ਕੋਵਿਡ ਮਹਾਮਾਰੀ ਦੌਰਾਨ ਮੰਦੀ ’ਤੇ ਆਈ ਅਰਥਵਿਵਸਥਾ ਲੀਹ ’ਤੇ ਪਰਤ ਰਹੀ ਹੈ ਪਰ ਭਾਰਤ ’ਚ ਵੱਖ-ਵੱਖ ਵਰਗਾਂ ਦੇ ਖਪਤਕਾਰਾਂ ਅਤੇ ਮੰਗ ਦਰਮਿਆਨ ਇਕ ਵੱਡਾ ਅਤੇ ਸਪੱਸ਼ਟ ਪਾੜਾ ਪੈਦਾ ਹੋ ਗਿਆ ਹੈ, ਜਿਸ ਮੁਤਾਬਕ ਘੱਟ ਆਮਦਨ ਵਰਗ ਦੇ ਲੋਕ ਹੁਣ ਵੀ ਗੈਰ-ਇੱਛਾ ਨਾਲ ਹੀ ਪੈਸਾ ਖਰਚ ਕਰ ਰਹੇ ਹਨ।
ਪੀ. ਡਬਲਿਊ. ਸੀ. ਦੇ ਇਕ ਤਾਜ਼ਾ ਸਰਵੇਖਣ ਅਨੁਸਾਰ ਕੋਵਿਡ ਮਹਾਮਾਰੀ ਤੋਂ ਬਾਅਦ ਤੋਂ ਭਾਰਤੀ ਖਪਤਕਾਰ ਗੈਰ-ਜ਼ਰੂਰੀ ਖਰਚਿਆਂ ’ਚ ਕਟੌਤੀ ਕਰ ਰਹੇ ਹਨ। 63 ਫੀਸਦੀ ਭਾਰਤੀ ਖਪਤਕਾਰ ਗੈਰ-ਜ਼ਰੂਰੀ ਵਸਤਾਂ ਅਤੇ ਸੇਵਾਵਾਂ ’ਤੇ ਆਪਣਾ ਖਰਚ ਘੱਟ ਕਰ ਰਹੇ ਹਨ, ਜਦੋਂ ਕਿ 74 ਫੀਸਦੀ ਦਾ ਕਹਿਣਾ ਹੈ ਕਿ ਉਹ ਆਪਣੀ ਨਿੱਜੀ ਵਿੱਤੀ ਹਾਲਤ ਨੂੰ ਲੈ ਕੇ ਚਿੰਤਤ ਹਨ।
ਐੱਫ. ਐੱਮ. ਸੀ. ਜੀ. (ਤੇਜ਼ੀ ਨਾਲ ਵਿਕਣ ਵਾਲੀ) ਖਪਤਕਾਰ ਵਸਤਾਂ ਦੇ ਨਿਰਮਾਤਾ, ਜਿਨ੍ਹਾਂ ਦੀ ਵਿਕਰੀ ਦਾ ਇਕ ਵੱਡਾ ਹਿੱਸਾ ਦਿਹਾਤੀ ਭਾਰਤ ਤੋਂ ਆਉਂਦਾ ਹੈ, ਆਉਣ ਵਾਲੀਆਂ ਤਿਮਾਹੀਆਂ ’ਚ ਮੰਗ ਵਧਣ ਦੀ ਉਮੀਦ ਕਰ ਰਹੇ ਹਨ।
ਹਾਲ ਹੀ ਦੇ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਦੋਪਹੀਆ ਵਾਹਨਾਂ ਦੀ ਪ੍ਰਚੂਨ ਵਿਕਰੀ, ਦਿਹਾਤੀ ਖੇਤਰਾਂ ’ਚ ਕੋਵਿਡ ਤੋਂ ਪਹਿਲਾਂ ਦੇ ਪੱਧਰ ਤੋਂ 16 ਫੀਸਦੀ ਹੇਠਾਂ ਹੈ ਜਦੋਂ ਕਿ ਮੁੱਖ ਰੂਪ ਨਾਲ ਮਹਿੰਗਾਈ ਕਾਰਨ ਉੱਥੇ ਰੈਫਰੀਜਰੇਟਰਾਂ, ਵਾਸ਼ਿੰਗ ਮਸ਼ੀਨਾਂ ਅਤੇ ਏਅਰਕੰਡੀਸ਼ਨਰਾਂ ਆਦਿ ਦੀ ਮੰਗ ਮੱਠੀ ਹੈ ਪਰ ਉਦਯੋਗ ਜਗਤ ਨਾਲ ਜੁੜੇ ਲੋਕਾਂ ਦਾ ਕਹਿਣਾ ਹੈ ਕਿ ਜਲਦੀ ਹੀ ਇਹ ਪਹਿਲਾਂ ਵਾਲੇ ਪੱਧਰ ’ਤੇ ਆ ਜਾਵੇਗੀ।
ਦੂਜੇ ਪਾਸੇ ਲਗਜ਼ਰੀ ਸਾਮਾਨ ਦੇ ਬਾਜ਼ਾਰ ਭਾਵ ਕਾਰਾਂ, ਮਕਾਨਾਂ ਅਤੇ ਘੜੀਆਂ ਆਦਿ ਦੀ ਵਿਕਰੀ ’ਚ ਵੱਡਾ ਉਛਾਲ ਆਇਆ ਹੈ।
ਦਿਹਾਤੀ ਭਾਰਤ ’ਚ ਖਰੀਦਦਾਰੀ ’ਚ ਮੰਦੀ ਅਤੇ ਅਮੀਰ ਵਰਗ ’ਚ ਉਛਾਲ ਦੋਵੇਂ ਹੀ ਮਹਾਮਾਰੀ ਦੇ ਬਾਅਦ ਦੇ ਪ੍ਰਭਾਵਾਂ ਤੋਂ ਪ੍ਰੇਰਿਤ ਹਨ। ਹੇਠਲੇ ਸਿਰੇ ’ਤੇ ਗਾਹਕ, ਜਿਨ੍ਹਾਂ ਦੀ ਆਮਦਨ ਮਹਾਮਾਰੀ ਦੌਰਾਨ ਪ੍ਰਭਾਵਿਤ ਹੋਈ ਸੀ, ਅਜੇ ਵੀ ਬਹੁਤ ਵਧੇਰੇ ਖਰਚ ਨਹੀਂ ਕਰ ਰਹੇ ਅਤੇ ਵਧੇਰੇ ਬੱਚਤ ਕਰਨੀ ਚਾਹੁੰਦੇ ਹਨ।
ਅਮੀਰ, ਜੋ ਮਹਾਮਾਰੀ ਦੌਰਾਨ ਖਰਚ ਨਹੀਂ ਕਰ ਸਕਦੇ ਸਨ, ਹੁਣ ਖੂਬ ਖਰੀਦਦਾਰੀ ਕਰ ਰਹੇ ਹਨ। ਉਮੀਦ ਕਰਨੀ ਚਾਹੀਦੀ ਹੈ ਕਿ ਸੁਧਰਦੀ ਅਰਥਵਿਵਸਥਾ ਦੇ ਕਾਰਨ ਆਉਣ ਵਾਲੇ ਮਹੀਨਿਆਂ ’ਚ ਦਿਹਾਤੀ ਅਤੇ ਸ਼ਹਿਰੀ ਖੇਤਰ ’ਚ ਇਹ ਫਰਕ ਖਤਮ ਹੋ ਜਾਵੇਗਾ।
ਰਿਸ਼ੀ ਸੁਨਕ ਨੇ ਦਿੱਤੀ ਆਪਣੇ ਦੇਸ਼ਵਾਸੀਆਂ ਨੂੰ ਭਾਰਤੀ ਮਾਪਿਆਂ ਵਰਗੀ ਨਸੀਹਤ
NEXT STORY