ਤੁਸੀਂ ਭਾਰਤ ਦੇ ਕਿਸੇ ਵੀ ਸ਼ਹਿਰ ਜਾਂ ਕਸਬੇ ’ਚ ਘੁੰਮ ਕੇ ਦੇਖੋ ਤਾਂ ਸਭ ਤੋਂ ਜ਼ਿਆਦਾ ਦੁਕਾਨਾਂ ਅੰਗਰੇਜ਼ੀ ਦਵਾਈਆਂ ਦੀਆਂ ਮਿਲਣਗੀਆਂ ਜਾਂ ਪੈਥਾਲੋਜੀ ਟੈਸਟ ਅਤੇ ਐੱਮ. ਆਰ. ਆਈ. ਆਦਿ ਕਰਨ ਵਾਲੇ ਸੈਂਟਰ ਮਿਲਣਗੇ ਜਾਂ ਤਾਂ ਬਹੁਤ ਸਾਰੇ ਨਰਸਿੰਗ ਹੋਮ ਅਤੇ ਹਸਪਤਾਲ ਮਿਲਣਗੇ। ਜ਼ਾਹਿਰ ਹੈ ਕਿ ਅਸੀਂ ਤੇਜ਼ੀ ਨਾਲ ਇਕ ਬਿਮਾਰ ਦੇਸ਼ ਬਣਦੇ ਜਾ ਰਹੇ ਹਾਂ।
ਅਸੀਂ ਬਿਮਾਰੀ ਨੂੰ ਡਾਕਟਰੀ ਇਲਾਜ ਨਾਲ ਠੀਕ ਕਰਨ ’ਚ ਲੱਖਾਂ ਰੁਪਏ ਗੁਆ ਦਿੰਦੇ ਹਾਂ ਪਰ ਬਿਮਾਰੀ ਦੇ ਕਾਰਨਾਂ ਨੂੰ ਸਮਝ ਕੇ ਜੜ੍ਹ ਤੋਂ ਖਤਮ ਕਰਨ ਦੀ ਕਵਾਇਦ ਨਹੀਂ ਕਰਦੇ, ਜਦੋਂ ਕਿ ਸੱਚਾਈ ਇਹ ਹੈ ਕਿ ਜੇਕਰ ਅਸੀਂ ਆਪਣੇ ਧਰਮ ਸ਼ਾਸਤਰਾਂ ਅਨੁਸਾਰ ਆਪਣੇ ਭੋਜਨ ਅਤੇ ਰੋਜ਼ਮੱਰਾ ਨੂੰ ਸੰਚਾਲਿਤ ਕਰੀਏ ਤਾਂ ਆਧੁਨਿਕ ਜੀਵਨ ਦੀ ਚਕਾਚੌਂਧ ’ਚ ਵੀ ਅਸੀਂ ਪੂਰੀ ਤਰ੍ਹਾਂ ਸਿਹਤਮੰਦ ਰਹਿ ਸਕਦੇ ਹਾਂ।
ਉਦਾਹਰਣ ਲਈ ਫੱਗਣ ਪੂਰਨਮਾਸ਼ੀ ਨੂੰ ਹੋਲਿਕੋ ਉਤਸਵ ਮਨਾਉਣਾ, ਮਕਰ ਸੰਕ੍ਰਾਂਤੀ ਦੇ ਦਿਨ ਤਿਲ ਅਤੇ ਗੁੜ ਦੇ ਲੱਡੂ ਖਾਣਾ ਅਤੇ ਦਾਨ ਕਰਨਾ। ਸੂਰਜ-ਚੰਦਰ ਗ੍ਰਹਿਣ ਦੇ ਸਮੇਂ ਖਾਣਾ-ਪੀਣਾ ਨਹੀਂ ਜਾਂ ਫਿਰ ਗਣੇਸ਼ ਜੀ ਦੇ ਪੂਜਨ ਲਈ ਦੂਰਵਾ ਦਾ, ਸ਼ੰਕਰ ਜੀ ਦੇ ਪੂਜਨ ਲਈ ਬੇਲਪੱਤਰ ਦਾ ਅਤੇ ਵਿਸ਼ਨੂੰ ਪੂਜਨ ਲਈ ਤੁਲਸੀ ਪੱਤਰ ਦਾ ਪ੍ਰਯੋਗ ਕਰਨਾ ਉਸੇ ਪਰੰਪਰਾ ਦਾ ਪ੍ਰਭਾਵ ਹੈ। ਇਸੇ ਤਰ੍ਹਾਂ ਦੁਸਹਿਰੇ ਨੂੰ ਸ਼ਸਤਰ ਪੂਜਨ ਕਰਨਾ, ਪਾਟੀ ਪੂਜਨ ਕਰਨਾ ਜਾਂ ਵਿਦਵਾਨਾਂ ਨੂੰ ਦਕਸ਼ਿਣਾ ਦੇਣਾ, ਦੀਵਾਲੀ ਤੋਂ ਪਹਿਲਾਂ ਆਪਣੇ ਘਰ ਨੂੰ ਰੰਗ-ਰੋਗਣ ਅਤੇ ਲਕਸ਼ਮੀ ਪੂਜਨ ਤੋਂ ਬਾਅਦ ਦੀਵਾਲੀ ਮਨਾਉਣੀ। ਇਹ ਸਭ ਸ਼ਾਸਤਰ ਸ਼ੁੱਧ ਪ੍ਰਣਾਲੀਆਂ ਦਾ ਸਮਾਵੇਸ਼ ਕਰਕੇ, ਜਿਨ੍ਹਾਂ ਗ੍ਰੰਥਾਂ ਦੀ ਰਚਨਾ ਕੀਤੀ ਗਈ ਉਨ੍ਹਾਂ ਨੂੰ ਧਰਮ ਸ਼ਾਸਤਰ ਕਹਿੰਦੇ ਹਨ। ਧਰਮ ਉਹੀ ਹੈ ਜਿਸ ਨੂੰ ਪਰਜਾ ਧਾਰਨ ਕਰੇ ਭਾਵ ਉਸਦੇ ਅਨੁਸਾਰ ਆਚਰਣ ਕਰੇ ਤਾਂ ਸਮਾਜ ਨੂੰ ਸਥਿਰਤਾ ਪ੍ਰਾਪਤ ਹੁੰਦੀ ਹੈ।
ਇਹੋ ਗੱਲ ਸਾਡੇ ਦੈਨਿਕ ਆਹਾਰ ਅਤੇ ਪਾਕ-ਕਿਰਿਆ ’ਤੇ ਵੀ ਲਾਗੂ ਹੁੰਦੀ ਹੈ। ਸਾਡਾ ਆਹਾਰ ਸ਼ਾਸਤਰ ਅਤੇ ਪਾਕ ਸ਼ਾਸਤਰ ਧਰਮ ਸ਼ਾਸਤਰਾਂ ਦਾ ਹੀ ਇਕ ਮਹੱਤਵਪੂਰਨ ਅੰਗ ਹੈ। ਜ਼ਰਾ ਸੋਚੋ ਕਿ ਬਹੁਤ ਸਾਰੇ ਲੋਕਾਂ ਦਾ ਭੋਜਨ ਦਾਲ-ਚਾਵਲ, ਰੋਟੀ-ਸਬਜ਼ੀ ਹੋਵੇਗਾ, ਇਹ ਕਿਸ ਨੇ ਤੈਅ ਕੀਤਾ? ਦਾਲ-ਸਬਜ਼ੀ ਨੂੰ ਬਣਾਉਣ ਦੀ ਖੋਜ ਕਿਸ ਨੇ ਕੀਤੀ ਹੋਵੇਗੀ? ਸਰਾਧ ’ਚ ਮਾਂਹ ਦੀ ਦਾਲ ਦੀ ਪਕੌੜੀ, ਕਚੌੜੀ, ਇਮਰਤੀ ਖਾਣਾ ਅਤੇ ਹੋਲੀ ਦੇ ਦਿਨਾਂ ’ਚ ਖਜੂਰ ਅਤੇ ਜਵਾਰ ਖਾਣਾ ਅਤੇ ਚੇਤ ਦੇ ਮਹੀਨੇ ’ਚ ਕੌੜੀ ਨਿੰਮ ਦਾ ਰਸ ਪੀਣਾ ਇਹ ਕਿਸ ਨੇ ਅਤੇ ਕਦੋਂ ਤੈਅ ਕੀਤਾ ਹੋਵੇਗਾ? ਇਨ੍ਹਾਂ ਪਰੰਪਰਾਵਾਂ ਨੂੰ ਅਸੀਂ ਸਿਰਫ ਅੰਧਵਿਸ਼ਵਾਸ ਤੋਂ ਨਹੀਂ, ਸਗੋਂ ਆਪਣੀ ਸਿਹਤ ਨੂੰ ਠੀਕ ਰੱਖਣ ਦੇ ਉਦੇਸ਼ ਨਾਲ ਅੱਜ ਵੀ ਨਿਭਾਉਂਦੇ ਆ ਰਹੇ ਹਾਂ। ਇਸੇ ਤਰ੍ਹਾਂ ਦੱਖਣ ਭਾਰਤ ’ਚ ਇਡਲੀ-ਡੋਸਾ, ਮਹਾਰਾਸ਼ਟਰ ’ਚ ਵਰਣ ਅਤੇ ਭਾਤ, ਰਾਜਸਥਾਨ ’ਚ ਦਾਲ-ਬਾਟੀ ਅਤੇ ਸੈਂਗਰੀ, ਗੁਜਰਾਤ ’ਚ ਭਕੜੀ ਅਤੇ ਸੁਖੜੀ, ਪੰਜਾਬ ’ਚ ਪਰੌਂਠੇ ਅਤੇ ਲੱਸੀ, ਓਡਿਸ਼ਾ ’ਚ ਪਖਾਲਭਾਤ, ਬੰਗਾਲ ’ਚ ਮਾਛ-ਭਾਤ, ਇਹ ਕਿਵੇਂ ਅਤੇ ਕਦੋਂ ਸਾਡੀ ਰੋਜ਼ਮੱਰਾ ’ਚ ਆਏ ਅਤੇ ਅੱਜ ਵੀ ਅਸੀਂ ਇਨ੍ਹਾਂ ਦਾ ਪਾਲਣ ਕਰਦੇ ਹਾਂ।
ਇਸੇ ਤਰ੍ਹਾਂ, ਭੋਜਨ ਬਣਾਉਣ ਦੀਆਂ ਵੱਖ-ਵੱਖ ਪ੍ਰਣਾਲੀਆਂ, ਵੱਖ-ਵੱਖ ਮਸਾਲਿਆਂ ਦਾ ਪ੍ਰਯੋਗ, ਸ਼ੁੱਧ ਘਿਓ ਜਾਂ ਫਿਰ ਸਰ੍ਹੋਂ, ਤਿਲ ਜਾਂ ਨਾਰੀਅਲ ਦੇ ਤੇਲ ਦੀ ਵਰਤੋਂ, ਭੋਜਨ ਪਰੋਸਣ ਦੀਆਂ ਵੱਖ-ਵੱਖ ਪ੍ਰਣਾਲੀਆਂ, ਉਨ੍ਹਾਂ ਨੂੰ ਪਕਾਉਣ ਅਤੇ ਖਾਣ ਲਈ ਵੱਖ-ਵੱਖ ਧਾਤਾਂ ਦੇ ਬਰਤਨਾਂ ਦੀ ਵਰਤੋਂ ਕਿਸ ਨੇ ਅਤੇ ਕਦੋਂ ਸਿਖਾਈ ਹੋਵੇਗੀ? ਯੁੱਗਾਂ ਤੋਂ ਜੋ ਅਸੀਂ ਕਰਦੇ ਆਏ ਹਾਂ ਉਹ ਸਾਨੂੰ ਬਹੁਤ ਹੀ ਸਹਿਜ ਅਤੇ ਸੁਭਾਵਿਕ ਲੱਗਦਾ ਹੈ ਪਰ ਵਿਚਾਰ ਕਰਨ ’ਤੇ ਹੈਰਾਨੀ ਹੁੰਦੀ ਹੈ ਕਿ ਉਨ੍ਹਾਂ ਰਿਸ਼ੀਆਂ ਦੀ ਸਮੱਗਰ ਬੁੱਧੀ ਅਤੇ ਸੂਖਮਤਾ ’ਤੇ, ਜਿਨ੍ਹਾਂ ਨੇ ਇਸ ਵਿਗਿਆਨ ਨੂੰ ਸਥਾਪਿਤ ਕੀਤਾ। ਭੋਜਨ ਬਣਾਉਣਾ, ਪਰੋਸਣਾ ਅਤੇ ਉਸ ਦਾ ਸਵਾਦ ਚੱਖਣਾ, ਇਹ ਤੱਤਗਿਆਨ ਹੈ, ਇਹ ਯੱਗ ਹੈ, ਸ਼ਾਸਤਰ ਹੈ, ਕੌਸ਼ਲ ਹੈ, ਕਲਾ ਹੈ, ਰਸਾਵਾਦ ਹੈ, ਪ੍ਰਾਣਾਂ ਦੀ ਪੁਸ਼ਟੀ ਹੈ, ਇੰਦਰੀਆਂ ਅਤੇ ਮਨ ਦਾ ਸੁੱਖ ਹੈ ਅਤੇ ਇਹ ਸਾਡਾ ਸੰਸਕਾਰ ਹੈ। ਇਕੋ ਸਮੇਂ ਪੋਸ਼ਣ, ਤੋਸ਼ਣ, ਸੰਸਕਾਰ, ਆਨੰਦ ਅਤੇ ਆਤਮ ਦਰਸ਼ਨ ਹੈ।
ਆਪਣੇ ਸੱਭਿਆਚਾਰ ਦੇ ਇਨ੍ਹਾਂ ਮੂਲ ਤੱਤਾਂ ਦੇ ਕਾਰਨ, ਭਾਰਤ ਚਿਰੰਜੀਵ ਬਣਿਆ ਹੈ। ਇਸ ਅਸਲੀਅਤ ਨੂੰ ਹੁਣ ਪੂਰਾ ਵਿਸ਼ਵ ਸਵੀਕਾਰ ਕਰ ਰਿਹਾ ਹੈ ਪਰ ਅਸੀਂ ਖੁਦ ਹੀ ਅੱਜ ਇਨ੍ਹਾਂ ਗੱਲਾਂ ਤੋਂ ਬੇਮੁਖ ਹੋ ਗਏ ਹਾਂ। ਮੈਕਾਲੇ ਦੀ ਅੱਜ ਤੱਕ ਲਾਗੂ ਸਿੱਖਿਆ ਪ੍ਰਣਾਲੀ ਨੇ ਸਾਡੀ ਸੋਚ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਹੈ। ਆਪਣੇ ਰੀਤੀ-ਰਿਵਾਜਾਂ, ਪਰੰਪਰਾਵਾਂ, ਪ੍ਰਣਾਲੀਆਂ ਅਤੇ ਖਾਣ-ਪਾਣ ਤੇ ਪਹਿਰਾਵੇ ਦਾ ਸਨਮਾਨ ਕਰਨ ਦੀ ਬਜਾਏ ਅਸੀਂ ਉਨ੍ਹਾਂ ਦਾ ਮਜ਼ਾਕ ਕਰਨਾ, ਆਲੋਚਨਾ ਕਰਨਾ ਅਤੇ ਅਣਗਹਿਲੀ ਕਰਨਾ ਆਪਣੇ ਆਧੁਨਿਕ ਹੋਣ ਦਾ ਪ੍ਰਮਾਣ ਮੰਨਦੇ ਹਾਂ। ਅਸੀਂ ਅੰਨ ਨੂੰ ਪਵਿੱਤਰ ਮੰਨਣ ਦੀ ਬਜਾਏ ਉਸ ਨੂੰ ਬਾਜ਼ਾਰ ’ਚ ਵਿਕਣ ਵਾਲਾ ਇਕ ਆਮ ਪਦਾਰਥ ਮੰਨਣ ਲੱਗੇ ਹਾਂ।
ਅੰਨ ਦਾ ਅਰੋਗਿਆ ਅਤੇ ਸੰਸਕਾਰ ਦੇ ਨਾਲ ਸਿੱਧਾ ਸੰਬੰਧ ਹੈ, ਇਸ ਗੱਲ ਨੂੰ ਭੁੱਲ ਕੇ ਸਿਰਫ ਸੰਵਾਦ ਦੀ ਸੰਤੁਸ਼ਟੀ ਲਈ ਹੀ ਉਸ ਨੂੰ ਗ੍ਰਹਿਣ ਕਰਦੇ ਹਾਂ। ਇਸ ਲਈ ਦੇਸ਼ ’ਚ ਅੰਨ ਦਾ ਸੰਕਟ ਅਤੇ ਸਰੀਰਕ ਅਤੇ ਮਾਨਸਿਕ ਸਿਹਤ ਦਾ ਸੰਕਟ ਵਧ ਗਿਆ ਹੈ। ਜਿਵੇਂ ਕੋਈ ਹੀਰੇ ਨੂੰ ਪੱਥਰ ਸਮਝ ਕੇ ਸੁੱਟ ਦੇਵੇ, ਉਂਝ ਹੀ ਅਸੀਂ ਆਪਣੇ ਸ਼ਾਸਤਰਾਂ ਨੂੰ ਸੁੱਟ ਦਿੱਤਾ ਹੈ ਅਤੇ ਪੱਛਮ ਦੀ ਬਾਜ਼ਾਰੂ ਸੰਸਕ੍ਰਿਤੀ ਦੇ ਗੁਲਾਮ ਬਣ ਗਏ ਹਾਂ। ਸਾਡੇ ਦੈਨਿਕ ਜੀਵਨ ’ਚ ਆਨਲਾਈਨ ਆਉਣ ਵਾਲਾ ਭੋਜਨ ਇਸ ਦਾ ਪ੍ਰਮਾਣ ਹੈ, ਜਿਸਦਾ ਨਤੀਜਾ ਹੈ ਆਧੁਨਿਕ ਇਲਾਜ ਦਾ ਦਿਨ-ਦੂਣਾ ਅਤੇ ਰਾਤ-ਚੌਗੁਣਾ ਵਧਦਾ ਕਾਰੋਬਾਰ। ਉਪਰੋਕਤ ਗਿਆਨ ਦਾ ਆਧਾਰ ਪੁਨਰ-ਉੱਥਾਨ ਪ੍ਰਕਾਸ਼ਨ ਸੇਵਾ ਟਰੱਸਟ, ਕਾਂਕਰੀਆ, ਅਹਿਮਦਾਬਾਦ ਤੋਂ ਪ੍ਰਕਾਸ਼ਿਤ ਇਕ ਬਹੁਤ ਹੀ ਮੁੱਲਵਾਨ ਗ੍ਰੰਥ ‘'ਆਹਾਰਸ਼ਾਸਤਰ’ ਹੈ, ਜੋ ਅੱਜ ਹਰ ਘਰ ’ਚ ਹੋਣਾ ਚਾਹੀਦਾ ਹੈ। ਇਹ ਗ੍ਰੰਥ ਪੜ੍ਹ ਕੇ ਹਰ ਮਹਿਲਾ ਆਪਣੇ ਘਰ ਨੂੰ ਨਿਰੋਗੀ, ਸੁਖੀ ਅਤੇ ਸੰਪੰਨ ਬਣਾ ਸਕਦੀ ਹੈ।
ਇਸੇ ਲੜੀ ’ਚ ਯਾਦ ਆਇਆ ਕਿ ਕਈ ਸਾਲ ਪਹਿਲਾਂ ਅਮਰੀਕਾ ਦੇ ਕਈ ਵੱਡੇ ਸ਼ਹਿਰਾਂ ’ਚ ਆਪਣੀ ਵਿਆਖਿਆਨ ਮਾਲਾ ਦੌਰਾਨ, ਲਾਸ ਏਂਜਲਸ ਤੋਂ ਸੈਨਹੋਜੇ ਦੀ ਫਲਾਈਟ ’ਚ ਇਕ ਬਜ਼ੁਰਗ ਅਮਰੀਕੀ ਮਹਿਲਾ, ਜੋ ਮੇਰੇ ਨਾਲ ਬੈਠੀ ਸੀ, ਉਨ੍ਹਾਂ ਤੋਂ ਮੈਂ ਪੁੱਛਿਆ ਕਿ ਉਹ ਕਿੱਥੇ ਜਾ ਰਹੀ ਹੈ? ਉਹ ਬੋਲੀ ਆਪਣੀ ਦੋਹਤੀ ਦੇ ਕੋਲ। ਕਿਉਂਕਿ ਉਹ ਫੋਨ ’ਤੇ ਕਹਿੰਦੀ ਹੈ, ‘‘ਨਾਨੀ ਤੁਹਾਡਾ ਬਣਾਇਆ ਖਾਣਾ ਮੈਨੂੰ ਬਹੁਤ ਚੰਗਾ ਲੱਗਦਾ ਹੈ। ਮੰਮੀ ਜੋ ਪਕਿਆ-ਪਕਾਇਆ ਖਾਣਾ ਬਾਜ਼ਾਰੋਂ ਲਿਆਉਂਦੀ ਹੈ, ਉਸ ’ਚ ਕੋਈ ਸੁਆਦ ਨਹੀਂ ਹੈ। ਇਸ ਲਈ ਮੈਂ ਕੁਝ ਦਿਨਾਂ ਲਈ ਉਸਦੇ ਕੋਲ ਜਾ ਰਹੀ ਹਾਂ।’’
ਉਨ੍ਹਾਂ ਦੀ ਇਹ ਗੱਲ ਸੁਣ ਕੇ ਮੈਨੂੰ ਆਪਣੀ ਮਾਂ ਅਤੇ ਨਾਨੀ ਦੇ ਬਣਾਏ ਖਾਣੇ ਦਾ ਸੁਆਦ ਮੂੰਹ ’ਚ ਆ ਗਿਆ। ਉਹ ਸੁਆਦ, ਜਿਸ ਤੋਂ ਅੱਜ ਦੀ ਨੌਜਵਾਨ ਪੀੜ੍ਹੀ ਅਤੇ ਸਾਡੇ ਦੋਹਤੇ-ਪੋਤੇ ਬਹੁਤ ਤੇਜ਼ੀ ਨਾਲ ਵਾਂਝੇ ਹੁੰਦੇ ਜਾ ਰਹੇ ਹਨ।
—ਵਿਨੀਤ ਨਾਰਾਇਣ
ਪਹਾੜ ਮਦਦ ਦੀ ਗੁਹਾਰ ਨਹੀਂ ਲਗਾ ਰਹੇ, ਉਹ ਸਾਡੇ ਲਈ ਰੋ ਰਹੇ ਹਨ !
NEXT STORY