ਮਹਾਤਮਾ ਗਾਂਧੀ ਬਾਰੇ ਕੁਝ ਦੱਸਣ ਤੋਂ ਪਹਿਲਾਂ ਪਿਛੋਕੜ ਬਾਰੇ ਗੱਲ ਕਰਨਾ ਜ਼ਰੂਰੀ ਹੈ। ਲਗਭਗ 78-79 ਸਾਲ ਪਹਿਲਾਂ ਦੀ ਗੱਲ ਹੈ, ਮੇਰੀ ਉਮਰ ਸਿਰਫ਼11-12 ਸਾਲ ਸੀ। ਮਸ਼ਹੂਰ ਇਤਿਹਾਸਕਾਰ ਡਾ. ਸੱਤਿਆਕੇਤੂ ਵਿੱਦਿਆਲੰਕਾਰ ਮੇਰੇ ਮਾਮਾ ਜੀ ਸਨ। ਗੁਰੂਕੁਲ ਕਾਂਗੜੀ ਕਨਖਲ/ਹਰਿਦੁਆਰ ਤੋਂ ਸਨਾਤਕ ਦੀ ਡਿਗਰੀ ਲੈ ਕੇ ਮਾਮਾ ਜੀ ਉੱਥੇ ਹੀ ਅਧਿਆਪਕ ਬਣ ਗਏ। ਕੁਝ ਸਮੇਂ ਬਾਅਦ ਮਾਮਾ ਜੀ ਨੂੰ ਉੱਚ-ਪੱਧਰੀ ਸਿੱਖਿਆ ਲਈ ਪੈਰਿਸ ਦੀ ਯੂਨੀਵਰਸਿਟੀ ਭੇਜਿਆ ਗਿਆ। ਉੱਥੋਂ ਉਨ੍ਹਾਂ ਨੇ ਇਤਿਹਾਸ 'ਚ ਡੀ.ਲਿਟ ਦੀ ਡਿਗਰੀ ਪ੍ਰਾਪਤ ਕੀਤੀ। ਮਾਮਾ ਜੀ ਨੇ ਭਾਰਤ ਵਾਪਸ ਆ ਕੇ ਦਿੱਲੀ ਰਹੇ ਅਤੇ ਫ਼ਿਰ ਮਸੂਰੀ 'ਚ ਹੀ ਉਨ੍ਹਾਂ ਨੇ ਆਪਣਾ ਨਿਵਾਸ ਬਣਾ ਲਿਆ। ਮਾਮਾ ਜੀ ਇਤਿਹਾਸ ਦੀਆਂ ਪੁਸਤਕਾਂ ਲਿਖਦੇ ਸਨ ਜਿਨ੍ਹਾਂ ਨੂੰ ਅੱਜ ਵੀ ਵਿਦਿਆਰਥੀ ਪੜ੍ਹਨਾ ਚਾਹੁੰਦੇ ਹਨ। ਹਰ ਸਾਲ ਗਰਮੀ ਦੇ ਮੌਸਮ 'ਚ ਕਨਖਲ ਹਰਿਦੁਆਰ ਤੋਂ ਅਸੀਂ ਭੈਣ-ਭਰਾ ਮਾਂ-ਪਿਓ ਦੇ ਨਾਲ ਮਸੂਰੀ ਜਾਂਦੇ ਅਤੇ ਕੁਝ ਦਿਨ ਉੱਥੇ ਮਾਮਾ ਜੀ ਦੇ ਘਰ ਰਹਿੰਦੇ।
ਸਾਡੇ ਦੇਸ਼ ਭਾਰਤਵਰਸ਼ 'ਤੇ ਉਸ ਸਮੇਂ ਅੰਗਰੇਜ਼ਾਂ ਦਾ ਰਾਜ ਸੀ। 700-800 ਸਾਲ ਪਹਿਲਾਂ ਮੁਗ਼ਲਾਂ ਦੇ ਸ਼ਾਸਨ ਤੋਂ ਬਾਅਦ ਹੀ ਅੰਗਰੇਜ਼ਾਂ ਦਾ ਸ਼ਾਸਨ ਸ਼ੁਰੂ ਹੋ ਗਿਆ ਸੀ। ਆਖ਼ਰੀ ਮੁਗ਼ਲ ਸ਼ਾਸਕ ਬਹਾਦੁਰ ਸ਼ਾਹ ਜ਼ਫ਼ਰ ਜੋ ਕਿ ਇਕ ਦੇਸ਼ ਭਗਤ ਸ਼ਾਸਕ ਸੀ, ਨੂੰ ਅੰਗਰੇਜ਼ਾਂ ਨੇ ਰੰਗੂਨ ਭੇਜ ਦਿੱਤਾ ਸੀ। ਅੰਗਰੇਜ਼ਾਂ ਨੇ ਲਗਭਗ 200 ਸਾਲ ਇੱਥੇ ਰਾਜ ਕੀਤਾ। ਆਪਣੇ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਸ਼੍ਰੀਮਤੀ ਐਨੀ ਬੈਸੈਂਟ ਨੇ ਕਾਂਗਰਸ ਦੀ ਸਥਾਪਨਾ ਕੀਤੀ। ਇਸ ਕਾਂਗਰਸ ਦੇ ਸੰਚਾਲਕਾਂ 'ਚ ਮਹਾਤਮਾ ਗਾਂਧੀ, ਡਾ. ਰਜਿੰਦਰ ਪ੍ਰਸਾਦ, ਸਰਵਪੱਲੀ ਰਾਧਾਕ੍ਰਿਸ਼ਨਨ, ਜਵਾਹਰਲਾਲ ਨਹਿਰੂ ਅਤੇ ਸਰਦਾਰ ਪਟੇਲ ਵਰਗੇ ਕਈ ਨੇਤਾ ਸਨ।
ਦੇਸਸ਼ 'ਚ ਉਸ ਸਮੇਂ ਕਾਂਗਰਸ ਇਕਲੌਤੀ ਰਾਜਨੀਤਿਕ ਪਾਰਟੀ ਸੀ। ਇਸ ਦੀਆਂ ਗਤੀਵਿਧੀਆਂ ਦਾ ਕੇਂਦਰ ਬਿੰਦੂ ਖਾਸ ਤੌਰ 'ਤੇ ਮਸੂਰੀ ਹੀ ਹੁੰਦਾ ਸੀ। ਅੱਗੇ ਦੀ ਰਣਨੀਤੀ ਤਿਆਰ ਕਰਨ ਲਈ ਪਾਰਟੀ ਦੇ ਵਰਕਰ ਮਸੂਰੀ ਆਇਆ ਕਰਦੇ ਸਨ ਜਿਨ੍ਹਾਂ 'ਚ ਮਹਾਤਮਾ ਗਾਂਧੀ ਦਾ ਸਥਾਨ ਕਾਫ਼ੀ ਮਹੱਤਵਪੂਰਨ ਸੀ। ਆਪਣੇ ਮਸੂਰੀ ਰਹਿਣ ਦੇ ਦਿਨਾਂ 'ਚ ਗਾਂਧੀ ਜੀ ਹਰ ਰੋਜ਼ ਸ਼ਾਮ 5 ਵਜੇ ਸਿਲਵਰਟਨ ਹੋਟਲ ਦੀ ਗਰਾਉਂਡ 'ਚ ਪ੍ਰਾਰਥਨਾ ਸਭਾ ਕਰਦੇ ਸਨ। ਅਸੀਂ ਵੀ ਕਦੀ-ਕਦੀ ਉਨ੍ਹਾਂ ਨਾਲ ਚਲੇ ਜਾਂਦੇ। ਗਾਂਧੀ ਜੀ ਖ਼ਾਦੀ ਦੀ ਸਫ਼ੇਦ ਧੋਤੀ, ਜੈਕੇਟ, ਗਲੇ 'ਚ ਜਨੇਊ, ਅੱਖਾਂ 'ਤੇ ਸੁਨਹਿਰੇ ਰੰਗ ਦਾ ਗੋਲ ਚਸ਼ਮਾ ਅਤੇ ਪੈਰਾਂ 'ਚ ਖੜਾਊ ਪਾਉਂਦੇ ਸਨ। ਪ੍ਰਾਰਥਨਾ ਸਭਾ 'ਚ ਜਦੋਂ ਵੀ ਠੰਡੀ ਹਵਾ ਚੱਲਦੀ ਤਾਂ ਉਨ੍ਹਾਂ ਦੀ ਪੋਤੀ ਉਨ੍ਹਾਂ ਦੇ ਮੋਢਿਆਂ 'ਤੇ ਸ਼ਾਲ ਦੇ ਦਿੰਦੀ।
ਗਾਂਧੀ ਜੀ ਸ਼ਾਂਤ ਸੁਭਾਅ ਨਾਲ ਪ੍ਰਵਚਨ ਦੇਣਾ ਸ਼ੁਰੂ ਕਰਦੇ ਸਨ। ਉਹ ਛੋਟੇ-ਛੋਟੇ ਵਾਕ ਹੀ ਬੋਲਦੇ। ਉਨ੍ਹਾਂ ਦੇ ਸੁਭਾਅ 'ਚ ਥੋੜ੍ਹੀ ਵੀ ਗਰਮੀ ਨਹੀਂ ਸੀ। ਗਾਂਧੀ ਜੀ ਦਾ ਉਦੇਸ਼ ਸਿਰਫ਼ ਦੇਸ਼ ਨੂੰ ਵਿਦੇਸ਼ੀਆਂ ਤੋਂ ਆਜ਼ਾਦ ਕਰਾਉਣਾ ਸੀ, ਉਹ ਵੀ ਬਿਨਾਂ ਕਿਸੇ ਹਿੰਸਾ ਦੇ। ਇਸ ਲਈ ਗਾਂਧੀ ਜੀ ਨੂੰ ਅਹਿੰਸਾ ਦਾ ਪੁਜਾਰੀ ਕਿਹਾ ਜਾਂਦਾ ਹੈ। ਪ੍ਰਾਰਥਨਾ ਸਭਾ 'ਚ ਗਾਂਧੀ ਜੀ ਨੂੰ ਦੇਖ ਕੇ ਅਤੇ ਸੁਣ ਕੇ ਇਕ ਵੱਖਰੀ ਕਿਸਮ ਦੀ ਸ਼ਾਂਤੀ ਦਾ ਅਹਿਸਾਸ ਹੁੰਦਾ ਸੀ। ਅਜਿਹਾ ਮੈਂ ਕਾਫ਼ੀ ਲੋਕਾਂ ਦੇ ਮੂੰਹੋਂ ਸੁਣਦਾ ਸੀ।
ਗਾਂਧੀ ਜੀ ਦੀ ਸਭਾ 'ਚ 'ਰਘੂਪਤੀ ਰਾਘਵ ਰਾਜਾ ਰਾਮ ਸਬਕੋ ਸਨਮਤੀ ਦੇ ਭਗਵਾਨ' ਭਜਨ ਜ਼ਰੂਰ ਹੁੰਦਾ ਸੀ। ਮਸੂਰੀ ਰਹਿਣ ਦੇ ਦਿਨਾਂ 'ਚ ਗਾਂਧੀ ਜੀ ਪ੍ਰਸਿੱਧ ਲੇਖਕ ਸ਼੍ਰੀ ਰਾਹੁਲ ਸਾਂਕ੍ਰਿਤਿਆਯਨ ਜੀ ਦੇ ਘਰ ਰਹਿੰਦੇ ਸਨ। ਉਨ੍ਹਾਂ ਦੀ ਪਤਨੀ ਸ਼੍ਰੁੀਮਤੀ ਕਮਲਾ ਜੀ ਗਾਂਧੀ ਜੀ ਦਾ ਬਹੁਤ ਧਿਆਨ ਰੱਖਦੀ ਸੀ। ਉਨ੍ਹਾਂ ਦਿਨਾਂ 'ਚ ਅਸੀਂ ਇਹ ਵੀ ਸੁਣਦੇ ਸੀ ਕਿ ਭਾਰਤੀ ਫ਼ੌਜ 'ਚ ਭਰਤੀ, ਕਿਸਾਨਾਂ ਦੇ ਘਰਾਂ 'ਚ ਅਨਾਜ ਆਦਿ ਭਿਜਵਾ ਰਹੇ ਹਨ। ਉਨ੍ਹਾਂ ਦਿਨਾਂ 'ਚ ਜੋ ਗੱਲਾਂ ਮੇਰੇ ਦਿਮਾਗ 'ਚ ਛਾਈਆਂ ਰਹੀਆਂ ਮੈਂ ਉਨ੍ਹਾਂ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ। ਮਹਾਤਮਾ ਗਾਂਧੀ ਨੂੰ ਮੈਂ ਇੰਨੀ ਛੋਟੀ ਉਮਰ 'ਚ ਇੰਨੀ ਨੇੜਿਓਂ ਦੇਖਦਾ ਰਿਹਾ। ਸ਼ਾਇਦ ਇਸੇ ਕਾਰਨ ਮੈਨੂੰ ਉਨ੍ਹਾਂ ਦੇ ਦਿਹਾਂਤ ਦਾ ਮੈਨੂੰ ਬਹੁਤ ਦੁੱਖ ਹੋਇਆ। ਲੱਗਦਾ ਸੀ ਕਿ ਹੁਣ ਦੇਸ਼ ਕਿਵੇਂ ਚੱਲੇਗਾ। ਇਹੀ ਕੁਝ ਦਿਮਾਗ 'ਚ ਚਲਦਾ ਰਿਹਾ। ਸ਼ਾਇਦ ਇਹ ਗਾਂਧੀ ਜੀ ਦੇ ਵਿਅਕਤਿਤਵ ਦਾ ਹੀ ਪ੍ਰਭਾਵ ਸੀ।
-ਊਸ਼ਾ ਗੁਪਤਾ
ਜ਼ਰੂਰੀ ਹੈ ਲੋਕਰਾਜੀ ਕਦਰਾਂ-ਕੀਮਤਾਂ ਨੂੰ ਸੰਭਾਲਣਾ
NEXT STORY