ਭਾਰਤੀ ਪੁਲਾੜ ਖੋਜ ਸੰਸਥਾ (ਇਸਰੋ) ਨੇ 23 ਅਗਸਤ ਨੂੰ ਚੰਨ ਦੇ ਦੱਖਣੀ ਧੁਰੇ ਉੱਤੇ ਆਪਣਾ ਚੰਦਰਯਾਨ-3 ਸਫ਼ਲਤਾ ਨਾਲ ਉਤਾਰਿਆ।
ਇਸ ਸਫ਼ਲਤਾ ਉੱਤੇ ਵਿਗਿਆਨੀਆਂ ਅਤੇ ਪੂਰੇ ਭਾਰਤ ਨੂੰ ਵਧਾਈ ਦਿੰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਦਿੱਤਿਆ ਐੱਲ-1 ਦਾ ਜ਼ਿਕਰ ਕੀਤਾ।
ਉਨ੍ਹਾਂ ਨੇ ਕਿਹਾ, ‘‘ਛੇਤੀ ਹੀ ਸੂਰਜ ਦੇ ਤਫ਼ਸੀਲ ਵਿੱਚ ਅਧਿਐਨ ਲਈ ਇਸਰੋ ਵੱਲੋਂ ਆਦਿੱਤਿਆ ਐੱਲ-1 ਮਿਸ਼ਨ ਸ਼ੁਰੂ ਕੀਤਾ ਜਾ ਰਿਹਾ ਹੈ।"
ਇਸਰੋ ਮੁਖੀ ਐੱਸ ਸੋਮਨਾਥ ਨੇ ਵੀ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਦਾ ਅਗਲਾ ਮਿਸ਼ਨ ਆਦਿੱਤਿਆ ਐੱਲ-1 ਹੈ, ਜਿਸ ਨੂੰ ਸ਼੍ਰੀ ਹਰੀਕੋਟਾ ਵਿੱਚ ਤਿਆਰ ਕੀਤਾ ਜਾ ਰਿਹਾ ਹੈ।
ਇਸੇ ਸਾਲ ਜੂਨ ਵਿੱਚ ਉਨ੍ਹਾਂ ਨੇ ਆਦਿੱਤਿਆ-1 ਬਾਰੇ ਜ਼ਿਕਰ ਕੀਤਾ ਸੀ। ਸੂਰਜ ਦੇ ਅਧਿਐਨ ਲਈ ਉਪਗ੍ਰਹਿ ਭੇਜਣ ਵਾਲਾ ਭਾਰਤ ਦੁਨੀਆ ਦਾ ਚੌਥਾ ਦੇਸ਼ ਬਣ ਸਕਦਾ ਹੈ। ਇਸ ਤੋਂ ਪਹਿਲਾਂ ਅਮਰੀਕਾ, ਰੂਸ ਅਤੇ ਯੂਰਪੀ ਪੁਲਾੜ ਏਜੰਸੀ ਇਸ ਤਰੀਕੇ ਦੀ ਖੋਜ ਕਰ ਚੁੱਕੀ ਹੈ।
ਸੂਰਜ ਦੀ ਖੋਜ ਕਿਉਂ?
ਸਾਡਾ ਪੁਲਾੜ ਅਣਗਿਣਤ ਤਾਰਿਆਂ ਨਾਲ ਬਣਿਆ ਹੈ। ਵਿਗਿਆਨੀ ਪੁਲਾੜ ਦਾ ਭਵਿੱਖ ਜਾਣਨ ਵਿੱਚ ਲੱਗੇ ਹੋਏ ਹਨ। ਇਸੇ ਸਿਲਸਿਲੇ ਵਿੱਚ ਜਿਸ ਸੌਰ ਮੰਡਲ ਵਿੱਚ ਅਸੀਂ ਰਹਿੰਦੇ ਹਾਂ, ਉਸ ਨੂੰ ਸਮਝਣ ਲਈ ਸੂਰਜ ਨੂੰ ਜਾਣਨਾ ਬੇਹੱਦ ਜ਼ਰੂਰੀ ਹੈ।
ਸੂਰਜ ਤੋਂ ਜਿੰਨੀ ਮਾਤਰਾ ਵਿੱਚ ਊਰਜਾ ਅਤੇ ਤਾਪਮਾਨ ਨਿਕਲਦਾ ਹੈ, ਉਸ ਦਾ ਅਧਿਐਨ ਧਰਤੀ ਉੱਤੇ ਨਹੀਂ ਕੀਤਾ ਜਾ ਸਕਦਾ।
ਇਸੇ ਲਈ ਦੁਨੀਆਂ ਭਰ ਦੀਆਂ ਪੁਲਾੜ ਏਜੰਸੀਆਂ ਜਿੰਨਾ ਸੰਭਵ ਹੈ ਓਨਾ ਸੂਰਜ ਦੇ ਕੋਲ ਜਾ ਕੇ ਅਧਿਐਨ ਕਰਨਾ ਚਾਹੁੰਦੀਆਂ ਹਨ।
ਨਾਸਾ ਅਤੇ ਯੂਰਪੀ ਪੁਲਾੜ ਏਜੰਸੀ ਨੇ ਸੂਰਜ ਦਾ ਅਧਿਐਨ ਕਰਨ ਲਈ ਕਈ ਰਿਸਰਚ ਕੀਤੀਆਂ ਹਨ। ਇਸਰੋ ਵੀ ਆਦਿੱਤਿਆ ਐੱਲ-1 ਜ਼ਰੀਏ ਸੂਰਜ ਦਾ ਤਫ਼ਸੀਲ ਵਿੱਚ ਅਧਿਐਨ ਕਰਨਾ ਚਾਹੁੰਦੀ ਹੈ।
ਆਦਿੱਤਿਆ ਐੱਲ-1 ਨੇ ਧਰਤੀ ਤੋਂ ਸੂਰਜ ਵੱਲ ਲਗਭਗ 15 ਲੱਖ ਕਿਲੋਮੀਟਰ ਉੱਤੇ ਸਥਿਤ ਲੈਗ੍ਰੇਂਜ-1 ਪੁਆਇੰਟ ਤੱਕ ਪਹੁੰਚਣਾ ਹੈ।
ਇਹ ਸੂਰਜ ਦੇ ਘੇਰੇ ਵਿੱਚ ਸਥਾਪਿਤ ਹੋ ਜਾਵੇਗਾ ਅਤੇ ਉੱਥੋਂ ਹੀ ਸੂਰਜ ਉੱਤੇ ਨਜ਼ਰ ਬਣਾਉਂਦੇ ਹੋਏ ਉਸ ਦੇ ਚੱਕਰ ਲਾਏਗਾ।
ਕੀ ਹੈ ਲੈਗ੍ਰੇਂਜ ਪੁਆਇੰਟ?
ਧਰਤੀ ਅਤੇ ਸੂਰਜ ਵਿਚਾਲੇ ਕੁੱਲ ਪੰਜ ਲੈਗ੍ਰੇਂਜ ਪੁਆਇੰਟ ਹਨ ਅਤੇ ਇੱਥੇ ਧਰਤੀ ਦੀ ਖਿੱਚਣ ਸ਼ਕਤੀ ਸੈਂਟ੍ਰਿਪੈਟਲ ਫੋਰਸ ਦੇ ਬਰਾਬਰ ਹੋ ਜਾਂਦੀ ਹੈ। ਇਸ ਲਈ ਕੋਈ ਵੀ ਪੁਲਾੜ ਉਪਕਰਣ ਇਸ ਪੁਆਇੰਟ ਉੱਤੇ ਘੱਟ ਬਾਲਣ ਦੇ ਨਾਲ ਰੁੱਕ ਕੇ ਅਧਿਐਨ ਕਰ ਸਕਦਾ ਹੈ।
ਲੈਗ੍ਰੇਂਜ ਪੁਆਇੰਟ ਧਰਤੀ ਅਤੇ ਸੂਰਜ ਵਿਚਾਲੇ ਦੀ ਉਹ ਥਾਂ ਹੈ ਜਿੱਥੋਂ ਸੂਰਜ ਨੂੰ ਬਗ਼ੈਰ ਗ੍ਰਹਿਣ ਜਾਂ ਰੁਕਾਵਟ ਦੇਖਿਆ ਜਾ ਸਕਦਾ ਹੈ।
ਪੁਲਾੜ ਵਿਸ਼ਲੇਸ਼ਕ ਡਾ. ਅਜੇ ਲੇਲੇ ਮਨੋਹਰ ਪਰਿਕਰ ਇੰਸਟੀਚਿਊਟ ਫ਼ਾਰ ਡਿਫੈਂਸ ਸਟੱਡੀਜ਼ ਐਂਡ ਐਨਾਲਿਸਿਸ ਵਿੱਚ ਸੀਨੀਅਰ ਫੈਲੋ ਰਹਿ ਚੁੱਕੇ ਹਨ।
ਉਹ ਕਹਿੰਦੇ ਹਨ, ‘‘ਸੂਰਜ ਨੂੰ ਸਪਸ਼ਟ ਇੱਕ ਖ਼ਾਸ ਬਿੰਦੂ ਤੋਂ ਦੇਖਿਆ ਜਾ ਸਕਦਾ ਹੈ ਅਤੇ ਲੈਗ੍ਰੇਂਜ-1 ਪੁਆਇੰਟ ਤੋਂ ਇਹ ਬਿਨਾਂ ਕਿਸੇ ਰੁਕਾਵਟ ਦੇ ਦੇਖਿਆ ਜਾ ਸਕਦਾ ਹੈ। ਕੁੱਲ ਪੰਜ ਲੈਗ੍ਰੇਂਜ ਪੁਆਇੰਟ ਹਨ।”
“ਧਰਤੀ ਤੋਂ ਲੈਗ੍ਰੇਂਜ-1 ਪੁਆਇੰਟ ਦੀ ਦੂਰੀ ਲਗਭਗ 15 ਲੱਖ ਕਿਲੋਮੀਟਰ ਹੈ। ਹਾਲਾਂਕਿ ਆਦਿੱਤਿਆ ਐੱਲ-1 ਮਿਸ਼ਨ ਨੂੰ ਸਾਰੇ ਪੰਜ ਲੈਗ੍ਰੇਂਜ ਪੁਆਇੰਟ ਨੂੰ ਧਿਆਨ ਵਿੱਚ ਰੱਖਦੇ ਹੋਏ ਤਿਆਰ ਕੀਤਾ ਗਿਆ ਹੈ।’’
ਨਾਲ ਹੀ ਉਹ ਇਹ ਵੀ ਦੱਸਦੇ ਹਨ ਕਿ “ਉਸੇ ਥਾਂ ਦੀ ਚੋਣ ਕੀਤੀ ਜਾਂਦੀ ਹੈ ਜਿੱਥੇ ਮਿਸ਼ਨ ਦੇ ਸਫ਼ਲ ਹੋਣ ਅਤੇ ਘੱਟ ਔਖਾ ਹੋਣ ਦੀ ਸੰਭਾਵਨਾ ਹੁੰਦੀ ਹੈ।”
ਮਿਸ਼ਨ ਆਦਿੱਤਿਆ ਐੱਲ-1 ਦਾ ਟੀਚਾ ਕੀ ਹੈ?
ਆਦਿੱਤਿਆ-1 ਨੂੰ ਸੂਰਜ ਤੇ ਧਰਤੀ ਵਿਚਾਲੇ ਇੱਕ ਹਿੱਸੇ ਵਿੱਚ ਛੱਡਿਆ ਜਾਵੇਗਾ
ਨਾਸਾ-ਕੈਲਟੇਕ ਦੇ ਜੈੱਟ ਪ੍ਰੋਪਲਸ਼ਨ ਲੈਬੋਰੇਟਰੀ ਵਿਗਿਆਨੀ ਅਤੇ ਆਈਆਈਟੀ ਇੰਦੌਰ ਦੇ ਗੈਸਟ ਪ੍ਰੋਫ਼ੈਸਰ ਡਾ. ਯੋਗੇਸ਼ਵਰਨਾਥ ਮਿਸ਼ਰਾ ਕਹਿੰਦੇ ਹਨ, ‘‘ਲੈਗ੍ਰੇਂਜ-1 ਪੁਆਇੰਟ ਉੱਤੇ ਧਰਤੀ ਅਤੇ ਸੂਰਜ ਦੋਵਾਂ ਦੀ ਗਰੈਵੀਟੇਸ਼ਨ ਦਾ ਘੱਟੋ-ਘੱਟ ਪ੍ਰਭਾਵ ਹੁੰਦਾ ਹੈ ਤਾਂ ਇੱਥੇ ਕਿਸੇ ਉਪਗ੍ਰਹਿ ਦਾ ਚੱਕਰ ਕੱਟਣਾ ਸੌਖਾ ਹੋ ਜਾਂਦਾ ਹੈ ਅਤੇ ਊਰਜਾ ਦੀ ਖ਼ਪਤ ਵੀ ਘੱਟ ਹੁੰਦੀ ਹੈ।’’
ਆਦਿੱਤਿਆ ਐੱਲ-1 ਸੂਰਜ ਦੇ ਫ਼ੋਟੋਸਫ਼ੇਅਰ (ਸੂਰਜ ਦਾ ਉਹ ਹਿੱਸਾ ਜੋ ਸਾਨੂੰ ਦਿਖਦਾ ਹੈ), ਬਾਹਰੀ ਵਾਯੂਮੰਡਲ ਕ੍ਰੋਮੋਸਫ਼ੇਅਰ (ਸੂਰਜ ਦੇ ਦਿਖਣ ਵਾਲੇ ਤਲ ਫ਼ੋਟੋਸਫ਼ੇਅਰ ਦੇ ਠੀਕ ਉੱਤੇ) ਅਤੇ ਕੋਰੋਨਾ (ਸੂਰਜ ਤੋਂ ਕੁਝ ਹਜ਼ਾਰ ਕਿਲੋਮੀਟਰ ਉੱਤੇ ਦੀ ਬਾਹਰੀ ਪਰਤ), ਇਸ ਦੇ ਚੁੰਬਕੀ ਖ਼ੇਤਰ ਭਾਵ ਮੈਗਨੇਟਿਕ ਫੀਲਡ, ਟੋਪੋਲੌਜੀ ਅਤੇ ਸੂਰਜ ਦੀ ਹਵਾ ਦਾ ਅਧਿਐਨ ਕਰੇਗਾ।
ਇਸਰੋ ਦੇ ਸੂਰਜ ਦੇ ਮਿਸ਼ਨ ਬਾਰੇ ਖ਼ਾਸ ਗੱਲਾਂ:
- ਚੰਦਰਯਾਨ ਦੇ ਚੰਨ ਉੱਤੇ ਉੱਤਰਨ ਵਿੱਚ ਸਫਲ ਰਹਿਣ ਤੋਂ ਬਾਅਦ ਭਾਰਤ ਹੁਣ ਸੂਰਜ ਦੇ ਅਧਿਐਨ ਲਈ ਆਦਿੱਤਿਆ ਐਲ-1 ਮਿਸ਼ਨ ਸ਼ੁਰੂ ਕਰਨ ਜਾ ਰਿਹਾ ਹੈ।
- ਇਸ ਨੂੰ ਆਂਧਰਾ ਪ੍ਰਦੇਸ਼ ਦੇ ਸ਼੍ਰੀ ਹਰੀਕੋਟਾ ਵਿੱਚ ਤਿਆਰ ਕੀਤਾ ਜਾ ਰਿਹਾ ਹੈ।
- ਜੇਕਰ ਇਹ ਸਫ਼ਲ ਹੁੰਦਾ ਹੈ ਤਾਂ ਭਾਰਤ ਸੂਰਜ ਦੇ ਅਧਿਐਨ ਲਈ ਉਪਗ੍ਰਹਿ ਭੇਜਣ ਵਾਲਾ ਚੌਥਾ ਦੇਸ਼ ਬਣ ਜਾਵੇਗਾ।
- ਇਸਦਾ ਕੰਮ ਹੋਵੇਗਾ ਕਿ ਇਹ ਸੂਰਜ ਦੀਆਂ ਗਤੀਵਿਧੀਆਂ ਉੱਤੇ ਨਜ਼ਰ ਰੱਖੇ।
- ਮਾਹਰਾਂ ਮੁਤਾਬਕ ਅਜਿਹਾ ਉਪਗ੍ਰਹ ਸੂਰਜ ਤੋਂ ਆਉਣ ਵਾਲੀਆਂ ਖ਼ਤਰਨਾਕ ਤਰੰਗਾਂ ਬਾਰੇ ਚੇਤਾਵਨੀ ਦੇ ਸਕਦਾ ਹੈ।
- ਵਿਗਿਆਨੀ ਦੱਸਦੇ ਹਨ ਕਿ ਇਹ ਮਿਸ਼ਨ ਸੂਰਜ ਨੂੰ ਸਮਝਣ ਲਈ ਲੋੜੀਂਦੇ ਕਈ ਮਿਸ਼ਨਾਂ ਦੀ ਇੱਕ ਸ਼ੁਰੂਆਤ ਹੈ।
ਇਸਰੋ ਮੁਤਾਬਕ ਇਸ ਮਿਸ਼ਨ ਦਾ ਟੀਚਾ ਕ੍ਰੋਮੋਸਫ਼ੇਅਰ ਅਤੇ ਕੋਰੋਨਾ ਦੀ ਗਤੀਸ਼ੀਲਤਾ, ਸੂਰਜ ਦੇ ਤਾਪਮਾਨ, ਕੋਰੋਨਾ ਦੇ ਤਾਪਮਾਨ, ਕੋਰੋਨਲ ਮਾਲ ਇਜੇਕਸ਼ਨ, ਸੂਰਜ ਤੋਂ ਨਿਕਲਣ ਵਾਲੀ ਅੱਗ ਜਾਂ ਗਰਮੀ ਦੇ ਨਿਕਲਣ ਤੋਂ ਪਹਿਲਾਂ ਅਤੇ ਬਾਅਦ ਦੀਆਂ ਗਤੀਵਿਧੀਆਂ, ਪੁਲਾੜ ਮੌਸਮ ਸਣੇ ਕਈ ਹੋਰ ਵਿਗਿਆਨੀ ਪਹਿਲੂਆਂ ਦਾ ਅਧਿਐਨ ਕਰਨਾ ਹੈ।
ਆਦਿੱਤਿਆ ਐੱਲ-1 ਉਪਕਰਣ ਦੇ ਨਾਲ ਸੱਤ ਪੇਲੋਡ ਨੂੰ ਪੋਲਰ ਸੈਟੇਲਾਈਟ ਲੌਂਚ ਵਹੀਕਲ (ਪੀਐੱਸਐੱਲਵੀ) ਦੀ ਮਦਦ ਨਾਲ ਭੇਜਿਆ ਜਾਵੇਗਾ।
ਇਨ੍ਹਾਂ ਵਿੱਚੋਂ ਚਾਰ ਪੇਲੋਡ ਲਗਾਤਾਰ ਸੂਰਜ ਉੱਤੇ ਨਜ਼ਰ ਬਣਾ ਕੇ ਰੱਖਣਗੇ ਅਤੇ ਹੋਰ ਤਿੰਨ ਪੇਲੋਡ ਲੈਗ੍ਰੇਂਜ-1 ਉੱਤੇ ਕਣਾਂ ਤੇ ਹੋਰ ਖ਼ੇਤਰਾਂ ਉੱਤੇ ਖੋਜ ਕਰਨਗੇ। (ਪੇਲੋਡ: ਪੁਲਾੜ ਵਿੱਚ ਅਧਿਐਨ ਲਈ ਲਿਜਾਇਆ ਜਾਣ ਵਾਲਾ ਉੁਪਕਰਣ)
ਜਾਣਕਾਰਾਂ ਦਾ ਕੀ ਕਹਿਣਾ ਹੈ?
ਆਦਿੱਤਿਆ ਐੱਲ-1 ਦਾ ਪੇਲੋਡ ਕੋਰੋਨਲ ਹੀਟਿੰਗ, ਕੋਰੋਨਲ ਮਾਸ ਇਜੇਕਸ਼ਨ, ਪ੍ਰੀਫਲੇਅਰ ਅਤੇ ਫਲੇਅਰ ਗਤੀਵਿਧੀਆਂ ਅਤੇ ਉਨ੍ਹਾਂ ਦੀਆਂ ਵਿਸ਼ੇਸ਼ਤਾਵਾਂ ਦੀ ਜਾਣਕਾਰੀ ਦੇਵੇਗਾ।
ਨਾਲ ਹੀ ਪੁਲਾੜ ਦੇ ਮੌਸਮ ਵਿੱਚ ਬਦਲਾਅ, ਸੋਲਰ ਫਲੇਅਰ ਭਾਵ ਸੂਰਜ ਤੋਂ ਨਿਕਲਣ ਵਾਲੇ ਕਣਾਂ ਦੇ ਪ੍ਰਸਾਰ ਨੂੰ ਸਮਝਾਉਣ ਲਈ ਪੇਲੋਡਸ ਕਈ ਅਹਿਮ ਜਾਣਕਾਰੀਆਂ ਇਕੱਠੀਆਂ ਕਰਨਗੇ।
ਬੀਬੀਸੀ ਨਾਲ ਗੱਲਬਾਤ ਵਿੱਚ ਨਾਸਾ-ਕੈਲਟੇਕ ਦੇ ਜੈੱਟ ਪ੍ਰੋਪਲਸ਼ਨ ਲੈਬੋਰੇਟਰੀ ਵਿਗਿਆਨੀ ਅਤੇ ਆਈਆਈਟੀ ਇੰਦੌਰ ਦੇ ਗੈਸਟ ਪ੍ਰੋਫ਼ੈਸਰ ਡਾ. ਯੋਗੇਸ਼ਵਰਨਾਥ ਮਿਸ਼ਰਾ ਦੱਸਦੇ ਹਨ, ‘‘ਸੂਰਜ ਦੀ ਮੈਗਨੇਟਿਕ ਫੀਲਡ ਮੁੜਦੀ ਜਾਂ ਬਦਲਦੀ ਰਹਿੰਦੀ ਹੈ, ਇਸ ਕਾਰਨ ਭਾਰੀ ਮਾਤਰਾ ਵਿੱਚ ਚੁੰਬਕੀ ਊਰਜਾ ਰਿਲੀਜ਼ ਹੁੰਦੀ ਹੈ, ਇਸ ਵਿੱਚ ਕਣ ਹੁੰਦੇ ਹਨ ਅਤੇ ਇਸ ਰਾਹੀਂ ਰੌਸ਼ਨੀ ਨਿਕਲਦੀ ਹੈ, ਉਸ ਨੂੰ ਸੋਲਰ ਫਲੇਅਰਸ ਕਿਹਾ ਜਾਂਦਾ ਹੈ।’’
ਉਹ ਕਹਿੰਦੇ ਹਨ, ‘‘ਸੂਰਜ ਪਲਾਜ਼ਮਾ ਦੀ ਇੱਕ ਬਾਲ ਹੈ, ਮੈਗਨੇਟਿਕ ਫੀਲਡ ਦੇ ਖਿਸਕਣ ਨਾਲ ਹੋਣ ਵਾਲੇ ਧਮਾਕੇ ਕਾਰਨ ਇਹ ਪਲਾਜ਼ਮਾ ਪੁਲਾੜ ਵਿੱਚ ਫ਼ੈਲਦਾ ਹੈ। ਇਸ ਨੂੰ ਕੋਰੋਨਲ ਮਾਲ ਇਜੇਕਸ਼ਨ ਕਿਹਾ ਜਾਂਦਾ ਹੈ।’’
ਡਾ. ਮਿਸ਼ਰਾ ਦੱਸਦੇ ਹਨ, ‘‘ਸੂਰਜ ਦੇ ਅੰਦਰੋਂ ਜਿਹੜਾ ਤਾਪ ਨਿਕਲਦਾ ਹੈ ਉਸ ਨਾਲ ਗਰਮ ਹਵਾਵਾਂ ਚਲਦੀਆਂ ਹਨ, ਉਸ ਨੂੰ ਸੋਲਰ ਵਿੰਡ ਕਹਿੰਦੇ ਹਨ। ਇਸ ਵਿੱਚ ਕਣ ਹੁੰਦੇ ਹਨ, ਇਲੈਕਟ੍ਰੌਂਸ-ਪ੍ਰੋਟੌਂਸ ਹੁੰਦੇ ਹਨ। ਇਹ ਕਾਫ਼ੀ ਦੂਰ ਤੱਕ ਫ਼ੈਲਦੇ ਹਨ। ਇਹ ਸੋਲਰ ਵਿੰਡ ਸੂਰਜੀ ਸਿਸਟਮ ਤੋਂ ਅੱਗੇ ਤੱਕ ਫ਼ੈਲਦੀ ਹੈ।’’
ਆਦਿੱਤਿਆ ਮਿਸ਼ਨ ਦਾ ਮਕਸਦ
ਉਹ ਦੱਸਦੇ ਹਨ, ‘‘ਸੂਰਜ ਆਪਣੇ ਅਥਾਹ ਤਾਪ ਦੇ ਕਰਕੇ ਸਾਡੇ ਲਈ ਇੱਕ ਕੁਦਰਤੀ ਪ੍ਰਯੋਗਸ਼ਾਲਾ ਹੈ, ਉਨ੍ਹਾ ਕ੍ਰਿਆਵਾਂ ਦਾ ਅਧਿਐਨ ਕਰਨ ਲਈ ਜਿਸ ਨੂੰ ਧਰਤੀ ਉੱਤੇ ਪੈਦਾ ਕਰਨਾ ਸੰਭਵ ਨਹੀਂ ਹੈ।’’
ਡਾ. ਮਿਸ਼ਰਾ ਦੱਸਦੇ ਹਨ, ‘‘ਸੂਰਜ ਸਾਡਾ ਸਭ ਤੋਂ ਨੇੜਲਾ ਤਾਰਾ ਹੈ। ਇਹ ਅੱਗ ਦਾ ਗੋਲਾ ਹੈ ਜੋ ਲੱਖਾਂ ਡਿਗਰੀ ਸੈਲਸੀਅਸ ਗਰਮ ਹੈ ਅਤੇ ਧਰਤੀ ਦੇ ਆਕਾਰ ਤੋਂ ਲੱਖਾਂ ਗੁਣਾ ਵੱਡਾ ਹੈ। ਸੂਰਜ ਦੇ ਤਲ ਉੱਤੇ ਹਰ ਵੇਲੇ ਹਜ਼ਾਰਾਂ-ਲੱਖਾਂ ਵਿਸਫੋਟ ਹੁੰਦੇ ਰਹਿੰਦੇ ਹਨ।”
“ਵਿਸਫੋਟ ਦਾ ਕਾਰਨ ਉੱਥੇ ਮੌਜੂਦ ਚਾਰਜ ਪਲਾਜ਼ਮਾ, ਪ੍ਰਚੰਡ ਤਾਪਮਾਨ ਅਤੇ ਮੈਗਨੇਟਿਕ ਫੀਲਡ ਹੈ। ਇਨ੍ਹਾਂ ਵਿਸਫੋਟਾਂ ਕਾਰਨ ਭਿਆਨਕ ਤੂਫ਼ਾਨ ਉੱਠਦਾ ਹੈ ਅਤੇ ਪੁਲਾੜ ਵਿੱਚ ਕਾਫ਼ੀ ਸਾਰਾ ਚਾਰਜ ਪਲਾਜ਼ਮਾ ਫ਼ੈਲ ਜਾਂਦਾ ਹੈ।’’
ਕਈ ਵਾਰ ਸੂਰਜੀ ਤੂਫ਼ਾਨ ਦੇ ਰਾਹ ਵਿੱਚ ਧਰਤੀ ਆ ਜਾਂਦੀ ਹੈ, ਹਾਲਾਂਕਿ ਧਰਤੀ ਦੇ ਮੈਗਨੇਟਿਕ ਫੀਲਡ ਅਤੇ ਬਾਹਰੀ ਪਰਤ ਦੇ ਕਾਰਨ ਅਕਸਰ ਸੂਰਜੀ ਤੂਫ਼ਾਨ ਧਰਤੀ ਤੱਕ ਨਹੀਂ ਪਹੁੰਚਦੇ।
ਪਰ ਇਸ ਨਾਲ ਧਰਤੀ ਦੇ ਵਾਯੂਮੰਡਲ ਦੀ ਬਾਹਰੀ ਪਰਤ ਉੱਤੇ ਖ਼ਤਰਾ ਪੈਦਾ ਹੋ ਜਾਂਦਾ ਹੈ, ਜਿੱਥੇ ਦੁਨੀਆਂ ਭਰ ਦੇ ਹਜ਼ਾਰਾਂ ਉਪਗ੍ਰਹਿ ਧਰਤੀ ਦੇ ਖ਼ੇਤਰ ਵਿੱਚ ਚੱਕਰ ਕੱਟ ਰਹੇ ਹਨ।
ਡਾ. ਮਿਸ਼ਰਾ ਕਹਿੰਦੇ ਹਨ, ‘‘ਧਰਤੀ ਉੱਤੇ ਜ਼ਿੰਦਗੀ ਸੂਰਜ ਕਰਕੇ ਹੁੰਦੀ ਹੈ। ਜੇ ਸੂਰਜ ਦੀ ਰੌਸ਼ਨੀ ਧਰਤੀ ਉੱਤੇ ਨਾ ਪਵੇ ਤਾਂ ਜ਼ਿੰਦਗੀ ਦਾ ਮੂਲ ਸੰਭਵ ਹੀ ਨਹੀਂ ਹੈ। ਪਰ ਹੋ ਸਕਦਾ ਹੈ ਕਿ ਇੱਕ ਸਮਾਂ ਅਜਿਹਾ ਵੀ ਆਵੇ ਜਦੋਂ ਸੂਰਜ ਤੋਂ ਨਿਕਲਣ ਵਾਲੀ ਉਸ਼ਮਾ, ਪਲਾਜ਼ਮਾ ਜਾਂ ਸੂਰਜੀ ਹਵਾਵਾਂ ਦੀ ਰਫ਼ਤਾਰ ਐਨੀ ਤੇਜ਼ ਹੋ ਜਾਵੇ ਕਿ ਧਰਤੀ ਅਤੇ ਇਸ ਦੇ ਖ਼ੇਤਰ ਵਿੱਚ ਕੰਮ ਕਰ ਰਹੇ ਸੈਟੇਲਾਈਟਸ ਉੱਤੇ ਇਸ ਦਾ ਬੁਰਾ ਅਸਰ ਪਵੇ।’’
ਸੂਰਜ ਦੀ ਗਰਮੀ ਵਧਣ ਨਾਲ ਸੈਟੇਲਾਈਟਸ ਨੂੰ ਖ਼ਤਰਾ
ਡਾਕਟਰ ਮਿਸ਼ਰਾ ਨੇ ਦੱਸਿਆ, “ਇਸ ਦਾ ਅਸਰ ਇਹ ਹੋਵੇਗਾ ਕਿ ਸੂਰਜ ਤੋਂ ਨਿਕਲੀ ਭਿਆਨਕ ਗਰਮੀ ਨਾਲ ਸੈਟੇਲਾਈਟ ਦੇ ਸੜਨ ਜਾਂ ਸ਼ਾਰਟ ਸਰਕਟ ਜਿਹੀਆਂ ਮੁਸ਼ਕਲਾਂ ਆ ਸਕਦੀਆਂ ਹਨ। ਇਸ ਤੋਂ ਬਾਅਦ ਨਾ ਅਸੀਂ ਸੰਚਾਰ ਕਰ ਸਕਾਂਗੇ ਅਤੇ ਨਾ ਹੀ ਮੌਸਮ ਦੀ ਭਵਿੱਖਵਾਣੀ ਕਰ ਸਕਾਂਗੇ। ਇਸ ਲਈ ਸੂਰਜ ਦੀਆਂ ਗਤੀਵਿਧੀਆਂ ਉੱਤੇ ਨਜ਼ਰ ਬਣਾ ਕੇ ਰੱਖਣ ਦੀ ਜ਼ਰੂਰਤ ਹੈ।”
ਫਰਵਰੀ 2022 ਨੂੰ ਸਪੇਸਐਕਸ ਦੇ ਸਟਾਰਲਿੰਕ ਪ੍ਰੋਜੈਕਟ ਦੇ ਤਹਿਤ ਇੱਕੋ ਸਾਰ 49 ਸੈਟੇਲਾਈਟਾਂ ਨੂੰ ਪੁਲਾੜ ਵਿੱਚ ਭੇਜਿਆ ਗਿਆ।
ਫੇਰ ਇਸਦੇ ਕੁਝ ਸਮੇਂ ਤੋਂ ਬਾਅਦ ਹੀ ਪੁਲਾੜ ਦੇ ਸੋਲਰ ਸਟਾਰਮ ਦੀ ਵਜ੍ਹਾ ਨਾਲ 40 ਸੈਟੇਲਾਈਟਾਂ ਵਿੱਚ ਖ਼ਰਾਬੀ ਆ ਗਈ ਜਿਸ ਨਾਲ ਕਰੋੜਾਂ ਦਾ ਨੁਕਸਾਨ ਹੋਇਆ।
ਡਾ ਯੋਗੇਸ਼ਵਰਨਾਥ ਮਿਸ਼ਰਾ ਕਹਿੰਦੇ ਹਨ “ਜੇਕਰ ਭਵਿੱਖ ਵਿੱਚ ਸੂਰਜ ਦਾ ਤਾਪਮਾਨ ਵੱਧ ਜਾਏ ਅਤੇ ਇਸਦਾ ਅਸਰ ਧਰਤੀ ਉੱਤੇ ਪੈਣ ਲੱਗੇ ਤਾਂ ਫਿਰ ਇਸ ਨੂੰ ਕਾਬੂ ਕਰਨਾ ਸਾਡੇ ਹੱਥ ਵਿੱਚ ਨਹੀਂ ਹੋਵੇਗਾ। ਪਰ ਇਨ੍ਹਾਂ ਖੋਜਾਂ ਦੇ ਜ਼ਰੀਏ ਪਹਿਲਾਂ ਹੀ ਸੁਚੇਤ ਹੋਇਆ ਜਾ ਸਕਦਾ ਹੈ, ਜਦੋਂ ਕੋਈ ਉਪਕਰਨ ਪਹਿਲਾਂ ਤੋਂ ਹੀ ਸੂਰਜ ਨਜ਼ਦੀਕ ਕੰਮ ਕਰਦਾ ਰਹੇਗਾ ਤਾਂ ਇਹ ਸਾਨੂੰ ਖ਼ਤਰਨਾਕ ਰੇਡੀਏਸ਼ਨ ਅਤੇ ਤਰੰਗਾਂ ਨੂੰ ਲੈ ਕੇ ਚੇਤਾਵਨੀ ਭੇਜ ਸਕਦਾ ਹੈ, ਇਹ ਅਧਿਐਨ ਮਾਨਵਤਾ ਦੇ ਲਈ ਜ਼ਰੂਰੀ ਹੈ।”
“ਸੋਲਰ ਫਲੇਅਰਸ ਦੇ ਮਾਧਿਅਮ ਨਾਲ ਆਉਣ ਵਾਲੀ ਰੇਡੀਏਸ਼ਨ ਅਤੇ ਐਕਸਰੇ ਧਰਤੀ ਦੀ ਸਭ ਤੋਂ ਉੱਪਰੀ ਵਾਯੂਮੰਡਲ ਆਇਨੋਸਫ਼ੇਅਰ ਉੱਤੇ ਹੀ ਰੁੱਕ ਜਾਂਦੇ ਹਨ, ਪਰ ਕਈ ਵਾਰੀ ਸੋਲਰ ਫਲੇਅਰ ਦੀ ਰੇਡੀਏਸ਼ਨ ਇੰਨੀ ਤੇਜ਼ ਹੁੰਦੀ ਹੈ ਕਿ ਆਇਨੋਸਫ਼ੇਅਰ ਨੂੰ ਵੀ ਚਾਰਜ ਕਰ ਦਿੰਦੀ ਹੈ, ਜਿਸ ਤੋਂ ਬਾਅਦ ਸ਼ਾਰਟ ਵੇਵ ਸੰਚਾਰ ਦਾ ਪੂਰਾ ਸਿਸਟਮ ਠੱਪ ਹੋ ਜਾਂਦਾ ਹੈ।”
ਕੀ ਹਨ ਚੁਣੌਤੀਆਂ ?
ਇਸਰੋ ਦੇ ਮੁਤਾਬਕ ਸੂਰਜ ਦੀ ਰੌਸ਼ਨੀ ਦੇ ਨਾਲ ਕਈ ਤਰ੍ਹਾ ਦੀਆਂ ਤਰੰਗਾਂ ਅਤੇ ਮੈਗਨੈਟਿਕ ਫੀਲਡ ਹੁੰਦੇ ਹਨ, ਪਰ ਧਰਤੀ ਦੀ ਬਾਹਰੀ ਪਰਤ ਹੋਣ ਦੀ ਵਜ੍ਹਾ ਨਾਲ ਕਈ ਤਰੰਗਾਂ ਧਰਤੀ ਤੱਕ ਨਹੀਂ ਪਹੁੰਚਦੀਆਂ।
ਇਸ ਵਜ੍ਹਾ ਨਾਲ ਹੀ ਆਦਿੱਤਿਆ ਐੱਲ-1 ਮਿਸ਼ਨ ਨੂੰ ਲੈਂਗ੍ਰੇਂਜ-1 ਪੁਆਂਇੰਟ ਉੱਤੇ ਸਥਾਪਤ ਕੀਤਾ ਜਾਵੇਗਾ, ਜਿਵੇਂ ਧਰਤੀ ਦੇ ਮੈਗਨੇਟਿਕ ਫੀਲਡ ਦਾ ਪ੍ਰਭਾਵ ਨਹੀਂ ਹੋਵੇਗਾ। ਇਸ ਲਈ ਇਸਰੋ ਨੇ ਇਸ ਮਿਸ਼ਨ ਦੇ ਲਈ ਲੈਂਗ੍ਰੇਜ ਪੁਆਂਇੰਟ ਨੂੰ ਚੁਣਿਆ ਗਿਆ ਹੈ।
ਇਸਰੋ ਦੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਆਦਿੱਤਿਆ ਐੱਲ-1 ਨੂੰ ਲੈਂਗ੍ਰੇਜ-1 ਪੁਆਂਇੰਟ ਤੱਕ ਭੇਜਣ ਦੀ ਹੈ, ਜਿਸਦੀ ਦੂਰੀ 15 ਲੱਖ ਕਿਲੋਮੀਟਰ ਦੱਸੀ ਜਾ ਰਹੀ ਹੈ। ਧਰਤੀ ਤੋਂ ਚੰਨ ਤਕਰੀਬਨ ਤਿੰਨ ਲੱਖ ਕਿਲੋਮੀਟਰ ਦੀ ਦੂਰੀ ਉੱਤੇ ਹੈ ਅਤੇ ਉੱਥੇ ਤੱਕ ਆਪਣੇ ਚੰਦਰਯਾਨ ਨੂੰ ਉਤਾਰਨ ਵਿੱਚ ਭਾਰਤ ਨੂੰ ਹੁਣ ਜਾ ਕੇ ਕਾਮਯਾਬੀ ਮਿਲੀ ਹੈ।
ਭਾਰਤ ਨੇ ਜਦੋਂ 2019 ਵਿੱਚ ਚੰਦਰਯਾਨ-2 ਨੁੰ ਚੰਨ ਉੱਤੇ ਉਤਾਰਨ ਦੀ ਕੋਸ਼ਿਸ਼ ਕੀਤੀ ਸੀ ਉਦੋਂ ਲੈਂਡਰ ਨਾਲ ਉਸਦਾ ਸੰਪਰਕ ਟੁੱਟ ਗਿਆ ਸੀ। ਇਸ ਵਿੱਚ ਲੈਂਗ੍ਰੇਜ-1 ਦੀ ਪੰਜ ਗੁਣਾ ਦੂਰੀ ਉੱਤੇ ਆਦਿੱਤਿਆ ਐਲ-1 ਦੇ ਨਾਲ ਸੰਪਰਕ ਬਣਾ ਕੇ ਰੱਖਣਾ ਭਾਰਤੀ ਪੁਲਾੜ ਸੰਗਠਨ ਦੇ ਲਈ ਸਭ ਤੋਂ ਵੱਡੀ ਚੁਣੌਤੀ ਹੈ।
ਇਸ ਮਿਸ਼ਨ ਵਿੱਚ ਲੱਗਣ ਵਾਲਾ ਸਮਾਂ ਵੀ ਇੱਕ ਵੱਡੀ ਚੁਣੌਤੀ ਦੇ ਰੂਪ ਵਿੱਚ ਹੋਵੇਗਾ।
ਵਿਦੇਸ਼ੀ ਏਜੰਸੀਆਂ ਕਰਨਗੀਆਂ ਮਦਦ
ਯੂਰਪੀਅਨ ਸਪੇਸ ਏਜੰਸੀ ਨੇ ਜਾਣਕਾਰੀ ਦਿੱਤੀ ਹੈ ਕਿ ਆਦਿੱਤਿਆ ਐੱਲ-1 ਮਿਸ਼ਨ ਦੇ ਦੌਰਾਨ ਉਹ ਡੀਪ ਸਪੇਸ ਲੋਕੇਸ਼ਨ ਅਤੇ ਟ੍ਰੈਕਿੰਗ ਵਿੱਚ ਮਦਦ ਕਰੇਗੀ। ਹਾਲਾਂਕਿ ਇਸਰੋ ਨੇ ਹਾਲੇ ਇਸਦੀ ਕੋਈ ਜਾਣਕਾਰੀ ਨਹੀਂ ਦਿੱਤੀ ਹੈ।
ਯੂਰਪੀਅਨ ਸਪੇਸ ਏਜੰਸੀ(ਈਐਸਏ) ਦੇ ਮੁਤਾਬਕ, “ਆਦਿੱਤਿਆ ਐੱਲ-1 ਨੂੰ ਈਐਸਏ ਦੇ 35 ਮੀਟਰ ਡੂੰਘੇ ਸਪੇਸ ਐਂਟੀਨਾ ਤੋਂ ਗ੍ਰਾਊਂਡ ਸਪੋਰਟ ਦਿੱਤਾ ਜਾਵੇਗਾ ਜੋ ਯੂਰਪ ਵਿੱਚ ਕਈ ਥਾਵਾਂ ਉੱਤੇ ਸਥਿਤ ਹੈ।”
“ਈਐਸਏ ''ਕਕਸ਼ਾ ਨਿਰਧਾਰਨ'' ਸਾਫਟਵੇਅਰ ਵਿੱਚ ਵੀ ਸਹਾਇਤਾ ਦੇਵੇਗਾ ਜਿਸਦੀ ਵਰਤੋਂ ਆਦਿੱਤਿਆ ਐੱਲ-1 ਮਿਸ਼ਨ ਵਿੱਚ ਹੋਣੀ ਹੈ, ਇਹ ਸਾਫਟਵੇਅਰ ਪੁਲਾੜ ਦੀ ਅਸਲ ਸਥਿਤੀ ਦੀ ਸਹੀ ਜਾਣਕਾਰੀ ਦੇਣ ਵਿੱਚ ਮਦਦ ਕਰਦਾ ਹੈ।”
ਯੂਰਪੀਅਨ ਸਪੇਸ ਏਜੰਸੀ ਨੂੰ ਲੈ ਕੇ ਡਾ ਯੋਗੇਸ਼ਵਰ ਮਿਸ਼ਰਾ ਕਹਿੰਦੇ ਹਨ, “ਇਸ ਨੂੰ ਵਿਦੇਸ਼ੀ ਏਜੰਸੀ ਦੀ ਸਹਾਇਤਾ ਨਹੀਂ ਕਿਹਾ ਜਾ ਸਕਦਾ ਹੈ, ਇਹ ਮੁਚੂਅਲ ਸਪੋਰਟ ਹੁੰਦਾ ਹੈ, ਦੇਸ਼ਾ ਦੇ ਵਿੱਚ ਡੀਪ ਸਪੇਸ ਨੈਟਵਰਕ ਨੂੰ ਲੈ ਕੇ ਕੁਝ ਤੈਅ ਕਰਾਰ ਹੁੰਦੇ ਹਨ ਜਿਵੇਂ ਏਅਰਸਪੇਸ ਨੂੰ ਲੈ ਕੇ ਦੇਸ਼ਾਂ ਵਿੱਚ ਸਮਝੌਤਾ ਹੁੰਦਾ ਹੈ ਉਸੇ ਤਰੀਕੇ ਇਹ ਵੀ ਕੰਮ ਕਰਦਾ ਹੈ।”
“ਡੀਪ ਸਪੇਸ ਨੈਟਵਰਕ ਹੋਣ ਦੇ ਕਾਰਨ ਅਸੀਂ ਲਗਾਤਾਰ ਪੁਲਾੜ ਯਾਨ ਉੱਤੇ ਨਜ਼ਰ ਰੱਖ ਸਕਦੇ ਹਾਂ ਕਿਉਂਕਿ ਜ਼ਰੂਰੀ ਨਹੀਂ ਸਾਡੀ ਸੈਟੇਲਾਈਟ ਹਰ ਵੇਲੇ ਧਰਤੀ ਦੇ ਦੂਜੇ ਧੁਰੇ ਉੱਤੇ ਸਫ਼ਰ ਕਰ ਰਹੇ ਪੁਲਾੜਯਾਨ ਦਾ ਸਿਗਨਲ ਰਿਸੀਵ ਕਰ ਲਵੇ।”
ਕਿੰਨੇ ਦੇਸ਼ ਕਰ ਚੁੱਕੇ ਹਨ ਸੂਰਜ ਦਾ ਅਧਿਐਨ
ਸਪੇਸ ਖੋਜੀ ਡਾ. ਅਜੈ ਲੇਲੇ ਦੱਸਦੇ ਹਨ, “ਜਦੋਂ ਡੂੰਘੇ ਪੁਲਾੜ ਵਿੱਚ ਯਾਤਰਾ ਕਰਦੇ ਹਾਂ, ਉਦੋਂ ਕਾਫੀ ਸ਼ਕਤੀਸ਼ਾਲੀ ਐਂਟੀਨਿਆਂ ਦੀ ਜ਼ਰੂਰਤ ਹੁੰਦੀ ਹੈ, ਅਤੇ ਸਿਰਫ ਐਂਟੀਨਾ ਹੀ ਨਹੀਂ ਬਲਕਿ ਧਰਤੀ ਦੀ ਭੁਗੌਲਿਕ ਸਥਿਤੀ ਵੀ ਸਿਗਨਲ ਰਿਸੀਵ ਕਰਨ ਦੇ ਲਈ ਮਾਇਨੇ ਰੱਖਦੀ ਹੈ।”
“ਪੁਲਾੜ ਵਿੱਚ ਡੂੰਘਿਆਈ ਵਿੱਚ ਜਾਣ ਤੋਂ ਬਾਅਦ ਯਾਨ ਤੋਂ ਭੇਜੇ ਜਾਣ ਵਾਲੇ ਸਿਗਨਲ ਕਾਫੀ ਕਮਜ਼ੋਰ ਹੋ ਚੁੱਕੇ ਹੁੰਦੇ ਹਨ, ਅਜਿਹੇ ਵਿੱਚ ਧਰਤੀ ਦੇ ਕਈ ਸਪੇਸ ਸਪੋਰਟ ਐਂਟੀਨਿਆਂ ਦੀ ਮਦਦ ਲੈਣੀ ਪੈਂਦੀ ਹੈ।”
ਸੂਰਜ ਦੇ ਅਧਿਐਨ ਦੇ ਲਈ ਹੁਣ ਤਕ ਸਿਰਫ ਨਾਸਾ, ਯੂਰਪੀਨ ਸਪੇਸ ਏਜੰਸੀ ਅਤੇ ਜਰਮਨ ਐਰੋਸਪੇਸ ਸੈਂਟਰ ਨੇ ਪੁਲਾੜ ਅਭਿਆਨ ਭੇਜੇ ਹਨ।
ਨਾਸਾ ਨੇ ਹੁਣ ਤੱਕ ਤਿੰਨ ਮੁੱਖ ਮਿਸ਼ਨ ਕੀਤੇ ਹਨ, ਇਹ ਹਨ ਸੋਹੋ (ਸੋਲਰ ਐਂਡ ਹੇਲਿਯੋਸਫ਼ੇਰਿਕ ਆਬਜ਼ਰਵੇਟਰੀ), ਪਾਰਕਰ ਸੋਲਰ ਪ੍ਰੋਬ ਅਤੇ ਇਰਿਸ(ਇੰਟਰਫੇਸ ਰਿਜਨ ਇਮੇਜਿੰਗ ਸਪੇਕਟ੍ਰੋਗ੍ਰਾਫ) ।
ਸੋਹੋ ਮਿਸ਼ਨ ਨੂੰ ਨਾਸਾ ਅਤੇ ਯੂਰਪੀਨ ਸਪੇਸ ਏਜੰਸੀ ਨੇ ਰਲ ਕੇ ਲਾਂਚ ਕੀਤਾ ਸੀ, ਇਹ ਸਭ ਤੋਂ ਲੰਬੇ ਸਮੇਂ ਤੱਕ ਚੱਲਣ ਵਾਲਾ ਉਪਗ੍ਰਹ ਹੈ।
ਸੋਲਰ ਪਾਰਕਰ ਚਾਰ ਸਾਲਾਂ ਤੋਂ ਸੂਰਜ ਦੇ ਤਲ ਦੇ ਸਭ ਤੋਂ ਨੇੜੇ ਉਡਾਰੀ ਭਰ ਰਿਹਾ ਹੈ, ਇਹ ਸੋਲਰ ਕੋਰੋਨਾ ਦੇ ਅੰਦਰ ਵੀ ਜਾ ਚੁੱਕਿਆ ਹੈ, ਇਰਿਸ ਸੂਰਜ ਦੇ ਤਲ ਦੀਆਂ ਬੇਹਤਰੀਨ ਤਸਵੀਰਾਂ ਹਾਈ ਰਿਜ਼ੋਲਊਸ਼ਨ ਵਿੱਚ ਖਿੱਚ ਰਿਹਾ ਹੈ।
ਡਾ. ਮਿਸ਼ਰਾ ਕਹਿੰਦੇ ਹਨ, “ਕਈ ਪੁਲਾੜ ਏਜੰਸੀਆਂ ਸੂਰਜ ਦੇ ਰਹੱਸਾਂ ਨੂੰ ਸੁਲਝਾਉਣ ਲਈ ਉਤਸ਼ਾਹਿਤ ਹਨ, ਉਹ ਕੋਰੋਨਲ ਡਿਸਚਾਰਜ ਅਤੇ ਸੋਲਰ ਫਲੇਅਰ ਦੇ ਅਧਿਐਨ ਦੇ ਲਈ ਲਗਾਤਾਰ ਕਈ ਮਿਸ਼ਨਾਂ ਉੱਤੇ ਕੰਮ ਕਰ ਰਹੀਆਂ ਹਨ।”
“ਨਾਸਾ ਅਤੇ ਯੂਰਪੀਨ ਸਪੇਸ ਏਜੰਸੀ ਦੇ ਸਾਂਝੇ ਮਿਸ਼ਨ ਹਬਲ ਸਪੇਸ ਟੈਲਿਸਕੋਪ ਨੇ ਵੀ ਕਾਫੀ ਡੇਟਾ ਇਕੱਠਾ ਕੀਤਾ ਹੈ, ਇਸ ਤੋਂ ਇਲਾਵਾ ਨਾਸਾ ਨੇ ਸੋਲਰ ਪਾਰਕਰ ਨਾਂ ਦੇ ਇੱਕ ਮਿਸ਼ਨ ਨੂੰ ਭੇਜਿਆ ਹੈ। ਸੋਲਰ ਪਾਰਕਰ ਦਾ ਪਰੋਬ ਸੂਰਜ ਦੇ ਕੋਰੋਨਾ ਦੇ ਅੰਦਰ ਜਾਵੇਗਾ ਅਤੇ ਉਨ੍ਹਾਂ ਦੀਆਂ ਗਤੀਵਿਧੀਆਂ ਦਾ ਅਧਿਐਨ ਕਰੇਗਾ।”
ਡਾ ਮਿਸ਼ਰਾ ਦੱਸਦੇ ਹਨ, “ਧਰਤੀ ਅਤੇ ਸੂਰਜ ਦੇ ਵਿੱਚ ਦੀ ਦੂਰੀ 15 ਕਰੋੜ ਕਿਲੋਮੀਟਰ ਦੀ ਹੈ, ਐੱਲ-1 ਦੀ ਦੂਰੀ 15 ਲੱਖ ਕਿਲੋਮੀਟਰ ਹੈ, ਯਾਨੀ ਸੂਰਜ ਦੀ ਧਰਤੀ ਤੋਂ ਕੁਲ ਦੂਰੀ ਦਾ 1 ਫੀਸਦੀ ਹਿੱਸਾ ਮਤਲਬ ਜੇਕਰ ਡਾਟਾ ਐੱਲ-1 ਤੱਕ ਪਹੁੰਚਦਾ ਹੈ ਤਾਂ ਇੱਥੇ ਸੂਰਜ ਦੇ ਕੋਰੋਨਾ ਦੇ ਮੁਕਾਬਲੇ ਉਸਦਾ ਤਾਪ ਘੱਟ ਹੋ ਜਾਵੇਗਾ, ਇਸ ਲਈ ਇਹ ਜ਼ਰੂਰੀ ਹੈ ਕਿ ਸੂਰਜ ਦੇ ਕੋਰੋਨਾ ਦੇ ਅੰਦਰ ਜਾ ਕੇ ਉਸਨੂੰ ਸਮਝਿਆ ਜਾਵੇ।”
ਆਦਿੱਤਿਆ ਐੱਲ-1 ਇੱਕ ਸ਼ੁਰੂਆਤ
ਡਾ ਅਜੈ ਲੇਲੇ ਕਹਿੰਦੇ ਹਨ, “ਹਰ ਮਿਸ਼ਨ ਦੂਜੇ ਮਿਸ਼ਨ ਤੋਂ 100 ਫੀਸਦੀ ਅਲੱਗ ਨਹੀਂ ਹੋ ਸਕਦਾ ਹੈ, ਪਰ ਸਮੇਂ ਦੇ ਨਾਲ ਸਾਇੰਸ ਅਤੇ ਤਕਨੀਕ ਵਿੱਚ ਕਾਫੀ ਵਿਕਾਸ ਹੋ ਜਾਂਦਾ ਹੈ, ਜੇਕਰ ਕਿਸੇ ਦੇਸ਼ ਨੇ 10 ਸਾਲ ਪਹਿਲਾਂ ਕੋਈ ਮਿਸ਼ਨ ਭੇਜਿਆ ਹੈ, ਤਾਂ ਉਸ ਸਮੇਂ ਦੀ ਤਕਨੀਕ ਅਤੇ ਅੱਜ ਦੀ ਤਕਨੀਕ ਵਿੱਚ ਕਾਫੀ ਅੰਤਰ ਹੈ, ਮੈਨੂੰ ਲੱਗਦਾ ਹੈ ਕਿ ਤਕਨੀਕ ਦੇ ਲਿਹਾਜ਼ ਨਾਲ ਹਰ ਮਿਸ਼ਨ ਪਿਛਲੇ ਮਿਸ਼ਨ ਤੋਂ ਬਿਹਤਰ ਹੈ।”
ਡਾ ਮਿਸ਼ਰਾ ਕਹਿੰਦੇ ਹਨ, “ਜੇਕਰ ਭਾਰਤ ਦੂਜੇ ਦੇਸ਼ਾਂ ਦੇ ਮਿਸ਼ਨ ਉੱਤੇ ਨਿਰਭਰ ਰਹਿਣ ਦੀ ਥਾਂ ਖ਼ੁਦ ਮਿਸ਼ਨ ਕਰੇਗਾ ਤਾਂ ਇਸਨੂੰ ਆਉਣ ਵਾਲੇ ਸੰਭਾਵਤ ਖ਼ਤਰੇ ਨੂੰ ਲੈ ਕੇ ਕਿਸੇ ਦੂਜੇ ਦੇਸ਼ ਉੱਤੇ ਨਿਰਭਰ ਨਹੀਂ ਹੋਣਾ ਪਏਗਾ, ਇਸ ਮਿਸ਼ਨ ਤੋਂ ਭਾਰਤ ਨੂੰ ਤਜੁਰਬਾ ਵੀ ਮਿਲੇਗਾ।”
ਡਾ ਯੋਗੇਸ਼ਵਰਨਾਥ ਮਿਸ਼ਰਾ ਕਹਿੰਦੇ ਹਨ, “ਆਦਿੱਤਿਆ ਐੱਲ-1 ਸੂਰਜ ਨੂੰ ਸਮਝਣ ਦੇ ਲਈ ਕਾਫੀ ਨਹੀਂ ਪਰ ਇਹ ਮਹਿਜ਼ ਇੱਕ ਸ਼ੁਰੂਆਤ ਹੈ, ਹਾਲੇ ਸੂਰਜ ਨੂੰ ਸਮਝਣ ਲਈ ਕਈ ਮਿਸ਼ਨ ਕਰਨੇ ਪੈਣਗੇ।”
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)

ਕੀ ਭਾਰਤ ਵਿੱਚ ਇੱਕ ਬੱਚੇ ਦਾ ਰੁਝਾਨ ਵੱਧ ਰਿਹਾ ਹੈ? ਮਾਹਿਰਾਂ ਮੁਤਾਬਕ ਇਸ ਦੇ ਨਤੀਜੇ ਕੀ ਹੋ ਸਕਦੇ ਹਨ
NEXT STORY