ਦੁਨੀਆ ਦੇ ਬਲੂ ਜ਼ੋਨ ਖੇਤਰਾਂ ਦੇ ਲੋਕ ਬਿਹਤਰ ਸਿਹਤ ਦੇ ਨਾਲ ਲੰਬੀ ਉਮਰ ਜੀਉਂਦੇ ਹਨ
ਲੂਸੀਲ ਰੈਂਡਨ ਨੇ ਜਨਵਰੀ ਵਿੱਚ ਆਖ਼ਰੀ ਸਾਹ ਲਿਆ। ਉਦੋਂ ਉਹ 118 ਸਾਲ ਦੇ ਸਨ ਅਤੇ ਉਨ੍ਹਾਂ ਦੇ ਨਾਂ ਦੁਨੀਆਂ ਦੇ ਸਭ ਤੋਂ ਬਜ਼ੁਰਗ ਵਿਅਕਤੀ ਦਾ ਰਿਕਾਰਡ ਸੀ।
ਫ੍ਰੈਂਚ ਨਨ ਲੂਸੀਲ ਸਿਸਟਰ ਆਂਦਰੇ ਦੇ ਨਾਂ ਨਾਲ ਮਸ਼ਹੂਰ ਸੀ। ਉਨ੍ਹਾਂ ਨੇ ਦੋਵੇਂ ਵਿਸ਼ਵ ਯੁੱਧ ਦੇਖੇ ਸਨ। ਉਹ ਚੰਦਰਮਾ ''ਤੇ ਮਨੁੱਖ ਦੇ ਉਤਰਨ ਦੀ ਗਵਾਹ ਸੀ ਅਤੇ ਉਨ੍ਹਾਂ ਨੇ ਡਿਜੀਟਲ ਯੁੱਗ ਨੂੰ ਵੀ ਦੇਖਿਆ।
ਉਨ੍ਹਾਂ ਦੀ ਕਹਾਣੀ ਇਸ ਤੱਥ ਦੇ ਮੱਦੇਨਜ਼ਰ ਵਿਲੱਖਣ ਜਾਪਦੀ ਹੈ ਕਿ ਉਹ ਉਸੇ ਦੁਨੀਆਂ ਦਾ ਹਿੱਸਾ ਸੀ ਜਿੱਥੇ ਮਨੁੱਖਾਂ ਦੀ ਔਸਤ ਉਮਰ 73.4 ਸਾਲ ਹੈ।
ਹਾਲਾਂਕਿ ਹਰ ਬੀਤਦੇ ਦਿਨ ਦੇ ਨਾਲ ਲੋਕਾਂ ਦੀ ਜ਼ਿੰਦਗੀ ਲੰਬੀ ਹੁੰਦੀ ਜਾ ਰਹੀ ਹੈ। ਸੰਯੁਕਤ ਰਾਸ਼ਟਰ ਦਾ ਅਨੁਮਾਨ ਹੈ ਕਿ ਇਸ ਸਦੀ ਦੇ ਮੱਧ ਤੱਕ ਮਨੁੱਖਾਂ ਦੀ ਔਸਤ ਉਮਰ 77 ਸਾਲ ਤੱਕ ਵਧ ਸਕਦੀ ਹੈ।
ਲੋਕਾਂ ਦੀ ਉਮਰ ਵਧ ਰਹੀ ਹੈ। ਜਨਮ ਦਰ ਘਟ ਰਹੀ ਹੈ। ਅਜਿਹੇ ''ਚ ਬਜ਼ੁਰਗਾਂ ਦੀ ਆਬਾਦੀ ਵਧ ਰਹੀ ਹੈ।
ਦੁਨੀਆਂ ਵਿੱਚ ਹੁਣ ਪੰਜ ਸਾਲ ਤੋਂ ਘੱਟ ਉਮਰ ਦੇ ਜਿੰਨੇ ਬੱਚੇ ਹਨ ਉਨ੍ਹਾਂ ਨਾਲੋਂ ਕਿਤੇ ਜ਼ਿਆਦਾ 65 ਸਾਲ ਤੋਂ ਵੱਧ ਉਮਰ ਦੇ ਲੋਕਾਂ ਦੀ ਆਬਾਦੀ ਹੈ। ਹਾਲਾਂਕਿ, ਦੁਨੀਆਂ ਦੇ ਸਾਰੇ ਦੇਸ਼ਾਂ ਵਿੱਚ ਸਥਿਤੀ ਇੱਕੋ ਜਿਹੀ ਨਹੀਂ ਹੈ।
ਮੋਨਾਕੋ ਵਿੱਚ ਜਿੱਥੇ ਮਨੁੱਖਾਂ ਦੀ ਔਸਤ ਉਮਰ 87 ਸਾਲ ਹੈ, ਉਥੇ ਹੀ ਅਫ਼ਰੀਕਾ ਦੇ ਇੱਕ ਗਰੀਬ ਦੇਸ਼ ਰਿਪਬਲਿਕ ਆਫ ਚਾਡ ਵਿੱਚ ਔਸਤ ਉਮਰ ਸਿਰਫ਼ 53 ਸਾਲ ਹੈ।
ਮੋਨਾਕੋ ਤੋਂ ਬਾਅਦ ਚੀਨ ਦੇ ਸ਼ਾਸਨ ਵਾਲੇ ਹਾਂਗਕਾਂਗ ਦਾ ਨੰਬਰ ਆਉਂਦਾ ਹੈ। ਤੀਜੇ ਨੰਬਰ ''ਤੇ ਮਕਾਊ ਅਤੇ ਚੌਥੇ ਨੰਬਰ ''ਤੇ ਜਾਪਾਨ ਹੈ। ਵਿਸ਼ਵ ਸ਼ਕਤੀਆਂ ਵਿੱਚੋਂ, ਜਾਪਾਨ ਵਿੱਚ ਇਨਸਾਨਾਂ ਦੀ ਔਸਤ ਉਮਰ ਸਭ ਤੋਂ ਜ਼ਿਆਦਾ ਹੈ।
ਸੰਯੁਕਤ ਰਾਸ਼ਟਰ ਦੀ ਵਰਲਡ ਪਾਪੂਲੇਸ਼ਨ ਪ੍ਰਾਸਪੈਕਟ ਰਿਪੋਰਟ ਮੁਤਾਬਕ, ਉੱਚ ਔਸਤ ਉਮਰ ਨਾਲ ਸਬੰਧਤ ਸੂਚੀ ਵਿੱਚ ਬਾਕੀ ਦੇਸ਼ ਲੀਚਟਨਸਟਾਈਨ, ਸਵਿਟਜ਼ਰਲੈਂਡ, ਸਿੰਗਾਪੁਰ, ਇਟਲੀ, ਦੱਖਣੀ ਕੋਰੀਆ ਅਤੇ ਸਪੇਨ ਹਨ।
ਮਹਾਂਮਾਰੀ ਅਤੇ ਵਿਸ਼ਵ ਯੁੱਧ ਨੂੰ ਪਰੇ ਕਰ ਦਈਏ ਤਾਂ, ਮਨੁੱਖ ਦੀ ਔਸਤ ਉਮਰ ਲੰਘੇ ਦੋ ਸੌ ਸਾਲਾਂ ਤੋਂ ਵੱਧ ਸਮੇਂ ਤੋਂ ਪੂਰੀ ਦੁਨੀਆ ਵਿੱਚ ਲਗਾਤਾਰ ਵਧ ਰਹੀ ਹੈ।
ਵੈਕਸੀਨ, ਐਂਟੀਬਾਇਓਟਿਕਸ ਅਤੇ ਬਿਹਤਰ ਦਵਾਈਆਂ ਦੇ ਵਿਕਾਸ ਨਾਲ ਸਾਫ਼-ਸਫਾਈ, ਖਾਣ-ਪੀਣ ਅਤੇ ਰਹਿਣ-ਸਹਿਣ ਦੀਆਂ ਬਿਹਤਰ ਸਥਿਤੀਆਂ ਕਾਰਨ ਔਸਤ ਉਮਰ ਵਧੀ ਹੈ।
ਸਹੀ ਫ਼ੈਸਲੇ, ਬਿਹਤਰ ਨਤੀਜੇ
ਜੈਨੇਟਿਕ ਕਾਰਨ ਉਮਰ ਵੱਧ ਹੋਣ ਵਿੱਚ ਸਭ ਤੋਂ ਮਹੱਤਵਪੂਰਨ ਹੁੰਦਾ ਹੈ ਪਰ ਇਸ ਵਿੱਚ ਹੋਰਨਾਂ ਚੀਜ਼ਾਂ ਦੀ ਵੀ ਭੂਮਿਕਾ ਹੁੰਦੀ ਹੈ। ਉਦਾਹਰਨ ਲਈ, ਕਿਸੇ ਵਿਅਕਤੀ ਨੇ ਜਿੱਥੇ ਜਨਮ ਲਿਆ ਹੈ, ਉਥੋਂ ਦੀਆਂ ਰਹਿਣ-ਸਹਿਣ ਦੀਆਂ ਸਥਿਤੀਆਂ ਕਿਹੋ-ਜਿਹੀਆਂ ਸਨ ਅਤੇ ਇੱਕ ਮਨੁੱਖ ਵਜੋਂ ਉਨ੍ਹਾਂ ਨੇ ਆਪਣੇ ਜੀਵਨ ਵਿੱਚ ਕਿਹੋ ਜਿਹੇ ਫ਼ੈਸਲੇ ਲਏ ਸਨ।
ਸਿਰਫ਼ ਬਿਹਤਰ ਸਿਹਤ ਪ੍ਰਣਾਲੀ ਅਤੇ ਚੰਗੀ ਖੁਰਾਕ ਨਾਲ ਲੰਬੀ ਉਮਰ ਨਹੀਂ ਮਿਲਦੀ। ਇਸ ਦੇ ਲਈ ਉਹ ਫ਼ੈਸਲੇ ਵੀ ਜ਼ਰੂਰੀ ਹਨ, ਜਿਨ੍ਹਾਂ ਨੂੰ ਮਾਹਿਰ ''ਸਮਾਰਟ ਡਿਸੀਜ਼ਨ'' ਕਹਿੰਦੇ ਹਨ, ਖ਼ਾਸ ਤੌਰ ''ਤੇ ਸੰਤੁਲਿਤ ਖੁਰਾਕ, ਪੂਰੀ ਨੀਂਦ ਲੈਣ, ਤਣਾਅ ਨੂੰ ਕੰਟਰੋਲ ਕਰਨ ਅਤੇ ਕਸਰਤ ਨਾਲ ਸਬੰਧਤ ਫ਼ੈਸਲੇ।
ਜਿਹੜੇ ਦੇਸ਼ ਲੰਮੀ ਔਸਤ ਉਮਰ ਦੇ ਲਿਹਾਜ਼ ਨਾਲ ਉੱਚੇ ਦਰਜੇ ''ਤੇ ਹਨ, ਯਾਨੀ ਜਿਹੜੇ ਦੇਸ਼ ਸਿਖਰ ''ਤੇ ਹਨ, ਉਨ੍ਹਾਂ ਦੀ ਆਮਦਨ ਵਿੱਚ ਇੱਕ ਚੀਜ਼ ਆਮ ਹੈ, ਵਧੇਰੇ ਆਮਦਨੀ। ਇਨ੍ਹਾਂ ਵਿੱਚ ਇੱਕ ਹੋਰ ਗੱਲ ਆਮ ਹੈ, ਉਹ ਹੈ ਉਨ੍ਹਾਂ ਦੇਸ਼ਾਂ ਦਾ ਆਕਾਰ।
ਸੰਯੁਕਤ ਰਾਸ਼ਟਰ ਦੇ ਜਨਸੰਖਿਆ ਅਨੁਮਾਨ ਵਿਭਾਗ ਦੇ ਮੁਖੀ ਪੈਟਰਿਕ ਗੇਰਲੈਂਡ ਦਾ ਕਹਿਣਾ ਹੈ ਕਿ ਇਸ ਸੂਚੀ ਵਿੱਚ ਮੋਨਾਕੋ ਅਤੇ ਲੀਚਟਨਸਟਾਈਨ ਵਰਗੇ ਬਹੁਤ ਛੋਟੇ ਦੇਸ਼ ਹਨ। ਇਨ੍ਹਾਂ ਦੀ ਆਬਾਦੀ ਵਿੱਚ ਹੋਰਨਾਂ ਦੇਸ਼ਾਂ ਵਾਂਗ ਕੋਈ ਵਿਭਿੰਨਤਾ ਨਹੀਂ ਹੈ।
ਮੋਨਾਕੋ ਵਿੱਚ ਔਸਤ ਉਮਰ 87 ਸਾਲ ਹੈ। ਇਹ ਦੁਨੀਆ ਵਿੱਚ ਸਭ ਤੋਂ ਵੱਧ ਹੈ।
ਉਹ ਕਹਿੰਦੇ ਹਨ, "ਇਹ ਦੇਸ਼ ਅਨੋਖੇ ਦਿਖਾਈ ਦਿੰਦੇ ਹਨ, ਪਰ ਅਸਲ ਵਿੱਚ, ਦੇਖੀਏ ਤਾਂ ਇਨ੍ਹਾਂ ਦੀ ਆਬਾਦੀ ਵੱਖਰੀ ਜਿਹੀ ਹੈ। ਦੂਜੇ ਦੇਸ਼ਾਂ ਜਿਸ ਤਰ੍ਹਾਂ ਵੱਖ-ਵੱਖ ਕਿਸਮਾਂ ਦੀ ਆਬਾਦੀ ਦਾ ਮਿਸ਼ਰਣ ਦੇਖਿਆ ਜਾਂਦਾ ਹੈ, ਉਹ ਇੱਥੇ ਨਹੀਂ ਹੈ।"
ਬੀਬੀਸੀ ਨਾਲ ਗੱਲ ਕਰਦੇ ਹੋਏ ਪੈਟਰਿਕ ਕਹਿੰਦੇ ਹਨ, "ਇੱਥੇ ਉਨ੍ਹਾਂ ਦਾ ਜੀਵਨ ਪੱਧਰ ਉੱਚਾ ਹੈ। ਸਿਹਤ ਸਹੂਲਤਾਂ ਅਤੇ ਸਿੱਖਿਆ ਸਹੂਲਤਾਂ ਚੰਗੀਆਂ ਹਨ ਪਰ ਇੱਥੇ ਕੋਈ ਬੇਤਰਤੀਬ ਚੋਣ ਨਹੀਂ ਹੈ।"
ਵੱਖ-ਵੱਖ ਦੇਸ਼ਾਂ ਵਿੱਚ, ਬਲਕਿ ਕਈ ਮਾਮਲਿਆਂ ਵਿੱਚ ਇੱਕੋ ਦੇਸ਼ ਦੇ ਅੰਦਰ ਹੀ ਵੱਡਾ ਅੰਤਰ ਦੇਖਿਆ ਜਾ ਸਕਦਾ ਹੈ। ਖ਼ਾਸ ਕਰਕੇ ਜਿੱਥੇ ਉੱਚ ਅਸਮਾਨਤਾ ਹੁੰਦੀ ਹੈ, ਵੱਖ-ਵੱਖ ਸਮਾਜਿਕ ਸਮੂਹਾਂ ਦੀ ਔਸਤ ਉਮਰ ਵਿੱਚ ਅੰਤਰ ਵਧਦਾ ਹੈ।
ਉਹ ਕਹਿੰਦੇ ਹਨ, "ਯੂਰਪ ਦੇ ਕਈ ਦੇਸ਼ਾਂ ਵਿੱਚ ਅੱਸੀ ਸਾਲ ਤੋਂ ਵੱਧ ਉਮਰ ਦੇ ਬਹੁਤ ਸਾਰੇ ਲੋਕ ਹਨ। ਉੱਥੇ ਔਸਤ ਉਮਰ ਵੱਧ ਹੈ।"
ਵੱਡੀ ਉਮਰ ਦਾ ਵਰਦਾਨ ''ਬਲੂ ਜ਼ੋਨ''
ਬਲੂ ਜ਼ੋਨ ਆਬਾਦੀ ਦਾ ਬਹੁਤ ਛੋਟਾ ਹਿੱਸਾ ਹੈ। ਜਿੱਥੇ ਦੀਆਂ ਦੂਜੇ ਲੋਕਾਂ ਦੀ ਤੁਲਨਾ ਵਿੱਚ ਵਧੇਰੇ ਉਮਰ ਵਾਲੇ ਜ਼ਿਆਦਾ ਲੋਕ ਹਨ।
ਕੁਝ ਦਹਾਕੇ ਪਹਿਲਾਂ, ਜਨਸੰਖਿਆ ਵਿਗਿਆਨੀ ਮਿਸ਼ੇਲ ਪੁੱਲਨ ਅਤੇ ਜੀਰੋਨਟੋਲੋਜਿਸਟ ਯਾਨੀ ਪੇਸ ਇਹ ਪਤਾ ਲਗਾਉਣ ਲਈ ਜੁਟੇ ਕਿ ਦੁਨੀਆਂ ਵਿੱਚ ਸਭ ਤੋਂ ਉਮਰ ਦਰਾਜ਼ ਲੋਕ ਕਿੱਥੇ ਰਹਿੰਦੇ ਹਨ।
ਜਿਨ੍ਹਾਂ ਕਸਬਿਆਂ ਅਤੇ ਸ਼ਹਿਰਾਂ ਵਿਚ ਸੌ ਸਾਲ ਤੱਕ ਜਿਉਣ ਵਾਲੇ ਲੋਕ ਮਿਲੇ, ਉਨ੍ਹਾਂ ਥਾਵਾਂ ਨੂੰ ਨਕਸ਼ੇ ''ਤੇ ਨੀਲੇ ਮਾਰਕਰ ਨਾਲ ਘੇਰੇ ਬਣਾ ਦਿੱਤੇ।
ਇਟਲੀ ਦਾ ਸਾਰਡੀਨੀਆ ਖੇਤਰ ਸਭ ਤੋਂ ਪਹਿਲਾ ਬਲੂ ਜ਼ੋਨ ਸੀ
ਉਨ੍ਹਾਂ ਨੇ ਦੇਖਿਆ ਕਿ ਨਕਸ਼ੇ ''ਤੇ ਨੀਲੇ ਰੰਗ ਵਿੱਚ ਚਿੰਨ੍ਹਿਤ ਇੱਕ ਖੇਤਰ ਬਾਰਬਾਜਾ ਹੈ। ਇਹ ਇਟਲੀ ਦੇ ਦੀਪ ਸਾਰਡੀਨੀਆ ''ਤੇ ਹੈ। ਉਨ੍ਹਾਂ ਨੇ ਇਸ ਨੂੰ ''ਬਲੂ ਜ਼ੋਨ'' ਦਾ ਨਾਂ ਦਿੱਤਾ ਹੈ। ਉਦੋਂ ਤੋਂ, ਇਹ ਨਾਮ ਉਨ੍ਹਾਂ ਥਾਵਾਂ ਨਾਲ ਜੁੜ ਗਿਆ ਜਿੱਥੇ ਲੋਕ ਬਿਹਤਰ ਜੀਵਨ ਪੱਧਰ ਨਾਲ ਲੰਬੇ ਸਮੇਂ ਤੱਕ ਜਿਉਂਦੇ ਹਨ।
ਇਸ ਅਧਿਐਨ ਦੇ ਅਧਾਰ ''ਤੇ, ਪੱਤਰਕਾਰ ਡੈਨ ਬੁਏਟਨਰ ਨੇ ਮਾਹਿਰਾਂ ਦੀ ਇੱਕ ਹੋਰ ਟੀਮ ਤਿਆਰ ਕੀਤੀ ਤਾਂ ਜੋ ਦੂਜੀਆਂ ਥਾਵਾਂ ਅਜਿਹੇ ਹੀ ਭਾਈਚਾਰਿਆਂ ਦੀ ਜਾਣਕਾਰੀ ਦੇ ਸਕੇ।
ਉਨ੍ਹਾਂ ਨੇ ਦੇਖਿਆ ਕਿ ਸਾਰਡੀਨੀਆ ਤੋਂ ਇਲਾਵਾ ਚਾਰ ਹੋਰ ਬਲੂ ਜ਼ੋਨ ਹਨ। ਇਹ ਜਾਪਾਨ ਵਿੱਚ ਓਕੀਨਾਵਾ ਟਾਪੂ, ਕੋਸਟਾ ਰੀਕਾ ਵਿੱਚ ਨਿਕੋਯਾ, ਗ੍ਰੀਸ ਵਿੱਚ ਆਈਕਾਰੀਆ ਟਾਪੂ ਅਤੇ ਕੈਲੀਫੋਰਨੀਆ ਵਿੱਚ ਲੋਮਾ ਲਿੰਡਾ ਐਡਵੈਂਟਿਸਟ ਕਮਿਊਨਿਟੀ ਹਨ।
ਦੱਖਣੀ ਜਾਪਾਨ ਦੇ ਓਕੀਨਾਵਾ ਵਿੱਚ ਲੋਕ 90 ਸਾਲ ਦੀ ਉਮਰ ਤੱਕ ਸਰਗਰਮ ਰਹਿੰਦੇ ਹਨ
ਇਸ ਵਿੱਚ ਕੋਈ ਸ਼ੱਕ ਨਹੀਂ ਕਿ ਲੰਬੀ ਉਮਰ ਲਈ ਜੈਨੇਟਿਕ ਕਾਰਕ ਵਰਦਾਨ ਵਾਂਗ ਹਨ।
ਪਰ ਡਾਕਟਰਾਂ ਅਤੇ ਸਾਰੀਆਂ ਦੂਜੀਆਂ ਵਿਧਾਵਾਂ ਦੇ ਮਾਹਿਰ ਵਿਗਿਆਨੀਆਂ ਦੇ ਸਮੂਹਾਂ ਨੇ ਇਹ ਸਮਝਣ ਦੀ ਕੋਸ਼ਿਸ਼ ਕੀਤੀ ਕਿ ਬਲੂ ਜ਼ੋਨ ਨੂੰ ਪ੍ਰਭਾਵਿਤ ਕਰਨ ਵਾਲੇ ਹੋਰ ਕਾਰਕ ਕੀ ਹਨ। ਇਸ ਦੀ ਜਾਣਕਾਰੀ ਲਈ ਉਨ੍ਹਾਂ ਨੇ ਦੁਨੀਆਂ ਦੇ ਵੱਖ-ਵੱਖ ਹਿੱਸਿਆਂ ਦਾ ਦੌਰਾ ਕੀਤਾ।
2008 ਵਿੱਚ, ਬਿਊਟਨਰ ਨੇ ''ਦਿ ਬਲੂ ਜ਼ੋਨਜ਼: ਲੈਸਨਜ਼ ਫਾਰ ਲਿਵਿੰਗ ਲੌਂਗਰਜ਼ ਫਾਰ ਦਿ ਪੀਪਲ ਵੋਹ ਹੈਵ ਦਿ ਲੌਂਗਸਟ'' ਸਿਰਲੇਖ ਵਾਲੀ ਕਿਤਾਬ ਪ੍ਰਕਾਸ਼ਿਤ ਕੀਤੀ।
ਉਦੋਂ ਤੋਂ ਉਨ੍ਹਾਂ ਨੇ ਇਸ ਵਿਚਾਰ ਨੂੰ ਅੱਗੇ ਲੈ ਕੇ ਜਾਣ ਦੇ ਕੰਮ ਵਿਚ ਆਪਣੇ ਆਪ ਨੂੰ ਸਮਰਪਿਤ ਕਰ ਦਿੱਤਾ।
ਹਾਲਾਂਕਿ, ਹਰ ਕੋਈ ਉਨ੍ਹਾਂ ਦੀਆਂ ਕਹੀਆਂ ਗੱਲਾਂ ਨਾਲ ਸਹਿਮਤ ਨਹੀਂ ਸੀ। ਅਸਹਿਮਤੀ ਦੇਣ ਵਾਲਿਆਂ ਨੇ ਦਲੀਲ ਦਿੱਤੀ ਕਿ ਉਨ੍ਹਾਂ ਦੇ ਕਈ ਬਿਆਨ ਲੰਬੇ ਵਿਗਿਆਨਕ ਅਧਿਐਨ ਦੀ ਬਜਾਏ ਨਿਰੀਖਣ ''ਤੇ ਅਧਾਰਤ ਸਨ।
ਬਲੂ ਜ਼ੋਨ ਵਿੱਚ ''ਸਾਂਝਾ'' ਕੀ ਹੈ?
ਬਿਊਟਨਰ ਅਤੇ ਉਨ੍ਹਾਂ ਦੀ ਟੀਮ ਨੇ ਭਾਈਚਾਰਿਆਂ ਦੇ ਆਪਣੇ ਅਧਿਐਨ ਵਿੱਚ ਕੁਝ ਆਮ ਗੱਲਾਂ ਲੱਭੀਆਂ। ਇਨ੍ਹਾਂ ਦੇ ਆਧਾਰ ''ਤੇ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਭਾਈਚਾਰਿਆਂ ਦੇ ਲੋਕਾਂ ਦਾ ਜੀਵਨ ਬਾਕੀ ਦੁਨੀਆਂ ਦੇ ਮੁਕਾਬਲੇ ਲੰਬਾ ਅਤੇ ਬਿਹਤਰ ਕਿਉਂ ਹੈ। ਇਨ੍ਹਾਂ ਵਿੱਚੋਂ ਕੁਝ ਚੀਜ਼ਾਂ ਸਨ-
- ਉਨ੍ਹਾਂ ਦੀ ਜ਼ਿੰਦਗੀ ਦਾ ਇਕ ਮਕਸਦ ਸੀ। ਭਾਵ, ਜਿਸ ਕਾਰਨ ਉਹ ਹਰ ਰੋਜ਼ ਸਵੇਰੇ ਉੱਠਦੇ ਹਨ।
- ਉਹ ਪਰਿਵਾਰਕ ਰਿਸ਼ਤੇ ਨੂੰ ਮਜ਼ਬੂਤ ਰੱਖਦੇ ਹਨ।
- ਉਹ ਆਮ ਰੁਟੀਨ ਦੇ ਬੰਧਨ ਤੋਂ ਦੂਰ ਹੋ ਕੇ ਤਣਾਅ ਨੂੰ ਘਟਾਉਂਦੇ ਹਨ। ਉਹ ਹੋਰ ਗਤੀਵਿਧੀਆਂ ਵਿੱਚ ਹਿੱਸਾ ਲੈਂਦੇ ਹਨ ਜੋ ਸਮਾਜਿਕ ਆਦਤਾਂ ਦਾ ਹਿੱਸਾ ਬਣ ਗਈਆਂ ਹਨ। ਉਦਾਹਰਨ ਵਜੋਂ ਲੋਮਾ ਲਿੰਡਾ ਪ੍ਰਾਰਥਨਾ ਕਰਦੇ ਹਨ। ਓਕੀਨਾਵਾ ਵਿੱਚ ਔਰਤਾਂ ਲਈ ਇੱਕ ਚਾਹ ਪਾਰਟੀ ਰੱਖੀ ਜਾਂਦੀ ਹੈ।
- ਉਹ ਲੋੜ ਤੋਂ ਵੱਧ ਖਾਣਾ ਨਹੀਂ ਖਾਂਦੇ। ਪੇਟ ਦੀ ਸਮਰੱਥਾ ਦਾ 80 ਫੀਸਦੀ ਹੀ ਖਾਦੇ ਹਨ।
- ਉਹ ਸੰਤੁਲਿਤ ਖੁਰਾਕ ਲੈਂਦੇ ਹਨ। ਇਸ ਵਿੱਚ ਸਬਜ਼ੀਆਂ ਅਤੇ ਫਲ ਭਰਪੂਰ ਮਾਤਰਾ ਵਿੱਚ ਹੁੰਦੇ ਹਨ।
- ਉਹ ਸੀਮਤ ਮਾਤਰਾ ਵਿੱਚ ਸ਼ਰਾਬ ਪੀਂਦੇ ਹਨ।
- ਉਹ ਹਰ ਰੋਜ਼ ਸੈਰ ਕਰਨ ਵਰਗੀ ਸਰੀਰਕ ਗਤੀਵਿਧੀਆਂ ਕਰਦੇ ਹਨ।
- ਉਨ੍ਹਾਂ ਕੋਲ ਭਾਈਚਾਰਕ ਭਾਵਨਾ ਮਜ਼ਬੂਤ ਹੁੰਦੀ ਹੈ। ਉਹ ਸਮਾਜਿਕ ਗਤੀਵਿਧੀਆਂ ਵਿੱਚ ਹਿੱਸਾ ਲੈਂਦੇ ਹਨ ਅਤੇ ਚੰਗੀਆਂ ਆਦਤਾਂ ਨੂੰ ਉਤਸ਼ਾਹਿਤ ਕਰਦੇ ਹਨ।
- ਉਹ ਅਜਿਹੇ ਸਮੂਹ ਦਾ ਹਿੱਸਾ ਹਨ ਜਿੱਥੇ ਵਿਸ਼ਵਾਸ ਜਾਂ ਧਰਮ ਨੂੰ ਵਧਾਵਾ ਮਿਲਦਾ ਹੈ।
- ਇਨ੍ਹਾਂ ਤੋਂ ਇਲਾਵਾ ਦੋਸਤਾਨਾ ਮਾਹੌਲ, ਚੰਗਾ ਸੁਭਾਅ, ਸਿਹਤਮੰਦ ਭੋਜਨ ਤੱਕ ਪਹੁੰਚ ਅਤੇ ਵੱਡੇ ਸ਼ਹਿਰੀ ਕੇਂਦਰਾਂ ਤੋਂ ਦੂਰੀ ਵੀ ਉਨ੍ਹਾਂ ਦੀ ਜੀਵਨ ਸ਼ੈਲੀ ਦਾ ਹਿੱਸਾ ਸਨ।
ਹਾਲਾਂਕਿ, ਬਲੂ ਜ਼ੋਨ ਦਾ ਹਿੱਸਾ ਬਣਨ ਲਈ, ਤੁਹਾਨੂੰ ਉੱਥੇ ਪੈਦਾ ਹੋਣਾ ਹਵੇਗਾ ਅਤੇ ਉਸ ਭਾਈਚਾਰੇ ਦਾ ਇੱਕ ਸਰਗਰਮ ਮੈਂਬਰ ਹੋਣਾ ਪੇਵਗਾ। ਪਰ ਇਹ ਤਰੀਕੇ ਉਨ੍ਹਾਂ ਸਾਰੇ ਲੋਕਾਂ ਲਈ ਲਾਭਦਾਇਕ ਹੋ ਸਕਦੇ ਹਨ ਜੋ ਲੰਬੀ ਅਤੇ ਬਿਹਤਰ ਜ਼ਿੰਦਗੀ ਚਾਹੁੰਦੇ ਹਨ।
ਇਕੱਲੇ ਨਾ ਰਹੋ
ਮਾਹਿਰਾਂ ਦਾ ਕਹਿਣਾ ਹੈ ਕਿ ਆਰਥਿਕ ਸਥਿਤੀ ਅਤੇ ਗੁਣਸੂਤਰ ਵਿੱਚ ਮਿਲਣ ਵਾਲੀਆਂ ਖ਼ੂਬੀਆਂ ਤੋਂ ਇਲਾਵਾ ਕੁਝ ਹੋਰ ਗੱਲਾਂ ਵੀ ਹਨ, ਜਿਨ੍ਹਾਂ ਵੱਲ ਘੱਟ ਧਿਆਨ ਦਿੱਤਾ ਗਿਆ ਹੈ। ਇਹ ਚੀਜ਼ਾਂ ਜੀਵਨ ਦਾ ਉਦੇਸ਼ ਅਤੇ ਦੂਜੇ ਲੋਕਾਂ ਨਾਲ ਸੰਪਰਕ ਹਨ।
ਇਹ ਚੀਜ਼ਾਂ ਸਾਧਾਰਨ ਲੱਗਦੀਆਂ ਹਨ ਪਰ ਜੋ ਲੋਕ ਲੰਬੇ ਸਮੇਂ ਤੱਕ ਚੰਗੀ ਜ਼ਿੰਦਗੀ ਜੀਣਾ ਚਾਹੁੰਦੇ ਹਨ, ਉਨ੍ਹਾਂ ਲਈ ਇਹ ਇੱਕ ਵੱਡੀ ਚੁਣੌਤੀ ਹੈ।
ਨੈਸ਼ਨਲ ਇੰਸਟੀਚਿਊਟ ਆਨ ਏਜਿੰਗ ਦੇ ਵਿਗਿਆਨਕ ਨਿਰਦੇਸ਼ਕ ਲੁਈਗੀ ਫੇਰੂਚੀ ਦਾ ਕਹਿਣਾ ਹੈ ਕਿ ਸਿਹਤਮੰਦ ਬਜ਼ੁਰਗ ਸਰੀਰਕ ਤੌਰ ''ਤੇ ਸਰਗਰਮ ਰਹਿੰਦੇ ਹਨ। ਕੁਝ ਸਮਾਂ ਘਰ ਤੋਂ ਬਾਹਰ ਬਿਤਾਉਂਦੇ ਹਨ। ਉਨ੍ਹਾਂ ਦੇ ਦੋਸਤਾਂ ਅਤੇ ਰਿਸ਼ਤੇਦਾਰਾਂ ਨਾਲ ਮਜ਼ਬੂਤ ਸਬੰਧ ਹੁੰਦੇ ਹਨ।
ਮਾਹਿਰਾਂ ਦੀ ਰਾਇ ਇਸ ਗੱਲ ''ਤੇ ਵੰਡੀ ਹੋਈ ਹੈ ਕਿ ਜੀਨਾਂ ਅਤੇ ਜੀਵਨਸ਼ੈਲੀ ਦਾ ਕਿਸੇ ਵਿਅਕਤੀ ਦੀ ਲੰਬੀ ਉਮਰ ''ਤੇ ਕਿੰਨਾ ਪ੍ਰਭਾਵ ਪੈਂਦਾ ਹੈ।
ਕੁਝ ਖੋਜਕਰਤਾਵਾਂ ਦਾ ਵਿਚਾਰ ਹੈ ਕਿ ਗੁਣਸੂਤਰਾਂ ਦੀ ਭੂਮਿਕਾ 25 ਪ੍ਰਤੀਸ਼ਤ ਹੈ। ਇਸ ਤੋਂ ਇਲਾਵਾ ਜੋ ਕਾਰਕ ਮਹੱਤਵਪੂਰਨ ਹਨ ਉਹ ਇਹ ਹਨ ਕਿ ਕੋਈ ਵਿਅਕਤੀ ਕਿੱਥੇ ਰਹਿੰਦਾ ਹੈ, ਉਹ ਕੀ ਖਾਂਦਾ ਹੈ, ਉਹ ਕਿੰਨੀ ਕਸਰਤ ਕਰਦਾ ਹੈ, ਦੋਸਤਾਂ ਅਤੇ ਪਰਿਵਾਰ ਨਾਲ ਉਨ੍ਹਾਂ ਦੀ ਸਹਾਇਤਾ ਪ੍ਰਣਾਲੀ ਕਿਸ ਤਰ੍ਹਾਂ ਦੀ ਹੈ।
ਲੰਬੇ ਅਤੇ ਸਿਹਤਮੰਦ ਜੀਵਨ ਵਿੱਚ ਜੈਨੇਟਿਕ ਕਾਰਕਾਂ ਦੀ ਭੂਮਿਕਾ ਬਾਰੇ ਬਹਿਸ ਵਿਗਿਆਨਕ ਭਾਈਚਾਰੇ ਵਿੱਚ ਜਾਰੀ ਹੈ।
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

ਸੂਰਤ ਸਿੰਘ ਖਾਲਸਾ ਨੂੰ ਡੀਐੱਮਸੀ ਤੋਂ ਲਿਜਾਉਣ ਲਈ ਕੌਮੀ ਇਨਸਾਫ਼ ਮੋਰਚੇ ਦੇ ਐਕਸ਼ਨ ਤੋਂ ਪਹਿਲਾਂ ਹੀ ਕੁਝ ਲੋਕ...
NEXT STORY