ਨਨਕਾਣਾ ਸਾਹਿਬ ਦਾ ਸਾਕਾ ਜਦੋਂ 21 ਫਰਵਰੀ 1921 ਨੂੰ ਵਾਪਰ ਰਿਹਾ ਸੀ ਤਾਂ ਉਸ ਵੇਲੇ ਨਨਕਾਣਾ ਸਾਹਿਬ ਦੇ ਰੇਲਵੇ ਸਟੇਸ਼ਨ ’ਤੇ ਕਰਮ ਸਿੰਘ ਤਾਇਨਾਤ ਸਨ।
ਕਰਮ ਸਿੰਘ ਨੇ ਸਟੇਸ਼ਨ ਤੋਂ ਹੀ ਗੋਲੀਆਂ ਦੀਆਂ ਅਵਾਜ਼ਾਂ ਸੁਣੀਆਂ ਤੇ ਗੁਰੂ ਨਾਨਕ ਦੇਵ ਦੇ ਜਨਮ ਸਥਾਨ ਨਨਕਾਣਾ ਸਾਹਿਬ ਵੱਲ ਚਾਲੇ ਪਾ ਦਿੱਤੇ।
ਕਰਮ ਸਿੰਘ ਨੂੰ ਰਾਹ ਵਿੱਚ ਹੀ ਇੱਕ ਹੋਰ ਵਿਅਕਤੀ ਲਾਭ ਸਿੰਘ ਮਿਲ ਗਿਆ। ਉਸ ਨੇ ਕਰਮ ਸਿੰਘ ਨੂੰ ਸਲਾਹ ਦਿੱਤੀ ਕਿ ਇਸ ਘਟਨਾ ਬਾਰੇ ਫੌਰਨ ਸਰਕਾਰੀ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਜਾਣਾ ਚਾਹੀਦਾ ਹੈ।
ਫਿਰ ਉਸੇ ਵੇਲੇ ਪੰਜਾਬ ਦੇ ਗਵਰਨਰ, ਡਿਪਟੀ ਕਮਿਸ਼ਨਰ, ਐੱਸਜੀਪੀਸੀ ਤੇ ਹੋਰ ਅਦਾਰਿਆਂ ਨੂੰ ਤਾਰ ਭੇਜੇ ਗਏ ਸਨ।
ਇੱਕ ਤਾਰ ਮਹਾਤਮਾ ਗਾਂਧੀ ਨੂੰ ਵੀ ਭੇਜਿਆ ਗਿਆ ਸੀ, ਜੋ ਉਸ ਵੇਲੇ ਰਾਵਲਪਿੰਡੀ ਵਿੱਚ ਸਨ।
ਉੱਪਰ ਦਿੱਤਾ ਇਹ ਸਾਰਾ ਘਟਨਾਕ੍ਰਮ ਰੁਚੀ ਰਾਮ ਸਾਹਨੀ ਦੀ ਕਿਤਾਬ, ‘ਰਿਫੋਰਮ ਇਨ ਸਿੱਖ ਸ਼ਰਾਈਨਜ਼’ ਵਿੱਚ ਦਿੱਤਾ ਗਿਆ ਹੈ।
ਰੁਚੀ ਰਾਮ ਸਾਹਨੀ ਇਸ ਘਟਨਾ ਦੇ ਸਮਕਾਲੀ ਲੇਖਕ ਰਹੇ ਹਨ। ਗੁਰਦੁਆਰਾ ਸੁਧਾਰ ਲਹਿਰ ਬਾਰੇ ਉਨ੍ਹਾਂ ਦੀ ਇਹ ਕਿਤਾਬ ਐੱਸਜੀਪੀਸੀ ਨੇ ਛਾਪੀ ਸੀ।
ਰੁਚੀ ਰਾਮ ਸਾਹਨੀ ਅੱਗੇ ਲਿਖਦੇ ਹਨ, “ਡਿਪਟੀ ਕਮਿਸ਼ਨਰ ਆਫ ਗੁੱਜਰਾਂਵਾਲਾ ਦੁਪਹਿਰ 12.30 ਵਜੇ ਨਨਕਾਣਾ ਸਾਹਿਬ ਪਹੁੰਚ ਚੁੱਕੇ ਸਨ। ਸਿੱਖਾਂ ਦੀਆਂ ਲਾਸ਼ਾਂ ਨੂੰ ਸੜਦਿਆਂ ਉਨ੍ਹਾਂ ਨੇ ਆਪਣੀਆਂ ਅੱਖਾਂ ਨਾਲ ਵੇਖਿਆ ਸੀ।”
ਸੰਕੇਤਕ ਤਸਵੀਰ
“ਸ਼ਾਮ ਨੂੰ ਲਾਹੌਰ ਡਿਵੀਜ਼ਨ ਦੇ ਕਮਿਸ਼ਨਰ 100 ਯੂਰਪੀ ਤੇ 100 ਭਾਰਤੀ ਫੌਜੀਆਂ ਨਾਲ ਪਹੁੰਚ ਗਏ ਸਨ ਤੇ ਕਈ ਸਿੱਖ ਵੀ ਸਪੈਸ਼ਲ ਟਰੇਨ ਨਾਲ ਨਨਕਾਣਾ ਸਾਹਿਬ ਪਹੁੰਚ ਗਏ ਸਨ। ਗੁਰਦੁਆਰਾ ਸਾਹਿਬ ਦੇ ਆਲੇ-ਦੁਆਲੇ ਭਾਰੀ ਫੌਜੀ ਬੰਦੋਬਸਤ ਕੀਤਾ ਗਿਆ ਸੀ।”
ਨਨਕਾਣਾ ਸਾਹਿਬ ਦਾ ਮਹੰਤ ਨਰਾਇਣ ਦਾਸ ਨੇ ਅੰਦਰੋਂ ਬੂਹੇ ਬੰਦ ਕਰ ਲਏ ਸਨ। ਜਦੋਂ ਦਰਵਾਜਿਆਂ ਨੂੰ ਖੋਲ੍ਹਣ ਵਾਸਤੇ ਕਿਹਾ ਗਿਆ ਤਾਂ ਮਹੰਤ ਨਰਾਇਣ ਦਾਸ ਨੇ ਕਿਹਾ, “ਸਿੱਖਾਂ ਨੇ ਸਾਧੂਆਂ ਦਾ ਕਤਲ ਕਰ ਦਿੱਤਾ ਹੈ ਤੇ ਉਨ੍ਹਾਂ ਦੀਆਂ ਲਾਸ਼ਾਂ ਨੂੰ ਸਾੜ ਰਹੇ ਹਾਂ ਤਾਂ ਜੋ ਸਿੱਖ ਉਨ੍ਹਾਂ ਨੂੰ ਲੈ ਕੇ ਨਾ ਜਾ ਸਕਣ।”
ਰੁਚੀ ਰਾਮ ਅੱਗੇ ਦੱਸਦੇ ਹਨ ਕਿ ਮਹੰਤ ਨੇ ਖੁਦ ਨੂੰ ਇੱਕ ਛੋਟੇ ਜਿਹੇ ਕਮਰੇ ਵਿੱਚ ਬੰਦ ਕੀਤਾ ਹੋਇਆ ਸੀ।
ਕੁਝ ਦੇਰ ਝਿਝਕਣ ਮਗਰੋਂ ਮਹੰਤ ਕਮਰੇ ਤੋਂ ਬਾਹਰ ਆਉਂਦਾ ਹੈ। ਉਸ ਦੇ ਹੱਥ ਵਿੱਚ ਇੱਕ ਬੰਦੂਕ ਸੀ। ਇਹ ਬੰਦੂਕ ਉਸ ਨੂੰ ਜ਼ਿਲ੍ਹਾ ਮੈਜਿਸਟ੍ਰੇਟ ਮਿਸਟਰ ਕਿਊਰੀ ਤੋਂ ਮਿਲੀ ਸੀ।
ਮਹੰਤ, ਉਸ ਦੇ ਦੋ ਚੇਲੇ ਅਤੇ 26 ਪਠਾਣਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਤੇ ਗੁਰਦੁਆਰਾ ਸਾਹਿਬ ਨੂੰ ਸਰਕਾਰ ਨੇ ਆਪਣੀ ਸੁਰੱਖਿਆ ਵਿੱਚ ਲੈ ਲਿਆ।
ਨਨਕਾਣਾ ਸਾਹਿਬ ਤੇ ਮਹੰਤਾਂ ਦਾ ਦੁਰਾਚਾਰ
ਨਨਕਾਣਾ ਸਾਹਿਬ ਸਿੱਖਾਂ ਦੇ ਪਹਿਲੇ ਗੁਰੂ ਨਾਨਕ ਦੇਵ ਦਾ ਪ੍ਰਕਾਸ਼ ਸਥਾਨ ਹੈ।
ਇਸ ਦੇ ਨਾਲ ਹੀ ਇਸ ਮੁੱਖ ਗੁਰਦੁਆਰਾ ਸਾਹਿਬ ਦੇ ਨਾਲ ਕਈ ਸਥਾਨ ਹਨ ਜੋ ਗੁਰੂ ਨਾਨਕ ਦੇਵ ਦੇ ਬਚਪਨ ਦੀਆਂ ਘਟਨਾਵਾਂ ਨਾਲ ਜੁੜੇ ਮੰਨੇ ਜਾਂਦੇ ਹਨ।
ਡਾ. ਮੋਹਿੰਦਰ ਸਿੰਘ ਨੇ ਆਪਣੀ ਕਿਤਾਬ ‘ਦਿ ਅਕਾਲੀ ਮੂਵਮੈਂਟ’ ਵਿੱਚ ਲਿਖਿਆ ਹੈ ਕਿ 20ਵੀਂ ਸ਼ਤਾਬਦੀ ਦੇ ਸ਼ੁਰੂਆਤੀ ਦਹਾਕਿਆਂ ਵਿੱਚ ਮਹੰਤ ਸਾਧੂ ਰਾਮ ਗੁਰਦੁਆਰਾ ਨਨਕਾਣਾ ਸਾਹਿਬ ਦੇ ਪ੍ਰਬੰਧ ਸੰਭਾਲ ਰਿਹਾ ਸੀ।
ਉਨ੍ਹਾਂ ਲਿਖਿਆ, “ਮਹੰਤ ਸਾਧੂ ਰਾਮ ਆਪਣੇ ਮਾੜੇ ਕਿਰਦਾਰ ਤੇ ਕਰਮਾਂ ਕਾਰਨ ਜਾਣਿਆ ਜਾਂਦਾ ਸੀ। ਉਸ ਦੀ ਮੌਤ ਮਗਰੋਂ ਉਸ ਦੀ ਗੱਦੀ ’ਤੇ ਮਹੰਤ ਨਰਾਇਣ ਦਾਸ ਬੈਠਿਆ ਪਰ ਉਹ ਵੀ ਸਾਧੂ ਰਾਮ ਦੀਆਂ ਲੀਹਾਂ ’ਤੇ ਚੱਲਿਆ।”
ਪੰਜਾਬ ਯੂਨੀਵਰਸਿਟੀ ਦੇ ਇਤਿਹਾਸ ਵਿਭਾਗ ਵਿੱਚ ਪ੍ਰੋਫੈਸਰ ਡਾ. ਜਸਵੀਰ ਸਿੰਘ ਅਨੁਸਾਰ, “ਜਦੋਂ ਮਹੰਤ ਨਰਾਇਣ ਦਾਸ ਨੇ ਗੱਦੀ ਸਾਂਭੀ ਤਾਂ ਉਸ ਨੇ ਸਿੱਖਾਂ ਨੂੰ ਇਹ ਭਰੋਸਾ ਦਿੱਤਾ ਸੀ ਕਿ ਉਹ ਸਾਧੂ ਰਾਮ ਵਰਗਾ ਆਚਰਣ ਨਹੀਂ ਰੱਖੇਗਾ ਤੇ ਜਨਮ ਸਥਾਨ ਦੀ ਮਰਿਆਦਾ ਨੂੰ ਕਾਇਮ ਰੱਖੇਗਾ।“
“ਕੁਝ ਦਿਨ ਹੀ ਉਸ ਦਾ ਵਾਅਦਾ ਕਾਇਮ ਰਿਹਾ ਤੇ ਉਸ ਮਗਰੋਂ ਉਸ ਨੇ ਸਾਰੇ ਤਰੀਕੇ ਦੇ ਮਾੜੇ ਕੰਮ ਸ਼ੁਰੂ ਕਰ ਦਿੱਤੇ।”
ਡਾ. ਮੋਹਿੰਦਰ ਸਿੰਘ ਅਨੁਸਾਰ ਜਦੋਂ ਮਹੰਤ ਨਰਾਇਣ ਦਾਸ ਆਪਣੇ ਮਾੜੇ ਕੰਮਾਂ ਦਾ ਦਾਇਰਾ ਵਧਾਉਂਦਾ ਗਿਆ ਤਾਂ ਕਈ ਸਿੰਘ ਸਭਾਵਾਂ ਨੇ ਮਹੰਤ ਖਿਲਾਫ਼ ਕਈ ਮਤੇ ਪਾਸ ਕੀਤੇ ਪਰ ਉਸ ਦਾ ਮਹੰਤ ਨਰਾਇਣ ਦਾਸ ’ਤੇ ਕੋਈ ਅਸਰ ਹੁੰਦਾ ਨਜ਼ਰ ਨਹੀਂ ਆਇਆ।
“ਨਨਕਾਣਾ ਸਾਹਿਬ ਦੇ ਹਾਲਾਤ ਵੱਲ ਅਕਾਲੀ ਲੀਡਰਸ਼ਿਪ ਦਾ ਧਿਆਨ ਵੀ ਗਿਆ। ਸ਼ੁਰੂ ਵਿੱਚ ਅਕਾਲੀਆਂ ਵੱਲੋਂ ਦੀਵਾਨ ਰੱਖੇ ਗਏ ਤਾਂ ਜੋ ਇਸ ਮਸਲੇ ਬਾਰੇ ਚਰਚਾ ਕੀਤੀ ਜਾ ਸਕੇ।”
“ਅਜਿਹਾ ਇੱਕ ਦੀਵਾਨ ਅਕਤੂਬਰ 1920 ਨੂੰ ਧਾਰੋਵਾਲ ਵਿੱਚ ਹੋਇਆ ਸੀ। ਇਸ ਦੀਵਾਨ ਵਿੱਚ ਮਹੰਤ ਨਰਾਇਣ ਦਾਸ ਨੂੰ ਆਪਣੇ ਮਾੜੇ ਕੰਮਾਂ ਨੂੰ ਰੋਕਣ ਲਈ ਮਤਾ ਪਾਸ ਕੀਤਾ ਗਿਆ।”
“ਮਤਾ ਪਾਸ ਹੋਣ, ਹਰਿਮੰਦਰ ਸਾਹਿਬ ਤੇ ਅਕਾਲ ਤਖ਼ਤ ਸਾਹਿਬ ਦਾ ਪ੍ਰਬੰਧ ਸਿੱਖਾਂ ਦੇ ਹੱਥਾਂ ਵਿੱਚ ਆਉਂਦਿਆਂ ਵੇਖ ਮਹੰਤ ਨੇ ਕੋਈ ਸਮਝੌਤਾ ਕਰਨ ਦੀ ਬਜਾਏ ਆਪਣੀ ਤਾਕਤ ਵਧਾਉਣੀ ਸ਼ੁਰੂ ਕਰ ਦਿੱਤੀ।”
ਅੰਗਰੇਜ਼ਾਂ ਦਾ ਮਹੰਤ ਨੂੰ ਪੂਰਾ ਸਮਰਥਨ
“ਲਾਹੌਰ ਡਿਵੀਜ਼ਨ ਦੇ ਕਮਿਸ਼ਨਰ ਮਿਸਟਰ ਸੀ.ਐੱਮ ਕਿੰਗ ਨੇ ਅਕਾਲੀਆਂ ਵੱਲੋਂ ਜਨਮ ਸਥਾਨ ’ਤੇ ਹਮਲਾ ਹੋਣ ਦੀ ਸੂਰਤ ਵਿੱਚ ਮਹੰਤ ਨਰਾਇਣ ਦਾਸ ਨੂੰ ਪੂਰੀ ਹਮਾਇਤ ਦੇਣ ਦਾ ਭਰੋਸਾ ਦਿੱਤਾ ਸੀ।”
ਸੰਕੇਤਕ ਤਸਵੀਰ
ਡਾ. ਜਸਵੀਰ ਸਿੰਘ ਅਨੁਸਾਰ, “ਅੰਗਰੇਜ਼ ਇਸ ਬਾਰੇ ਚੰਗੇ ਤਰੀਕੇ ਨਾਲ ਜਾਣਦੇ ਸਨ ਕਿ ਗੁਰਦੁਆਰੇ ਨੂੰ ਇੱਕ ਸਾਈਟ ਵਜੋਂ ਕਿਵੇਂ ਇਸਤੇਮਾਲ ਕੀਤਾ ਜਾ ਸਕਦਾ ਹੈ। ਇਹ ਗੱਲ ਉਨ੍ਹਾਂ ਨੂੰ ਗਦਰ ਮੂਵਮੈਂਟ ਦੌਰਾਨ ਸਮਝ ਆ ਜਾਂਦੀ ਹੈ ਤੇ ਉਹ ਇਨ੍ਹਾਂ ਨੂੰ ਵਰਤਦੇ ਵੀ ਹਨ।
“ਗ਼ਦਰ ਮੂਵਮੈਂਟ ਵੇਲੇ ਗੁਰਦੁਆਰਿਆਂ ’ਤੇ ਕਾਬਿਜ਼ ਮਹੰਤਾਂ ਵੱਲੋਂ ਮੂਵਮੈਂਟ ਖਿਲਾਫ਼ ਕੂੜ ਪ੍ਰਚਾਰ ਕਰਵਾਇਆ ਜਾਂਦਾ ਸੀ।”
ਡਾ. ਮੋਹਿੰਦਰ ਲਿਖਦੇ ਹਨ, “ਇਹ ਨਜ਼ਰ ਆ ਰਿਹਾ ਸੀ ਕਿ ਬਰਤਾਵੀਂ ਅਫ਼ਸਰ ਪੰਜਾਬ ਵਿੱਚ ਡਬਲ ਗੇਮ ਖੇਡ ਰਹੇ ਸਨ। ਇੱਕ ਪਾਸੇ ਤਾਂ ਉਹ ਸਿੱਖ ਭਾਈਚਾਰੇ ਵਿੱਚ ਆਪਣਾ ਚੰਗਾ ਰੁਤਬਾ ਬਣਾਉਣਾ ਚਾਹੁੰਦੇ ਸਨ ਤੇ ਸਿੱਖਾਂ ਦੇ ਧਾਰਮਿਕ ਮਸਲਿਆਂ ਵਿੱਚ ਦਖ਼ਲਅੰਦਾਜ਼ੀ ਨਾ ਕਰਨ ਦਾ ਦਾਅਵਾ ਕਰਦੇ ਸਨ।”
“ਦੂਜੇ ਪਾਸੇ ਅੰਗਰੇਜ਼ ਗੁਰਦੁਆਰਿਆਂ ਦੇ ਸਿੱਧੇ ਜਾਂ ਅਸਿੱਧੇ ਕਬਜ਼ੇ ਤੋਂ ਖ਼ੁਦ ਨੂੰ ਵੱਖ ਵੀ ਨਹੀਂ ਕਰਨਾ ਚਾਹੁੰਦੇ ਸਨ।”
ਕੀ ਸੀ ਮਹੰਤ ਨਰਾਇਣ ਦਾਸ ਦੀ ਤਿਆਰੀ?
ਮਹੰਤ ਨਰਾਇਣ ਦਾਸ ਨੇ ਸਵੈ-ਰੱਖਿਆ ਦੇ ਨਾਂ ’ਤੇ ਨਨਕਾਣਾ ਸਾਹਿਬ ਨੂੰ ਇੱਕ ਕਿਲੇ ਵਿੱਚ ਤਬਦੀਲ ਕਰ ਲਿਆ ਸੀ।
ਡਾ. ਮੋਹਿੰਦਰ ਸਿੰਘ ਅਨੁਸਾਰ ਮਹੰਤ ਨੇ ਕਰੀਬ 400 ਬੰਦਿਆਂ ਨੂੰ ਤਲਵਾਰਾਂ, ਲਾਠੀਆਂ, ਟਕਵੇ ਤੇ ਹੋਰ ਹਥਿਆਰਾਂ ਨਾਲ ਇਕੱਠਾ ਕਰ ਲਿਆ ਸੀ। ਬਾਰੂਦ ਤੇ ਮਿੱਟੀ ਦਾ ਤੇਲ ਵੀ ਜਮਾ ਕਰ ਲਿਆ ਸੀ।
“ਮਹੰਤ ਦੇ ਇੱਕ ਸੇਵਾਦਾਰ ਅਨੁਸਾਰ ਲਾਹੌਰ ਦੇ ਇੱਕ ਡੀਲਰ ਤੋਂ ਪਿਸਤੌਲ ਲਈ ਕਾਰਤੂਸ ਵੀ ਮੰਗਵਾ ਲਏ ਸਨ। 100 ਪਠਾਣਾਂ ਦੇ ਇੱਕ ਜਥੇ ਨੂੰ ਵੀ ਹਮਲੇ ਲਈ ਮਹੰਤ ਨੇ ਤਿਆਰ ਰੱਖਿਆ ਹੋਇਆ ਸੀ।”
ਸਾਕੇ ਤੋਂ ਕੁਝ ਦਿਨ ਪਹਿਲਾਂ ਦਾ ਘਟਨਾਕ੍ਰਮ
ਅਕਾਲੀਆਂ ਲਈ ਨਨਕਾਣਾ ਸਾਹਿਬ ਵਿੱਚ ਵਾਪਰ ਰਿਹਾ ਘਟਨਾਕ੍ਰਮ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਸੀ। ਰੁਚੀ ਰਾਮ ਸਾਹਨੀ ਲਿਖਦੇ ਹਨ, “ਸ਼੍ਰੋਮਣੀ ਕਮੇਟੀ ਨੇ ਮਤਾ ਪਾਸ ਕਰਕੇ 4, 5 ਤੇ 6 ਮਾਰਚ ਦਾ ਦੀਵਾਨ ਨਨਕਾਣਾ ਸਾਹਿਬ ਵਿੱਚ ਰੱਖਣ ਦਾ ਐਲਾਨ ਕੀਤਾ।”
“ਮਤੇ ਦੀਆਂ ਕਾਪੀਆਂ ਪੰਜਾਬ ਦੀ ਸਰਕਾਰ ਨੂੰ ਭੇਜ ਦਿੱਤੀਆਂ ਗਈਆਂ ਸਨ। ਸਿੱਖਾਂ ਨੂੰ ਇਸ ਦੀਵਾਨ ਦੌਰਾਨ ਪੂਰੇ ਤਰੀਕੇ ਨਾਲ ਅਹਿੰਸਕ ਰਹਿਣ ਦੀ ਹਦਾਇਤ ਦਿੱਤੀ ਗਈ ਸੀ।”
ਸ਼੍ਰੋਮਣੀ ਕਮੇਟੀ ਦੇ ਦੀਵਾਨ ਆਯੋਜਿਤ ਕਰਵਾਉਣ ਦੇ ਐਲਾਨ ਨੇ ਮਹੰਤ ਨੂੰ ਡਰਾ ਦਿੱਤਾ ਅਤੇ ਉਹ ਸਮਝੌਤੇ ਲਈ ਤਿਆਰ ਹੋ ਗਿਆ। ਉਸ ਨੇ ਗੱਲਬਾਤ ਦੀ ਪੇਸ਼ਕਸ਼ ਕੀਤੀ ਪਰ ਤੈਅ ਕੀਤੀ ਗਈ ਕਿਸੇ ਵੀ ਮੀਟਿੰਗ ਵਿੱਚ ਨਹੀਂ ਪਹੁੰਚਿਆ।
ਮਹੰਤ ਨੇ ਆਪਣੀ ਤਿਆਰੀ ਹੋਰ ਪੁਖ਼ਤਾ ਕਰਨੀ ਸ਼ੁਰੂ ਕਰ ਦਿੱਤੀ। ਮੀਟਿੰਗਾਂ ਦੀਆਂ ਤਰੀਖਾਂ ਵਾਰ-ਵਾਰ ਬਦਲਣ ਨਾਲ ਮਹੰਤ ਨਰਾਇਣ ਦਾਸ ਨੂੰ ਆਪਣੀ ਤਿਆਰੀ ਕਰਨ ਦਾ ਹੋਰ ਵਕਤ ਮਿਲ ਗਿਆ ਸੀ।
ਅਕਾਲੀ ਲੀਡਰਸ਼ਿਪ ਨੂੰ ਮਹੰਤ ਦੇ ਇਰਾਦਿਆਂ ਤੇ ਤਿਆਰੀਆਂ ਬਾਰੇ ਪਤਾ ਲਗ ਗਿਆ। ਐੱਸਜੀਪੀਸੀ ਵੱਲੋਂ ਜੱਥਿਆਂ ਨੂੰ ਨਨਕਾਣਾ ਸਾਹਿਬ ਜਾਣ ਤੋਂ ਰੋਕਣ ਲਈ ਡਿਊਟੀਆਂ ਲਗਾਈਆਂ ਗਈਆਂ।
ਸੰਕੇਤਕ ਤਸਵੀਰ
ਡਾ. ਮੋਹਿੰਦਰ ਅਨੁਸਾਰ ਹਰਚੰਦ ਸਿੰਘ, ਤੇਜਾ ਸਿੰਘ ਸਮੁੰਦਰੀ, ਮਾਸਟਰ ਤਾਰਾ ਸਿੰਘ ਦੀ ਡਿਊਟੀ ਲਗਾਈ ਗਈ।
ਸਾਰਿਆਂ ਜੱਥਿਆਂ ਨੂੰ ਕਿਹਾ ਗਿਆ ਕਿ ਜਦੋਂ ਤੱਕ ਐੱਸਜੀਪੀਸੀ ਕੋਈ ਤਰੀਖ ਤੈਅ ਨਹੀਂ ਕਰਦੀ ਹੈ ਉਦੋਂ ਤੱਕ ਕੋਈ ਵੀ ਨਨਕਾਣਾ ਸਾਹਿਬ ਨਾ ਜਾਵੇ।
ਸਰਦਾਰ ਦਲੀਪ ਸਿੰਘ, ਭਾਈ ਲਛਮਣ ਸਿੰਘ ਅਤੇ ਉਨ੍ਹਾਂ ਦੇ ਜਥੇ ਦੀ ਭਾਲ ਕਾਫੀ ਦੇਰ ਤੱਕ ਕਰਦਾ ਰਿਹਾ। ਕਾਫੀ ਮੁਸ਼ੱਕਤ ਮਗਰੋਂ ਭਾਈ ਲਛਮਣ ਸਿੰਘ ਨਾਲ ਮੇਲ ਹੋ ਸਕਿਆ।
ਭਾਈ ਲਛਮਣ ਸਿੰਘ ਨੂੰ ਸ਼੍ਰੋਮਣੀ ਕਮੇਟੀ ਦਾ ਮੈਸੇਜ ਦਿੱਤਾ ਗਿਆ। ਡਾ. ਮੋਹਿੰਦਰ ਸਿੰਘ ਅਨੁਸਾਰ ਲੱਛਮਣ ਸਿੰਘ ਮੰਨ ਗਏ ਪਰ ਉਨ੍ਹਾਂ ਨਾਲ ਮੌਜੂਦ ਲੋਕਾਂ ਨੇ ਉਨ੍ਹਾਂ ਨੂੰ ਨਨਕਾਣਾ ਸਾਹਿਬ ਸ਼ਾਂਤਮਈ ਤਰੀਕੇ ਨਾਲ ਦਰਸ਼ਨ ਕਰਨ ਲਈ ਕਿਹਾ।
ਬਿਨਾਂ ਚੇਤਾਵਨੀ ਫਾਇਰਿੰਗ ਹੋਈ
ਭਾਈ ਲਛਮਣ ਸਿੰਘ ਮੰਨ ਗਏ ਤੇ 21 ਫਰਵਰੀ ਨੂੰ ਸਵੇਰੇ 6 ਵਜੇ ਨਨਕਾਣਾ ਸਾਹਿਬ ਪਹੁੰਚ ਗਏ।
ਡਾ. ਮੋਹਿੰਦਰ ਸਿੰਘ ਲਿਖਦੇ ਹਨ, “ਮਹੰਤ ਨਰਾਇਣ ਦਾਸ ਨੂੰ ਇਸ ਬਾਰੇ ਉਦੋਂ ਪਤਾ ਲਗਿਆ ਜਦੋਂ ਉਹ ਟਰੇਨ ਤੋਂ ਲਾਹੌਰ ਵੱਲ ਇੱਕ ਧਾਰਮਿਕ ਮੀਟਿੰਗ ਵਿੱਚ ਹਿੱਸਾ ਲੈਣ ਜਾ ਰਿਹਾ ਸੀ।”
“ਮਹੰਤ ਟਰੇਨ ਤੋਂ ਉੱਤਰ ਗਿਆ ਤੇ ਆਪਣੇ ਲੋਕਾਂ ਨੂੰ ਹਮਲੇ ਲਈ ਤਿਆਰ ਕਰ ਲਿਆ। ਭਾਈ ਲਛਮਣ ਸਿੰਘ ਦਾ ਜਥਾ ਜਿਵੇਂ ਹੀ ਗੁਰਦੁਆਰਾ ਸਾਹਿਬ ਵਿੱਚ ਦਾਖਲ ਹੋਇਆ, ਉਦੋਂ ਹੀ ਗੇਟ ’ਤੇ ਤਾਇਨਾਤ ਪਠਾਣਾਂ ਨੇ ਦਰਵਾਜੇ ਬੰਦ ਕਰ ਲਏ।”
“ਜਥੇ ਦੇ ਮੈਬਰਾਂ ਨੇ ਕੀਰਤਨ ਕਰਨਾ ਸ਼ੁਰੂ ਕਰ ਦਿੱਤਾ।”
ਨਨਕਾਣਾ ਕੇਸ ਵਿੱਚ ਸਰਕਾਰੀ ਵਕੀਲ ਐੱਚਏ ਹਰਬਰਟ ਦੇ ਬਿਆਨ ਅਨੁਸਾਰ, “ਅਕਾਲੀਆਂ ’ਤੇ ਗੁਰਦੁਆਰਾ ਸਾਹਿਬ ਵਿੱਚ ਦਾਖ਼ਲ ਹੁੰਦਿਆਂ ਹੀ ਫਾਇਰਿੰਗ ਸ਼ੁਰੂ ਕਰ ਦਿੱਤੀ। ਉਨ੍ਹਾਂ ਨੂੰ ਕੋਈ ਚੇਤਾਵਨੀ ਵੀ ਨਹੀਂ ਦਿੱਤੀ ਗਈ।”
ਸੰਕੇਤਕ ਤਸਵੀਰ
ਮਹੰਤ ਦੇ 25 ਬੰਦੇ ਛੱਤ ’ਤੇ ਚੜ੍ਹੇ ਤੇ ਉੱਥੋਂ ਫਾਇਰਿੰਗ ਕਰਨ ਲੱਗੇ। ਇਸ ਦੇ ਨਾਲ ਹੀ ਇੱਟਾਂ ਵੀ ਸੁੱਟਣ ਲੱਗੇ।
ਕਰੀਬ 25 ਸਿੱਖ ਤਾਂ ਗੁਰਦੁਆਰਾ ਸਾਹਿਬ ਵਿੱਚ ਹੀ ਮਾਰੇ ਗਏ। ਕਰੀਬ 60 ਸਿੱਖਾਂ ਨੇ ਗੁਰਦੁਆਰਾ ਸਾਹਿਬ ਦੇ ਚੋਖੰਡੀ ਵਾਲੇ ਪਾਸੇ ਖੁਦ ਨੂੰ ਕਮਰਿਆਂ ਵਿੱਚ ਬੰਦ ਕਰ ਲਿਆ ਪਰ ਉਨ੍ਹਾਂ ਦਾ ਵੀ ਕਤਲ ਕਰ ਦਿੱਤਾ ਗਿਆ।
ਰੁਚੀ ਰਾਮ ਸਾਹਨੀ ਅਨੁਸਾਰ ਜਿਸ ਕਮਰੇ ਵਿੱਚ ਭਾਈ ਲਛਮਣ ਸਿੰਘ ਗ੍ਰੰਥੀ ਵਜੋਂ ਬੈਠੇ ਸਨ, ਉੱਥੇ ਸਰਕਾਰੀ ਅਫ਼ਸਰਾਂ ਨੂੰ ਕਰੀਬ 150 ਕਾਰਤੂਸ ਦੇ ਖੋਖੇ ਮਿਲੇ ਤੇ ਕਰੀਬ 44 ਗੋਲੀਆਂ ਦੀਵਾਰਾਂ ’ਤੇ ਲੱਗੀਆਂ ਮਿਲੀਆਂ।
ਨਨਕਾਣਾ ਸਾਹਿਬ ਵਿੱਚ ਰਹਿਣ ਵਾਲੇ ਦਲੀਪ ਸਿੰਘ ਸਰਗੋਧਾ ਦਾ ਨਨਕਾਣਾ ਸਾਹਿਬ ਵਿੱਚ ਕਾਫੀ ਰਸੂਖ਼ ਸੀ।
ਉਨ੍ਹਾਂ ਦੀ ਮਹੰਤ ਨਾਲ ਕਾਫੀ ਵਾਖ਼ਫੀਅਤ ਸੀ ਅਤੇ ਉਹ ਸਰਗੋਧਾ ਖਾਲਸਾ ਸਕੂਲ ਦੇ ਸਕੱਤਰ ਵੀ ਸਨ।
ਜਦੋਂ ਉਹ ਗੁਰਦੁਆਰਾ ਸਾਹਿਬ ਪਹੁੰਚੇ ਤੇ ਉਨ੍ਹਾਂ ਨੇ ਜ਼ੋਰਦਾਰ ਅਵਾਜ਼ ਵਿੱਚ ਮਹੰਤ ਨੂੰ ਇਹ ਸਭ ਰੋਕਣ ਲਈ ਕਿਹਾ ਪਰ ਮਹੰਤ ਨੇ ਆਪਣੀ ਪਿਸਤੌਲ ਨਾਲ ਉਨ੍ਹਾਂ ਨੂੰ ਗੋਲੀ ਮਾਰ ਦਿੱਤੀ ਅਤੇ ਉਨ੍ਹਾਂ ਨੇ ਉੱਥੇ ਹੀ ਪ੍ਰਾਣ ਤਿਆਗ ਗਏ।
ਡਾ. ਮੋਹਿੰਦਰ ਅਨੁਸਾਰ, “ਉਸ ਮਗਰੋਂ ਮਹੰਤ ਦੇ ਲੋਕਾਂ ਨੇ ਮਰ ਚੁੱਕੇ ਸਿੱਖ ਤੇ ਬੁਰੀ ਤਰ੍ਹਾਂ ਜ਼ਖਮੀਆਂ ਨੂੰ ਤੇਲ ਛਿੜਕ ਕੇ ਸਾੜ ਦਿੱਤਾ। ਪ੍ਰਤੱਖਦਰਸ਼ੀਆਂ ਅਨੁਸਾਰ ਉਸ ਸੜਦੇ ਢੇਰ ਵਿੱਚ ਵੱਢੇ ਹੋਏ ਹੱਥੇ, ਪੈਰ ਤੇ ਸਰੀਰ ਦੇ ਹੋਰ ਹਿੱਸੇ ਨਜ਼ਰ ਆ ਰਹੇ ਸਨ।”
ਨਨਕਾਣਾ ਕੇਸ ਵਿੱਚ ਸੁਣਵਾਈ ਦੌਰਾਨ ਸਰਕਾਰੀ ਵਕੀਲ ਨੇ ਇਹ ਮੰਨਿਆ ਕਿ ਮਹੰਤ ਨੇ ਲਾਸ਼ਾਂ ਸਾੜ ਕੇ ਸਾਰੇ ਸਬੂਤ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ।
ਮਹੰਤ ਨਰਾਇਣ ਦਾਸ ਇਸ ਪੂਰੇ ਕਾਰੇ ਦੀ ਖੁਦ ਨਿਗਰਾਨੀ ਕਰ ਰਿਹਾ ਸੀ।
ਗਾਂਧੀ ਦਾ ਨਨਕਾਣਾ ਸਾਹਿਬ ਪੁੱਜਣਾ
ਨਨਕਾਣਾ ਸਾਹਿਬ ਵਿਖੇ 3 ਮਾਰਚ ਨੂੰ ਇੱਕ ‘ਸ਼ਹੀਦੀ ਦੀਵਾਨ’ ਕਰਵਾਇਆ ਗਿਆ। ਇਸ ਵਿੱਚ ਦੇਸ ਦੀ ਕੌਮੀ ਲੀਡਰਸ਼ਿਪ ਪਹੁੰਚੀ।
ਉਨ੍ਹਾਂ ਵਿੱਚ ਮਹਾਤਮਾ ਗਾਂਧੀ, ਮੌਲਾਨਾ ਸ਼ੌਕਤ ਅਲੀ, ਲਾਲਾ ਦੂਨੀ ਚੰਦ, ਲਾਲਾ ਲਾਜਪਤ ਰਾਏ, ਡਾ. ਕਿਚਲੂ ਪਹੁੰਚੇ।
ਮਹਾਤਮਾ ਗਾਂਧੀ ਨੇ ਆਪਣੇ ਹਿੰਦੁਸਤਾਨੀ ਵਿੱਚ ਦਿੱਤੇ ਭਾਸ਼ਣ ਵਿੱਚ ਕਿਹਾ, “ਇਹ ਖ਼ਬਰ ਇੰਨੀ ਪ੍ਰੇਸ਼ਾਨ ਕਰਨ ਵਾਲੀ ਸੀ ਕਿ ਬਿਨਾਂ ਇਸ ਦੀ ਪੁਸ਼ਟੀ ਕਰੇ, ਇਸ ਬਾਰੇ ਯਕੀਨ ਹੀ ਨਹੀਂ ਹੋਇਆ। ਮੈਂ ਬਹੁਤ ਸਕਤੇ ਵਿੱਚ ਆ ਗਿਆ।”
“ਮੈਨੂੰ ਲਾਜਪਤ ਰਾਏ ਨੇ ਕਿਹਾ ਕਿ ਹੋ ਸਕਦਾ ਹੈ ਕਿ ਇਹ ਖ਼ਬਰ ਗ਼ਲਤ ਹੋਵੇ, ਸਾਨੂੰ ਲਾਹੌਰ ਜਾ ਕੇ ਉਸ ਦੀ ਤਸਦੀਕ ਕਰਨੀ ਚਾਹੀਦੀ ਹੈ।”
“ਮੈਂ ਸਿੱਖਾਂ ਦੇ ਬਦਲੇ ਖੁਸ਼ੀ ਨਾਲ ਆਪਣੀ ਜਾਨ ਦੇ ਦਿੰਦਾ। ਮੇਰਾ ਧਰਮ ਮੈਨੂੰ ਆਤਮ ਹੱਤਿਆ ਕਰਨ ਤੋਂ ਰੋਕਦਾ ਹੈ ਨਹੀਂ ਤਾਂ ਮੈਂ ਵੀ ਉਨ੍ਹਾਂ ਵਿੱਚੋਂ ਇੱਕ ਹੋ ਜਾਂਦਾ। ਇਹ ਬੇਹੱਦ ਹੈਰਾਨੀ ਵਾਲੀ ਗੱਲ ਹੈ ਕਿ ਇਸ ਪੂਰੀ ਘਟਨਾ ਵਿੱਚ ਸਿੱਖ ਅਹਿੰਸਕ ਰਹੇ।”
ਮਹਾਤਮਾ ਗਾਂਧੀ ਨੇ ਦੋ ਸਾਲ ਪਹਿਲਾਂ ਵਾਪਰੇ ਜਲ੍ਹਿਆਂਵਾਲਾ ਬਾਗ ਕਾਂਡ ਨਾਲ ਇਸ ਦੀ ਤੁਲਨਾ ਕਰਦੇ ਕਿਹਾ, “ਮੈਂ ਜੋ ਵੇਖਿਆ ਉਹ ਡਾਇਰਿਜ਼ਮ (ਇੱਥੇ ਜਲ੍ਹਿਆਂਵਾਲਾ ਬਾਗ਼ ਨੂੰ ਅੰਜਾਮ ਦੇਣ ਵਾਲੇ ਜਨਰਲ ਡਾਇਰ ਨਾਲ ਤੁਲਨਾ ਕੀਤੀ ਜਾ ਰਹੀ ਹੈ) ਦਾ ਦੂਜਾ ਐਡੀਸ਼ਨ ਹੈ ਜੋ ਹੋਰ ਵਹਿਸ਼ੀ ਹੈ।”
ਮਹਾਤਮਾ ਗਾਂਧੀ ਨੇ ਇਸ ਘਟਨਾ ਲਈ ਬਰਤਾਨਵੀ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ।
ਉਨ੍ਹਾਂ ਕਿਹਾ, “ਅੰਗਰੇਜ਼ ਫੁੱਟ ਪਾਓ ਸ਼ਾਸਨ ਕਰੋ ਦੀ ਨੀਤੀ ’ਤੇ ਚੱਲਦੇ ਹਨ। ਉਨ੍ਹਾਂ ਸਾਹਮਣੇ ਇੱਕ ਹੋ ਜਾਓ। ਮੇਰਾ ਮੰਨਣਾ ਹੈ ਕਿ ਇਸ ਘਟਨਾ ਪਿੱਛੇ ਬਰਤਾਨਵੀ ਸਰਕਾਰ ਦੀ ਵੀ ਭੂਮਿਕਾ ਹੋਵੇਗੀ।”
ਮਹਾਤਮਾ ਗਾਂਧੀ ਮਗਰੋਂ ਮੌਲਾਨਾ ਸ਼ੌਕਤ ਅਲੀ ਖੜ੍ਹੇ ਹੋਏ। ਉਨ੍ਹਾਂ ਨੇ ਵੀ ਇਸ ਘਟਨਾ ਦੀ ਤੁਲਨਾ ਜਲ੍ਹਿਆਂਵਾਲਾ ਕਾਂਡ ਨਾਲ ਕੀਤੀ।
ਉਨ੍ਹਾਂ ਕਿਹਾ, “ਸਰਕਾਰ ਇਸ ਘਟਨਾ ਲਈ ਜ਼ਿੰਮੇਵਾਰ ਹੈ। ਸਰਕਾਰ ਦੀ ਮਦਦ ਦੇ ਬਿਨਾਂ ਕਿਵੇਂ ਮਹੰਤ ਨੇ ਇੰਨੀ ਤਿਆਰੀ ਕਰ ਲਈ।”
ਮੌਲਾਨ ਸ਼ੌਕਤ ਅਲੀ ਨੇ ਉਨ੍ਹਾਂ ਪਠਾਣਾਂ ਦੀ ਵੀ ਨਿੰਦਾ ਕੀਤੀ, ਜਿਨ੍ਹਾਂ ਨੇ ਇਸ ਘਟਨਾ ਵਿੱਚ ਮਹੰਤ ਦੀ ਮਦਦ ਕੀਤੀ ਸੀ।
ਗਾਂਧੀ ਨੇ ਆਪਣੀ ਨਨਕਾਣਾ ਫੇਰੀ ਮਗਰੋਂ ਸਿੱਖਾਂ ਲਈ ਇੱਕ ਸੰਦੇਸ਼ ਭੇਜਿਆ।
ਰੁਚੀ ਰਾਮ ਸਾਹਨੀ ਨੇ ਉਸ ਸੰਦੇਸ਼ ਨੂੰ ਆਪਣੀ ਕਿਤਾਬ ਵਿੱਚ ਸ਼ਾਮਿਲ ਕੀਤਾ ਹੈ। ਉਸ ਦੇ ਕੁਝ ਅੰਸ਼ ਇਸ ਪ੍ਰਕਾਰ ਹਨ:
“ਮੈਂ ਮੰਨਦਾ ਹਾਂ ਕਿ ਜਥਾ ਦਰਸ਼ਨਾਂ ਲਈ ਗੁਰਦੁਆਰਾ ਸਾਹਿਬ ਗਿਆ ਸੀ। ਉਨ੍ਹਾਂ ਕੋਲ ਹਥਿਆਰ ਸਨ ਪਰ ਉਨ੍ਹਾਂ ਨੇ ਅਹਿੰਸਕ ਰਹਿਣ ਦਾ ਅਹਿਦ ਲਿਆ ਸੀ, ਇਸ ਲਈ ਉਨ੍ਹਾਂ ਨੇ ਹਥਿਆਰਾਂ ਦਾ ਇਸਤੇਮਾਲ ਨਹੀਂ ਕੀਤਾ।”
ਸੰਕੇਤਕ ਤਸਵੀਰ
“ਅਕਾਲੀਆਂ ਦਾ ਮਕਸਦ ਸੁਧਾਰ ਕਰਨਾ ਸੀ ਇਸ ਲਈ ਉਨ੍ਹਾਂ ਦਾ ਬਲੀਦਾਨ ਬਹੁਤ ਵੱਡਾ ਹੈ। ਕਤਲ ਕਰਨ ਵਾਲੇ ਵੀ ਸਾਡੇ ਬੰਦੇ ਸੀ ਇਸ ਲਈ ਸਾਨੂੰ ਉਨ੍ਹਾਂ ਨੂੰ ਮਾਫ਼ ਕਰ ਦੇਣਾ ਚਾਹੀਦਾ ਹੈ।”
ਡਾ. ਜਸਵੀਰ ਅਨੁਸਾਰ ਮਹਾਤਮਾ ਗਾਂਧੀ ਦਾ ਇਸ ਘਟਨਾ ਮਗਰੋਂ ਸਿੱਖਾਂ ਪ੍ਰਤੀ ਨਜ਼ਰੀਆ ਕਾਫੀ ਤਬਦੀਲ ਹੁੰਦਾ ਹੈ।
ਉਨ੍ਹਾਂ ਕਿਹਾ, “ਮਹਾਤਮਾ ਗਾਂਧੀ ਨੂੰ ਲਗਦਾ ਸੀ ਕਿ ਸਿੱਖ ਇੱਕ ਮਾਰਸ਼ਲ ਕੌਮ ਹੈ ਤੇ ਉਹ ਕਿਸੇ ਤਰੀਕੇ ਦੇ ਅਹਿੰਸਕ ਮੂਵਮੈਂਟ ਵਿੱਚ ਫਿੱਟ ਨਹੀਂ ਬੈਠਦੇ ਹਨ ਪਰ ਇਸ ਘਟਨਾ ਮਗਰੋਂ ਉਨ੍ਹਾਂ ਦੇ ਵਿਚਾਰ ਤਬਦੀਲ ਹੁੰਦੇ ਨਜ਼ਰ ਆਏ ਸਨ।”
ਡਾ. ਜਸਵੀਰ ਸਿੰਘ ਅਨੁਸਾਰ ਇਸ ਸਾਕੇ ਵਿੱਚ ਹੋਈਆਂ ਮੌਤਾਂ ਦੇ ਅੰਕੜੇ 150 ਤੋਂ 195 ਤੱਕ ਦੱਸੇ ਜਾਂਦੇ ਹਨ ਪਰ ਉਨ੍ਹਾਂ ਮੁਤਾਬਕ ਇਸ ਸਾਕੇ ਵਿੱਚ 150 ਸਿੱਖਾਂ ਨੂੰ ਆਪਣੀ ਜਾਨ ਗੁਆਉਣੀ ਪਈ ਸੀ।
ਰੁਚੀ ਰਾਮ ਸਾਹਨੀ ਅਨੁਸਾਰ ਐੱਸਜੀਪੀਸੀ ਦੇ 4, 5 ਤੇ 6 ਮਾਰਚ ਨੂੰ ਹੋਏ ਦੀਵਾਨ ਵਿੱਚ ਕੁਝ ਮਤੇ ਪਾਸ ਕੀਤੇ ਗਏ ਜੋ ਇਸ ਪ੍ਰਕਾਰ ਹਨ:
ਅਰਦਾਸ ਵਿੱਚ ਨਨਕਾਣਾ ਸਾਹਿਬ ਦੇ ਸ਼ਹੀਦਾਂ ਦੇ ਨਾਂ ਸ਼ਾਮਲ ਕੀਤੇ ਜਾਣਗੇ।
ਸ਼ਹੀਦਾਂ ਦੇ ਪਰਿਵਾਰਾਂ ਦੇ ਗੁਜ਼ਾਰੇ ਭੱਤੇ ਦਾ ਇੰਤਜ਼ਾਮ ਕੀਤਾ ਜਾਵੇਗਾ।
ਇਸ ਸਾਕੇ ਦੀ ਜਾਂਚ ਲਈ ਬਣਾਈ ਗਈ ਸਰਕਾਰ ਦੀ ਕਮੇਟੀ ’ਤੇ ਭਰੋਸਾ ਨਹੀਂ ਕੀਤਾ ਜਾ ਸਕਦਾ ਹੈ, ਇਸ ਲਈ ਸਿੱਖ ਲੀਗ ਵੱਲੋਂ ਥਾਪੀ ਕਮੇਟੀ ਇਸ ਸਾਕੇ ਦੀ ਜਾਂਚ ਵਿੱਚ ਮਦਦ ਕਰੇਗੀ।
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

ਜਾਤ ਅਧਾਰਿਤ ਭੇਦ ਭਾਵ ਉੱਤੇ ਪਾਬੰਦੀ ਲਾਉਣ ਵਾਲਾ ਸਿਆਟਲ ਅਮਰੀਕਾ ਦਾ ਪਹਿਲਾ ਸ਼ਹਿਰ ਬਣਿਆ
NEXT STORY