ਅੱਜ ਦੀ ਬੇਹੱਦ ਰੁਝੇਵਿਆਂ ਭਰੀ ਜ਼ਿੰਦਗੀ ਨੇ ਆਵਾਜਾਈ ਦੇ ਸਾਧਨਾਂ ਨੂੰ ਇੰਨਾ ਮਹੱਤਵਪੂਰਨ ਬਣਾ ਦਿੱਤਾ ਹੈ ਕਿ ਇਨ੍ਹਾਂ ਬਿਨਾਂ ਜੀਣ ਦੀ ਕਲਪਨਾ ਕਰਨਾ ਵੀ ਮੁਸ਼ਕਲ ਲੱਗਦਾ ਹੈ। ਸਰਪਟ ਦੌੜਦੀਆਂ ਆਧੁਨਿਕ ਗੱਡੀਆਂ ਜਿੱਥੇ ਮੁਕਾਬਲਤਨ ਘੱਟ ਸਮੇਂ ’ਚ ਹੈਰਾਨੀਜਨਕ ਢੰਗ ਨਾਲ ਲੰਬੀਆਂ ਦੂਰੀਆਂ ਨਾਪਦੀਆਂ ਹੋਈਆਂ ਮਨੁੱਖੀ ਬੁੱਧੀ ਨੂੰ ਹੈਰਾਨ ਕਰ ਦਿੰਦੀਆਂ ਹਨ, ਉੱਥੇ ਹੀ ਸੜਕ ਹਾਦਸਿਆਂ ਦੀ ਲਗਾਤਾਰ ਵਧਦੀ ਗਿਣਤੀ ਦੇਖ ਕੇ ਦਿਲ ਕੰਬ ਉੱਠਦਾ ਹੈ। ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ ਵੱਲੋਂ ਜਾਰੀ ਕੀਤੀ ਗਈ ‘ਭਾਰਤ ’ਚ ਸੜਕ ਹਾਦਸੇ-2022’ ਦੀ ਤਾਜ਼ਾ ਰਿਪੋਰਟ ਅਨੁਸਾਰ, ਬੀਤੇ ਸਾਲ ਹੋਣ ਵਾਲੇ ਸੜਕ ਹਾਦਸਿਆਂ ਦੀ ਗਿਣਤੀ ’ਚ 2021 ਦੀ ਤੁਲਨਾ ’ਚ ਲਗਭਗ 12 ਫੀਸਦੀ ਵਾਧਾ ਦੇਖਿਆ ਗਿਆ। ਹਾਦਸਿਆਂ ਕਾਰਨ ਮੌਤ ਦਰ ’ਚ 9.4 ਫੀਸਦੀ ਦਾ ਵਾਧਾ ਹੋਇਆ, ਸੜਕ ਹਾਦਸਿਆਂ ’ਚ ਜ਼ਖਮੀ ਲੋਕਾਂ ਦੀ ਗਿਣਤੀ ’ਚ 15.3 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ।
ਰਿਪੋਰਟ ਅਨੁਸਾਰ ਸਾਲ 2022 ਦੌਰਾਨ ਦੇਸ਼ ’ਚ ਸੜਕ ਹਾਦਸਿਆਂ ’ਚ ਕੁਲ 4,61,312 ਮਾਮਲੇ ਧਿਆਨ ’ਚ ਆਏ। ਵੱਖ-ਵੱਖ ਸੜਕ ਹਾਦਸਿਆਂ ’ਚ 1,68,491 ਤੋਂ ਵੱਧ ਲੋਕਾਂ ਨੂੰ ਜਾਨ ਗੁਆਉਣੀ ਪਈ, ਜਦਕਿ ਜ਼ਖਮੀ ਹੋਣ ਵਾਲੇ ਲੋਕਾਂ ਦੀ ਗਿਣਤੀ ਲਗਭਗ 4,43,366 ਲੱਖ ਰਹੀ। ਦੇਸ਼ ਦੀਆਂ ਸੜਕਾਂ ’ਤੇ ਹਰ ਘੰਟੇ ਲਗਭਗ 19 ਲੋਕ ਸੜਕ ਹਾਦਸਿਆਂ ’ਚ ਜਾਨ ਗੁਆ ਰਹੇ ਹਨ। ਤੇਜ਼ ਰਫਤਾਰ, ਲਾਪ੍ਰਵਾਹ ਡ੍ਰਾਈਵਿੰਗ, ਨਸ਼ੇ ’ਚ ਗੱਡੀ ਚਲਾਉਣਾ, ਆਵਾਜਾਈ ਨਿਯਮਾਂ ਦੀ ਉਲੰਘਣਾ ਆਦਿ ਹਾਦਸੇ ਦੇ ਮੁੱਖ ਕਾਰਨ ਬਣਦੇ ਹਨ।
ਬਿਨਾਂ ਸ਼ੱਕ, ਵਿਕਸਿਤ ਤਕਨੀਕ ਅਧੀਨ ਬਣੇ ਚੌੜੇ ਮਾਰਗਾਂ ਨੇ ਸਫਰ ਨੂੰ ਬੇਹੱਦ ਸੌਖਾ ਅਤੇ ਤੇਜ਼ ਬਣਾ ਦਿੱਤਾ ਹੈ ਪਰ ਸਮੇਂ ਨੂੰ ਵੱਧ ਤੋਂ ਵੱਧ ਮਾਤ ਦੇਣ ਦੀ ਚਾਹ ’ਚ ਡਰਾਈਵਰਾਂ ਵੱਲੋਂ ਰਫਤਾਰ ਨੂੰ ਅਣਦੇਖਿਆ ਕਰ ਦਿੱਤਾ ਜਾਣਾ, ਅਣਜਾਣੇ ਹੀ ਕਈ ਹਾਦਸਿਆਂ ਨੂੰ ਸੱਦਾ ਦੇ ਜਾਂਦਾ ਹੈ। ਬੇਕਾਬੂ ਰਫਤਾਰ ਦਰਮਿਆਨ ਅਚਾਨਕ ਕੋਈ ਅੜਿੱਕਾ ਪ੍ਰਗਟ ਹੋਣ ’ਤੇ ਹਾਦਸਿਆਂ ਦਾ ਰੂਪ ਬੇਹੱਦ ਭਿਆਨਕ ਹੋ ਜਾਂਦਾ ਹੈ। ਖਾਸ ਕਰ ਕੇ, ਨੌਜਵਾਨਾਂ ’ਚ ਬੂਮਿੰਗ ਤੇਜ਼ ਰਫਤਾਰ ਦਾ ਰੋਮਾਂਚ ਅਣਗਿਣਤ ਜ਼ਿੰਦਗੀਆਂ ਲਈ ਜਾਨਲੇਵਾ ਸਿੱਧ ਹੋ ਰਿਹਾ ਹੈ।
2022 ’ਚ ਹੋਏ ਸੜਕ ਹਾਦਸਿਆਂ ਦੌਰਾਨ ਜਾਨ ਗੁਆਉਣ ਦੇ ਮਾਮਲੇ ’ਚ ਲਗਭਗ 71.2 ਫੀਸਦੀ ’ਚ ਮੁੱਖ ਕਾਰਨ ਤੇਜ਼ ਰਫਤਾਰ ਰਿਹਾ, ਜਾਨ ਗੁਆਉਣ ਵਾਲਿਆਂ ’ਚ 66.5 ਫੀਸਦੀ ਲੋਕ 18 ਤੋਂ 45 ਸਾਲ ਦੀ ਉਮਰ ਵਰਗ ਨਾਲ ਸਬੰਧਤ ਸਨ। ਲਗਭਗ 33 ਫੀਸਦੀ ਘਟਨਾਵਾਂ ਐਕਸਪ੍ਰੈੱਸਵੇਅ ਅਤੇ ਨੈਸ਼ਨਲ ਹਾਈਵੇਅ ’ਤੇ ਵਾਪਰੀਆਂ, ਜਿੱਥੇ ਗੱਡੀ ਪੂਰੀ ਰਫਤਾਰ ਨਾਲ ਚਲਾਈ ਜਾ ਸਕਦੀ ਹੈ। ਸਿੱਧੀਆਂ-ਸਪਾਟ ਸੜਕਾਂ ’ਤੇ 67 ਫੀਸਦੀ ਹਾਦਸੇ ਹੋਣਾ ਯਕੀਨੀ ਹੀ ਹੈਰਾਨੀਜਨਕ ਹੈ।
ਬੁਨਿਆਦੀ ਸੜਕ ਸੁਰੱਖਿਆ ਮਾਪਦੰਡਾਂ ’ਚ ਹੋਈ ਕੁਤਾਹੀ ਪਿਛਲੇ ਸਾਲ 66,000 ਤੋਂ ਵੱਧ ਲੋਕਾਂ ਦੀ ਮੌਤ ਦਾ ਕਾਰਨ ਬਣੀ। ਸੀਟ ਬੈਲਟ ਨਾ ਲਾਉਣ ਕਾਰਨ 17,000 ਲੋਕਾਂ ਦੀ ਜਾਨ ਗਈ, ਹੈਲਮੇਟ ਨਾ ਪਹਿਨਣਾ 50,000 ਤੋਂ ਵੱਧ ਦੋਪਹੀਆ ਵਾਹਨ ਚਾਲਕਾਂ ਦੀ ਜ਼ਿੰਦਗੀ ’ਤੇ ਭਾਰੂ ਪਿਆ।
ਉਲਟ ਦਿਸ਼ਾ ’ਚ ਵਾਹਨ ਚਲਾਉਣਾ, ਕਿਤੇ ਵੀ ਪਾਰਕ ਕਰ ਦੇਣਾ, ਅਯੋਗ ਵਾਹਨ ਚਾਲਕ ਜਾਂ ਗੈਰ-ਜ਼ਿੰਮੇਵਾਰਾਨਾ ਰਵੱਈਆ ਆਦਿ ਖੁਦ ਹੀ ਹਾਦਸਿਆਂ ਨੂੰ ਸੱਦਾ ਦੇ ਬੈਠਦੇ ਹਨ। ਵਾਪਰੇ ਹਾਦਸਿਆਂ ’ਚੋਂ 6 ਫੀਸਦੀ ਦਾ ਕਾਰਨ ਉਲਟ ਦਿਸ਼ਾ ’ਚ ਡਰਾਈਵਿੰਗ ਕਰਨਾ ਪਾਇਆ ਗਿਆ। ਨਸ਼ੇ ’ਚ ਗੱਡੀ ਚਲਾਉਣਾ ਅਤੇ ਵਾਹਨ ਚਲਾਉਂਦੇ ਸਮੇਂ ਫੋਨ ਦੀ ਵਰਤੋਂ ਕਰਨਾ 4 ਫੀਸਦੀ ਹਾਦਸਿਆਂ ਨੂੰ ਅੰਜਾਮ ਦੇਣ ਦਾ ਸਬੱਬ ਬਣੇ।
ਆਵਾਜਾਈ ਪੁਲਸ ਮੁਲਾਜ਼ਮਾਂ ਦੀ ਕਮੀ ਜਾਂ ਨਿੱਜੀ ਜ਼ਿੰਮੇਵਾਰੀ ਪ੍ਰਤੀ ਬੇਪ੍ਰਵਾਹੀ, ਨੁਕਸਾਨੀਆਂ ਸੜਕਾਂ ਜਾਂ ਉਨ੍ਹਾਂ ’ਤੇ ਕੀਤੇ ਗਏ ਕਬਜ਼ੇ, ਸ਼ਰੇਆਮ ਸੜਕਾਂ ’ਤੇ ਘੁੰਮਦੇ ਆਵਾਰਾ ਪਸ਼ੂ ਆਦਿ ਵੀ ਹਾਦਸਿਆਂ ’ਚ ਵਾਧੇ ਦੇ ਬਰਾਬਰ ਹਿੱਸੇਦਾਰ ਹਨ। ਆਵਾਜਾਈ ਲਾਗਤ ਦੀ ਬੱਚਤ ਲਈ ਕੀਤੀ ਗਈ ਓਵਰਲੋਡਿੰਗ ਵੀ ਕਈ ਹਾਦਸਿਆਂ ਨੂੰ ਜਨਮ ਦਿੰਦੀ ਹੈ। ਵਾਹਨਾਂ ਦੇ ਸਮੁੱਚੇ ਰੱਖ-ਰਖਾਅ ਦੀ ਘਾਟ, ਗਲਤ ਢੰਗ ਨਾਲ ਗੱਡੀ ਚਲਾਉਣ ਵਾਲਿਆਂ ’ਤੇ ਉਚਿਤ ਕਾਨੂੰਨੀ ਕਾਰਵਾਈ ਨਾ ਹੋ ਸਕਣਾ ਵੀ ਆਵਾਜਾਈ ਨਿਯਮਾਂ ’ਚ ਬੇਪ੍ਰਵਾਹੀ ਲਈ ਜ਼ਿੰਮੇਵਾਰ ਹਨ। ਤੁਰੰਤ ਮੈਡੀਕਲ ਸਹੂਲਤ ਦੀ ਘਾਟ ਮੌਤ ਦੇ ਅੰਕੜੇ ਕਈ ਗੁਣਾ ਵਧਾ ਦਿੰਦੀ ਹੈ।
ਸੜਕ ਹਾਦਸਿਆਂ ਨੂੰ ਘੱਟ ਤੋਂ ਘੱਟ ਕਰਨ ਦਾ ਟੀਚਾ ਤਦ ਤਕ ਪ੍ਰਾਪਤ ਹੋਣਾ ਸੰਭਵ ਨਹੀਂ ਜਦੋਂ ਤੱਕ ਇਸ ਸੰਦਰਭ ’ਚ ਵੱਖ-ਵੱਖ ਕਾਰਜਾਂ ਲਈ ਜ਼ਿੰਮੇਵਾਰ ਲੋਕਾਂ ਅਤੇ ਸੰਸਥਾਵਾਂ ਦੀ ਬਣਦੀ ਜਵਾਬਦੇਹੀ ਤੈਅ ਨਾ ਹੋਵੇ। ਧਿਆਨ ਦੇਣ ਯੋਗ ਹੈ ਕਿ ਯੂਰਪ ਦੇ ਦੇਸ਼ਾਂ ਨੇ ਸਮੱਸਿਆਵਾਂ ਦੇ ਆਸ ਮੁਤਾਬਕ ਹੱਲ ਨਾਲ ਕਾਫੀ ਹੱਦ ਤੱਕ ਹਾਦਸਿਆਂ ’ਚ ਮੌਤ ਦੇ ਅੰਕੜੇ ਘੱਟ ਕਰਨ ’ਚ ਸਫਲਤਾ ਹਾਸਲ ਕੀਤੀ ਹੈ।
ਆਵਾਜਾਈ ਨਿਯਮਾਂ ਦਾ ਮਹੱਤਵ ਸਮਝਦੇ ਹੋਏ ਨਿਰਧਾਰਿਤ ਰਫਤਾਰ ਹੱਦ, ਆਵਾਜਾਈ ਸਿਗਨਲ ਅਤੇ ਹੋਰ ਸੜਕ ਸੰਕੇਤਕਾਂ ਦੀ ਪਾਲਣਾ ਕਰਨਾ ਬੇਹੱਦ ਜ਼ਰੂਰੀ ਹੈ। ਕਿਸੇ ਵੀ ਸਥਿਤੀ ’ਚ ਇਨ੍ਹਾਂ ਦੀ ਅਣਦੇਖੀ ਮੌਤ ਦਾ ਪੈਗਾਮ ਬਣ ਸਕਦੀ ਹੈ। ਇਸ ਵਿਸ਼ੇ ’ਚ ਜਿੱਥੇ ਸਰਕਾਰਾਂ ਅਤੇ ਆਵਾਜਾਈ ਪੁਲਸ ਦਾ ਸੁਚੇਤ ਹੋਣਾ ਲਾਜ਼ਮੀ ਹੈ, ਉਸ ਤੋਂ ਵੀ ਕਿਤੇ ਵੱਧ ਜ਼ਿੰਮੇਵਾਰੀ ਇਕ ਸੁਚੇਤ ਨਾਗਰਿਕ ਵਜੋਂ ਵਾਹਨ ਚਾਲਕ ਦੀ ਬਣਦੀ ਹੈ। ਵਾਹਨ ਚਲਾਉਂਦੇ ਸਮੇਂ ਲਾਪ੍ਰਵਾਹੀ ਵਰਤਣ, ਫੋਨ ਦੀ ਵਰਤੋਂ ਕਰਨ, ਖਾਣਾ ਖਾਣ ਆਦਿ ਧਿਆਨ ਭਟਕਾਉਣ ਵਾਲੀਆਂ ਵੱਖ-ਵੱਖ ਸਰਗਰਮੀਆਂ ਤੋਂ ਦੂਰੀ ਬਣਾਈ ਰੱਖਣ ’ਚ ਹੀ ਸਭ ਦੀ ਭਲਾਈ ਹੈ। ਆਵਾਜਾਈ ਨਿਯਮਾਂ ਸਬੰਧੀ ਇਕ ਮਾਮੂਲੀ ਜਿਹੀ ਭੁੱਲ ਵੀ ਨਾ ਸਿਰਫ ਸਮੁੱਚੇ ਪਰਿਵਾਰ ਨੂੰ ਮੌਤ ਦੇ ਮੂੰਹ ’ਚ ਧੱਕ ਸਕਦੀ ਹੈ ਜਾਂ ਜੀਵਨ ਭਰ ਲਈ ਅਪਾਹਜ ਬਣਾ ਸਕਦੀ ਹੈ, ਸਗੋਂ ਦੂਜਿਆਂ ਨੂੰ ਵੀ ਗੰਭੀਰ ਤੌਰ ’ਤੇ ਜ਼ਖਮੀ ਕਰਨ ਜਾਂ ਮੌਤ ਦਾ ਕਾਰਨ ਬਣਨ ਦੇ ਅਪਰਾਧ ’ਚ ਆਈ. ਪੀ. ਸੀ. ਦੀ ਧਾਰਾ 279, 304 ਜਾਂ 304-ਏ ਤਹਿਤ ਜੇਲ ਦੀ ਹਵਾ ਵੀ ਖਵਾ ਸਕਦੀ ਹੈ।
ਹਾਦਸੇ ਘੱਟ ਹੋ ਸਕਣ, ਇਸ ਲਈ ਵਿਵਸਥਾਤਮਕ ਤੰਤਰ ਮਜ਼ਬੂਤ ਕਰਨ, ਡਰਾਈਵਰ ਸਿੱਖਿਆ ਤੇ ਟ੍ਰੇਨਿੰਗ ਪ੍ਰੋਗਰਾਮ ਵਧਾਉਣ ਅਤੇ ਸੜਕਾਂ ਦੀ ਸਥਿਤੀ ਤੇ ਵਾਹਨ ਦੀ ਸੁਰੱਖਿਆ ’ਚ ਨਿਵੇਸ਼ ਕਰਨਾ ਜਿੰਨਾ ਜ਼ਰੂਰੀ ਹੈ, ਓਨਾ ਹੀ ਲਾਜ਼ਮੀ ਹੈ ਰਾਹ ਨਾਲ ਸਬੰਧਤ ਸਾਰੀਆਂ ਸਮੱਸਿਆਵਾਂ ਦਾ ਹੱਲ ਕਰਨਾ। ਸਮੇਂ ਮੁਤਾਬਕ ਮੁੱਢਲੇ ਇਲਾਜ ਪ੍ਰਤੀ ਲੋਕ-ਜਾਗਰੂਕਤਾ ਵਧਾਉਣ ਨਾਲ ਮੌਤਾਂ ਦਾ ਅੰਕੜਾ ਕਾਫੀ ਹੱਦ ਤੱਕ ਘੱਟ ਕੀਤਾ ਜਾ ਸਕਦਾ ਹੈ।
‘ਕਦੀ ਨਾ ਪਹੁੰਚਣ ਨਾਲੋਂ ਦੇਰ ਭਲੀ’, ਕਿਉਂ ਨਾ ਇਸ ਚਿਤਾਵਨੀ ਨੂੰ ਆਪਣੀ ਸ਼ਖ਼ਸੀਅਤ ’ਚ ਆਤਮਸਾਤ ਕਰਦੇ ਹੋਏ ਹੀ ਵਾਹਨ ਨੂੰ ਵਰਤੋਂ ’ਚ ਲਿਆਂਦਾ ਜਾਵੇ?
ਦੀਪਿਕਾ ਅਰੋੜਾ
ਜੁਦਾ ਹੋ ਗਿਆ ਨਹੁੰ ਨਾਲੋਂ ਮਾਸ ਦਾ ਰਿਸ਼ਤਾ
NEXT STORY