ਪਿਛਲੇ ਦਿਨੀਂ ਹਰਿਆਣਾ ਦੇ ਸਿੱਖਾਂ ਵੱਲੋਂ ਨਾਮਵਰ ਲੇਖਕ ਡਾਕਟਰ ਪ੍ਰਭਲੀਨ ਸਿੰਘ ਵਲੋਂ ਲਿਖੀ ਗਈ ਕਿਤਾਬ ‘‘ਹਰਿਆਣਾ ਦੇ ਸਿੱਖ ਅਤੇ ਖੱਟੜ’’ ਦੀ ਘੁੰਡ ਚੁਕਾਈ ਰਸਮ ਲਈ ਕੁਰੂਕਸ਼ੇਤਰ ਵਿਖੇ ਇਕ ਵਿਸ਼ੇਸ਼ ਸਮਾਗਮ ਕੀਤਾ ਗਿਆ। ਜਿੱਥੇ ਇਸ ਸਮਾਗਮ ’ਚ ਹਾਜ਼ਰ ਸਿੱਖ ਸ਼ਖਸੀਅਤਾਂ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਵੱਲੋਂ ਸਿੱਖਾਂ ਲਈ ਕੀਤੇ ਕੰਮਾਂ ਦੀਆਂ ਤਾਰੀਫਾਂ ਕੀਤੀਆਂ, ਉੱਥੇ ਇਸ ਸਮਾਗਮ ਤੋਂ ਇਕ ਦਿਨ ਪਹਿਲਾਂ ਹਰਿਆਣਾ ਸਿੱਖ ਫੋਰਮ ਦੇ ਆਗੂਆਂ ਨੇ ਮੁੱਖ ਮੰਤਰੀ ’ਤੇ ਵਾਅਦਾ-ਖਿਲਾਫੀ ਦੇ ਦੋਸ਼ ਲਾਏ ਗਏ।
ਇਹ ਇਕ ਅਜੀਬ ਇਤਫ਼ਾਕ ਹੈ ਕਿ ਇਕ ਪਾਸੇ ਹਰਿਆਣਾ ਦੇ ਸਿੱਖ ਆਗੂ ਇਹ ਕਹਿ ਰਹੇ ਹਨ ਕਿ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਦੇ ਕਾਰਜਕਾਲ ਦੌਰਾਨ ਹਰਿਆਣਾ ਦੇ ਸਿੱਖਾਂ ਦੀ ਪੁਜ਼ੀਸ਼ਨ ਪੰਜਾਬ ਦੇ ਸਿੱਖਾਂ ਨਾਲੋਂ ਵੀ ਵਧੀਆ ਹੋ ਗਈ ਹੈ । ਦੂਜੇ ਪਾਸੇ ਪੰਜਾਬ ਦੇ ਅਕਾਲੀ ਦਲ ਦੇ ਲੀਡਰ ਮਨੋਹਰ ਲਾਲ ਸਰਕਾਰ ਦੇ ਖਿਲਾਫ ਖੁੱਲ੍ਹ ਕੇ ਬੋਲ ਰਹੇ ਹਨ ਅਤੇ ਹਰਿਆਣਾ ਦੀ ਇਕ ਸੰਸਥਾ ਹਰਿਆਣਾ ਸਿੱਖ ਫੋਰਮ ਦੇ ਆਗੂ ਮੁੱਖ ਮੰਤਰੀ ’ਤੇ 2014 ਦੇ ਚੋਣ ਮਨੋਰਥ ਪੱਤਰ ਅਨੁਸਾਰ ਗੁਰੂ ਗੋਬਿੰਦ ਸਿੰਘ ਵਰਲਡ ਯੂਨੀਵਰਸਿਟੀ ਬਣਾਉਣ ਦਾ ਵਾਅਦਾ ਪੂਰਾ ਨਾ ਕਰਨ ਦਾ ਦੋਸ਼ ਲਾ ਰਹੇ ਹਨ।
ਜੇ ਇਸ ਸਮਾਗਮ ਵਿਚ ਸ਼ਾਮਲ ਬੁਲਾਰਿਆਂ ਜਿਨ੍ਹਾਂ ’ਚ ਹਰਿਆਣਾ ਤੋਂ ਸਾਬਕਾ ਰਾਜ ਸਭਾ ਮੈਂਬਰ ਤਰਲੋਚਨ ਸਿੰਘ, ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ, ਜਨਰਲ ਸਕੱਤਰ ਤੇ ਹੋਰ ਅਹੁਦੇਦਾਰ, ਹਰਿਆਣਾ ਸਰਕਾਰ ਦੇ ਇਕੋ ਇਕ ਸਿੱਖ ਮੰਤਰੀ ਅਤੇ ਹੋਰ ਸਿੱਖ ਸ਼ਖਸੀਅਤਾਂ ਵੱਲੋਂ ਦਿੱਤੇ ਗਏ ਭਾਸ਼ਣਾਂ ਦੀ ਗੱਲ ਕਰੀਏ ਤਾਂ ਮਨੋਹਰ ਲਾਲ ਖੱਟੜ ਵੱਲੋਂ ਬੀਤੇ 9 ਸਾਲਾਂ ਦੌਰਾਨ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਅਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਬੰਦਾ ਸਿੰਘ ਬਹਾਦਰ ਨਾਲ ਸੰਬਧਤ ਵੱਡੇ-ਵੱਡੇ ਸਮਾਗਮ ਕਰਵਾਉਣਾ ਅਤੇ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਵਸ ’ਤੇ ਹਰਿਆਣਾ ਭਰ ਵਿਚ ਕਰਵਾਏ ਗਏ ਸਮਾਗਮ ਦਾ ਜ਼ਿਕਰ ਕੀਤਾ ਗਿਆ।
ਖੱਟੜ ਸਰਕਾਰ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੀ ਉਸ ਸਮੇਂ ਦੀ ਰਾਜਧਾਨੀ ਲੋਹਗੜ੍ਹ ਵਿਖੇ ਉਸਾਰੇ ਜਾਣ ਵਾਲੇ ਸਮਾਰਕ ਲਈ 20 ਏਕੜ ਸਰਕਾਰੀ ਜ਼ਮੀਨ ਦੇਣਾ, ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸੀਸ ਨੂੰ ਸੁਰੱਖਿਅਤ ਅਨੰਦਪੁਰ ਸਾਹਿਬ ਪਹੁੰਚਾਉਣ ਲਈ ਆਪਣਾ ਸਿਰ ਆਪਣੇ ਪੁੱਤਰ ਤੋਂ ਕਟਵਾ ਕੇ ਸਿੱਖੀ ਨਿਭਾਉਣ ਵਾਲੇ ਭਾਈ ਕੁਸ਼ਲ ਸਿੰਘ ਦੇਹੀਆ ਦੀ ਯਾਦ ਵਿਚ ਬੱਡਖਲਸਾ ਵਿਖੇ ਯਾਦਗਾਰ ਬਣਾਉਣਾ, ਗੁਰਦੁਆਰਾ ਨਾਢਾ ਸਾਹਿਬ ਦੇ ਸੁੰਦਰੀਕਰਨ ਲਈ ਜ਼ਮੀਨ ਦੇਣਾ , ਹਰਿਆਣਾ ਦੇ ਸਿੱਖਾਂ ਲਈ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ ਸੁਪਰੀਮ ਕੋਰਟ ਵਿਚ ਸਫਲ ਪੈਰਵਾਈ ਕਰਨਾ ਅਤੇ ਪਿੱਪਲੀ ਵਿਖੇ ਸਿੱਖ ਮਿਊਜ਼ੀਅਮ ਦੀ ਉਸਾਰੀ ਲਈ ਜ਼ਮੀਨ ਦਾ ਪ੍ਰਬੰਧ ਕਰਨਾ ਸ਼ਾਮਲ ਹੈ ਪਰ ਇਹ ਸਭ ਕੁਝ ਕਰਨ ਦੇ ਬਾਵਜੂਦ ਹਰਿਆਣਾ ਦੇ ਕੁਝ ਸਿੱਖ ਖੱਟੜ ’ਤੇ ਵਾਅਦਾਖਿਲਾਫੀ ਦਾ ਦੋਸ਼ ਲਾ ਰਹੇ ਹਨ । ਇਸ ਲਈ ਹਰਿਆਣਾ ਸਰਕਾਰ ਨੂੰ ਇਨ੍ਹਾਂ ਲੋਕਾਂ ਨੂੰ ਸੰਤੁਸ਼ਟ ਕਰਨ ਲਈ ਆਪਣੇ ਵਾਅਦੇ ਮੁਤਾਬਿਕ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ’ਤੇ ਯੂਨੀਵਰਸਿਟੀ ਦੀ ਸਥਾਪਨਾ ਲਈ ਵੀ ਕੰਮ ਕਰਨਾ ਚਾਹੀਦਾ ਹੈ। ਮਨੋਹਰ ਲਾਲ ਖੱਟੜ ਜੋ ਖ਼ੁਦ ਨੂੰ ਸਿੱਖਾਂ ਦਾ ਦੋਸਤ ਨਾ ਮੰਨ ਕੇ ਆਪਣੇ ਆਪ ਨੂੰ ਦੋਸਤ ਤੋਂ ਵੀ ਵੱਧ ਇਕ ਸਹਿਜਧਾਰੀ ਸਿੱਖ ਮੰਨਦੇ ਹੋਏ ਗੁਰਭਾਈ ਮੰਨਦੇ ਹਨ, ਨੂੰ ਹਰਿਆਣਾ ਦੇ ਸਿੱਖਾਂ ਦੀ ਅਨੁਪਾਤ ਅਨੁਸਾਰ ਰਾਜਨੀਤਕ ਤਾਕਤ ਵੀ ਦੇਣੀ ਚਾਹੀਦੀ ਹੈ ਕਿਉਂਕਿ ਅੱਜ ਤੱਕ ਹਰਿਆਣਾ ’ਚੋਂ ਸਿੱਖਾਂ ਨੂੰ ਪਾਰਲੀਮੈਂਟ ਵਿਚ ਨਾਂਮਾਤਰ ਨੁਮਾਇੰਦਗੀ ਹੀ ਮਿਲੀ ਹੈ, ਜਿਨ੍ਹਾਂ ਵਿਚ ਜ਼ਿਕਰਯੋਗ ਆਤਮਾ ਸਿੰਘ ਕਾਂਗਰਸ ਤੋਂ ਲੋਕ ਸਭਾ ਅਤੇ ਤਰਲੋਚਨ ਸਿੰਘ ਆਜ਼ਾਦ ਤੌਰ ’ਤੇ ਰਾਜ ਸਭਾ ਦੀ ਚੋਣ ਜਿੱਤੇ ਸਨ।
ਬੀ. ਜੇ. ਪੀ. ਵੱਲੋਂ ਵੀ ਹਰਿਆਣਾ ਦੇ ਕਿਸੇ ਸਿੱਖ ਆਗੂ ਨੂੰ ਲੋਕ ਸਭਾ ਵਿਚ ਭੇਜਿਆ ਜਾਣਾ ਚਾਹੀਦਾ ਹੈ। ਹਰਿਆਣਾ ਵਿਚ ਕਈ ਸਿੱਖ ਚਿਹਰੇ ਇਹ ਕਾਬਲੀਅਤ ਰੱਖਦੇ ਹਨ ਜਿਨ੍ਹਾਂ ਵਿਚ ਭਾਜਪਾ ਨਾਲ ਸੰਬੰਧਤ ਮਨਜਿੰਦਰ ਸਿੰਘ ਸਿਰਸਾ ਅਤੇ ਰਮਣੀਕ ਸਿੰਘ ਮਾਨ ਦੇ ਨਾਂ ਕਾਫੀ ਮਹੱਤਵ ਰੱਖਦੇ ਹਨ । ਰਮਣੀਕ ਸਿੰਘ ਮਾਨ ਹਰਿਆਣਾ ਵਿਚ ਰਹਿ ਕੇ ਜਿੱਥੇ ਭਾਜਪਾ ਲਈ ਬਹੁਤ ਕੰਮ ਕਰ ਰਹੇ ਹਨ, ਉੱਥੇ ਉਹ ਮੁੱਖ ਮੰਤਰੀ ਖੱਟੜ ਦੇ ਮੁੱਖ ਮੀਡੀਆ ਕੋਆਰਡੀਨੇਟਰ ਵਜੋਂ ਵੀ ਕੰਮ ਕਰ ਰਹੇ ਹਨ । ਇਕ ਚੰਗਾ ਬੁਲਾਰਾ ਹੋਣ ਦੇ ਨਾਲ-ਨਾਲ ਉਹ ਹਰਿਆਣਾ ਦੇ ਸਿੱਖ ਹਲਕਿਆਂ ਵਿਚ ਚੰਗਾ ਰਸੂਖ ਵੀ ਰੱਖਦੇ ਹਨ । ਹਰਿਆਣਾ ਦੇ ਸਭ ਤੋਂ ਮਹੱਤਵਪੂਰਨ ਗੁਰਦੁਆਰਿਆਂ ’ਚੋਂ ਇਕ ਨਾਢਾ ਸਾਹਿਬ ਦਾ ਸੁੰਦਰੀਕਰਨ ਕਰਵਾਉਣ ਕਾਰਨ ਵੀ ਉਨ੍ਹਾਂ ਨੂੰ ਕਾਫੀ ਮਾਨਤਾ ਮਿਲੀ ਹੈ। ਮਨਜਿੰਦਰ ਸਿੰਘ ਸਿਰਸਾ ਭਾਵੇਂ ਅੱਜਕਲ ਦਿੱਲੀ ਵਿਖੇ ਰਹਿ ਰਹੇ ਹਨ, ਉਹ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਦਿੱਲੀ ਵਿਧਾਨ ਸਭਾ ਦੇ ਵਿਧਾਇਕ ਵੀ ਰਹਿ ਚੁੱਕੇ ਹਨ। ਉਨ੍ਹਾਂ ਦਾ ਕੱਦ ਭਾਰਤੀ ਜਨਤਾ ਪਾਰਟੀ ਲਈ ਕਾਫੀ ਮਹੱਤਵਪੂਰਨ ਹੋ ਚੁੱਕਿਆ ਹੈ ਤੇ ਉਹ ਮੈਨੇਜਮੈਂਟ ਕਰਨ ਦੇ ਵੀ ਮਾਹਿਰ ਸਮਝੇ ਜਾਂਦੇ ਹਨ। ਜੇ ਮੁੱਖ ਮੰਤਰੀ ਖੱਟੜ ਕਿਸੇ ਅਜਿਹੇ ਸਿੱਖ ਵਿਅਕਤੀ ਨੂੰ ਹਰਿਆਣਾ ਤੋਂ ਲੋਕ ਸਭਾ ਚੋਣ ਲੜਾਉਣ ਵਿਚ ਕਾਮਯਾਬ ਹੋ ਜਾਂਦੇ ਹਨ ਤਾਂ ਵਿਰੋਧੀ ਤਾਂ ਚੁੱਪ ਹੋਣਗੇ ਹੀ ਅਤੇ ਨਿਸ਼ਚਤ ਹੀ ਆਉਣ ਵਾਲੀਆਂ ਵਿਧਾਨ ਸਭਾ ਅਤੇ ਲੋਕ ਸਭਾ ਚੋਣਾਂ ਵਿਚ ਭਾਜਪਾ ਨੂੰ ਸਿੱਖਾਂ ਦੀ ਭਰਵੀਂ ਹਮਾਇਤ ਮਿਲ ਸਕਦੀ ਹੈ।
ਢੀਂਡਸਾ ਹੋ ਸਕਦੇ ਹਨ ਅਕਾਲੀ ਭਾਜਪਾ ਗੱਠਜੋੜ ਦੇ ਸੂਤਰਧਾਰ
ਪਿਛਲੇ 6 ਸਾਲਾਂ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਨਾਲੋਂ ਵੱਖ ਹੋਏ ਸੁਖਦੇਵ ਸਿੰਘ ਢੀਂਡਸਾ ਨੇ ਹੁਣ ਸ਼੍ਰੋਮਣੀ ਅਕਾਲੀ ਦਲ ਬਾਦਲ ਨਾਲ ਸੁਲ੍ਹਾ ਕਰ ਲਈ ਹੈ ਤੇ ਆਪਣੀ ਅਗਵਾਈ ਵਾਲੇ ਸੰਯੁਕਤ ਅਕਾਲੀ ਦਲ ਦਾ ਰਲੇਵਾਂ ਬਾਦਲ ਅਕਾਲੀ ਦਲ ਨਾਲ ਕਰ ਲਿਆ ਹੈ।
ਸੰਯੁਕਤ ਅਕਾਲੀ ਦਲ ਦਾ ਅਕਾਲੀ ਦਲ ਬਾਦਲ ਨਾਲ ਰਲੇਵਾਂ ਹੋਣ ਦਾ ਮੁੱਢ ਤਾਂ ਦੋ ਮਹੀਨੇ ਪਹਿਲਾਂ ਸੁਖਬੀਰ ਸਿੰਘ ਬਾਦਲ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਖੜ੍ਹ ਕੇ ਮੁਆਫੀ ਮੰਗਣ ਨਾਲ ਹੀ ਬੱਝ ਗਿਆ ਸੀ। ਉਸ ਵੇਲੇ ਇਹ ਕਿਆਸਅਰਾਈਆਂ ਸ਼ੁਰੂ ਹੋ ਗਈਆਂ ਸਨ ਕਿ ਇਕ ਦੋ ਦਿਨ ਵਿਚ ਇਹ ਰਲੇਵਾਂ ਹੋ ਜਾਵੇਗਾ ਪਰ ਅਕਾਲੀ ਦਲ ਸੰਯੁਕਤ ਦੇ ਕੁਝ ਸੀਨੀਅਰ ਆਗੂਆਂ ਵੱਲੋਂ ਇਸ ਰਲੇਵੇਂ ਦਾ ਵਿਰੋਧ ਕਰਨ ਕਾਰਨ ਇਹ ਮਾਮਲਾ ਉਸ ਵੇਲੇ ਟਲ ਗਿਆ। ਇਸ ਕਾਰਨ ਅਕਾਲੀ ਦਲ ਬਾਦਲ ਨਾਲ ਰਲੇਵਾਂ ਕਰਨ ਦਾ ਫੈਸਲਾ ਕਰਨ ਲਈ ਸੰਯੁਕਤ ਅਕਾਲੀ ਦਲ ਦੇ ਨੇਤਾਵਾਂ ਦੀ ਕਮੇਟੀ ਦਾ ਗਠਨ ਕੀਤਾ ਗਿਆ ਤੇ ਫੈਸਲਾ ਕੀਤਾ ਗਿਆ ਕਿ ਇਹ ਕਮੇਟੀ ਸੂਬੇ ਭਰ ਵਿਚ ਵਰਕਰਾਂ ਤੇ ਅਹੁਦੇਦਾਰਾਂ ਨਾਲ ਵਿਚਾਰ ਵਟਾਂਦਰਾ ਕਰ ਕੇ ਆਪਣੀ ਰਿਪੋਰਟ ਦੇਵੇਗੀ ਕਿ ਅਕਾਲੀ ਦਲ ਬਾਦਲ ਨਾਲ ਰਲੇਵਾਂ ਕਰਨਾ ਹੈ ਜਾਂ ਨਹੀਂ। ਇਸ ਕਮੇਟੀ ਨੇ ਪਹਿਲਾਂ ਇਹ ਰਿਪੋਰਟ 14 ਜਨਵਰੀ ਨੂੰ ਦੇਣੀ ਸੀ ਪਰ ਕਮੇਟੀ ਦੀ ਮੰਗ ’ਤੇ ਇਸ ਕਮੇਟੀ ਨੂੰ ਹੋਰ ਸਮਾਂ ਦੇ ਦਿੱਤਾ ਗਿਆ ਸੀ । ਇਸ ਰਿਪੋਰਟ ਦੀ ਪ੍ਰਾਪਤੀ ਤੋਂ ਬਾਅਦ ਸੁਖਦੇਵ ਸਿੰਘ ਢੀਂਡਸਾ ਨੇ ਅਕਾਲੀ ਦਲ ਬਾਦਲ ਨਾਲ ਰਲੇਵਾਂ ਕਰਨ ਦਾ ਫੈਸਲਾ ਕਰ ਲਿਆ। ਅਸੀਂ ਪਿਛਲੇ ਕਾਲਮਾਂ ਵਿਚ ਇਹ ਲਿੱਖ ਦਿੱਤਾ ਸੀ ਕਿ ਜੇ ਢੀਂਡਸਾ ਚਾਹੁਣਗੇ ਤਾਂ ਬਾਕੀ ਲੀਡਰਾਂ ਦੇ ਵਿਰੋਧ ਦੇ ਬਾਵਜੂਦ ਇਹ ਰਲੇਵਾਂ ਹੋ ਜਾਵੇਗਾ ਤੇ ਹੁਣ 5 ਮਾਰਚ ਨੂੰ ਵਿਧੀਵੱਤ ਤੌਰ ’ਤੇ ਸੁਖਬੀਰ ਸਿੰਘ ਬਾਦਲ ਅਤੇ ਸੁਖਦੇਵ ਸਿੰਘ ਢੀਂਡਸਾ ਨੇ ਇਕੱਠੇ ਹੋ ਕੇ ਰਲੇਵਾਂ ਕਰਨ ਦਾ ਐਲਾਨ ਕਰ ਦਿੱਤਾ ਹੈ।
ਇਸ ਰਲੇਵੇਂ ਨਾਲ ਅਕਾਲੀ ਦਲ ਬਾਦਲ ਨੂੰ ਕਿੰਨੀ ਕੁ ਮਜ਼ਬੂਤੀ ਮਿਲਦੀ ਹੈ ਇਹ ਤਾਂ ਸਮਾਂ ਹੀ ਦੱਸੇਗਾ ਪ੍ਰੰਤੂ ਇਸ ਰਲੇਵੇਂ ਨੇ ਅਕਾਲੀ ਦਲ ਬਾਦਲ ਦੇ ਭਾਜਪਾ ਨਾਲ ਗਠਜੋੜ ਹੋਣ ਦੀਆਂ ਸੰਭਾਵਨਾਵਾਂ ਨੂੰ ਜ਼ਰੂਰ ਬਲ ਦੇ ਦਿੱਤਾ ਹੈ । ਕਿਉਂਕਿ ਇਹ ਤਾਂ ਸਾਫ ਹੈ ਕਿ ਇਸ ਵੇਲੇ ਜੇ ਕਿਸੇ ਅਕਾਲੀ ਲੀਡਰ ਦੇ ਭਾਜਪਾ ਹਾਈ ਕਮਾਂਡ ਨਾਲ ਸੰਬੰਧ ਸੁਖਾਵੇਂ ਹਨ ਤਾਂ ਉਹ ਸੁਖਦੇਵ ਸਿੰਘ ਢੀਂਡਸਾ ਹੀ ਹਨ। ਇਸ ਲਈ ਸੁਖਦੇਵ ਸਿੰਘ ਢੀਂਡਸਾ ਅਕਾਲੀ ਦਲ ਤੇ ਭਾਜਪਾ ਗੱਠਜੋੜ ਲਈ ਇਕ ਸੂਤਰਧਾਰ ਹੋ ਸਕਦੇ ਹਨ।
ਇਕਬਾਲ ਸਿੰਘ ਚੰਨੀ (ਭਾਜਪਾ ਬੁਲਾਰਾ ਪੰਜਾਬ)
ਹੁਣ ਸਕੈਮ ਦਾ ਨਹੀਂ, ਸਕੀਮਾਂ ਦਾ ਦੌਰ
NEXT STORY