ਚਾਈਨੀਜ਼ ਡੋਰ ਦੀ ਵਿਕਰੀ ਨਾਜਾਇਜ਼ ਹੋਣ ਦੇ ਬਾਵਜੂਦ ਹਰ ਗਲੀ-ਮੁਹੱਲੇ ਵਿਚ ਇਸਦੀ ਵਿਕਰੀ ਹੋ ਰਹੀ ਹੈ। ਚਾਈਨੀਜ਼ ਡੋਰ ’ਤੇ ਚਾਈਨੀਜ਼ ਮਾਂਝਾ ਹੀ ਲਗਾਇਆ ਜਾਂਦਾ ਹੈ। ਇਸ ਨੂੰ ਪਲਾਸਟਿਕ ਦਾ ਮਾਂਝਾ ਵੀ ਕਹਿੰਦੇ ਹਨ, ਇਸ ਵਿਚ ਐਲੂਮੀਨੀਅਮ ਐਕਸਾਈਡ ਅਤੇ ਲੇਡ ਮਿਲਾਇਆ ਜਾਂਦਾ ਹੈ। ਇਸ ਦੇ ਬਾਅਦ ਇਸ ਮਾਂਝੇ ’ਚ ਕੱਚ ਜਾਂ ਫਿਰ ਲੋਹੇ ਦੇ ਚੂਰੇ ਨਾਲ ਧਾਰ ਵੀ ਲਗਾਈ ਜਾਂਦੀ ਹੈ। ਇਸ ਦੇ ਕਾਰਨ ਇਹ ਕਾਫੀ ਜ਼ਿਆਦਾ ਖਤਰਨਾਕ ਹੋ ਜਾਂਦਾ ਹੈ।
ਪਤੰਗਬਾਜ਼ੀ ਦੇ ਸ਼ੌਕੀਨ ਲੋਕ ਵੱਧ ਤੋਂ ਵੱਧ ਪਤੰਗਾਂ ਕੱਟਣ ਦੇ ਚੱਕਰ ਵਿਚ ਚਾਈਨੀਜ਼ ਡੋਰ ਦੀ ਵਰਤੋਂ ਕਰਦੇ ਹਨ ਪਰ ਇਸਦੀ ਲਪੇਟ ਵਿਚ ਆਉਣ ਦੇ ਕਾਰਨ ਗਲਾ ਕੱਟ ਜਾਣ ਦੇ ਨਤੀਜੇ ਵਜੋਂ ਮੌਤਾਂ ਵੀ ਹੋ ਰਹੀਆਂ ਹਨ। ਚਾਈਨੀਜ਼ ਡੋਰ ਦੇ ਨਤੀਜੇ ਵਜੋਂ ਪਿਛਲੇ 20 ਦਿਨਾਂ ’ਚ ਹੋਈਆਂ ਕੁਝ ਦਰਦਨਾਕ ਘਟਨਾਵਾਂ ਹੇਠਾਂ ਦਰਜ ਹਨ :
* 3 ਜਨਵਰੀ ਨੂੰ ਹਰਿਦੁਆਰ (ਉੱਤਰਾਖੰਡ) ’ਚ ਇਕ ਕਾਰਪੈਂਟਰ ਦੇ ਗਲੇ ਵਿਚ ਚਾਈਨੀਜ਼ ਡੋਰ ਲਿਪਟ ਜਾਣ ਨਾਲ ਉਹ ਗੰਭੀਰ ਤੌਰ ’ਤੇ ਜ਼ਖ਼ਮੀ ਹੋ ਗਿਆ ਅਤੇ ਕੁਝ ਹੀ ਘੰਟਿਆਂ ਵਿਚ ਉਸਦੀ ਜਾਨ ਚਲੀ ਗਈ।
* 7 ਜਨਵਰੀ ਨੂੰ ਮੇਰਠ ਵਿਚ ਇਕ ਮੋਟਰਸਾਈਕਲ ਸਵਾਰ 2 ਰੁੱਖਾਂ ਦੇ ਨਾਲ ਲਟਕ ਰਹੀ ਚਾਈਨੀਜ਼ ਡੋਰ ਦੀ ਲਪੇਟ ਵਿਚ ਆ ਕੇ ਜਾਨ ਤੋਂ ਹੱਥ ਧੋ ਬੈਠਾ।
* 12 ਜਨਵਰੀ ਨੂੰ ਸੀਕਰ (ਰਾਜਸਥਾਨ) ਵਿਚ ਪਤੰਗ ਲੁੱਟਦੇ ਸਮੇਂ ਬਿਜਲੀ ਦੀ ਤਾਰ ਨਾਲ ਲਟਕੀ ਚਾਈਨੀਜ਼ ਡੋਰ ਨੂੰ ਛੂਹਣ ਨਾਲ ਇਕ 15 ਸਾਲਾ ਬੱਚੇ ਦੀ ਕਰੰਟ ਦਾ ਜ਼ੋਰਦਾਰ ਝਟਕਾ ਲੱਗਣ ਨਾਲ ਘਟਨਾ ਵਾਲੀ ਥਾਂ ’ਤੇ ਹੀ ਮੌਤ ਹੋ ਗਈ।
* 12 ਜਨਵਰੀ ਨੂੰ ਹੀ ਸ਼ਾਹਜਹਾਂਪੁਰ (ਉੱਤਰ ਪ੍ਰਦੇਸ਼) ਵਿਚ ਮੋਟਰਸਾਈਕਲ ’ਤੇ ਜਾ ਰਹੇ ਇਕ ਪੁਲਸ ਕਾਂਸਟੇਬਲ ਦਾ ਗਲਾ ਚਾਈਨੀਜ਼ ਡੋਰ ਵਿਚ ਫਸ ਜਾਣ ਦੇ ਨਤੀਜੇ ਵਜੋਂ ਕੱਟਣ ਨਾਲ ਘਟਨਾ ਵਾਲੀ ਥਾਂ ’ਤੇ ਹੀ ਉਸਦੀ ਮੌਤ ਹੋ ਗਈ।
* 13 ਜਨਵਰੀ ਨੂੰ ਅਜਨਾਲਾ ਦੇ ‘ਭਲਾ’ ਪਿੰਡ ਵਿਚ ਸੜਕ ’ਤੇ ਲੰਘ ਰਹੇ ਮੋਟਰਸਾਈਕਲ ਸਵਾਰ ਨੌਜਵਾਨ ਦਾ ਗਲਾ ਚਾਈਨੀਜ਼ ਡੋਰ ਨਾਲ ਬੁਰੀ ਤਰ੍ਹਾਂ ਕੱਟ ਜਾਣ ਦੇ ਨਤੀਜੇ ਵਜੋਂ ਉਸ ਦੀ ਮੌਤ ਹੋ ਗਈ।
* 14 ਜਨਵਰੀ ਨੂੰ ਤਰਨਤਾਰਨ (ਪੰਜਾਬ) ਕਸਬੇ ਵਿਚ ਇਕ ਬੱਚੇ ਦੀ ਪਤੰਗ ਬਿਜਲੀ ਦੀਆਂ ਤਾਰਾਂ ਵਿਚ ਫਸ ਗਈ, ਜਿਸ ਨਾਲ ਉਸ ਨੂੰ ਜ਼ੋਰਦਾਰ ਕਰੰਟ ਲੱਗਾ ਅਤੇ ਬੇਹੋਸ਼ ਹੋ ਕੇ ਡਿੱਗਣ ਨਾਲ ਉਸਦੀ ਮੌਤ ਹੋ ਗਈ।
* 14 ਜਨਵਰੀ ਨੂੰ ਹੀ ਗੁਜਰਾਤ ਉਤਰਾਇਣ ਉਤਸਵ ਵਿਚ ਪਤੰਗਬਾਜ਼ੀ ਦੇ ਦੌਰਾਨ ਚਾਈਨੀਜ਼ ਡੋਰ ਨਾਲ ਗਲਾ ਕੱਟਣ ਨਾਲ ਇਕ 4 ਸਾਲਾ ਬੱਚੇ ਸਮੇਤ 4 ਵਿਅਕਤੀਆਂ ਦੀ ਜਾਨ ਚਲੀ ਗਈ ਅਤੇ ਸੂਬੇ ਵਿਚ ਹੋਰਨਾਂ ਥਾਵਾਂ ’ਤੇ ਕਈ ਵਿਅਕਤੀ ਜ਼ਖ਼ਮੀ ਹੋ ਗਏ।
* 15 ਜਨਵਰੀ ਨੂੰ ਬਾਗ (ਮੱਧ ਪ੍ਰਦੇਸ਼) ਵਿਚ ਨਦੀ ਵਿਚ ਇਸ਼ਨਾਨ ਕਰ ਕੇ ਮੋਟਰਸਾਈਕਲ ’ਤੇ ਘਰ ਪਰਤ ਰਿਹਾ ਇਕ ਨੌਜਵਾਨ ਚਾਈਨੀਜ਼ ਡੋਰ ਦੀ ਲਪੇਟ ਵਿਚ ਆ ਗਿਆ, ਜਿਸ ਨਾਲ ਉਸਦਾ ਗਲਾ ਅਤੇ ਹੱਥ ਬੁਰੀ ਤਰ੍ਹਾਂ ਵੱਢੇ ਗਏ।
* 20 ਜਨਵਰੀ ਨੂੰ ਰਾਏਪੁਰ (ਛੱਤੀਸਗੜ੍ਹ) ਵਿਚ ਇਕ 7 ਸਾਲਾ ਮਾਸੂਮ ਜਦੋਂ ਆਪਣੇ ਪਿਤਾ ਦੇ ਨਾਲ ਮੋਟਰਸਾਈਕਲ ’ਤੇ ਘਰ ਆ ਰਿਹਾ ਸੀ ਤਾਂ ਅਾਕਾਸ਼ ਵਿਚ ਉੱਡਦੀ ਚਾਈਨੀਜ਼ ਡੋਰ ਨਾਲ ਗਲਾ ਕੱਟ ਜਾਣ ਕਾਰਨ ਉਸ ਦੀ ਜਾਨ ਚਲੀ ਗਈ।
ਚਾਈਨੀਜ਼ ਡੋਰ ਦੀਆਂ ਇਨ੍ਹਾਂ ਹੀ ਹਾਨੀਆਂ ਨੂੰ ਦੇਖਦੇ ਹੋਏ ਪਾਕਿਸਤਾਨ ਦੇ ਪੰਜਾਬ ਸੂਬੇ ਦੀ ਸਰਕਾਰ ਨੇ ਪਤੰਗ ਉਡਾਉਣ ’ਤੇ ਮੁਕੰਮਲ ਪਾਬੰਦੀ ਲਗਾਉਣ ਦੇ ਨਾਲ ਸਖ਼ਤ ਸਜ਼ਾ ਦੀ ਵਿਵਸਥਾ ਕਰ ਦਿੱਤੀ ਹੈ।
ਪਤੰਗ ਉਡਾਉਂਦੇ ਹੋਏ ਫੜੇ ਜਾਣ ’ਤੇ ਵਿਅਕਤੀ ਨੂੰ 3 ਤੋਂ 5 ਸਾਲ ਦੀ ਕੈਦ ਜਾਂ 20 ਲੱਖ ਰੁਪਏ ਦਾ ਜੁਰਮਾਨਾ ਜਾਂ ਦੋਵੇਂ ਸ਼ਾਮਲ ਹਨ। ਜੁਰਮਾਨਾ ਅਦਾ ਨਾ ਕਰਨ ’ਤੇ ਇਕ ਸਾਲ ਦੀ ਵਾਧੂ ਕੈਦ ਹੋ ਸਕਦੀ ਹੈ। ਪਤੰਗ ਨਿਰਮਾਤਾਵਾਂ ਅਤੇ ਟਰਾਂਸਪੋਰਟਰਾਂ ਨੂੰ ਹੋਰ ਵੀ ਸਖ਼ਤ ਸਜ਼ਾ ਦਾ ਸਾਹਮਣਾ ਕਰਨਾ ਪਵੇਗਾ, ਜਿਸ ਵਿਚ 5 ਤੋਂ 7 ਸਾਲ ਦੀ ਜੇਲ ਜਾਂ 50 ਲੱਖ ਰੁਪਏ ਦਾ ਜੁਰਮਾਨਾ ਜਾਂ ਦੋਵੇਂ ਸ਼ਾਮਲ ਹਨ।
ਹਾਲਾਂਕਿ ਭਾਰਤ ਵਿਚ ਚਾਈਨੀਜ਼ ਡੋਰ ਦੀ ਵਿਕਰੀ ਅਤੇ ਵਰਤੋਂ ਕਾਨੂੰਨ ਦੇ ਅਧੀਨ ਪਾਬੰਦੀਸ਼ੁਦਾ ਹੈ ਅਤੇ ਇਸ ਦੀ ਵਰਤੋਂ ’ਤੇ 5 ਸਾਲ ਤਕ ਦੀ ਕੈਦ ਅਤੇ ਇਕ ਲੱਖ ਰੁਪਏ ਤਕ ਜੁਰਮਾਨੇ ਦੀ ਵਿਵਸਥਾ ਦੇ ਬਾਵਜੂਦ ਇਸ ਦੀ ਵਰਤੋਂ ਜਾਰੀ ਹੈ।
ਇਸ ਲਈ ਪਾਕਿਸਤਾਨ ਦੇ ਵਾਂਗ ਹੀ ਭਾਰਤ ਵਿਚ ਵੀ ਚਾਈਨੀਜ਼ ਡੋਰ ਦੇ ਭੰਡਾਰਨ, ਵਿਕਰੀ ਅਤੇ ਵਰਤੋਂ ’ਤੇ ਸਖ਼ਤ ਤੋਂ ਸਖ਼ਤ ਪਾਬੰਦੀ ਲਾਗੂ ਕੀਤੀ ਜਾਣੀ ਚਾਹੀਦੀ ਹੈ ਕਿਉਂਕਿ ਇਸ ਦੀ ਵਰਤੋਂ ਸਿਰਫ ਇਨਸਾਨਾਂ ਦੇ ਲਈ ਹੀ ਨਹੀਂ, ਸਗੋਂ ਪੰਛੀਆਂ ਲਈ ਵੀ ਜਾਨਲੇਵਾ ਸਿੱਧ ਹੋ ਰਹੀ ਹੈ।
-ਵਿਜੇ ਕੁਮਾਰ
ਸੋਸ਼ਲ ਮੀਡੀਆ ਦਾ ਹੋਰ ਵੱਧ ਧਰੁਵੀਕਰਨ ਹੋ ਜਾਵੇਗਾ
NEXT STORY