ਪੱਛਮੀ ਬੰਗਾਲ ’ਚ ਸੰਦੇਸ਼ਖਾਲੀ ਦੀ ਭਿਆਨਕ ਘਟਨਾ ਰੌਂਗਟੇ ਖੜ੍ਹੇ ਕਰ ਦੇਣ ਵਾਲੀ ਹੈ। ਐਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਦੀ ਜਾਂਚ ਟੀਮ ’ਤੇ ਹਮਲਾ, ਸੈਕਸ ਸ਼ੋਸ਼ਣ, ਜ਼ਮੀਨ ਹੜੱਪਣ ਅਤੇ ਭ੍ਰਿਸ਼ਟਾਚਾਰ ਦੇ ਮਾਮਲੇ ’ਚ ਮੁਲਜ਼ਮ ਅਤੇ ਤ੍ਰਿਣਮੂਲ ਕਾਂਗਰਸ ਦੇ ਨੇਤਾ (ਮੁਅੱਤਲ) ਸ਼ੇਖ ਸ਼ਾਹਜਹਾਂ ਕਾਨੂੰਨ ਦੀ ਪਕੜ ’ਚ ਹੈ। ਇਸ ਤੋਂ ਪਹਿਲਾਂ ਸ਼ੇਖ ਦੇ ਕਰੀਬੀ ਸਹਿਯੋਗੀ ਸ਼ਿਬੂ ਹਾਜਰਾ ਅਤੇ ਉੱਤਮ ਸਰਦਾਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਅਸਲ ’ਚ ਸੰਦੇਸ਼ਖਾਲੀ ਮਾਮਲੇ ’ਚ ਜਿਸ ਤਰ੍ਹਾਂ ਦਾ ਘਟਨਾਚੱਕਰ ਰਿਹਾ ਹੈ, ਉਹ ਭਾਰਤੀ ਸਿਆਸਤ ’ਚ ਦਹਾਕਿਆਂ ਤੋਂ ਪਾਈ ਜਾਂਦੀ ਇਕ ਬਦਬੂ ਨੂੰ ਉਜਾਗਰ ਕਰਦਾ ਹੈ।
ਆਜ਼ਾਦੀ ਮਿਲਣ ਤੱਕ ਭਾਰਤ ’ਚ ਜਿਹੜੇ ਵਿਅਕਤੀ ਸਿਆਸਤ ਨਾਲ ਜੁੜੇ, ਉਨ੍ਹਾਂ ’ਚੋਂ ਵਧੇਰੇ ਆਪਣੇ ਘਰ, ਪਰਿਵਾਰ ਅਤੇ ਇੱਥੋਂ ਤੱਕ ਕਿ ਨੌਕਰੀ ਛੱਡ ਕੇ ਦੇਸ਼ ਲਈ ਕੁਝ ਕਰਨ ਦੇ ਜਨੂੰਨ ਨਾਲ ਸ਼ਾਮਲ ਹੋਏ ਸਨ। ਆਜ਼ਾਦੀ ਪਿੱਛੋਂ ਇਸ ਸਥਿਤੀ ’ਚ ਤਬਦੀਲੀ ਆਈ ਅਤੇ ਸਿਆਸਤ ਸਮਾਜਿਕ ਵਪਾਰ ਦਾ ਪ੍ਰਤੀਕ ਬਣ ਗਈ। ਹੌਲੀ-ਹੌਲੀ ਇਸ ਨੇ ਇਕ ਧੰਦੇ ਦਾ ਰੂਪ ਧਾਰਨ ਕਰ ਲਿਆ।
ਸਿਆਸਤ ’ਚ ਨੈਤਿਕ ਪਤਨ ਦੇ ਅਗਲੇ ਪੜਾਅ ’ਚ ਆਪਣੇ ਹਿੱਤਾਂ ਦੀ ਪੂਰਤੀ ਲਈ ਗੁੰਡਿਆਂ ਦੀ ਵਰਤੋਂ ਕੀਤੀ ਜਾਣ ਲੱਗੀ ਅਤੇ ਉਨ੍ਹਾਂ ਨੂੰ ਸਰਪ੍ਰਸਤੀ ਦਿੱਤੀ ਜਾਣ ਲੱਗੀ। ਸਮੇਂ ਦੇ ਬੀਤਣ ਨਾਲ ਹਾਲਾਤ ਉਦੋਂ ਹੋਰ ਵਿਗੜ ਗਏ ਜਦੋਂ ਅਪਰਾਧਿਕ ਮਾਨਸਿਕਤਾ ਦੇ ਲੋਕਾਂ ਨੇ ਸਿਆਸਤਦਾਨਾਂ ਦਾ ਪਿਛਲੱਗੂ ਬਣਨ ਦੀ ਥਾਂ ਖੁਦ ਸਿਆਸਤ ’ਚ ਹੀ ਦਾਖਲ ਹੋਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਚਿੱਟੇ ਕੁੜਤੇ-ਪਜਾਮੇ ਨੂੰ ਆਪਣੀਆਂ ਕਾਲੀਆਂ ਕਰਤੂਤਾਂ ਨੂੰ ਢਕਣ ਦਾ ਸਾਧਨ ਬਣਾ ਲਿਆ। ਪੱਛਮੀ ਬੰਗਾਲ ਦੇ ਨੇਤਾ ਸ਼ੇਖ ਸ਼ਾਹਜਹਾਂ ਭਾਰਤੀ ਸਿਆਸਤ ’ਚ ਆਏ ਇਸੇ ਵਿਗਾੜ ਦੀ ਇਕ ਜਿਊਂਦੀ-ਜਾਗਦੀ ਉਦਾਹਰਣ ਹਨ।
ਇਸ ਘਟਨਾਚੱਕਰ ਦੀ ਸ਼ੇਖ ਕੋਈ ਪਹਿਲੀ ਉਦਾਹਰਣ ਨਹੀਂ ਹੈ। ਉੱਤਰ ਪ੍ਰਦੇਸ਼ ਅਤੇ ਿਬਹਾਰ ਕਈ ਦਹਾਕਿਆਂ ਤੋਂ ਅਪਰਾਧੀਆਂ ਨੂੰ ਸਿਆਸੀ ਸ਼ਰਨ ਮਿਲਣ, ਉਨ੍ਹਾਂ ਵਲੋਂ ਚੋਣ ਲੜਨ ਅਤੇ ਲੋਕਾਂ ਵੱਲੋਂ ਉਨ੍ਹਾਂ ਨੂੰ ਚੁਣੇ ਜਾਣ ਦੇ ਮਾਮਲੇ ’ਚ ਬਦਨਾਮ ਰਹੇ ਹਨ। ਸੰਗਠਿਤ ਅਪਰਾਧ ਅਤੇ ਉਸ ਦੇ ਆਗੂਆਂ ਦੀ ਇਕ ਲੰਬੀ ਸੂਚੀ ਹੈ, ਜਿਸ ’ਚ ਅਤੀਕ ਅਹਿਮਦ, ਅਸ਼ਰਫ, ਅਫਜ਼ਾਲ ਅੰਸਾਰੀ, ਮੁਹੰਮਦ ਸ਼ਹਾਬੂਦੀਨ, ਰਈਸ ਖਾਨ, ਹਰੀਸ਼ੰਕਰ ਤਿਵਾੜੀ, ਪੱਪੂ ਯਾਦਵ, ਅਨੰਦ ਮੋਹਨ, ਸੂਰਜਭਾਨ ਸਿੰਘ ਅਤੇ ਵਿਕਾਸ ਦੁਬੇ ਆਦਿ ਨਾਂ ਸ਼ਾਮਲ ਹਨ।
ਅਜਿਹਾ ਵੀ ਨਹੀਂ ਕਿ ਅਜਿਹੇ ਵਿਗੜੇ ਕਿਸਮ ਦੇ ਲੋਕ ਸਿਰਫ ਭਾਰਤ ’ਚ ਹੀ ਹਨ, ਅਮਰੀਕਾ ਵੀ ਇਸ ਮਾਮਲੇ ’ਚ ਬਦਨਾਮ ਹੈ। ਸੂਝਵਾਨ ਪਾਠਕ ਸ਼ਿਕਾਗੋ-ਨਿਊਯਾਰਕ ਦੇ ਸੰਗਠਿਤ ਮਾਫੀਆ ਤੋਂ ਜਾਣੂ ਹੋਣਗੇ। ਇਨ੍ਹਾਂ ’ਚ ਸੈਮ ਜਿਆਨਕਾਨਾ (1908-75) ਵੀ ਇਕ ਨਾਂ ਸੀ ਜਿਸ ਨੇ ਅਮਰੀਕਾ ਦੀ ਸਿਆਸਤ ਨੂੰ ਪ੍ਰਭਾਵਿਤ ਕੀਤਾ। ਕਿਹਾ ਜਾਂਦਾ ਹੈ ਕਿ 1960 ਦੀ ਅਮਰੀਕਾ ਦੇ ਰਾਸ਼ਟਰਪਤੀ ਦੀ ਚੋਣ ’ਚ ਜਾਨ ਐੱਫ. ਕੈਨੇਡੀ ਦੀ ਜਿੱਤ ’ਚ ਜਿਆਨਕਾਨਾ ਦੀ ਵੱਡੀ ਭੂਮਿਕਾ ਸੀ।
ਇਸੇ ਤਰ੍ਹਾਂ ਕੋਲੰਬੀਆ ’ਚ ਡਰੱਗਸ ਸਰਗਣਾ ਅਤੇ ਕਈ ਅਪਰਾਧੀਆਂ ਦੀ ਹੱਤਿਆ ਕਰਨ ਵਾਲਾ ਪਾਬਲੋ ਐਸਕੋਬਾਰ 1982 ਦੀ ਕੋਲੰਬੀਆਈ ਸੰਸਦੀ ਚੋਣ ਜਿੱਤ ਚੁੱਕਾ ਹੈ। ਬਾਕੀ ਦੀ ਦੁਨੀਆ ’ਚ ਇਸ ਤਰ੍ਹਾਂ ਦੀਆਂ ਅਣਗਿਣਤ ਉਦਾਹਰਣਾਂ ਹਨ।
ਵਾਪਸ ਸੰਦੇਸ਼ਖਾਲੀ ਵੱਲ ਮੁੜਦੇ ਹਾਂ। ਇੱਥੇ ਸ਼ੇਖ ਸ਼ਾਹਜਹਾਂ ਨੇ ਕਿਸ ਤਰ੍ਹਾਂ ਆਪਣਾ ਸਾਮਰਾਜ ਖੜ੍ਹਾ ਕੀਤਾ ਸੀ? ਸ਼ਾਹਜਹਾਂ ਬੰਗਲਾਦੇਸ਼ ਤੋਂ ਪੱਛਮੀ ਬੰਗਾਲ ਆਇਆ ਸੀ ਅਤੇ ਇੱਥੇ ਆ ਕੇ ਉਸ ਨੇ ਆਪਣੀਆਂ ਅਪਰਾਧਿਕ ਸਰਗਰਮੀਆਂ ਨੂੰ ਵਧਾਉਣਾ ਸ਼ੁਰੂ ਕੀਤਾ। ਉੱਤਰੀ 24 ਪਰਗਨਾ ਸਥਿਤ ਸੰਦੇਸ਼ਖਾਲੀ ਸ਼ਹਿਰ ਬੰਗਲਾਦੇਸ਼ ਦੀ ਸਰਹੱਦ ਦੇ ਨੇੜੇ ਹੈ। ਇਸੇ ਕਾਰਨ ਉਹ ਇੱਥੇ ਵੱਸ ਗਿਆ।
ਸ਼ੁਰੂ ’ਚ ਸ਼ਾਹਜਹਾਂ ਨੇ ਇੱਟਾਂ ਦੇ ਭੱਠਿਆਂ ਦੇ ਮਜ਼ਦੂਰਾਂ ਨਾਲ ਕੰਮ ਕਰਦੇ ਸਮੇਂ ਇਕ ਗਰੁੱਪ ਬਣਾ ਲਿਆ। ਇਸ ਤੋਂ ਬਾਅਦ ਉਹ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਨਾਲ ਜੁੜ ਗਿਆ। ਫਿਰ ਸਿਆਸੀ ਸਰਪ੍ਰਸਤੀ ਦਾ ਲਾਭ ਉਠਾ ਕੇ ਸੰਦੇਸ਼ਖਾਲੀ ’ਚ ਸਥਾਨਕ ਕਿਸਾਨਾਂ ਅਤੇ ਆਦਿਵਾਸੀਆਂ ਦੀਆਂ ਜ਼ਮੀਨਾਂ ’ਤੇ ਕਬਜ਼ਾ ਕਰਨਾ ਸ਼ੁਰੂ ਕਰ ਦਿੱਤਾ। ਅੱਤਿਆਚਾਰ ਆਦਿ ਦੀਆਂ ਅਣਗਿਣਤ ਸ਼ਿਕਾਇਤਾਂ ਕਰਨ ਦੇ ਬਾਵਜੂਦ ਸ਼ੇਖ ਵਿਰੁੱਧ ਕੋਈ ਕਾਰਵਾਈ ਨਹੀਂ ਹੋਈ।
2010-11 ’ਚ ਜਦੋਂ ਸੂਬੇ ਦੀ ਸਿਆਸਤ ’ਚ ਤਬਦੀਲੀ ਦੀ ਲਹਿਰ ਚੱਲੀ ਤਾਂ 2 ਸਾਲ ਬਾਅਦ ਸ਼ਾਹਜਹਾਂ ਸ਼ੇਖ ਮੌਕੇ ਨੂੰ ਵੇਖ ਕੇ ਤ੍ਰਿਣਮੂਲ ਕਾਂਗਰਸ ਨਾਲ ਜੁੜ ਗਿਆ। ਸ਼ੇਖ ’ਤੇ ਪੱਛਮੀ ਬੰਗਾਲ ਰਾਸ਼ਨ ਵੰਡ ਘਪਲੇ ’ਚ 10,000 ਕਰੋੜ ਰੁਪਏ ਦਾ ਗਬਨ ਕਰਨ ਦਾ ਦੋਸ਼ ਹੈ। ਈ. ਡੀ. ਨੇ ਇਸ ਮਾਮਲੇ ’ਚ ਸਭ ਤੋਂ ਪਹਿਲਾਂ ਪੱਛਮੀ ਬੰਗਾਲ ਦੇ ਸਾਬਕਾ ਮੰਤਰੀ ਜੋਤੀਪ੍ਰਿਆ ਮਲਿਕ ਨੂੰ ਗ੍ਰਿਫਤਾਰ ਕੀਤਾ ਸੀ। ਇਸ ਤੋਂ ਬਾਅਦ ਜਦੋਂ ਈ. ਡੀ. ਇਸੇ ਸਾਲ 5 ਜਨਵਰੀ ਨੂੰ ਸ਼ਾਹਜਹਾਂ ਸ਼ੇਖ ਦੇ ਟਿਕਾਣਿਆਂ ’ਤੇ ਛਾਪੇ ਮਾਰਨ ਪਹੁੰਚੀ ਤਾਂ ਉਸ ਦੇ ਹਮਾਇਤੀਆਂ ਨੇ ਜਾਂਚ ਟੀਮ ’ਤੇ ਜਾਨਲੇਵਾ ਹਮਲਾ ਕਰ ਦਿੱਤਾ।
ਉਸ ਤੋਂ ਲਗਭਗ ਇਕ ਮਹੀਨੇ ਬਾਅਦ 8 ਫਰਵਰੀ ਨੂੰ ਸਥਾਨਕ ਔਰਤਾਂ ਨੇ ਸ਼ੇਖ ਅਤੇ ਉਸ ਦੇ ਗੁਰਗਿਆਂ ਵਿਰੁੱਧ ਮੋਰਚਾ ਖੋਲ੍ਹ ਦਿੱਤਾ। ਸੰਦੇਸ਼ਖਾਲੀ ’ਚ ਪੀੜਤ ਔਰਤਾਂ ਨੇ ਜੋ ਹੱਡਬੀਤੀ ਮੀਡੀਆ ਵਾਲਿਆਂ ਨੂੰ ਦੱਸੀ, ਉਸ ਕਾਰਨ ਹਰ ਕੋਈ ਹੈਰਾਨ ਹੈ।
ਸ਼ੇਖ ਦੀ ਦਹਿਸ਼ਤ ਦਾ ਖੁਲਾਸਾ ਪਟਨਾ ਹਾਈਕੋਰਟ ਦੇ ਸੇਵਾਮੁਕਤ ਚੀਫ ਜਸਟਿਸ ਐੱਲ. ਨਰਸਿਮ੍ਹਾ ਰੈੱਡੀ ਦੀ ਅਗਵਾਈ ਹੇਠ ਇਕ ਛੇ ਮੈਂਬਰੀ ਤੱਥ ਲੱਭੋ ਟੀਮ ਨੇ ਵੀ ਕੀਤਾ ਹੈ। ਇਸੇ ਟੀਮ ਦੀ ਮੈਂਬਰ ਭਾਵਨਾ ਬਜਾਜ ਦਾ ਦੋਸ਼ ਹੈ ਕਿ ਸੂਬਾ ਸਰਕਾਰ ਅਤੇ ਪੁਲਸ ਵਲੋਂ ਪੂਰੀ ਘਟਨਾ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਾਨੂੰ 28 ਤੋਂ 70 ਸਾਲ ਦੀ ਉਮਰ ਦੀਆਂ 20 ਔਰਤਾਂ ਮਿਲੀਆਂ। ਇਨ੍ਹਾਂ ’ਚੋਂ 70 ਸਾਲ ਦੀ ਔਰਤ ਆਪਣੀ ਬੇਟੀ ਅਤੇ ਨੂੰਹ ਨੂੰ ਲੈ ਕੇ ਪ੍ਰੇਸ਼ਾਨ ਸੀ।
ਵਧੇਰੇ ਔਰਤਾਂ ਨੇ ਸ਼ਿਬੂ ਹਾਜਰਾ ਦਾ ਨਾਂ ਲਿਆ। ਉਹ ਹਰ ਰੋਜ਼ ਰਾਤ ਨੂੰ ਇਕ ਅੌਰਤ ਨੂੰ ਆਪਣੇ ਕੋਲ ਪਾਰਟੀ ਦਫਤਰ ’ਚ ਰੋਕ ਲੈਂਦਾ ਸੀ। ਉਨ੍ਹਾਂ ਦੇ ਸਰੀਰ ’ਤੇ ਪਏ ਨਿਸ਼ਾਨ ਉਨ੍ਹਾਂ ਦੀ ਹਾਲਤ ਨੂੰ ਦੱਸਦੇ ਸਨ। ਸ਼ਾਹਜਹਾਂ ਸ਼ੇਖ ’ਤੇ ਲੈਫਟ-ਫਾਸਿਸਟ ਦਾ ਮੌਨ ਜਾਂ ਫਿਰ ਉਸ ਨੂੰ ਕਲੀਨ ਚਿੱਟ ਦੇਣ ਦਾ ਯਤਨ ਸਮਝ ’ਚ ਆਉਂਦਾ ਹੈ।
ਅਸਲ ’ਚ ਅਮਰੀਕਾ ਦੇ ‘ਗੁੱਡ ਤਾਲਿਬਾਨ, ਬੈਡ ਤਾਲਿਬਾਨ’ ਵਾਂਗ ਲੈਫਟ-ਫਾਸਿਸਟ ਵੀ ਸੈਕੂਲਰ ਕ੍ਰਾਈਮ, ਕਮਿਊਨਲ ਕ੍ਰਾਈਮ ਦੀ ਮਾਨਸਿਕਤਾ ਤੋਂ ਪੀੜਤ ਹਨ। ਜੇ ਕੋਈ ਗਊ ਰੱਖਿਅਕ ਕਿਸੇ ਗਊ ਹੱਤਿਆ ਕਰਨ ਵਾਲੇ ਨੂੰ ਕੁੱਟ ਦੇਵੇ ਅਤੇ ਉਸ ਦੀ ਮੌਤ ਹੋ ਜਾਏ ਜਿਵੇਂ ਕਿ 2015 ’ਚ ਦਿੱਲੀ ਨੇੜੇ ਦਾਦਰੀ ’ਚ ਅਖਲਾਕ ਨਾਲ ਹੋਇਆ ਸੀ, ਉਦੋਂ ਲੈਫਟ-ਫਾਸਿਸਟ ਨੇ ਉਸ ਨੂੰ ਸਥਾਨਕ ਅਮਨ-ਕਾਨੂੰਨ ਦੀ ਸਥਿਤੀ ਦੀ ਬਜਾਏ ਕੌਮਾਂਤਰੀ ਪੱਧਰ ਦਾ ਫਿਰਕੂ ਮੁੱਦਾ ਬਣਾ ਲਿਆ ਸੀ।
ਸੰਦੇਸ਼ਖਾਲੀ ’ਚ ਕਈ ਸਾਲਾਂ ਤੋਂ ਸੈਕਸ ਸ਼ੋਸ਼ਣ ਦਾ ਸ਼ਿਕਾਰ ਔਰਤਾਂ ਦੀਆਂ ਚੀਕਾਂ ਨੂੰ ਅਖੌਤੀ ਧਰਮਨਿਰਪੱਖਤਾ ਦੇ ਨਾਂ ’ਤੇ ਅਣਸੁਣਿਆ ਕੀਤਾ ਜਾ ਰਿਹਾ ਹੈ। ਅਜਿਹਾ ਪਹਿਲੀ ਵਾਰ ਨਹੀਂ ਹੋਇਆ, ਇਹ ਗਰੁੱਪ ਐਲਾਨੇ ਅੱਤਵਾਦੀ ਯਾਕੂਬ ਮੇਮਨ ਅਤੇ ਅਫਜ਼ਲ ਗੁਰੂ ਪ੍ਰਤੀ ਵੀ ਆਪਣੀ ਹਮਦਰਦੀ ਜਤਾਉਂਦੇ ਰਹੇ ਹਨ।
ਪੱਛਮੀ ਬੰਗਾਲ ਦੇ ਤਾਜ਼ਾ ਕਾਂਡ ’ਚ ਸ਼ਾਹਜਹਾਂ ਗ੍ਰਿਫਤਾਰ ਉਦੋਂ ਹੋਇਆ ਜਦੋਂ ਕਲਕੱਤਾ ਹਾਈਕੋਰਟ ਨੇ ਮਾਮਲੇ ਦਾ ਖੁਦ ਨੋਟਿਸ ਲੈ ਕੇ ਸੂਬੇ ਦੀ ਮਮਤਾ ਸਰਕਾਰ ਦੀ ਢਿੱਲ-ਮੱਠ ’ਤੇ ਭੜਕ ਕੇ ਗ੍ਰਿਫਤਾਰੀ ਦੇ ਹੁਕਮ ਦਿੱਤੇ। ਜ਼ਮੀਨ ’ਤੇ ਕਬਜ਼ਾ ਕਰਨ, ਔਰਤਾਂ ਦੇ ਸੈਕਸ ਸ਼ੋਸ਼ਣ ਸਮੇਤ ਕਈ ਮਾਮਲਿਆਂ ’ਚ ਨਾਂ ਹੋਣ ਅਤੇ ਈ. ਡੀ. ਦੀ ਜਾਂਚ ਟੀਮ ’ਤੇ ਹਮਲੇ ਦਾ ਮੁਲਜ਼ਮ ਹੋਣ ਪਿੱਛੋਂ ਵੀ ਸ਼ੇਖ ਕਈ ਦਿਨਾਂ ਤੱਕ ਇਸ ਲਈ ਗ੍ਰਿਫਤਾਰ ਨਹੀਂ ਹੋ ਸਕਿਆ ਕਿਉਂਕਿ ਉਸ ਨੂੰ ਸੱਤਾਧਾਰੀ ਤ੍ਰਿਣਮੂਲ ਕਾਂਗਰਸ ਦੀ ਸਰਪ੍ਰਸਤੀ ਹਾਸਲ ਸੀ।
ਕੀ ਸੱਭਿਅਕ ਸਮਾਜ ਸੰਦੇਸ਼ਖਾਲੀ ਦੇ ਘਟਨਾਚੱਕਰ ਨੂੰ ਪ੍ਰਵਾਨ ਕਰੇਗਾ? ਕੀ ਇਕ ਅਪਰਾਧੀ ਨੂੰ ਸਿਰਫ ਅਪਰਾਧੀ ਵਜੋਂ ਨਹੀਂ ਵੇਖਣਾ ਚਾਹੀਦਾ, ਭਾਵੇਂ ਉਸ ਦੀ ਸਿਆਸੀ ਵਿਚਾਰਕ ਪਛਾਣ ਕੁਝ ਵੀ ਹੋਵੇ?
ਬਲਬੀਰ ਪੁੰਜ
ਖਾਣ ਲਈ ਰੋਟੀ ਨਹੀਂ ਪਰ ਕਸ਼ਮੀਰ ਨੂੰ ਹਾਸਲ ਕਰਨਾ ਚਾਹੁੰਦਾ ਹੈ ਪਾਕਿ
NEXT STORY