ਭਾਰਤੀ ਅਦਾਲਤ ਕੰਪਲੈਕਸਾਂ ਅਤੇ ਉਨ੍ਹਾਂ ਦੇ ਨੇੇੜੇ-ਤੇੜੇ ਪਿਛਲੇ ਕੁਝ ਸਮੇਂ ਤੋਂ ਅਪਰਾਧੀ ਗਿਰੋਹਾਂ ਅਤੇ ਹੋਰ ਗੈਰ-ਸਮਾਜਿਕ ਤੱਤਾਂ ਵੱਲੋਂ ਗੋਲੀਬਾਰੀ ਅਤੇ ਹਿੰਸਕ ਘਟਨਾਵਾਂ ਵਾਪਰੀਆਂ ਹਨ।
ਇਸੇ ਸਾਲ 28 ਮਾਰਚ ਨੂੰ ਬਿਹਾਰ ਦੇ ਸਹਿਰਸਾ ਜ਼ਿਲੇ ’ਚ ਅਦਾਲਤ ਕੰਪਲੈਕਸ ਦੇ ਅੰਦਰ ਪੁਲਸ ਦੀ ਮੌਜੂਦਗੀ ’ਚ ਇਕ ਵਿਅਕਤੀ ਦੀ ਗੋਲੀ ਮਾਰ ਕੇ ਹੱਤਿਆ ਕਰਨ ਤੋਂ ਬਾਅਦ ਬਦਮਾਸ਼ ਬੇਧੜਕ ਗੋਲੀਆਂ ਚਲਾਉਂਦੇ ਹੋਏ ਫਰਾਰ ਹੋ ਗਏ, ਜਦਕਿ ਅਗਲੇ ਹੀ ਦਿਨ 29 ਮਾਰਚ ਨੂੰ ਝਾਰਖੰਡ ’ਚ ਜਮਸ਼ੇਦਪੁਰ ਦੀ ਅਦਾਲਤ ’ਚ ਗੋਲੀ ਚੱਲੀ।
ਅਤੇ ਹੁਣ 21 ਅਪ੍ਰੈਲ ਨੂੰ ਦੱਖਣੀ ਦਿੱਲੀ ਇਲਾਕੇ ਦੇ ਸਾਕੇਤ ਕੋਰਟ ਕੰਪਲੈਕਸ ਦੇ ਰੂਮ ਨੰਬਰ 3 ਦੇ ਬਾਹਰ ਸਵੇਰੇ 10.30 ਵਜੇ ਦੇ ਲਗਭਗ ਐੱਮ. ਰਾਧਾ ਨਾਮਕ ਇਕ ਔਰਤ ਨੂੰ ਗੋਲੀ ਮਾਰ ਦਿੱਤੇ ਜਾਣ ਨਾਲ ਉਹ ਗੰਭੀਰ ਰੂਪ ’ਚ ਜ਼ਖਮੀ ਹੋ ਕੇ ਜ਼ਮੀਨ ’ਤੇ ਡਿੱਗ ਪਈ। ਇਕ ਗੋਲੀ ਉਕਤ ਔਰਤ ਦੇ ਪੇਟ ’ਚ ਅਤੇ ਦੂਜੀ ਹੱਥ ’ਚ ਲੱਗੀ। ਇਸ ਘਟਨਾ ’ਚ ਇਕ ਵਕੀਲ ਵੀ ਜ਼ਖਮੀ ਹੋਇਆ ਹੈ।
ਗੋਲੀ ਮਾਰਨ ਵਾਲਾ ਔਰਤ ਦਾ ਪਤੀ ਦੱਸਿਆ ਜਾਂਦਾ ਹੈ ਜੋ ਸਾਕੇਤ ਦੀ ਬਾਰ ਐਸੋਸੀਏਸ਼ਨ ਵੱਲੋਂ ਮੁਅੱਤਲ ਵਕੀਲ ਹੈ। ਹਮਲੇ ਦੇ ਸਮੇਂ ਉਹ ਵਕੀਲ ਦੇ ਭੇਸ ’ਚ ਹੀ ਅਦਾਲਤ ’ਚ ਹਥਿਆਰ ਦੇ ਨਾਲ ਦਾਖਲ ਹੋਇਆ ਸੀ।
ਦਿੱਲੀ ਪੁਲਸ ਦੀ ਕ੍ਰਾਈਮ ਬ੍ਰਾਂਚ ਦੀ ਇਕ ਟੀਮ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ। ਦੱਸਿਆ ਜਾਂਦਾ ਹੈ ਕਿ ਦੋਸ਼ੀ ਨੇ ਉਕਤ ਔਰਤ ਅਤੇ ਇਕ ਵਕੀਲ ਦੇ ਵਿਰੁੱਧ 25 ਲੱਖ ਰੁਪਏ ਦੀ ਧੋਖਾਦੇਹੀ ਕਰਨ ਦਾ ਮਾਮਲਾ ਦਰਜ ਕਰਵਾਇਆ ਸੀ ਜਿਸ ਦੀ ਅਦਾਲਤ ’ਚ ਸ਼ੁੱਕਰਵਾਰ ਨੂੰ ਸੁਣਵਾਈ ਹੋਣੀ ਸੀ।
ਸਾਕੇਤ ਕੋਰਟ ਬਾਰ ਐਸੋਸੀਏਸ਼ਨ ਦੇ ਮੁਖੀ ਵਿਨੋਦ ਸ਼ਰਮਾ ਨੇ ਘਟਨਾ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਕਿਸੇ ਵੀ ਵਿਅਕਤੀ ਨੂੰ ਕਾਨੂੰਨ ਆਪਣੇ ਹੱਥ ’ਚ ਨਹੀਂ ਲੈਣਾ ਚਾਹੀਦਾ।
ਵਕੀਲਾਂ ਦੇ ਰੂਪ ’ਚ ਅਦਾਲਤ ’ਚ ਆ ਕੇ ਗੋਲੀ ਚਲਾਉਣ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ। ਇਸ ਤੋਂ ਪਹਿਲਾਂ 24 ਸਤੰਬਰ, 2021 ਨੂੰ ਦਿੱਲੀ ਦੀ ਰੋਹਿਣੀ ਅਦਾਲਤ ’ਚ ਵਕੀਲਾਂ ਦੇ ਭੇਸ ’ਚ ਦਾਖਲ ਹੋਏ ਦੋ ਸ਼ੂਟਰਾਂ ਨੇ ਗੋਲੀਆਂ ਚਲਾ ਕੇ ਗੈਂਗਸਟਰ ਜਤਿੰਦਰ ਮਾਨ ਗੋਗੀ ਦੀ ਹੱਤਿਆ ਕਰ ਦਿੱਤੀ ਸੀ।
ਰੋਹਿਣੀ ਅਦਾਲਤ ਕੰਪਲੈਕਸ ’ਚ ਗੋਲੀਬਾਰੀ ਦੀ ਘਟਨਾ ਤੋਂ ਬਾਅਦ ਉਥੇ ਸੁਰੱਖਿਆ ਪ੍ਰਬੰਧ ਸਖਤ ਕੀਤੇ ਗਏ ਹਨ ਅਤੇ ਅਦਾਲਤ ਕੰਪਲੈਕਸ ’ਚ ਪ੍ਰਵੇਸ਼ ਦੁਆਰ ਵੀ ਸੀਮਤ ਕੀਤੇ ਗਏ ਹਨ।
ਅਦਾਲਤ ਕੰਪਲੈਕਸਾਂ ’ਚ ਇਸ ਤਰ੍ਹਾਂ ਦੀਆਂ ਘਟਨਾਵਾਂ ਸੁਰੱਖਿਆ ਪ੍ਰਣਾਲੀ ’ਚ ਖਾਮੀਆਂ ਦੀਆਂ ਮੂੰਹ ਬੋਲਦੀਆਂ ਉਦਾਹਰਣਾਂ ਹਨ। ਇਨ੍ਹਾਂ ਨਾਲ ਅਦਾਲਤ ਕੰਪਲੈਕਸਾਂ ਅੰਦਰ ਨਿਆਪਾਲਿਕਾ ਨਾਲ ਜੁੜੇ ਲੋਕਾਂ ਅਤੇ ਆਮ ਜਨਤਾ ਦੀ ਸੁਰੱਖਿਆ ’ਤੇ ਸਵਾਲੀਆ ਨਿਸ਼ਾਨ ਖੜ੍ਹੇ ਹੋ ਗਏ ਹਨ ਅਤੇ ਇਸ ਦੇ ਤਹਿਤ ਅਦਾਲਤ ਕੰਪਲੈਕਸਾਂ ’ਚ ਸੁਰੱਖਿਆ ਵਿਵਸਥਾ ਮਜ਼ਬੂਤ ਕਰਨ ਦੀ ਇਕ ਵਾਰ ਫਿਰ ਜ਼ਰੂਰਤ ਮਹਿਸੂਸ ਕੀਤੀ ਜਾਣ ਲੱਗੀ ਹੈ।
* ਵਕੀਲਾਂ ਅਤੇ ਹੋਰਨਾਂ ਲੋਕਾਂ ਲਈ ਵੱਖ-ਵੱਖ ਪ੍ਰਵੇਸ਼ ਦੁਆਰ ਹੋਣੇ ਚਾਹੀਦੇ ਹਨ ਅਤੇ ਇਲੈਕਟ੍ਰਾਨਿਕ ਸੁਰੱਖਿਆ ਯੰਤਰਾਂ ਰਾਹੀਂ ਡੂੰਘੀ ਜਾਂਚ ਤੋਂ ਬਾਅਦ ਹੀ ਸਾਰਿਆਂ ਨੂੰ ਦਾਖਲ ਹੋਣ ਦਿੱਤਾ ਜਾਵੇ।
* ਵਕੀਲਾਂ ਕੋਲ ਬਾਰ ਕੌਂਸਲ ਵੱਲੋਂ ਪ੍ਰਦਾਨ ਕੀਤੇ ਗਏ ਮੁੱਖ ਲਾਇਸੈਂਸ ਦੀ ਬਾਕਾਇਦਾ ਸ਼ਨਾਖਤ ਅਤੇ ਐਂਟਰੀ ਪਾਸ ਜਾਂਚਣ ਤੋਂ ਬਾਅਦ ਹੀ ਉਨ੍ਹਾਂ ਨੂੰ ਦਾਖਲਾ ਿਦੱਤਾ ਜਾਵੇ।
* ਅਦਾਲਤਾਂ ’ਚ ਡਬਲ ਲੇਅਰ ਸੁਰੱਖਿਆ ਪ੍ਰਣਾਲੀ ਲਾਗੂ ਕੀਤੀ ਜਾਵੇ। ਗੇਟ ’ਤੇ ਜਾਂਚ ਤੋਂ ਬਾਅਦ ਕੋਰਟ ਰੂਮ ਦੇ ਅੰਦਰ ਦਾਖਲ ਹੋਣ ਤੋਂ ਪਹਿਲਾਂ ਵੀ ਜਾਂਚ ਕੀਤੀ ਜਾਣੀ ਚਾਹੀਦੀ ਹੈ।
* ਮੁਕੱਦਮੇਬਾਜ਼ੀ ਵਧਣ ਕਾਰਨ ਅਦਾਲਤਾਂ ’ਚ ਭੀੜ ਬੇਹੱਦ ਵਧ ਗਈ ਹੈ। ਇਸ ਲਈ ਅਦਾਲਤਾਂ ’ਚ ਆਉਣ ਵਾਲੇ ਲੋਕਾਂ ਦੀ ਵੀ ਬਾਕਾਇਦਾ ਜਾਂਚ ਕਰਨ ਤੋਂ ਇਲਾਵਾ ਅਦਾਲਤ ਕੰਪਲੈਕਸਾਂ ’ਚ ਪੁਲਸ ਅਤੇ ਹੋਰ ਸੁਰੱਖਿਆ ਫੋਰਸਾਂ ਦੀ ਚੌਕਸੀ ਵਧਾ ਕੇ ਜ਼ਬਰਦਸਤ ਸੁਰੱਖਿਆ ਵਿਵਸਥਾ ਕੀਤੀ ਜਾਵੇ।
* ਕਈ ਅਦਾਲਤਾਂ ’ਚ ਪ੍ਰਮੁੱਖ ਸਥਾਨਾਂ ’ਤੇ ਅਜੇ ਵੀ ਕੈਮਰੇ ਨਹੀਂ ਲੱਗੇ ਅਤੇ ਜਿਹੜੇ ਲੱਗੇ ਹਨ, ਉਨ੍ਹਾਂ ’ਚੋਂ ਵੀ ਵਧੇਰੇ ਕੰਮ ਨਹੀਂ ਕਰ ਰਹੇ, ਜਿਨ੍ਹਾਂ ਦਾ ਚਾਲੂ ਹਾਲਤ ’ਚ ਹੋਣਾ ਅਦਾਲਤਾਂ ’ਚ ਸੁਰੱਖਿਆ ਲਈ ਜ਼ਰੂਰੀ ਹੈ।
ਜ਼ਿਕਰਯੋਗ ਹੈ ਕਿ ਹੇਠਲੀਆਂ ਅਦਾਲਤਾਂ ’ਚ ਤਾਂ ਭੀੜ ਜ਼ਿਆਦਾ ਹੋਣ ਕਾਰਨ ਸੁਰੱਖਿਆ ਦਾ ਖਤਰਾ ਹੋਰ ਵੀ ਵੱਧ ਹੁੰਦਾ ਹੈ। ਇਸ ਲਈ ਦੇਸ਼ ਦੀਆਂ ਸਾਰੀਆਂ ਛੋਟੀਆਂ–ਵੱਡੀਆਂ ਅਦਾਲਤਾਂ ’ਚ ਛੇਤੀ ਸੁਰੱਖਿਆ ਪ੍ਰਬੰਧ ਮਜ਼ਬੂਤ ਕੀਤੇ ਜਾਣੇ ਚਾਹੀਦੇ ਹਨ।
ਯਾਦ ਰਹੇ ਕਿ ਅਜੇ ਇਸੇ ਮਹੀਨੇ 16 ਅਪ੍ਰੈਲ ਨੂੰ ਪ੍ਰਯਾਗਰਾਜ (ਉੱਤਰ ਪ੍ਰਦੇਸ਼) ’ਚ ਕਾਲਵਿਨ ਹਸਪਤਾਲ ਦੇ ਨੇੜੇ ਮਾਫੀਆ ਡੌਨ ਅਤੀਕ ਅਹਿਮਦ ਅਤੇ ਉਸ ਦੇ ਭਰਾ ਅਸ਼ਰਫ ਨੂੰ ਡਾਕਟਰੀ ਜਾਂਚ ਲਈ ਲਿਆਂਦੇ ਜਾਣ ਸਮੇਂ ਪੱਤਰਕਾਰਾਂ ਦੇ ਭੇਸ ’ਚ ਆਏ 3 ਬਦਮਾਸ਼ਾਂ ਨੇ ਗੋਲੀ ਮਾਰ ਕੇ ਉਨ੍ਹਾਂ ਦੋਵਾਂ ਦੀ ਹੱਤਿਆ ਕਰ ਦਿੱਤੀ ਸੀ।
ਇਸ ਤੋਂ ਸਪੱਸ਼ਟ ਹੈ ਕਿ ਅਦਾਲਤਾਂ ਅਤੇ ਹੋਰ ਜਨਤਕ ਥਾਵਾਂ ’ਤੇ ਅਪਰਾਧੀ ਅਤੇ ਹੱਤਿਆਰੇ ਹੁਣ ਭੇਸ ਬਦਲ ਕੇ ਵਕੀਲਾਂ ਅਤੇ ਪੱਤਰਕਾਰਾਂ ਦੇ ਰੂਪ ’ਚ ਵੀ ਹਮਲੇ ਕਰਨ ਲਈ ਆਉਣ ਲੱਗੇ ਹਨ। ਇਸ ਲਈ ਇਨ੍ਹਾਂ ਥਾਵਾਂ ’ਤੇ ਸੁਰੱਖਿਆ ਪ੍ਰਬੰਧ ਮਜ਼ਬੂਤ ਕਰਨ ਦੀ ਲੋੜ ਹੈ।
ਅਦਾਲਤਾਂ ’ਚ ਲੰਬੇ ਸਮੇਂ ਤੱਕ ਮੁਕੱਦਮਿਆਂ ਦਾ ਫੈਸਲਾ ਨਾ ਹੋਣ ਅਤੇ ਤਰੀਕ ’ਤੇ ਤਰੀਕ ਮਿਲਣ ਦੇ ਨਤੀਜੇ ਵਜੋਂ ਲੋਕਾਂ ’ਚ ਗੁੱਸਾ ਵਧ ਰਿਹਾ ਹੈ ਅਤੇ ਇਸ ਕਾਰਨ ਉਹ ਅਜਿਹੀਆਂ ਘਟਨਾਵਾਂ ਕਰਨ ਲੱਗੇ ਹਨ ਅਤੇ ਆਉਣ ਵਾਲੇ ਦਿਨਾਂ ’ਚ ਇਸ ਤਰ੍ਹਾਂ ਦੀਆਂ ਘਟਨਾਵਾਂ ’ਚ ਵਾਧਾ ਹੋ ਸਕਦਾ ਹੈ। ਇਸ ਲਈ ਜੇਕਰ ਅਦਾਲਤਾਂ ’ਚ ਮੁਕੱਦਮਿਆਂ ਦੇ ਫੈਸਲਿਆਂ ’ਚ ਤੇਜ਼ੀ ਆ ਜਾਵੇ ਤਾਂ ਇਸ ਸਮੱਸਿਆ ’ਚ ਕੁਝ ਕਮੀ ਆ ਸਕਦੀ ਹੈ।
-ਵਿਜੇ ਕੁਮਾਰ
ਆਪਣੇ ਬਜ਼ੁਰਗਾਂ ’ਤੇ ਅੱਤਿਆਚਾਰ ਕਰ ਕੇ ਉਨ੍ਹਾਂ ਨੂੰ ਮੌਤ ਦੇ ਮੂੰਹ ’ਚ ਧੱਕ ਰਹੀਆਂ ਕੁਝ ਕਲਯੁਗੀ ਔਲਾਦਾਂ
NEXT STORY