍ਹਾ ਹੁੰਦੀ ਹੈ ਅਤੇ ਪੁਲਸ ਨੂੰ ਵੱਡੀ ਭੀੜ ਨੂੰ ਸਮਝਾਉਣ ਤੇ ਉਨ੍ਹਾਂ ਦੇ ਚੁੰਗਲ 'ਚੋਂ ਨਿਰਦੋਸ਼ ਲੋਕਾਂ ਨੂੰ ਬਚਾਉਣ ਲਈ ਉਚਿਤ ਸਮਾਂ ਹੀ ਨਹੀਂ ਮਿਲਦਾ।
ਹਾਲ ਹੀ ਦੀ ਇਕ ਅਜਿਹੀ ਘਟਨਾ 'ਚ 13 ਜੁਲਾਈ ਨੂੰ 32 ਸਾਲਾ ਇਕ ਸਾਫਟਵੇਅਰ ਇੰਜੀਨੀਅਰ ਮੁਹੰਮਦ ਆਜ਼ਮ ਅਜਿਹੀ ਹੀ ਇਕ ਭੜਕੀ ਭੀੜ ਦਾ ਸ਼ਿਕਾਰ ਹੋਇਆ, ਜੋ ਆਪਣੇ 2 ਦੋਸਤਾਂ ਨਾਲ ਦੱਖਣੀ ਕਰਨਾਟਕ ਦੇ ਇਕ ਪਿੰਡ ਹਾਂਡੀਕੇਰਾ 'ਚ ਰਿਸ਼ਤੇਦਾਰਾਂ ਨੂੰ ਮਿਲਣ ਕਾਰ 'ਚ ਜਾ ਰਿਹਾ ਸੀ। ਰਸਤੇ 'ਚ ਸਕੂਲ ਤੋਂ ਪਰਤ ਰਹੇ ਸਕੂਲੀ ਬੱਚਿਆਂ ਲਈ ਚੱਲਦੀ ਕਾਰ 'ਚੋਂ ਚਾਕਲੇਟ ਸੁੱਟਣ ਤੋਂ ਬਾਅਦ ਉਹ ਸੁਸਤਾਉਣ ਲਈ ਇਲਾਕੇ 'ਚ ਇਕ ਝੀਲ ਦੇ ਕੰਢੇ ਰੁਕ ਗਏ ਸਨ।
ਇਸੇ ਦੌਰਾਨ ਪਿੰਡ ਦੇ ਲੋਕਾਂ ਦੀ ਭੀੜ ਨੇ ਉਥੇ ਪਹੁੰਚ ਕੇ ਉਨ੍ਹਾਂ ਨੂੰ ਘੇਰ ਲਿਆ ਅਤੇ ਉਨ੍ਹਾਂ ਨੂੰ ਬੱਚਾ ਚੋਰੀ ਕਰਨ ਵਾਲੇ ਕਹਿ ਕੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ। ਕਿਸੇ ਤਰ੍ਹਾਂ ਉਥੋਂ ਜਾਨ ਬਚਾ ਕੇ ਆਪਣੀ ਕਾਰ ਵਿਚ ਨਿਕਲੇ ਤਾਂ ਭੀੜ 'ਚੋਂ ਕਿਸੇ ਨੇ ਅਗਲੇ ਪਿੰਡ ਵਿਚ ਆਪਣੇ ਦੋਸਤਾਂ ਨੂੰ ਸੂਚਿਤ ਕਰ ਦਿੱਤਾ ਕਿ ਬੱਚਾ ਚੋਰੀ ਕਰਨ ਵਾਲੇ ਲਾਲ ਰੰਗ ਦੀ ਕਾਰ 'ਚ ਉਨ੍ਹਾਂ ਵੱਲ ਹੀ ਆ ਰਹੇ ਹਨ।
ਪਿੰਡ ਵਾਲਿਆਂ ਨੇ ਸੜਕ ਬੰਦ ਕਰ ਦਿੱਤੀ ਤੇ ਤੇਜ਼ੀ ਨਾਲ ਆ ਰਹੀ ਉਨ੍ਹਾਂ ਦੀ ਕਾਰ ਰਸਤਾ ਰੋਕਣ ਲਈ ਉਥੇ ਰੱਖੀਆਂ ਰੁਕਾਵਟਾਂ ਨਾਲ ਟਕਰਾ ਕੇ ਪਲਟ ਗਈ ਤੇ ਤਰ੍ਹਾਂ-ਤਰ੍ਹਾਂ ਦੇ ਹਥਿਆਰਾਂ ਨਾਲ ਲੈਸ ਹਿੰਸਕ ਭੀੜ ਨੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ।
ਮੌਕੇ 'ਤੇ ਪਹੁੰਚੇ ਕੁਝ ਪੁਲਸ ਵਾਲਿਆਂ ਨੇ ਕਿਸੇ ਤਰ੍ਹਾਂ ਉਨ੍ਹਾਂ 'ਚੋਂ 2 ਵਿਅਕਤੀਆਂ ਨੂੰ ਬਚਾ ਲਿਆ ਪਰ ਉਹ ਮੁਹੰਮਦ ਆਜ਼ਮ ਨੂੰ ਨਹੀਂ ਬਚਾ ਸਕੇ। ਇਹੀ ਨਹੀਂ, ਉਥੇ ਪਹੁੰਚੇ ਪੁਲਸ ਵਾਲੇ ਵੀ ਹਿੰਸਕ ਭੀੜ ਦੇ ਗੁੱਸੇ ਤੋਂ ਬਚ ਨਾ ਸਕੇ ਤੇ ਇਕ ਕਾਂਸਟੇਬਲ ਦੇ ਪੈਰ ਦੀਆਂ ਤਾਂ ਕਈ ਹੱਡੀਆਂ ਹੀ ਤੋੜ ਦਿੱਤੀਆਂ।
ਪੰਜ ਗੱਡੀਆਂ 'ਚ ਭਾਰੀ ਪੁਲਸ ਬਲ ਦੇ ਪਹੁੰਚਣ ਤੋਂ ਬਾਅਦ ਹੀ ਉਥੇ ਮੌਜੂਦ ਕਰੀਬ 1000 ਲੋਕਾਂ ਦੀ ਭੀੜ ਖਿੰਡੀ। ਹਾਲਾਂਕਿ ਜ਼ਿਆਦਾਤਰ ਮਾਮਲਿਆਂ ਵਿਚ ਤਾਂ ਪੁਲਸ ਮੌਕੇ 'ਤੇ ਨਹੀਂ ਪਹੁੰਚਦੀ।
ਵ੍ਹਟਸਐਪ ਨੇ ਇਸੇ ਮਹੀਨੇ ਤੋਂ ਆਪਣੀ ਪਹਿਲ ਦੇ ਅਧੀਨ ਇਕ ਖਾਸ ਬਦਲਾਅ ਕੀਤਾ ਹੈ।
ਵਿਸ਼ਵ ਦੇ ਹੋਰਨਾਂ ਹਿੱਸਿਆਂ ਵਿਚ ਜਿਥੇ ਹੁਣ ਕਿਸੇ ਵੀ ਸੰਦੇਸ਼ ਨੂੰ ਨਾਲੋ-ਨਾਲ 20 ਤੋਂ ਵੱਧ ਲੋਕਾਂ ਨੂੰ ਫਾਰਵਰਡ ਨਹੀਂ ਕੀਤਾ ਜਾ ਸਕੇਗਾ, ਉਥੇ ਹੀ ਭਾਰਤ ਵਿਚ ਉਸ ਨੂੰ ਸਿਰਫ 5 ਲੋਕਾਂ ਨੂੰ ਹੀ ਨਾਲ-ਨਾਲ ਫਾਰਵਰਡ ਕੀਤਾ ਜਾ ਸਕਦਾ ਹੈ।
ਵ੍ਹਟਸਐਪ ਨੇ ਆਡੀਓ, ਵੀਡੀਓ ਅਤੇ ਫੋਟੋਜ਼ ਤੋਂ 'ਕੁਇੱਕ ਫਾਰਵਰਡ' ਬਟਨ ਨੂੰ ਵੀ ਹਟਾ ਦਿੱਤਾ ਹੈ, ਨਾਲ ਹੀ ਫਾਰਵਰਡ ਹੋਏ ਮੈਸੇਜ 'ਤੇ ਲਿਖਿਆ ਨਜ਼ਰ ਆਉਣ ਲੱਗਾ ਹੈ ਕਿ ਉਹ ਓਰਿਜਨਲ ਨਹੀਂ, ਫਾਰਵਰਡ ਕੀਤਾ ਗਿਆ ਮੈਸੇਜ ਹੈ।
ਹਾਲਾਂਕਿ ਵ੍ਹਟਸਐਪ ਦੇ ਇਨ੍ਹਾਂ ਕਦਮਾਂ ਦਾ ਮਕਸਦ ਲੋਕਾਂ ਨੂੰ ਜਾਣਕਾਰੀ ਸ਼ੇਅਰ ਕਰਨ ਤੋਂ ਰੋਕਣਾ ਨਹੀਂ, ਸਗੋਂ ਇਹ ਸੋਚਣ ਦਾ ਮੌਕਾ ਦੇਣਾ ਹੈ ਕਿ ਉਹ ਕੀ ਸ਼ੇਅਰ ਕਰ ਰਹੇ ਹਨ? ਉਹ ਅਜਿਹਾ ਕਰ ਸਕਦੇ ਹਨ ਕਿਉਂਕਿ ਵ੍ਹਟਸਐਪ ਸੇਵਾਵਾਂ ਕਮਾਈ ਲਈ ਐਡਸ 'ਤੇ ਨਿਰਭਰ ਨਹੀਂ ਹਨ ਪਰ ਫੇਸਬੁੱਕ ਅਤੇ ਟਵਿਟਰ ਵਰਗੀਆਂ ਸਹੂਲਤਾਂ, ਜੋ ਐਡਸ ਨਾਲ ਪੈਸੇ ਬਣਾਉਂਦੀਆਂ ਹਨ, ਉਨ੍ਹਾਂ 'ਤੇ ਰੋਕ ਲਾਉਣਾ ਮੁਸ਼ਕਿਲ ਹੋਵੇਗਾ।
ਧਿਆਨ ਦੇਣ ਵਾਲੀ ਗੱਲ ਹੈ ਕਿ ਅੱਜ ਕਰੀਬ ਅੱਧੀ ਦੁਨੀਆ ਇੰਟਰਨੈੱਟ ਦੀ ਵਰਤੋਂ ਕਰ ਰਹੀ ਹੈ। ਆਨਲਾਈਨ ਹੋਣ ਵਾਲੇ ਅਗਲੇ ਕਰੋੜਾਂ ਲੋਕ ਹੇਠਲੇ ਵਰਗ ਨਾਲ ਸਬੰਧਤ ਹੋਣਗੇ ਅਤੇ ਉਨ੍ਹਾਂ ਵਿਚ ਜਾਗਰੂਕਤਾ ਦੀ ਵੀ ਘਾਟ ਹੋਵੇਗੀ, ਜਿਨ੍ਹਾਂ ਦੇ ਅਫਵਾਹਾਂ ਅਤੇ ਗਲਤ ਜਾਣਕਾਰੀ 'ਚ ਫਸਣ ਦੀਆਂ ਸੰਭਾਵਨਾਵਾਂ ਵੀ ਕਾਫੀ ਜ਼ਿਆਦਾ ਬਣੀਆਂ ਰਹਿਣਗੀਆਂ।
ਇੰਟਰਨੈੱਟ 'ਤੇ ਚੀਜ਼ਾਂ ਨੂੰ ਵਾਇਰਲ ਕਰਨ ਦੀ ਭੁੱਖ ਕਾਰਨ ਵੀ ਕਈ ਤਰ੍ਹਾਂ ਦੀਆਂ ਅਫਵਾਹਾਂ ਨੂੰ ਉਤਸ਼ਾਹ ਮਿਲ ਰਿਹਾ ਹੈ, ਜਿਸ 'ਤੇ ਲਗਾਮ ਲਾਉਣ ਦੀ ਲੋੜ ਹੈ।
ਜ਼ਾਹਿਰ ਹੈ ਕਿ ਅਫਵਾਹਾਂ ਕਾਰਨ ਹੋਣ ਵਾਲੀਆਂ ਹੱਤਿਆਵਾਂ ਵਿਚਾਲੇ ਵ੍ਹਟਸਐਪ ਵਲੋਂ ਚੁੱਕੇ ਗਏ ਇਹ ਕਦਮ ਨਾਕਾਫੀ ਹਨ। ਸਰਕਾਰ ਨੂੰ ਵੀ ਇਸ ਗੰਭੀਰ ਸਮੱਸਿਆ ਨਾਲ ਨਜਿੱਠਣ ਲਈ ਸਖਤ ਕਦਮ ਚੁੱਕਣੇ ਪੈਣਗੇ। ਪੇਂਡੂ ਇਲਾਕਿਆਂ ਵਿਚ ਜਾਗਰੂਕਤਾ ਮੁਹਿੰਮ ਚਲਾਏ ਜਾਣ ਦੀ ਗੱਲ ਕੀਤੀ ਜਾ ਰਹੀ ਹੈ ਪਰ ਅਜਿਹਾ ਵੱਡੀ ਪੱਧਰ 'ਤੇ ਕਰਨਾ ਪਵੇਗਾ, ਤਾਂ ਕਿ ਵੱਧ ਤੋਂ ਵੱਧ ਲੋਕਾਂ ਨੂੰ ਅਫਵਾਹਾਂ ਪ੍ਰਤੀ ਜਾਗਰੂਕ ਕੀਤਾ ਜਾ ਸਕੇ। ਇਸ ਸਬੰਧ 'ਚ ਸਰਕਾਰ ਨੂੰ ਸਖਤੀ ਨਾਲ ਕਾਨੂੰਨ ਲਾਗੂ ਕਰਨੇ ਪੈਣਗੇ।
ਹੁਣ 'ਪਾਸਵਾਨ ਦੀ ਲੋਕ ਜਨਸ਼ਕਤੀ ਪਾਰਟੀ' ਨੇ ਭਾਜਪਾ ਲੀਡਰਸ਼ਿਪ ਨੂੰ 'ਦਿਖਾਈਆਂ ਅੱਖਾਂ'
NEXT STORY