ਇਸ ਸਮੇਂ ਭਾਰਤ ਆਪਣੇ ਕਈ ਅਜਿਹੇ ਗੁਆਂਢੀ ਦੇਸ਼ਾਂ ਨਾਲ ਘਿਰਿਆ ਹੋਇਆ ਹੈ ਜਿਨ੍ਹਾਂ ਦੇ ਨਾਲ ਭਾਰਤ ਦੇ ਸਬੰਧ ਆਮ ਨਹੀਂ ਹਨ ਜਾਂ ਠੰਢੇ ਹਨ। ਅਜਿਹੇ ਹੀ ਦੇਸ਼ਾਂ ’ਚ ਨੇਪਾਲ, ਬੰਗਲਾਦੇਸ਼ ਅਤੇ ਸ਼੍ਰੀਲੰਕਾ ਸ਼ਾਮਲ ਹਨ।
ਜਿਥੇ ਨੇਪਾਲ ’ਚ ਪ੍ਰਧਾਨ ਮੰਤਰੀ ਪੁਸ਼ਪ ਕਮਲ ਦਹਿਲ ਪ੍ਰਚੰਡ ਦੇ ਅਸਤੀਫੇ ਮਗਰੋਂ ਚੌਥੀ ਵਾਰ ਸੱਤਾਧਾਰੀ ਹੋਏ ਕੇ. ਪੀ. ਸ਼ਰਮਾ ਓਲੀ ਦੇ ਪਿਛਲੇ ਕਾਰਜਕਾਲਾਂ ਦੇ ਸਮੇਂ ਤੋਂ ਹੀ ਭਾਰਤ ਅਤੇ ਨੇਪਾਲ ਦੇ ਰਿਸ਼ਤੇ ਤਣਾਅਪੂਰਨ ਬਣੇ ਰਹੇ ਹਨ, ਉਥੇ ਹੀ ਬੰਗਲਾਦੇਸ਼ ’ਚ ਅਵਾਮੀ ਲੀਗ ਦੀ ਨੇਤਾ ਅਤੇ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੀ ਸਰਕਾਰ ਡਿੱਗਣ ਅਤੇ ਉਥੇ ਯੂਨੁਸ ਦੀ ਅਗਵਾਈ ’ਚ ਬਣੀ ਅੰਤ੍ਰਿਮ ਸਰਕਾਰ ਨਾਲ ਵੀ ਭਾਰਤ ਦੇ ਰਿਸ਼ਤੇ ਆਮ ਤੋਂ ਦੂਰ ਹਨ। ਕੋਲੰਬੋ ਦੇ ਨਾਲ ਵੀ ਭਾਰਤ ਦੇ ਰਿਸ਼ਤਿਆਂ ’ਚ ਦੂਰੀ ਬਣੀ ਹੋਈ ਹੈ।
ਇਸ ਤਰ੍ਹਾਂ ਦੇ ਪਿਛੋਕੜ ’ਚ ਭਾਰਤ ਸਰਕਾਰ ਨੇ ਨੇਪਾਲ ਵੱਲੋਂ ਬੰਗਲਾਦੇਸ਼ ਨੂੰ ਬਿਜਲੀ ਪਹੁੰਚਾਉਣ ਲਈ ਮਦਦ ਦਾ ਇਤਿਹਾਸਕ ਸਮਝੌਤਾ ਕੀਤਾ ਹੈ। ਤਿੰਨ ਦੇਸ਼ਾਂ ’ਚ ਪਹਿਲੀ ਵਾਰ ਅਜਿਹਾ ਹੋ ਰਿਹਾ ਹੈ ਜਦੋਂ ਭਾਰੀ ਬਿਜਲੀ ਸੰਕਟ ਨਾਲ ਜੂਝ ਰਹੇ ਬੰਗਲਾਦੇਸ਼ ਨੂੰ ਭਾਰਤ ਦੇ ‘ਟ੍ਰਾਂਸਮਿਸ਼ਨ ਲਾਈਨ’ (ਗਰਿੱਡ) ਰਾਹੀਂ ਨੇਪਾਲ ਤੋਂ ਬਿਜਲੀ ਭੇਜੀ ਜਾਵੇਗੀ।
ਇਸ ਨਾਲ ਇਸ ਖੇਤਰ ’ਚ ‘ਊਰਜਾ ਸਹਿਯੋਗ’ ਨੂੰ ਵੀ ਹੁਲਾਰਾ ਮਿਲੇਗਾ। ਇਸ ਸਮਝੌਤੇ ਦੇ ਅਧੀਨ 15 ਨਵੰਬਰ ਨੂੰ ਇਕ ਦਿਨ ਲਈ ਬੰਗਲਾਦੇਸ਼ ਨੂੰ 40 ਮੈਗਾਵਾਟ ਬਿਜਲੀ ਬਰਾਮਦ ਕੀਤੀ ਗਈ ਅਤੇ ਹੁਣ ਜੂਨ 2025 ਤੋਂ ਨੇਪਾਲ-ਬੰਗਲਾਦੇਸ਼ ਨੂੰ ਮੁੜ ਤੋਂ ਬਿਜਲੀ ਬਰਾਮਦ ਕਰੇਗਾ।
ਭਾਰਤ ਸਰਕਾਰ ਦਾ ਕਹਿਣਾ ਹੈ ਕਿ ਨੇਪਾਲ ਤੋਂ ਬੰਗਲਾਦੇਸ਼ ਨੂੰ 40 ਮੈਗਾਵਾਟ ਦੀ ਸਪਲਾਈ ਕਰਨੀ ਇਕ ਮਜ਼ਬੂਤ ‘ਦੱਖਣੀ ਏਸ਼ੀਆਈ ਬਿਜਲੀ ਗਰਿੱਡ’ ਬਣਾਉਣ ਦੀ ਦਿਸ਼ਾ ’ਚ ਇਕ ਮਹੱਤਵਪੂਰਨ ਕਦਮ ਹੈ।
ਇਹ ਬਿਜਲੀ ਭਾਰਤ ਦੀ 400 ਕੇ. ਵੀ. ਮੁਜ਼ੱਫਰਪੁਰ-ਬਹਿਰਾਮਪੁਰ-ਭੇਰਾਮਾਰਾ ਟ੍ਰਾਂਸਮਿਸ਼ਨ ਲਾਈਨ ਰਾਹੀਂ ਬੰਗਲਾਦੇਸ਼ ਤਕ ਪਹੁੰਚੇਗੀ। ‘ਨੇਪਾਲ ਇਲੈਕਟ੍ਰੀਸਿਟੀ ਅਥਾਰਿਟੀ’ (ਐੱਨ. ਈ. ਏ) ਦੇ ਬੁਲਾਰੇ ਅਨੁਸਾਰ, ‘‘5 ਸਾਲ ਦਾ ਬਿਜਲੀ ਬਰਾਮਦ ਸਮਝੌਤਾ ਸਹਿਮਤੀ ਅਰਸੇ ਦੌਰਾਨ ਬਿਨਾਂ ਕਿਸੇ ਰੁਕਾਵਟ ਦੇ ਬੰਗਲਾਦੇਸ਼ ਨੂੰ ਬਿਜਲੀ ਦੇਣ ’ਚ ਨੇਪਾਲ ਨੂੰ ਸਮਰੱਥ ਬਣਾਉਂਦਾ ਹੈ।’’
ਜਿਥੋਂ ਤਕ ਸ਼੍ਰੀਲੰਕਾ ਦਾ ਸਬੰਧ ਹੈ, ਸ਼੍ਰੀਲੰਕਾ ਦੀਆਂ ਸੰਸਦੀ ਚੋਣਾਂ ’ਚ ‘ਅਨੁਰਾ ਕੁਮਾਰਾ ਦਿਸਾਨਾਇਕੇ’ ਦੀ ਪਾਰਟੀ ‘ਨੈਸ਼ਨਲ ਪੀਪੁਲਸ ਪਾਵਰ’ (ਐੱਨ. ਪੀ. ਪੀ.) ਨੇ ਸੰਸਦੀ ਚੋਣਾਂ ’ਚ ਜਿੱਤ ਦਰਜ ਕਰਦੇ ਹੋਏ ਸੰਸਦ ’ਚ ਦੋ ਤਿਹਾਈ ਬਹੁਮਤ ਹਾਸਲ ਕਰ ਲਿਆ ਹੈ ਅਤੇ ਇਹ ਪਹਿਲਾ ਮੌਕਾ ਹੈ ਜਦੋਂ 1948 ’ਚ ਬ੍ਰਿਟੇਨ ਤੋਂ ਆਜ਼ਾਦੀ ਤੋਂ ਬਾਅਦ ਐੱਨ. ਪੀ. ਪੀ. ਨੇ ਤਾਮਿਲ ਬਹੁ-ਗਿਣਤੀ ਵਾਲੇ ਜਾਫਨਾ ਜ਼ਿਲੇ ’ਚ ਸਭ ਤੋਂ ਵੱਧ ਵੋਟਾਂ ਹਾਸਲ ਕੀਤੀਆਂ ਹਨ।
ਚੋਣ ਨਤੀਜਿਆਂ ਦੇ ਐਲਾਨ ਦੇ ਤੁਰੰਤ ਬਾਅਦ ‘ਅਨੁਰਾ ਕੁਮਾਰਾ ਦਿਸਾਨਾਇਕੇ’ ਨੇ ਭਾਰਤ ਦੇ ਨਾਲ ਮਜ਼ਬੂਤ ਸਬੰਧ ਬਣਾਉਣ ਦੀ ਗੱਲ ਕਹੀ ਹੈ ਅਤੇ ਕੋਲੰਬੋ ਸਥਿਤ ਭਾਰਤੀ ਹਾਈ ਕਮਿਸ਼ਨਰ ਸੰਤੋਸ਼ ਝਾਅ ਨਾਲ ਮੁਲਾਕਾਤ ਕਰ ਕੇ ਸ਼੍ਰੀਲੰਕਾ ਦੀ ਅਰਥਵਿਵਸਥਾ ਨੂੰ ਪੱਟੜੀ ’ਤੇ ਲਿਆਉਣ ਲਈ ਭਾਰਤ ਦਾ ਸਹਿਯੋਗ ਮੰਗਿਆ। ਸ਼੍ਰੀਲੰਕਾ ਦੇ ਨਵੇਂ ਰਾਸ਼ਟਰਪਤੀ ਦੇ ਇਸ ਦਾਅ ਨਾਲ ਚੀਨ ਨੂੰ ਝਟਕਾ ਲੱਗਾ ਹੈ ਕਿਉਂਕਿ ਚੀਨ ਦੀਆਂ ਨਜ਼ਰਾਂ ਲਗਾਤਾਰ ਸ਼੍ਰੀਲੰਕਾ ’ਤੇ ਟਿਕੀਆਂ ਹੋਈਆਂ ਹਨ।
‘ਅਨੁਰਾ ਕੁਮਾਰਾ ਦਿਸਾਨਾਇਕੇ’ ਦੇ ਉਕਤ ਕਥਨ ਨਾਲ ਦੇਸ਼ ’ਚ ਆਰਥਿਕ ਸੁਧਾਰਾਂ ਅਤੇ ਭਾਰਤ ਦੇ ਨਾਲ ਮਜ਼ਬੂਤ ਭਾਈਵਾਲੀ ਬਣਾਉਣ ਦੇ ਉਨ੍ਹਾਂ ਦੇ ਏਜੰਡੇ ਨੂੰ ਮਜ਼ਬੂਤੀ ਮਿਲੀ ਹੈ। ਸ਼੍ਰੀਲੰਕਾ ਦੀ ਅਰਥਵਿਵਸਥਾ ਨੂੰ ਪੱਟੜੀ ’ਤੇ ਲਿਆਉਣ ਲਈ ਭਾਰਤ ਦਾ ਸਹਿਯੋਗ ਬੜਾ ਹੀ ਮਹੱਤਵਪੂਰਨ ਹੈ। ਸੈਰ-ਸਪਾਟੇ ਤੋਂ ਲੈ ਕੇ ਬੈਂਕਿੰਗ ਖੇਤਰ ਤਕ ਭਾਰਤ ਦੀ ਸਹਾਇਤਾ ਸ਼੍ਰੀਲੰਕਾ ਲਈ ਬੜੀ ਮਹੱਤਵਪੂਰਨ ਹੈ। 2022 ਤੋਂ ਹੀ ਭਾਰਤ ਵੱਲੋਂ ਸ਼੍ਰੀਲੰਕਾ ਨੂੰ ਆਰਥਿਕ ਸਹਾਇਤਾ ਉਸ ਦੇ ਸੰਕਟਾਂ ਤੋਂ ਦੂਰ ਕਰਨ ਵਾਲੀ ਰਹੀ ਹੈ।
ਇਥੇ ਦਿੱਤੇ ਗਏ ਦੋਵਾਂ ਹੀ ਹਾਂਪੱਖੀ ਘਟਨਾਕ੍ਰਮਾਂ ਨਾਲ ਬੰਗਲਾਦੇਸ਼, ਸ਼੍ਰੀਲੰਕਾ ਅਤੇ ਨੇਪਾਲ ਦੇ ਨਾਲ ਸਾਡੇ ਠੰਢੇ ਪਏ ਰਿਸ਼ਤਿਆਂ ’ਚ ਗਰਮਾਹਟ ਪੈਦਾ ਹੋਣ ਦੀ ਆਸ ਬੱਝੀ ਹੈ। ਇੰਝ ਲੱਗਦਾ ਹੈ ਕਿ ਚਾਰੋਂ ਦੇਸ਼ ਇਕ ਵਾਰ ਫਿਰ ਆਪਣੇ ਰਿਸ਼ਤਿਆਂ ਨੂੰ ਪਹਿਲਾਂ ਵਾਂਗ ਸਜੀਵ ਕਰਨ ਦੀ ਦਿਸ਼ਾ ’ਚ ਚੱਲ ਪਏ ਹਨ।
ਇਹ ਘਟਨਾਕ੍ਰਮ ਇਸ ਲਈ ਵੀ ਅਹਿਮ ਹੈ ਕਿਉਂਕਿ ਬੰਗਲਾਦੇਸ਼ ਤੋਂ ਸ਼ੇਖ ਹਸੀਨਾ ਦੇ ਕੱਢੇ ਜਾਣ ਅਤੇ ਉਨ੍ਹਾਂ ਦੇ ਭਾਰਤ ’ਚ ਪਨਾਹ ਲੈਣ ਤੋਂ ਬਾਅਦ ਹੀ ਬੰਗਲਾਦੇਸ਼ ਦੇ ਨਾਲ ਵੀ ਭਾਰਤ ਦੇ ਸਬੰਧਾਂ ’ਚ ਭਾਰੀ ਤਣਾਅ ਆ ਗਿਆ ਹੈ। ਉਥੇ ਹਿੰਦੂਆਂ ’ਤੇ ਵੱਡੀ ਗਿਣਤੀ ’ਚ ਹਮਲੇ ਜਾਰੀ ਹਨ ਜਿਸ ਦੇ ਵਿਰੁੱਧ ਬੰਗਲਾਦੇਸ਼ ’ਚ ਹੀ ਨਹੀਂ ਸਗੋਂ ਵਿਸ਼ਵ ਦੇ ਹੋਰਨਾਂ ਦੇਸ਼ਾਂ ’ਚ ਰੋਸ ਵਿਖਾਵੇ ਵੀ ਹੋ ਰਹੇ ਹਨ।
ਇਹ ਵੀ ਵਿਚਾਰਨਯੋਗ ਹੈ ਕਿ ਚੀਨ ਦੀ ਭਰਪੂਰ ਕੋਸ਼ਿਸ਼ ਕਿ ਭਾਰਤ ਨਾਲ ਇਹ ਤਿੰਨ ਦੇਸ਼ ਨਾ ਚੱਲ ਸਕਣ, ਦੇ ਬਾਵਜੂਦ ਅਜਿਹਾ ਛੋਟਾ ਜਿਹਾ ਕਦਮ ਫਿਰ ਵੀ ਸੰਭਵ ਹੋ ਸਕਿਆ ਹੈ।
ਨੇਪਾਲ ਦੇ ਨਾਲ ਵੀ ਸਾਡੇ ਸਬੰਧ ਖਰਾਬ ਹੀ ਚੱਲ ਰਹੇ ਸਨ ਜਿਸ ’ਚ ਨੇਪਾਲੀ ਭਾਈਚਾਰੇ ਦੇ ਲੋਕਾਂ ਦੀ ਭਾਰਤੀ ਫੌਜ ’ਚ ਭਰਤੀ ’ਤੇ ਰੋਕ ਦਾ ਵੀ ਵੱਡਾ ਯੋਗਦਾਨ ਰਿਹਾ ਪਰ ਹੁਣ ਬਿਹਤਰੀ ਦੀ ਦਿਸ਼ਾ ’ਚ ਬਦਲਾਅ ਆਉਂਦਾ ਦਿਖਾਈ ਦੇ ਰਿਹਾ ਹੈ। ਬੇਸ਼ੱਕ ਹੀ ਇਹ ਛੋਟੇ-ਛੋਟੇ ਕਦਮ ਹਨ ਪਰ ਛੋਟੇ-ਛੋਟੇ ਕਦਮਾਂ ਨਾਲ ਹੀ ਲੰਬੀ ਮੰਜ਼ਿਲ ਤੈਅ ਕੀਤੀ ਜਾਂਦੀ ਹੈ।
-ਵਿਜੇ ਕੁਮਾਰ
ਮਹਾਰਾਸ਼ਟਰ ਦੀ ਅਰਥਵਿਵਸਥਾ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ
NEXT STORY