ਪੰਜਾਬੀ ਗੀਤਾਂ ਵਿੱਚ ਗੀਤਕਾਰ ਵਜੋਂ ਆਉਂਦਾ ਸ਼ਮਸ਼ੇਰ ਸੰਧੂ ਦਾ ਨਾਮ ਮੇਰੀ ਤਰ੍ਹਾਂ ਨਾ ਜਾਣੇ ਕਿੰਨੇ ਹੀ ਸਰੋਤਿਆਂ ਦੇ ਚੇਤਿਆਂ ਵਿੱਚ ਵਸਿਆ ਹੋਏਗਾ।
ਆਮ ਲੋਕਾਂ ਵਿੱਚ ਸ਼ਮਸ਼ੇਰ ਸੰਧੂ ਦੀ ਪਛਾਣ ਇੱਕ ਗੀਤਕਾਰ ਵਜੋਂ ਬਣੀ, ਪਰ ਗੀਤਕਾਰੀ ਉਨ੍ਹਾਂ ਦੀ ਸ਼ਖਸੀਅਤ ਦਾ ਸਿਰਫ਼ ਇੱਕ ਪੱਖ ਹੈ। ਜਿਵੇਂ ਜਿਵੇਂ ਤੁਸੀਂ ਉਨ੍ਹਾਂ ਬਾਰੇ ਹੋਰ ਜਾਣਦੇ ਹੋ, ਪਤਾ ਲਗਦਾ ਹੈ ਕਿ ਉਨ੍ਹਾਂ ਦੀ ਸ਼ਖਸੀਅਤ ਦੀਆਂ ਕਿੰਨੀਆਂ ਪਰਤਾਂ, ਕਿੰਨੇ ਗੁਣ ਹਨ ਜੋ ਉਨ੍ਹਾਂ ਦਾ ਕੱਦ ਬੇਹੱਦ ਉੱਚਾ ਕਰਦੇ ਹਨ।
ਇੱਕ ਇਨਸਾਨ, ਜੋ ਖੁਦ ਇੱਕ ਖ਼ਜ਼ਾਨੇ ਵਰਗਾ ਹੈ ਅਤੇ ਬੇਮਿਸਾਲ ਹਸਤੀ ਹੋ ਕੇ ਵੀ ਬੇਹੱਦ ਸਹਿਜ ਜਾਪਦਾ ਹੈ। ਮੈਂ ਉਨ੍ਹਾਂ ਲਈ ਕਈ ਵਿਸ਼ੇਸ਼ਣ ਲੱਭਣ ਦੀ ਕੋਸ਼ਿਸ਼ ਕੀਤੀ, ਉਨ੍ਹਾਂ ਨੂੰ ਪੰਜਾਬੀ ਸੰਗੀਤ ਜਗਤ ਦਾ ਧੁਰਾ ਕਿਹਾ ਜਾਵੇ, ਚਾਰ ਪੀੜ੍ਹੀਆਂ ਦੇ ਫਨਕਾਰਾਂ ਦਾ ਚਸ਼ਮਦੀਦ ਕਿਹਾ ਜਾਵੇ, ਬਦਲਦੇ ਸਮਿਆਂ ਵਿੱਚ ਇੱਕ ਸਥਿਰ ਬਿੰਦੂ ਕਿਹਾ ਜਾਵੇ, ਕਲਮ ਦਾ ਜਾਦੂਗਰ ਕਿਹਾ ਜਾਵੇ, ਪਰ ਹਰ ਵਿਸ਼ੇਸ਼ਣ ਉਨ੍ਹਾਂ ਸਾਹਮਣੇ ਛੋਟਾ ਜਾਪਿਆ।
ਜ਼ਿੰਦਗੀਨਾਮਾ ਲੜੀ ਤਹਿਤ ਜਦੋਂ ਸ਼ਮਸ਼ੇਰ ਸੰਧੂ ਦਾ ਇੰਟਰਵਿਊ ਕਰਨ ਪਹੁੰਚੇ ਤਾਂ ਉਹ ਖ਼ੁਦ ਦਰਵਾਜ਼ਾ ਖੋਲ੍ਹਣ ਆਏ ਅਤੇ ਸਾਨੂੰ ਅੰਦਰ ਲੈ ਕੇ ਗਏ।
ਆਮ ਤੌਰ ’ਤੇ ਮਸ਼ਹੂਰ ਹਸਤੀਆਂ ਦੇ ਘਰ ਜਾਣ ’ਤੇ ਅਜਿਹਾ ਨਹੀਂ ਹੁੰਦਾ ਬਲਕਿ ਘਰ ਪਹੁੰਚਣ ਤੋਂ ਬਾਅਦ ਵੀ ਕੁਝ ਸਮਾਂ ਉਨ੍ਹਾਂ ਦਾ ਕਮਰੇ ਵਿੱਚੋਂ ਬਾਹਰ ਆਉਣ ਦਾ ਇੰਤਜ਼ਾਰ ਕਰਨਾ ਪੈਂਦਾ ਹੈ।
ਖ਼ੈਰ, ਉਨ੍ਹਾਂ ਦੇ ਡਰਾਇੰਗ ਰੂਮ ਵਿੱਚ ਗਏ ਤਾਂ ਸੋਫ਼ੇ ’ਤੇ ਪਏ ਕੁਝ ਕਾਗਜ਼, ਡਾਇਰੀਆਂ, ਪੈੱਨ ਸ਼ਮਸ਼ੇਰ ਸੰਧੂ ਜੀ ਦੀ ਸ਼ਖਸੀਅਤ ਦਾ ਝਲਕਾਰਾ ਦੇ ਰਹੇ ਸੀ।
ਘਰ ਦੀ ਕੰਧ ’ਤੇ ਉਨ੍ਹਾਂ ਦੀ, ਗਾਇਕ ਸੁਰਜੀਤ ਬਿੰਦਰਖੀਆ ਅਤੇ ਮਿਊਜ਼ਿਕ ਡਾਇਰੈਕਟਰ ਅਤੁਲ ਸ਼ਰਮਾ ਨਾਲ ਖਿੱਚੀ ਫੋਟੋ ਲੱਗੀ ਹੋਈ ਸੀ।
ਇਹ ਉਹ ਤਿੱਕੜੀ ਹੈ, ਜਿਸ ਨੇ ਇੱਕ ਦੌਰ ਵਿੱਚ ਪੰਜਾਬੀ ਸੰਗੀਤ ਜਗਤ ’ਤੇ ਰਾਜ ਕੀਤਾ ਹੈ ਅਤੇ ਇਸ ਤਿੱਕੜੀ ਦੇ ਬਣੇ ਗੀਤਾਂ ਦੀ ਰੀਸ ਅੱਜ ਵੀ ਕੋਈ ਨਹੀਂ ਕਰ ਸਕਦਾ।
ਸ਼ਮਸ਼ੇਰ ਸੰਧੂ ਦੇ ਲਿਖੇ ਪੰਜ ਸੌ ਤੋਂ ਵੱਧ ਗੀਤ ਕਰੀਬ ਨੱਬੇ ਗਾਇਕਾਂ ਦੀ ਅਵਾਜ਼ ਵਿੱਚ ਰਿਲੀਜ਼ ਹੋਏ ਹਨ।
ਉਨ੍ਹਾਂ ਨੇ ਨਾ ਸਿਰਫ਼ ਗੀਤ ਲਿਖੇ, ਬਲਕਿ ਉਨ੍ਹਾਂ ਗੀਤਾਂ ਦੀ ਰਿਕਾਰਡਿੰਗ ਅਤੇ ਰਿਲੀਜ਼ ਹੋਣ ਤੱਕ ਕਈ ਜ਼ਿੰਮੇਵਾਰੀਆਂ ਨਿਭਾਈਆਂ। ਸੱਤ ਸਾਲ ਲਗਾਤਾਰ ਨਵੇਂ ਸਾਲ ਦੇ ਪ੍ਰੋਗਰਾਮ ਉਨ੍ਹਾਂ ਦੀ ਅਗਵਾਈ ਹੇਠ ਬਣੇ।
ਉਹ ਇਨਕਲਾਬੀ ਕਵੀ ਪਾਸ਼ ’ਤੇ ਕਿਤਾਬ ‘ਇੱਕ ਪਾਸ਼ ਇਹ ਵੀ’, ਸੁਰਜੀਤ ਬਿੰਦਰਖੀਆ ਬਾਰੇ ‘ਤੇਰੇ ’ਚ ਤੇਰਾ ਯਾਰ ਬੋਲਦਾ’, ਪਾਕਿਸਤਾਨੀ ਫਨਕਾਰਾਂ ਬਾਰੇ ‘ਸੁਰ ਦਰਿਆਓਂ ਪਾਰ ਦੇ’ ਅਤੇ ‘ਮੇਰੇ ਚੋਣਵੇਂ ਗੀਤ’ ਜਿਹੀਆਂ ਕਿਤਾਬਾਂ ਲਿਖ ਚੁਕੇ ਹਨ ਅਤੇ ਹੁਣ ਵੀ ਕੁਝ ਕਿਤਾਬਾਂ ’ਤੇ ਕੰਮ ਕਰ ਰਹੇ ਹਨ।
ਸ਼ਮਸ਼ੇਰ ਸੰਧੂ ਨੇ ਤੀਹ ਸਾਲ ਟ੍ਰਿਬਿਊਨ ਅਖਬਾਰ ਵਿੱਚ ਵੀ ਕੰਮ ਕੀਤਾ।
ਇਹ ਵੀ ਸੰਭਵ ਹੈ ਕਿ ਮੇਰੇ ਕੋਲ਼ੋਂ ਉਨ੍ਹਾਂ ਦੇ ਕੀਤੇ ਕੰਮਾਂ ਵਿੱਚੋਂ ਬਹੁਤ ਕੁਝ ਦਾ ਜ਼ਿਕਰ ਕਰਨਾ ਰਹਿ ਵੀ ਜਾਵੇ।
ਪਰ ਸ਼ਮਸ਼ੇਰ ਸੰਧੂ ਬਾਰੇ ਇੱਕ ਖਾਸ ਗੱਲ ਇਹ ਲਗਦੀ ਹੈ ਕਿ ਉਨ੍ਹਾਂ ਨੇ ਚਾਂਦੀ ਰਾਮ ਚਾਂਦੀ ਤੇ ਯਮਲਾ ਜੱਟ ਹੁਰਾਂ ਤੋਂ ਲੈ ਕੇ ਦੀਦਾਰ ਸੰਧੂ, ਜਗਮੋਹਨ ਕੌਰ, ਕੁਲਦੀਪ ਮਾਣਕ ਤੇ ਸੁਰਜੀਤ ਬਿੰਦਰਖੀਆ ਹੁਰਾਂ ਤੋਂ ਲੈ ਕੇ ਗਾਇਕਾਂ ਦੀ ਅਜੋਕੀ ਪੀੜ੍ਹੀ ਤੱਕ ਅਨੇਕਾਂ ਹੀ ਹਸਤੀਆਂ ਦੇ ਕਰੀਅਰ ਅਤੇ ਨਿੱਜੀ ਜ਼ਿੰਦਗੀਆਂ ਨੂੰ ਬਹੁਤ ਨੇੜਿਓ ਦੇਖਿਆ ਹੈ।
ਸ਼ਿਵ ਕੁਮਾਰ ਬਟਾਲਵੀ ਤੇ ਇਨਕਲਾਬੀ ਕਵੀ ਪਾਸ਼ ਜਿਹੀਆਂ ਹਸਤੀਆਂ ਨਾਲ ਉਨ੍ਹਾਂ ਦੀ ਦੋਸਤੀ ਰਹੀ। ਦਾਰਾ ਸਿੰਘ, ਅੰਮ੍ਰਿਤਾ ਪ੍ਰੀਤਮ ਤੇ ਇਮਰੋਜ਼ ਜਿਹੀਆਂ ਸ਼ਖਸੀਅਤਾਂ ਨੂੰ ਉਨ੍ਹਾਂ ਨੇ ਨੇੜਿਓਂ ਜਾਣਿਆ।
ਸ਼ਮਸ਼ੇਰ ਸੰਧੂ ਬਾਰੇ ਸਭ ਤੋਂ ਦਿਲਚਸਪ ਗੱਲ ਜੋ ਮੈਨੂੰ ਲਗਦੀ ਹੈ, ਉਹ ਇਹ ਕਿ ਉਹ ਜਿਨ੍ਹਾਂ ਵੀ ਹਸਤੀਆਂ ਦੇ ਨਾਲ ਰਹੇ ਜਾਂ ਮਿਲੇ, ਉਨ੍ਹਾਂ ਨਾਲ ਸਬੰਧਤ ਅਣਗਿਣਤ ਕਿੱਸੇ ਉਨ੍ਹਾਂ ਨੂੰ ਯਾਦ ਹਨ।
ਸਿਰਫ਼ ਮੰਨੇ-ਪ੍ਰਮੰਨੇ ਲੇਖਕਾਂ ਹੀ ਨਹੀਂ, ਬਲਕਿ ਲੋਕ ਮਨਾਂ ਵਿੱਚੋਂ ਭੁੱਲੇ-ਵਿਸਰੇ ਲੇਖਕਾਂ ਦੀਆਂ ਵੀ ਨਾ-ਜਾਣੇ ਕਿੰਨੀਆਂ ਲਿਖਤਾਂ ਉਨ੍ਹਾਂ ਨੂੰ ਮੂੰਹ-ਜ਼ੁਬਾਨੀ ਯਾਦ ਹਨ।
ਸੰਧੂ ਦਾ ਪਿਛੋਕੜ
ਸ਼ਮਸ਼ੇਰ ਸੰਧੂ ਲੁਧਿਆਣਾ ਜ਼ਿਲ੍ਹੇ ਦੇ ਸਿੰਧਵਾਂ ਬੇਟ ਨੇੜੇ ਪਿੰਡ ਮਦਾਰਪੁਰ ਦੇ ਜੰਮ-ਪਲ ਹਨ। ਉਹ ਪੰਜਵੀਂ ਤੱਕ ਪਿੰਡ ਦੇ ਸਕੂਲ ਵਿੱਚ ਅਤੇ ਫਿਰ ਸਿਧਵਾਂ ਬੇਟ ਪੜ੍ਹੇ।
ਆਪਣੇ ਪਿੰਡ ਬਾਰੇ ਸੰਧੂ ਕਹਿੰਦੇ ਹਨ, “ਬੋਲਣ ਵਿੱਚ ਸਾਡੇ ਪਿੰਡ ਨੂੰ ਮਦਾਰਾ ਕਹਿ ਦਿੰਦੇ ਆ ਤੇ ਪਿੰਡ ਇੰਨਾ ਛੋਟਾ ਹੈ ਕਿ ਅਸੀਂ ਕਹਿੰਦੇ ਹੁਨੇ ਆ ਜਮ੍ਹਾਂ ਈ ਚਿੜ੍ਹੀ ਦੇ ਪਹੁੰਚੇ ਜਿੱਡਾ ਹੈ। ਸਾਰੇ ਪਾਸੇ ਟਿੱਬੇ ਹੀ ਟਿੱਬੇ ਹੁੰਦੇ ਸੀ।”
ਸੰਧੂ ਦੱਸਦੇ ਹਨ ਕਿ ਪਰਿਵਾਰ ਦੇ ਵੱਡਿਆਂ ਤੋਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਉਨ੍ਹਾਂ ਦੇ ਦਾਦਾ ਜੀ ਚੰਨਣ ਸਿੰਘ ਵੀ ਗੁਣਗਣਾਉਂਦੇ ਹੁੰਦੇ ਸਨ, “ਜਿਵੇਂ ਕਦੇ ਖੇਤ ਨੂੰ ਰੋਟੀ ਲਿਜਾਉਂਦੇ ਗਾਉਂਦੇ ਸਨ ਜਿੰਦੇ ਮੇਰੀਏ, ਮਿੱਟੀ ਦੀਏ ਢੇਰੀਏ, ਚੰਨ ਵਾਂਗੂ ਛੁਪ ਜਾਏਂਗੀ। ਮੇਰੇ ਬਾਪੂ ਜੀ ਵੀ ਤੁਕਬੰਦੀ ਜੋੜ ਲੈਂਦੇ ਹੁੰਦੇ ਸੀ ਜਿਵੇਂ ਕਿਸੇ ਨੇ ਬਾਹਰ ਕਿਹਾ ਛੱਜ ਲੈ ਲੋ ਛੱਜ, ਬਾਪੂ ਜੀ ਨੇ ਹਾਸੇ ਹਾਸੇ ਵਿੱਚ ਕਹਿ ਦੇਣਾ ਤੈਨੂੰ ਵੇਚਣ ਦਾ ਨਹੀਂ ਚੱਜ।”
ਸੰਧੂ ਆਪਣੇ ਬਾਪੂ ਜੀ ਹਰਦਿਆਲ ਸਿੰਘ ਅਤੇ ਮਾਂ ਪ੍ਰੀਤਮ ਕੌਰ ਬਾਰੇ ਦੱਸਦੇ ਹਨ, “ਬਾਪੂ ਨੂੰ ਦਸਤਖ਼ਤ ਵੀ ਨਹੀਂ ਸੀ ਕਰਨੇ ਆਉਂਦੇ ਉਹ ਅੰਗੂਠਾ ਲਾਉਂਦੇ ਸੀ ਅਤੇ ਮੇਰੀ ਮਾਂ ਨੂੰ ਸਿਰਫ਼ ਆਪਣਾ ਨਾਮ ਹੀ ਲਿਖਣਾ ਆਉਂਦਾ ਸੀ, ਉਹ ਵੀ ਕਈ ਵਾਰ ਅੱਖਰਾਂ ਦੇ ਉਤੇ ਲਾਈਨ ਲੰਮੀ ਖਿੱਚੀ ਜਾਂਦੀ ਤੇ ਪ੍ਰੀਤਮ ਕੌਰ ਦਾ ਧ੍ਰੀਤਮ ਕੌਰ ਬਣ ਜਾਂਦਾ ਸੀ।”
ਸ਼ਮਸ਼ੇਰ ਸੰਧੂ ਦੱਸਦੇ ਹਨ ਕਿ ਉਨ੍ਹਾਂ ਦੇ ਮਾਤਾ ਸਖ਼ਤ ਸੁਭਾਅ ਦੇ ਸਨ ਅਤੇ ਉਨ੍ਹਾਂ ਦੇ ਪਿਤਾ ਉਨ੍ਹਾਂ ਨਾਲ ਦੋਸਤਾਂ ਵਰਗੇ ਹੀ ਸਨ।
ਸ਼ਮਸ਼ੇਰ ਸੰਧੂ ਨੇ ਲੁਧਿਆਣਾ ਦੇ ਖ਼ਾਲਸਾ ਕਾਲਜ ਤੋਂ ਬੀ.ਏ., ਪੰਜਾਬੀ ਦੀ ਐਮ.ਏ ਲੁਧਿਆਣਾ ਦੇ ਸਰਕਾਰੀ ਕਾਲਜ ਤੋਂ ਅਤੇ ਫਿਰ ਬੀ.ਐੱਡ. ਵੀ ਕੀਤੀ।
ਫਿਰ ਸਿੱਖ ਨੈਸ਼ਨਲ ਕਾਲਜ ਬੰਗਾ ਵਿੱਚ ਉਹ ਪੰਜਾਬੀ ਦੇ ਲੈਕਚਰਾਰ ਲੱਗ ਗਏ ਅਤੇ ਦੋ-ਢਾਈ ਸਾਲ ਦੀ ਨੌਕਰੀ ਤੋਂ ਬਾਅਦ ਫਿਰ ਟ੍ਰਿਬਿਊਨ ਅਖਬਾਰ ਵਿੱਚ ਸਬ-ਐਡੀਟਰ ਵਜੋਂ ਭਰਤੀ ਹੋ ਗਏ ਅਤੇ ਚੰਡੀਗੜ੍ਹ ਆ ਗਏ।
ਪੱਤਰਕਾਰੀ ਵਿੱਚ ਉਨ੍ਹਾਂ ਨੇ ਕਈ ਸਾਲ ਨਿਊਜ਼ ਰੂਮ ਵਿੱਚ ਖ਼ਬਰਾਂ ਬਣਾਈਆਂ ਜਿਨ੍ਹਾਂ ਵਿੱਚ ਨਿਊਜ਼ ਏਜੰਸੀਆਂ ਦੀਆਂ ਖ਼ਬਰਾਂ ਦਾ ਅਨੁਵਾਦ ਵਗੈਰਾ ਸ਼ਾਮਲ ਹੁੰਦਾ ਸੀ।
ਇਸ ਤੋਂ ਬਾਅਦ ਉਨ੍ਹਾਂ ਨੂੰ ਸੰਡੇ ਮੈਗਜ਼ੀਨ, ਫ਼ਿਲਮ ਐਡੀਸ਼ਨ, ਧਰਮ ਤੇ ਵਿਰਸਾ, ਖੇਡ ਸੰਸਾਰ, ਘਰ-ਪਰਿਵਾਰ, ਨਵੀਂ ਕਲਮਾਂ ਜਿਹੇ ਖਾਸ ਐਡੀਸ਼ਨਾਂ ਦਾ ਇੰਚਾਰਜ ਬਣਾ ਦਿੱਤਾ ਗਿਆ।
‘ਡਿਸਕੋ ਬੁਖ਼ਾਰ’ ਨਾਲ ਗੀਤਕਾਰੀ ਵਿੱਚ ਦਾਖਲਾ
ਸ਼ਮਸ਼ੇਰ ਸੰਧੂ ਲੁਧਿਆਣਾ ਪੜ੍ਹਦੇ ਸਨ ਅਤੇ ਲੁਧਿਆਣਾ ਉਸ ਵੇਲੇ ਕਲਾਕਾਰਾਂ ਦਾ ਗੜ੍ਹ ਹੁੰਦਾ ਸੀ।
ਉਹ ਦੱਸਦੇ ਹਨ ਕਿ ਜਦੋਂ ਉਹ ਆਪਣੇ ਮਾਪਿਆ ਨੂੰ ਦੱਸਿਆ ਕਰਦੇ ਸੀ ਕਿ ਉੱਥੇ ਉਹ ਨਰਿੰਦਰ ਬੀਬਾ ਨੂੰ ਮਿਲੇ, ਹਰਚਰਨ ਗਰੇਵਾਲ਼ ਨੂੰ ਮਿਲੇ, ਜਗਮੋਹਨ ਕੌਰ ਨੂੰ ਮਿਲੇ, ਫਿਰ ਦੀਦਾਰ ਸੰਧੂ ਤੇ ਕੁਲਦੀਪ ਮਾਣਕ ਹੁਰਾਂ ਨਾਲ ਦੋਸਤੀ ਪੈ ਗਈ, ਉਨ੍ਹਾਂ ਦੇ ਮਾਪਿਆ ਨੂੰ ਇਹ ਬੜੀ ਵਧੀਆ ਗੱਲ ਵੀ ਲਗਦੀ ਸੀ ਅਤੇ ਹੈਰਾਨੀ ਵਾਲੀ ਵੀ।
ਸੰਧੂ ਯਮਲਾ ਜੱਟ ਦੇ ਡੇਰੇ ਵਿੱਚ ਜਾ ਕੇ ਵੀ ਬਹਿ ਜਾਂਦੇ ਸੀ।
ਸੰਧੂ ਨੇ ਦੱਸਿਆ ਕਿ ਪਹਿਲਾਂ ਉਹ ਕਵਿਤਾਵਾਂ ਤੇ ਕਹਾਣੀਆਂ ਲਿਖਦੇ ਹੁੰਦੇ ਸਨ ਅਤੇ ਉਨ੍ਹਾਂ ਦੀਆਂ ਬਹੁਤੀਆਂ ਕਹਾਣੀਆਂ ਅੰਮ੍ਰਿਤਾਂ ਪ੍ਰੀਤਮ ਦੇ ਮੈਗਜ਼ੀਨ ਨਾਗਮਣੀ ਵਿੱਚ ਵੀ ਛਪੀਆਂ।
ਕਵਿਤਾਵਾਂ ਪ੍ਰੀਤਲੜੀ, ਹੇਮਜੋਤੀ ਜਿਹੇ ਰਸਾਲਿਆਂ ਵਿੱਚ ਛਪੀਆਂ। ਇਸ ਤੋਂ ਬਾਅਦ ਹੌਲੀ ਹੌਲੀ ਉਹ ਗੀਤਕਾਰੀ ਵੱਲ ਆ ਗਏ।
ਸ਼ਮਸ਼ੇਰ ਸੰਧੂ ਦੱਸਦੇ ਹਨ ਕਿ ਉਨ੍ਹਾਂ ਦੀ ਪਹਿਲੀ ਲਿਖਤ ਕੁਝ ਲੋਕ ਬੋਲੀਆਂ ਸਨ। ਫਿਰ ਗੀਤਕਾਰੀ ਵਿੱਚ ਆ ਕੇ ਉਨ੍ਹਾਂ ਨੇ ਪਹਿਲਾ ਗੀਤ ਜਾਨੀ ਚੋਰ ਲਿਖਿਆ ਸੀ।
ਸੰਧੂ ਕਹਿੰਦੇ ਹਨ ਕਿ ਉਹ ਉਨ੍ਹਾਂ ਦੀ ਕ੍ਰੀਏਟਿਵ ਰਚਨਾ ਨਹੀਂ ਸੀ ਬਲਕਿ ਇੱਕ ਤੁਕਬੰਦੀ ਸੀ।
ਉਨ੍ਹਾਂ ਦਾ ਪਹਿਲਾ ਕਮਰਸ਼ੀਅਲ ਗੀਤ ਸੀ ‘ਗਾਉਣ ਵਾਲਿਆਂ ਨੂੰ ਡਿਸਕੋ ਬੁਖ਼ਾਰ ਹੋ ਗਿਆ’, ਜੋ ਕਿ ਸਰਦੂਲ ਸਿਕੰਦਰ ਨੇ ਗਾਇਆ ਸੀ।
ਸ਼ਮਸ਼ੇਰ ਸੰਧੂ ਦੱਸਦੇ ਹਨ, “ਮੈਂ ਡਿਸਕੋ ਲਹਿਰ ਬਾਰੇ ਲੇਖ ਲਿਖਣਾ ਸੀ, ਪਰ ਮੇਰੇ ਹੱਥ ’ਤੇ ਪਲਸਤਰ ਲੱਗਿਆ ਹੋਇਆ ਸੀ, ਲੇਖ ਲਿਖਿਆ ਨਾ ਗਿਆ ਅਤੇ ਮੈਂ ਗੀਤ ਵਿੱਚ ਲਿਖਣ ਦੀ ਕੋਸ਼ਿਸ਼ ਕੀਤੀ ਅਤੇ ਉਹ ਹਿੱਟ ਹੋ ਗਿਆ।”
ਇਸ ਗੀਤ ਦੇ ਬੋਲ ਸਨ, “ਚੱਲੀ ਡਿਸਕੋ ਦੀ ਲਹਿਰ, ਭੂੰਜੇ ਲਗਦੇ ਨਾ ਪੈਰ, ਸਾਡਾ ਤੂੰਬਾ ਦਾ ਬੇਚਾਰਾ ਤਾਰ-ਤਾਰ ਹੋ ਗਿਆ, ਗਾਉਣ ਵਾਲਿਆਂ ਨੂੰ ਡਿਸਕੋ ਬੁਖਾਰ ਹੋ ਗਿਆ।…”
ਇੰਟਰਵਿਊ ਦੌਰਾਨ ਸ਼ਮਸ਼ੇਰ ਸੰਧੂ ਨੇ ਦੱਸਿਆ ਕਿ ਇਹ ਗੀਤ ਜਦੋਂ ਉਨ੍ਹਾਂ ਨੇ ਗੁਰਦਾਸ ਮਾਨ ਨੂੰ ਸੁਣਾਇਆ ਤਾਂ ਉਹ ਚਾਹੁੰਦੇ ਸਨ ਕਿ ਉਹ ਇਸ ਗੀਤ ਨੂੰ ਗਾਉਣ, ਪਰ ਉਨ੍ਹਾਂ ਤੋਂ ਪਹਿਲਾਂ ਹੀ ਉਹ ਸਰਦੂਲ ਸਿਕੰਦਰ ਨੂੰ ਇਹ ਗੀਤ ਦੇ ਚੁੱਕੇ ਸਨ।
ਰੁਝੇਵਿਆਂ ਭਰੇ ਸਾਲ ਅਤੇ ਪਰਿਵਾਰਕ ਜ਼ਿੰਦਗੀ
ਸ਼ਮਸ਼ੇਰ ਸੰਧੂ ਆਪਣੀ ਜ਼ਿੰਦਗੀ ਵਿੱਚ ਕਾਮਯਾਬੀ ਪਿੱਛੇ ਆਪਣੀ ਪਤਨੀ ਸੁਖਬੀਰ ਕੌਰ ਦਾ ਬਹੁਤ ਵੱਡਾ ਸਹਿਯੋਗ ਮੰਨਦੇ ਹਨ।
ਉਹ ਕਹਿੰਦੇ ਹਨ ਕਿ ਅਖਬਾਰਾਂ ਦੇ ਖਾਸ ਐਡੀਸ਼ਨਾਂ ਦਾ ਜ਼ਿੰਮਾ, ਨਵੇਂ ਸਾਲਾਂ ਅਤੇ ਵਿਸਾਖੀ ਦੇ ਪ੍ਰੋਗਰਾਮ ਅਤੇ ਗੀਤਕਾਰੀ ਵਿੱਚ ਰੁੱਝੇ ਰਹਿਣ ਕਾਰਨ ਜੇ ਉਨ੍ਹਾਂ ਨੂੰ ਘਰ ਲਈ ਸਮਾਂ ਘੱਟ ਮਿਲਦਾ ਸੀ ਤਾਂ ਉਨ੍ਹਾਂ ਦੇ ਪਤਨੀ ਖਿੜੇ ਮੱਥੇ ਘਰ ਦੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਰਹੇ ਹਨ।
ਉਹ ਕਹਿੰਦੇ ਹਨ, “ਫਿਰ ਵੀ ਅਸੀਂ ਸਮਾਂ ਕੱਢ ਲੈਂਦੇ ਸੀ। ਜਿਵੇਂ ਪਰਿਵਾਰ ਨਾਲ ਕਦੇ ਦਿੱਲੀ, ਕਦੇ ਆਗਰਾ ਜਾਂ ਕਦੇ ਰਿਸ਼ਤੇਦਾਰੀਆਂ ਵਿੱਚ ਮਿਲਣ ਜਾਣਾ, ਖੁਸ਼ੀ-ਗਮੀਂ ਵਿੱਚ ਸ਼ਰੀਕ ਹੋਣਾ।”
ਸ਼ਮਸ਼ੇਰ ਸੰਧੂ ਦੱਸਦੇ ਹਨ ਕਿ ਉਨ੍ਹਾਂ ਦਾ ਆਪਣੀ ਧੀ ਸੁਖਮਨੀ ਅਤੇ ਬੇਟੇ ਡਾ. ਗਗਨਗੀਤ ਨਾਲ ਰਿਸ਼ਤਾ ਦੋਸਤਾ ਵਰਗਾ ਹੈ ਅਤੇ ਰੁਝੇਵਿਆਂ ਦੇ ਬਾਵਜੂਦ ਪਰਿਵਾਰ ਵਿੱਚ ਹਾਸੇ-ਠੱਠੇ ਵਾਲਾ ਮਾਹੌਲ ਰਹਿੰਦਾ ਹੈ।
ਸ਼ਮਸ਼ੇਰ ਸੰਧੂ ਨੇ ਆਪਣੇ ਪੋਤੇ ਵਰਦਾਨ ਅਤੇ ਦੋਹਤੇ ਹਰਸ਼ਲ ਨਾਲ ਵੀ ਤਸਵੀਰਾਂ ਦਿਖਾਈਆਂ।
ਉਹ ਕਹਿੰਦੇ ਹਨ ਕਿ ਪਰਿਵਾਰ ਵੀ ਸੰਤੁਸ਼ਟ ਹੈ ਕਿਉਂਕਿ ਉਨ੍ਹਾਂ ਨੂੰ ਲਗਦਾ ਹੈ ਕਿ ਚੰਡੀਗੜ੍ਹ ਆ ਕੇ ਵਧੇਰੇ ਮੌਕੇ ਮਿਲੇ ਹਨ ਜੋ ਸ਼ਾਇਦ ਬੰਗੇ ਕਾਲਜ ਵਿੱਚ ਹੀ ਨੌਕਰੀ ਰਹਿੰਦੀ ਤਾਂ ਨਾ ਮਿਲ ਸਕਦੇ।
ਇਨ੍ਹਾਂ ਗੱਲਾਂ ਤੋਂ ਸੰਧੂ ਦਾ ਕੰਮ ਦੇ ਨਾਲ ਪਰਿਵਾਰਕ ਜ਼ਿੰਦਗੀ ਵਿੱਚ ਸੰਤੁਲਨ ਬਣਾਉਣ ਦਾ ਗੁਣ ਵੀ ਝਲਕਦਾ ਹੈ।
‘ਤੇਰਾ ਯਾਰ ਬੋਲਦਾ’ ਗੀਤ ਬਣਨ ਦੀ ਕਹਾਣੀ
‘ਤੇਰੇ ’ਚ ਤੇਰਾ ਯਾਰ ਬੋਲਦਾ’, ਸ਼ਮਸ਼ੇਰ ਸੰਧੂ ਦੀ ਕਲਮ ਵਿੱਚੋਂ ਨਿਕਲਿਆ ਉਹ ਗੀਤ ਹੈ ਜਿਸ ਦੀ ਸਫਲਤਾ ਦੀ ਰੀਸ ਨਹੀਂ ਕੀਤੀ ਜਾ ਸਕਦੀ।
ਇਸ ਗੀਤ ਦੇ ਆਉਣ ਤੋਂ ਬਾਅਦ ਹੁਣ ਤੱਕ, ਪੰਜਾਬੀਆਂ ਦਾ ਸ਼ਾਇਦ ਹੀ ਕੋਈ ਵਿਆਹ ਜਾਂ ਖੁਸ਼ੀ ਦਾ ਪ੍ਰੋਗਰਾਮ ਹੋਏਗਾ ਜਿੱਥੇ ਇਹ ਗੀਤ ਨਾ ਵੱਜਦਾ ਹੋਵੇ।
ਇਹ ਗੀਤ ਕਿਵੇਂ ਫੁਰਿਆ ਇਸ ਬਾਰੇ ਸ਼ਮਸ਼ੇਰ ਸੰਧੂ ਨੇ ਦੱਸਿਆ, “ਇਸ ਤੋਂ ਪਹਿਲਾਂ ਦੇ ਮੇਰੇ ਗੀਤਾਂ ਵਿੱਚ ਥੋੜ੍ਹੀ ਸਾਹਿਤਕ ਛੂਹ ਵੀ ਹੁੰਦੀ ਸੀ, ਜਿਵੇਂ ਹਾਸੇ ਨਾ ਹੁਣ ਚੰਗੇ ਲਗਦੇ ਨਾ ਹੀ ਜਾਮ ਸੁਰਾਹੀਆਂ, ਮਿੱਤਰਤਾ ਦੇ ਸ਼ੀਸ਼ੇ ਉੱਤੇ ਅੱਜ ਤਰੇੜਾਂ ਆਈਆਂ…”
“ਸਾਡੇ ਮਿਊਜ਼ਿਕ ਡਾਇਰੈਕਟਰ ਅਤੁੱਲ ਸ਼ਰਮਾ ਨੇ ਮੈਨੂੰ ਕਿਹਾ ਕਿ ਆਪਣਾ ਹੈ ਕਮਰਸ਼ੀਅਲ ਖੇਤਰ, ਥੋੜ੍ਹਾ ਜਿਹਾ ਕੋਠੇ ਉੱਤੋਂ ਥੱਲੇ ਉੱਤਰੋ, ਥੋੜ੍ਹਾ ਧਿਆਨ ਰੱਖੋ ਗੀਤਕਾਰੀ ਵਾਲੇ ਅੰਸ਼ ਦਾ, ਮੈਂ ਫਿਰ ਇੱਦਾਂ ਦੇ ਕਾਫ਼ੀ ਗੀਤ ਲਿਖੇ ਅਤੇ ਅਤੁੱਲ ਸ਼ਰਮਾ ਨੂੰ ਫ਼ੋਨ ਕਰਕੇ ਕਿਹਾ ਕਿ ਤੁਸੀਂ ਕਹਿੰਦੇ ਸੀ ਕੋਠੇ ਤੋਂ ਇੱਕ-ਦੋ ਪੌੜੀਆਂ ਉੱਤਰ ਆ ਮੈਂ ਛੇ-ਸੱਤ ਪੌੜੀਆਂ ਹੀ ਉੱਤਰ ਆਇਆਂ ਹੁਣ ਫਿਰ ਮੈਂ ਉਨ੍ਹਾਂ ਨੂੰ ਇਹ ਗੀਤ ਸੁਣਾਇਆ ਤੇਰੇ ’ਚ ਤੇਰਾ ਬੋਲਦਾ।”
ਸੰਧੂ ਦੱਸਦੇ ਹਨ ਕਿ ਗੀਤ ਲਿਖਣ ਤੋਂ ਬਾਅਦ ਉਨ੍ਹਾਂ ਨੂੰ ਮਹਿਸੂਸ ਹੋਇਆ ਕਿ ਗੀਤ ਦਾ ਕਿਰਦਾਰ ਉਨ੍ਹਾਂ ਦੇ ਪਿੰਡ ਰਹਿੰਦੇ ਬੂਟਾ ਸਿੰਘ ਨਾਲ ਮਿਲਦਾ ਹੈ।
ਸੰਧੂ ਮੁਤਾਬਕ ਉਨ੍ਹਾਂ ਦੇ ਅਚੇਤ ਮਨ ਵਿੱਚ ਉਨ੍ਹਾਂ ਦੇ ਪਿੰਡ ਦੇ ਬੂਟਾ ਵੈਲੀ ਦੀ ਜ਼ਿੰਦਗੀ ਦੀਆਂ ਕਹਾਣੀਆਂ ਸਨ, ਜੋ ਉਹ ਸੁਣਾਉਂਦਾ ਹੁੰਦਾ ਸੀ।
“ਜਿਵੇਂ ਕਿ ਤਿੰਨ ਚਾਰ ਕਤਲ ਇਨ੍ਹਾਂ ਦੇ ਹੋਏ, ਤਿੰਨ ਚਾਰ ਇਨ੍ਹਾਂ ਨੇ ਕੀਤੇ। ਬੂਟੇ ਵੈਲੀ ਦੀ ਲੱਤ ਵੀ ਵੱਢੀ ਗਈ ਸੀ। ਇੱਕ ਵਾਰ ਉਹਨੇ ਥਾਣੇਦਾਰ ਦੀ ਘੋੜੀ ਕੱਢ ਲਈ ਅਤੇ ਉਹਦੇ ’ਤੇ ਡਾਕੇ ਮਾਰਦਾ ਰਿਹਾ”।
ਸ਼ਮਸ਼ੇਰ ਸੰਧੂ ਦੱਸਦੇ ਹਨ ਕਿ ਇਸ ਗੀਤ ਨੂੰ ਹਿੱਕ ਦੇ ਜ਼ੋਰ ’ਤੇ ਗਾਉਣ ਵਾਲਾ ਗਾਇਕ ਹੀ ਨਿਭਾ ਸਕਦਾ ਸੀ ਜਿਸ ਕਰਕੇ ਉਨ੍ਹਾਂ ਨੇ ਇਸ ਲਈ ਬਿੰਦਰਖੀਆ ਨੂੰ ਚੁਣਿਆ।
ਪੇਕੇ ਹੁੰਦੇ ਮਾਂਵਾਂ ਨਾਲ, ਕਿਹਨੂੰ ਦੇਖ ਕੇ ਲਿਖਿਆ
ਆਪਣੇ ਲਿਖੇ ਸੈਂਕੜੇ ਗੀਤਾਂ ਵਿੱਚੋਂ ਸ਼ਮਸ਼ੇਰ ਸੰਧੂ ਆਪਣਾ ਪਸੰਦੀਦਾ ਗੀਤ ਕਹਿੰਦੇ ਹਨ ਸੁਰਜੀਤ ਬਿੰਦਰਖੀਆ ਦੇ ਹੀ ਗਾਏ ਗੀਤ ‘ਪੇਕੇ ਹੁੰਦੇ ਮਾਂਵਾਂ ਨਾਲ’।
ਇਸ ਗੀਤ ਵਿੱਚ ਇੱਕ ਵਿਆਹੀ ਕੁੜੀ ਦੀਆਂ ਭਾਵਨਾਵਾਂ ਲਿਖੀਆਂ ਗਈਆਂ ਹਨ ਜੋ ਮਾਂ ਦੀ ਮੌਤ ਤੋਂ ਬਾਅਦ ਪੇਕੇ ਘਰ ਜਾਂਦੀ ਹੈ ਅਤੇ ਉਹੀ ਘਰ ਉਸ ਨੂੰ ਓਪਰਾ ਓਪਰਾ ਲਗਦਾ ਹੈ।
ਸੰਧੂ ਨੇ ਦੱਸਿਆ, “ਇਹ ਦਰਅਸਲ ਸਾਡੇ ਘਰ ਦੀ ਹੀ ਕਹਾਣੀ ਹੈ। ਸਾਡੀ ਇੱਕ ਭੈਣ ਹੁੰਦੀ ਸੀ ਕਰਮਜੀਤ, ਉਹਨੇ ਦੱਸਿਆ ਵੀ ਮੈਂ ਜਦੋਂ ਪਿੰਡ ਗਈ ਤਾਂ ਮੈਨੂੰ ਮਾਂ ਤੋਂ ਬਿਨ੍ਹਾਂ ਉਹੀ ਘਰ ਓਪਰਾ ਜਿਹਾ ਲੱਗਿਆ ਅਤੇ ਉਹੀ ਭਰਾ-ਭਰਜਾਈ ਦੇ ਸੁਭਾਅ ਵਿੱਚ ਫਰਕ ਦਿਸਿਆ।”
“ਉਹਨੇ ਜਦੋਂ ਦੱਸਿਆ ਤਾਂ ਮੈਨੂੰ ਇਹ ਗੱਲ ਅੰਦਰੋਂ ਹਿਲਾ ਗਈ। ਇਸ ਘਟਨਾ ਵਿੱਚੋਂ ਇਹ ਗੀਤ ਨਿਕਲਿਆ। ਬਾਅਦ ਵਿੱਚ ਤਾਂ ਜਿਹਨੇ ਵੀ ਸੁਣਿਆ ਹਰ ਕੋਈ ਕਹੇ ਵੀ ਇਹ ਤਾਂ ਸਾਡੇ ਘਰ ਦੀ ਕਹਾਣੀ ਹੈ।”
ਸੁਰਜੀਤ ਬਿੰਦਰਖੀਆ ਦੀ ਮੌਤ ਤੋਂ ਪਹਿਲਾਂ ਸੰਧੂ ਨਾਲ ਕੀ ਗੱਲਾਂ ਹੁੰਦੀਆਂ ਸੀ ?
ਜਿੰਨੇ ਵੀ ਗਾਇਕਾਂ ਨੇ ਸ਼ਮਸ਼ੇਰ ਸੰਧੂ ਦੇ ਲਿਖੇ ਗੀਤ ਗਾਏ ਉਨ੍ਹਾਂ ਵਿੱਚੋਂ ਸਭ ਤੋਂ ਵੱਧ ਕਰੀਬ 150 ਗੀਤ ਸੁਰਜੀਤ ਬਿੰਦਰਖੀਆ ਨੇ ਗਾਏ।
ਸ਼ਮਸ਼ੇਰ ਸੰਧੂ ਅਤੇ ਸੁਰਜੀਤ ਬਿੰਦਰਖੀਆ ਦੀ ਜੋੜੀ ਨੇ ਕਈ ਹਿੱਟ ਗੀਤ ਦਿੱਤੇ ਜਿਵੇਂ ਕਿ ਪੇਕੇ ਹੁੰਦੇ ਮਾਂਵਾਂ ਨਾਲ, ਦੁਪੱਟਾ ਤੇਰਾ ਸੱਤਰੰਗ ਦਾ, ਮੈਂ ਤਾਂ ਮੁਖੜਾ ਦੇਖ ਕੇ ਈ ਮਰ ਗਿਆ ਨੀਂ ਅਤੇ ਤੇਰਾ ’ਚ ਤੇਰਾ ਯਾਰ ਬੋਲਦਾ।
ਸ਼ਮਸ਼ੇਰ ਸੰਧੂ ਦੱਸਦੇ ਹਨ ਕਿ ਸੁਰਜੀਤ ਬਿੰਦਰਖੀਆ ਨਾਲ ਉਨ੍ਹਾਂ ਦੀ ਸਾਂਝ ਭਰਾਵਾਂ ਜਿਹੀ ਸੀ। ਸੁਰਜੀਤ ਬਿੰਦਰਖੀਆ, ਸੰਧੂ ਨੂੰ ਬਾਈ ਜੀ ਕਹਿੰਦੇ ਸਨ ਅਤੇ ਸੰਧੂ ਉਨ੍ਹਾਂ ਨੂੰ ਸੁਰਜੀਤ ਕਹਿੰਦੇ ਸਨ।
ਉਨ੍ਹਾਂ ਨੇ ਦੱਸਿਆ ਕਿ ਬਿੰਦਰਖੀਆ ਆਖ਼ਰੀ ਦੋ-ਤਿੰਨ ਸਾਲਾਂ ਵਿੱਚ ਬਿਮਾਰ ਜਿਹੇ ਰਹਿਣ ਲੱਗੇ ਸੀ, ਜਿਸ ਕਰਕੇ ਕਈ ਬੁੱਕ ਹੋਏ ਪ੍ਰੋਗਰਾਮ ਵੀ ਉਨ੍ਹਾਂ ਤੋਂ ਨਹੀਂ ਹੋ ਸਕੇ।
“ਇਹ ਨਹੀਂ ਸੀ ਸੋਚਿਆ ਕਿ ਉਹ ਇੰਨੀ ਜਲਦੀ ਤੁਰ ਜਾਊਂਗਾ, ਉਹ ਬੜਾ ਵੱਡਾ ਸਦਮਾ ਸੀ ਮੇਰੇ ਲਈ। ਮੈਨੂੰ ਇੰਝ ਲੱਗਾ ਜਿਵੇਂ ਮੇਰੀ ਅਵਾਜ਼ ਹੀ ਮੇਰੇ ਕੋਲ਼ੋਂ ਚਲੀ ਗਈ। ਭਾਵੇਂ ਹੰਸ ਰਾਜ ਹੰਸ, ਸਰਦੂਲ ਸਿਕੰਦਰ, ਸਰਬਜੀਤ ਚੀਮਾ, ਮਨਮੋਹਨ ਵਾਰਿਸ ਹੁਰਾਂ ਨੇ ਸਭ ਨੇ ਮੇਰੇ ਗੀਤ ਗਾਏ ਸੀ ਪਰ ਮੇਰਾ ਨਾਮ ਫਿਰ ਵੀ ਬਿੰਦਰਖੀਆ ਨਾਲ ਹੀ ਜ਼ਿਆਦਾ ਜੁੜਦਾ।”
ਸੰਧੂ ਨੇ ਦੱਸਿਆ ਕਿ ਜਦੋਂ ਬਿੰਦਰਖੀਆ ਜ਼ਿਆਦਾ ਸ਼ਰਾਬ ਪੀਣ ਲੱਗ ਗਏ ਸਨ, ਤਾਂ ਉਹ ਕਈ ਵਾਰ ਉਨ੍ਹਾਂ ਨੂੰ ਰੋਕਦੇ ਅਤੇ ਡਾਕਟਰ ਮੁਤਾਬਕ ਚੱਲਣ ਲਈ ਕਹਿੰਦੇ ਕਿਉਂਕਿ ਡਾਕਟਰ ਕਹਿੰਦੇ ਸੀ ਕਿ ਉਨ੍ਹਾਂ ਦੀ ਦਵਾਈ ਨਾਲ ਸ਼ਰਾਬ ਰਿਐਕਟ ਕਰਦੀ ਹੈ ਅਤੇ ਉਨ੍ਹਾਂ ਨੂੰ ਪੀਣੀ ਨਹੀਂ ਚਾਹੀਦੀ।
“ਉਹਨੇ ਕਹਿਣਾ, ਬਾਈ ਜੀ ਮੈਂ ਥੋਡੇ ਕੋਲ ਥੋੜ੍ਹਾ ਚਿਰ ਹੀ ਹਾਂ। ਤੇ ਮੈਂ ਕਹਿ ਦੇਣਾ ਵੀ ਤੂੰ ਸਾਨੂੰ ਡਰਾਉਣ ਲਈ ਇੰਝ ਕਹਿਣੈ ਤਾਂ ਕਿ ਅਸੀਂ ਤੈਨੂੰ ਰੋਕੀਏ-ਟੋਕੀਏ ਨਾ..”
ਸੰਧੂ ਨੇ ਦੱਸਿਆ ਕਿ ਮੌਤ ਤੋਂ ਪਹਿਲਾਂ ਚਾਰ-ਪੰਜ ਵਾਰ ਬਿੰਦਰਖੀਆ ਨੇ ਉਨ੍ਹਾਂ ਨੂੰ ਇਹ ਗੱਲ ਆਖੀ। ਉਸ ਵੇਲੇ ਪਤਾ ਨਹੀਂ ਸੀ ਕਿ ਇਹ ਸੱਚ ਹੋ ਜਾਣਾ ਹੈ।
ਬਿੰਦਰਖੀਆ ਨੂੰ ਸ਼ਰਾਬ ਦੀ ਆਦਤ ਕਿਵੇਂ ਪਈ, ਇਸ ਬਾਰੇ ਸੰਧੂ ਨੇ ਦੱਸਿਆ ਕਿ ਜਦੋਂ ਉਹ ਪ੍ਰੋਗਰਾਮ ਲਾ ਕੇ ਰਾਤ ਨੂੰ 12-1 ਵਜੇ ਘਰ ਪਹੁੰਚਦਾ ਸੀ ਤਾਂ ਅਕਸਰ ਜ਼ਿਕਰ ਕਰਦਾ ਸੀ ਕਿ ਉਸ ਵੇਲੇ ਨਾ ਰੋਟੀ ਖਾਣ ਨੂੰ ਜੀ ਕਰਦਾ ਅਤੇ ਨਾ ਭੁੱਖਿਆਂ ਨੀਂਦ ਆਉਂਦੀ ਹੈ।
ਫਿਰ ਉਨ੍ਹਾਂ ਨੂੰ ਕਿਸੇ ਨੇ ਕਹਿ ਦਿੱਤਾ ਕਿ ਪੈੱਗ ਲਗਾ ਕੇ ਰੋਟੀ ਖਾ ਲਿਆ ਕਰ, ਨੀਂਦ ਚੰਗੀ ਆ ਜਾਊਗੀ।
ਸੰਧੂ ਦੱਸਦੇ ਹਨ ਕਿ ਪਹਿਲਾਂ ਤਾਂ ਬਿੰਦਰਖੀਆ ਪ੍ਰੋਗਰਾਮ ’ਤੇ ਜਾਣ ਤੋਂ ਪਹਿਲਾਂ ਵੀ ਰਾਹ ਵਿੱਚ ਪਾਠ ਕਰਦੇ ਸਨ ਅਤੇ ਅਰਦਾਸ ਕਰਕੇ ਸਟੇਜ ’ਤੇ ਚੜ੍ਹਦੇ ਸਨ। “ਫਿਰ ਰਾਤਾਂ ਦੇ ਵੇਲੇ ਕੁਵੇਲੇ ਕਰਕੇ ਉਹ ਇੱਕ-ਦੋ ਪੈੱਗ ਲਾਉਂਦਾ ਲਾਉਂਦਾ ਸ਼ਰਾਬ ਦਾ ਆਦੀ ਹੋ ਗਿਆ।”
ਇਨਕਲਾਬੀ ਕਵੀ ਪਾਸ਼ ਨਾਲ ਸੰਧੂ ਦੀ ਦੋਸਤੀ
ਸ਼ਮਸ਼ੇਰ ਸੰਧੂ ਜਦੋਂ ਲੁਧਿਆਣਾ ਦੇ ਖ਼ਾਲਸਾ ਕਾਲਜ ਪੜ੍ਹਦੇ ਸਨ ਤਾਂ ਉੱਥੇ ਉਹ ਹਰ ਪੰਦਰਾਂ ਦਿਨ ਬਾਅਦ ਪ੍ਰੋਗਰਾਮ ਕਰਵਾਉਂਦੇ ਸੀ ਜਿੱਥੇ ਕਈ ਕਵੀਆਂ, ਕਹਾਣੀਕਾਰਾਂ ਨੂੰ ਸੱਦਿਆ ਜਾਂਦਾ ਸੀ।
ਇੱਥੇ ਕਵੀ ਵਜੋਂ ਪਾਸ਼ ਵੀ ਆਉਂਦੇ ਸਨ, ਉੱਥੇ ਸੰਧੂ ਹੁਰਾਂ ਨਾਲ ਉਨ੍ਹਾਂ ਦੀ ਵਾਕਫ਼ੀਅਤ ਹੋਈ ਅਤੇ ਹੌਲੀ ਹੌਲੀ ਦੋਸਤੀ ਵਿੱਚ ਬਦਲ ਗਈ। ਸੰਧੂ ਨੇ ਦੱਸਿਆ ਕਿ ਸਮੇਂ ਦੇ ਨਾਲ ਸਾਡੇ ਦੋਸਤੀ ਇੰਨੀ ਗੂੜੀ ਹੋ ਗਈ ਕਿ ਹਫ਼ਤੇ ਦੇ ਚਾਰ-ਚਾਰ ਦਿਨ ਅਸੀਂ ਇਕੱਠੇ ਹੀ ਰਹਿੰਦੇ ਸੀ।
ਸੰਧੂ ਨੇ ਦੱਸਿਆ ਕਿ ਮੌਤ ਤੋਂ ਥੋੜ੍ਹੇ ਦਿਨ ਪਹਿਲਾਂ ਵੀ ਪਾਸ਼ ਉਨ੍ਹਾਂ ਕੋਲ ਦੋ ਦਿਨ ਰਹਿ ਕੇ ਗਏ ਸਨ।
ਸੰਧੂ ਦੱਸਦੇ ਹਨ ਕਿ ਪਾਸ਼ ਸੁਭਾਅ ਦੇ ਬੜੇ ਮਜ਼ਾਕੀਆ ਅਤੇ ਹਾਜ਼ਰ-ਜਵਾਬ ਸਨ।
“ਕਿਸੇ ਗੱਲ ਨੂੰ ਨਵਾਂ ਰੂਪ ਦੇਣ ਦਾ ਉਸ ਨੂੰ ਬੜਾ ਢੰਗ ਸੀ। ਜੇ ਮੈਂ ਕਹਿ ਦਿੱਤਾ ਕਿ ਪਾਸ਼ ਤੂੰ ਮੇਰੀ ਕਮਜ਼ੋਰੀ ਬਣਦਾ ਜਾ ਰਿਹੈਂ, ਹਫ਼ਤੇ ਵਿੱਚ ਚਾਰ-ਚਾਰ ਦਿਨ ਮਿਲਣਾ ਕੋਈ ਜ਼ਰੂਰੀ ਹੈ।”
ਉਹ ਦੱਸਦੇ ਹਨ, “ਉਹ ਕਹਿੰਦਾ ਯਾਰ ਭਾਵਨਾ ਤੇਰੀ ਇਹੀ ਰਹੂਗੀ ਪਰ ਤੂੰ ਇਹ ਵੀ ਕਹਿ ਸਕਦੈਂ ਕਿ ਤੂੰ ਮੇਰੀ ਸ਼ਕਤੀ ਬਣਦਾ ਜਾ ਰਿਹੈਂ। ਜਿਵੇਂ ਟੱਪਾ ਸੀ ਕਿ ਦੋ ਪੈਰ ਘੱਟ ਤੁਰਨਾ ਪਰ ਤੁਰਨਾ ਮੜ੍ਹਕ ਦੇ ਨਾਲ, ਉਹ ਕਹਿੰਦਾ ਸੀ ਇਹਨੂੰ ਇਹ ਵੀ ਕਿਹਾ ਜਾ ਸਕਦੈ ਕਿ ਦੋ ਪੈਰ ਵੱਧ ਤੁਰਨਾ, ਨਾਲ਼ੇ ਤੁਰਨਾ ਮੜ੍ਹਕ ਦੇ ਨਾਲ।”
ਸ਼ਮਸ਼ੇਰ ਸੰਧੂ ਨੇ ਦੱਸਿਆ ਕਿ ਜਦੋਂ ਪਾਸ਼ ਦੀ ਮੌਤ ਹੋਈ ਤਾਂ ਉਸ ਵੇਲੇ ਸੰਚਾਰ ਦੇ ਇੰਨੇ ਸਾਧਨ ਨਹੀਂ ਸਨ।
ਉਹ ਦੱਸਦੇ ਹਨ, “ਮੈਂ ਆਪਣੇ ਪਿੰਡ ਸੀ, ਘਰੇ ਪਾਠ ਰਖਵਾਇਆ ਹੋਇਆ ਸੀ। ਮੈਂ ਪਾਠ ਲਈ ਡੇਅਰੀ ਤੋਂ ਕੁਝ ਸਮਾਨ ਲੈਣ ਗਿਆ ਤਾਂ ਦੁਕਾਨ ਤੇ ਬੈਠੇ ਮੇਰੇ ਇੱਕ ਦੋਸਤ ਇੰਦਰਮੋਹਨ ਸੋਢੀ ਨੇ ਮੈਨੂੰ ਜਗਬਾਣੀ ਅਖਬਾਰ ‘ਤੇ ਲੱਗੀ ਖ਼ਬਰ ਦਿਖਾਈ ਕਿ ਪਾਸ਼ ਦਾ ਕਤਲ ਹੋ ਗਿਐ। ਮੈਂ ਇਕਦਮ ਸੁੰਨ ਹੋ ਗਿਆ ਸੀ।”
ਕੀ ਸੀ ਸ਼ਿਵ ਕੁਮਾਰ ਬਟਾਲਵੀ ਨਾਲ ਸ਼ਮਸ਼ੇਰ ਸੰਧੂ ਦੀ ਸਾਂਝ
ਪੰਜਾਬ ਦੇ ਮਹਾਨ ਕਵੀ ਸ਼ਿਵ ਕੁਮਾਰ ਬਟਾਲਵੀ ਨਾਲ ਵੀ ਸ਼ਮਸ਼ੇਰ ਸੰਧੂ ਦੀ ਸਾਂਝ ਰਹੀ ਹੈ।
ਸੰਧੂ ਦੱਸਦੇ ਹਨ ਕਿ ਉਨ੍ਹਾਂ ਨੇ ਸ਼ਿਵ ਦੇ 14 ਪ੍ਰੋਗਰਾਮ ਦੇਖੇ ਅਤੇ ਇਨ੍ਹਾਂ ਵਿੱਚੋਂ ਲੁਧਿਆਣਾ ਦੇ ਖ਼ਾਲਸਾ ਕਾਲਜ ਦਾ ਇੱਕ ਪ੍ਰੋਗਰਾਮ ਉਨ੍ਹਾਂ ਨੇ ਕਰਵਾਇਆ ਵੀ।
ਸੰਧੂ ਖ਼ਾਲਸਾ ਕਾਲਜ ਵਿੱਚ ਕਰਵਾਏ ਉਸ ਕਵੀ ਦਰਬਾਰ ਦਾ ਸਮਾਂ ਯਾਦ ਕਰਦਿਆਂ ਦੱਸਦੇ ਹਨ, “ਸ਼ਿਵ ਨੇ ਕਾਰ ਵਿੱਚ ਬੈਠੇ ਨੇ ਹੀ ਕਿਹਾ ਕਿ ਪਹਿਲਾਂ ਤਾਂ ਮੇਰੀ ਪੇਮੈਂਟ ਦਿਓ, ਪ੍ਰੋਗਰਾਮ ਦੇ ਇੰਚਾਰਜ ਪ੍ਰੋਫੈਸਰ ਜੋਗਿੰਦਰ ਛਾਬੜਾ ਨੇ ਲਫਾਫੇ ਬਣਾਏ ਹੋਏ ਸੀ, ਸ਼ਿਵ ਨੂੰ 150 ਰੁਪਏ ਵਾਲਾ ਲਿਫਾਫਾ ਦਿੱਤਾ।”
ਉਨ੍ਹਾਂ ਅੱਗੇ ਕਿਹਾ, “ਫਿਰ ਉਹ ਕਹਿੰਦਾ ਮੇਰੇ ਡਰਾਈਵਰ ਨਾਲ ਵੀ ਹਿਸਾਬ ਕਿਤਾਬ ਕਰ ਲਓ। ਉਹ ਚੰਡੀਗੜ੍ਹ ਤੋਂ ਲੁਧਿਆਣਾ ਗਏ ਸੀ ਤਾਂ ਡਰਾਈਵਰ ਨੇ ਕਿਹਾ ਕਿ ਮੇਰੇ ਆਉਣ ਜਾਣ ਦੇ ਨੱਬੇ ਰੁਪਏ ਅਤੇ ਪੰਜ ਰੁਪਏ ਖਾਣ-ਪੀਣ ਦੇ ਵੀ ਮੈਨੂੰ ਕਹੇ ਸੀ ਇਸ ਲਈ ਮੇਰੇ 95 ਰੁਪਏ ਬਣ ਗਏ। ਫਿਰ ਡਰਾਈਵਰ ਨੂੰ ਵੀ ਪੈਸੇ ਦਵਾਉਣ ਤੋਂ ਬਾਅਦ ਸ਼ਿਵ ਕਾਰ ਵਿੱਚੋਂ ਉਤਰ ਕੇ ਪੰਡਾਲ ਵਿੱਚ ਗਿਆ।”
ਸ਼ਮਸ਼ੇਰ ਸੰਧੂ ਦੱਸਦੇ ਹਨ ਕਿ ਉਸ ਵੇਲੇ ਸ਼ਿਵ ਦਾ ਕਰੇਜ਼ ਕਿਸੇ ਸਟਾਰ ਕਲਾਕਾਰ ਵਰਗਾ ਸੀ।
ਸੰਧੂ ਇਸ ਦਾ ਕਾਰਨ ਸ਼ਿਵ ਦੀ ਲੱਛੇਦਾਰ ਭਾਸ਼ਾ, ਪੇਂਡੂ ਜਨ-ਜੀਵਨ ਦੀ ਸਮਝ, ਪੇਂਡੂ ਲਫਜ਼ਾਂ ਦੀ ਉਸ ਦੀ ਲੇਖਣੀ ਵਿੱਚ ਸ਼ਮੂਲੀਅਤ ਨੂੰ ਸਮਝਦੇ ਹਨ।
ਨਾਲ ਹੀ ਉਹ ਕਹਿੰਦੇ ਹਨ ਕਿ ਸ਼ਿਵ ਦਾ ਕਵਿਤਾ ਨੂੰ ਗਾ ਕੇ ਬੋਲਣ ਦਾ ਅੰਦਾਜ਼ ਬੜਾ ਵਿਲੱਖਣ ਸੀ।
ਸੰਧੂ ਕਹਿੰਦੇ ਹਨ, ਇੱਕ ਤਾਂ ਦਰਦ ਉਸ ਦੀ ਅਵਾਜ਼ ਵਿੱਚ ਹੈ ਵੀ ਸੀ ਤੇ ਇੱਕ ਉਹ ਆਪ ਵੀ ਭਰ ਲੈਂਦਾ ਸੀ, ਉਹ ਚੰਗਾ ਪ੍ਰਫੌਰਮਰ ਵੀ ਸੀ। ਜਦੋਂ ਅੱਖਾਂ ਜਿਹੀਆਂ ਮੀਚ ਕੇ ਤੇ ਹੱਥ ਤਾਂਹ ਚੁੱਕ ਕੇ ਕਵਿਤਾ ਗਾਉਂਦਾ ਸੀ ਤਾਂ ਸਾਹਮਣੇ ਬੈਠਿਆਂ ਦੇ ਹੌਂਕੇ ਨਿਕਲ ਜਾਂਦੇ ਸੀ, ਮੈਂ ਉਹਦੇ ਸ੍ਰੋਤੇ ਰੋਂਦੇ ਵੀ ਵੇਖੇ ਨੇ।”
ਸੰਧੂ ਨੇ ਇਹ ਵੀ ਦੱਸਿਆ ਕਿ ਭਾਵੇਂ ਸ਼ਿਵ ਦੇ ਨਾਮ ਨਾਲ ਕਈ ਕਹਾਣੀਆਂ ਜੁੜਦੀਆਂ ਨੇ ਪਰ ਅਜਿਹਾ ਨਹੀਂ ਸੀ ਕਿ ਉਹ ਕਿਸੇ ਇੱਕ ਕੁੜੀ ਲਈ ਲਿਖਦੇ ਸੀ।
ਸੰਧੂ ਨੇ ਸ਼ਿਵ ਬਾਰੇ ਇੱਕ ਬੜੀ ਦਿਲਚਸਪ ਗੱਲ ਕਹੀ, “ਕਈ ਵਾਰ ਉਹਨੇ ਜਾਣ ਕੇ ਗਲਾ ਖਰਾਬ ਕਰ ਲੈਣਾ, ਕਹਿਣਾ ਅੱਜ ਮੈਂ ਗਾ ਕੇ ਨਹੀਂ ਬੋਲ ਕੇ ਹੀ ਸੁਣਾਏਂਗਾ, ਅੱਜ ਮੈਂ ਕਲਕੱਤੇ ਤੋਂ ਆਇਆਂ, ਥੱਕਿਆ ਹੋਇਆਂ, ਉਨੀਂਦਰਾਂ ਤੇ ਲੋਕਾਂ ਨੇ ਕਹਿਣਾ ਕੇ ਗਾ ਕੇ ਸੁਣਾਓ….ਉਹਨੇ ਕਹਿਣਾ ਚੰਗਾ ਕੋਸ਼ਿਸ਼ ਕਰਦਾਂ, ਫਿਰ ਉਹਨੇ ਚੰਗਾ ਭਲਾ ਗਾ ਦੇਣਾ, ਮਤਲਬ ਇਹ ਉਹਦੇ ਅੰਦਾਜ਼ ਸੀ।”
ਜਦੋਂ ਸੰਧੂ ਨੂੰ ਆਈ ਅੰਮ੍ਰਿਤਾ ਪ੍ਰੀਤਮ ਦੀ ਚਿੱਠੀ
ਸ਼ਮਸ਼ੇਰ ਸੰਧੂ ਜਦੋਂ ਲੁਧਿਆਣਾ ਦੇ ਖ਼ਾਲਸਾ ਕਾਲਜ ਪੜ੍ਹਦੇ ਸੀ ਤਾਂ ਉਨ੍ਹਾਂ ਨੇ ਕਹਾਣੀ ਲਿਖੀ ‘ਹੱਕ ਦੀ ਖਾਣ ਵਾਲੇ’, ਇਹ ਕਹਾਣੀ ਉਨ੍ਹਾਂ ਨੇ ‘ਨਾਗਮਣੀ’ ਰਸਾਲੇ ਲਈ ਅੰਮ੍ਰਿਤਾਂ ਪ੍ਰੀਤਮ ਨੂੰ ਭੇਜ ਦਿੱਤੀ।
ਸੰਧੂ ਦੱਸਦੇ ਹਨ, “ਮੈਨੂੰ ਅੰਮ੍ਰਿਤਾਂ ਪ੍ਰੀਤਮ ਦੀ ਚਿੱਠੀ ਆਈ ਕਿ ਤੇਰੀ ਕਹਾਣੀ ‘ਹੱਕ ਦੀ ਖਾਣ ਵਾਲੇ’ ਮਿਲ ਗਈ ਹੈ, ਜੇ ਇਸੇ ਅੰਕ ਵਿੱਚ ਛਾਪਦੀ ਹਾਂ ਤਾਂ ਇਹ ਕਹਾਣੀ ਪਿੱਛੇ ਲੱਗ ਜਾਏਗੀ, ਕਹਾਣੀ ਮੈਨੂੰ ਜ਼ਿਆਦਾ ਚੰਗੀ ਲੱਗੀ, ਮੈਂ ਇਸ ਨੂੰ ਅਗਲੇ ਅੰਕ ਦੀ ਪਹਿਲੀ ਕਹਾਣੀ ਵਜੋਂ ਛਾਪ ਰਹੀ ਹਾਂ।”
“ਅਸੀਂ ਹੋਸਟਲ ਵਿੱਚ ਰਹਿੰਦੇ ਸੀ ਅਤੇ ਮੈਂ ਉਹ ਚਿੱਠੀ ਟੇਬਲ ‘ਤੇ ਰੱਖ ਦਿਆਂ ਕਰਾਂ ਵੀ ਹੋਰਾਂ ਨੂੰ ਵੀ ਪਤਾ ਲੱਗ ਜਾਵੇ ਕਿ ਅੰਮ੍ਰਿਤਾਂ ਪ੍ਰੀਤਮ ਨੇ ਕਹਾਣੀ ਚੁਣੀ ਹੈ ਅਤੇ ਇਹ ਚਿੱਠੀ ਉਨ੍ਹਾਂ ਨੇ ਭੇਜੀ ਹੈ।”
ਇਸ ਤੋਂ ਬਾਅਦ ਸ਼ਮਸ਼ੇਰ ਸੰਧੂ ਦੀਆਂ ਕਈ ਕਹਾਣੀਆਂ ਨਾਗਮਣੀ ਰਸਾਲੇ ਵਿੱਚ ਛਪੀਆਂ ਅਤੇ ਉਹ ਦਿੱਲੀ ਵਿੱਚ ਅੰਮ੍ਰਿਤਾ ਪ੍ਰੀਤਮ ਨੂੰ ਮਿਲਣ ਲਈ ਵੀ ਜਾਂਦੇ ਰਹੇ।
ਸ਼ਮਸ਼ੇਰ ਸੰਧੂ ਦੀ ਸਾਂਝ ਕਿੰਨੀਆਂ ਵੱਡੀਆਂ ਹਸਤੀਆਂ ਦੇ ਨਾਲ ਰਹੀ, ਇਸ ਦੀ ਗਿਣਤੀ ਕਰਨੀ ਔਖੀ ਹੈ।
ਨਾ ਸਿਰਫ਼ ਪੰਜਾਬ ਦੇ ਕਲਾਕਾਰ, ਬਲਕਿ ਪਾਕਿਸਤਾਨ ਦੇ ਫਨਕਾਰਾਂ ਅਤੇ ਬਾਲੀਵੁੱਡ ਦੀਆਂ ਹਸਤੀਆਂ ਨਾਲ ਜੁੜੇ ਦਹਾਕਿਆਂ ਪੁਰਾਣੇ ਕਿੱਸੇ ਵੀ ਸੰਧੂ ਨੂੰ ਯਾਦ ਕਿਵੇਂ ਰਹਿੰਦੇ ਨੇ ਇਹ ਆਪਣੇ ਆਪ ਵਿੱਚ ਉਨ੍ਹਾਂ ਦੀ ਸਖਸੀਅਤ ਦਾ ਖ਼ੂਬਸੂਰਤ ਪੱਖ ਹੈ।
ਸਿਰਫ਼ ਕਿੱਸੇ ਹੀ ਨਹੀਂ, ਸੰਧੂ ਕੋਲ ਕਈ ਪੁਰਾਣੇ ਤੇ ਨਾਮੀ ਕਲਾਕਾਰਾਂ ਦੀਆਂ ਅਜਿਹੀਆਂ ਅਣਦੇਖੀਆਂ ਤਸਵੀਰਾਂ ਵੀ ਹਨ, ਜੋ ਉਹ ਕਿਤਾਬ ਦੇ ਰੂਪ ਵਿੱਚ ਛਾਪਣ ਬਾਰੇ ਵਿਚਾਰ ਕਰ ਰਹੇ ਹਨ।
ਇੰਟਰਵਿਊ ਖਤਮ ਹੋਣ ਬਾਅਦ, ਉਹ ਖੁਦ ਰਸੋਈ ਵਿੱਚੋਂ ਸਾਡੇ ਲਈ ਪਾਣੀ ਦੇ ਗਲਾਸ ਭਰ ਲਿਆਏ ਅਤੇ ਪਿੰਨੀਆਂ ਪੇਸ਼ ਕੀਤੀਆਂ ਜੋ ਉਨ੍ਹਾਂ ਨੇ ਦੱਸਿਆ ਕਿ ਪਿੰਡੋਂ ਆਈਆਂ ਹਨ।
ਇੱਕ ਗੱਲ ਹੋਰ, ਮੈਂ ਸ਼ਮਸ਼ੇਰ ਸੰਧੂ ਨੂੰ ਉਨ੍ਹਾਂ ਦੀ ਯਾਦਾਸ਼ਤ ਦਾ ਰਾਜ਼ ਵੀ ਪੁੱਛਿਆ। ਉਨ੍ਹਾਂ ਨੇ ਦੱਸਿਆ ਕਿ ਯੋਗਾ ਕਰਦੇ ਹਨ, ਐਕੁਪਰੈਸ਼ਰ ਕਰਵਾਉਂਦੇ ਹਨ ਅਤੇ ਗਿਆਰਾਂ ਬਦਾਮ ਤੇ ਦੋ ਅਖਰੋਟ ਰੋਜ਼ਾਨਾ ਖਾਂਦੇ ਹਨ।
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)
![](https://static.jagbani.com/jb2017/images/bbc-footer.png)
ਦੱਖਣੀ ਅਮਰੀਕਾ ਦੇ ਇਸ ਦੇਸ਼ ਵਿੱਚ 10 ''ਚੋਂ 4 ਜਣੇ ਭਾਰਤੀ ਮੂਲ ਦੇ ਕਿਉਂ ਹਨ?
NEXT STORY