ਅੱਤਵਾਦ ਦਾ ਪਰਛਾਵਾਂ ਭਾਰਤ ਵਰਗੇ ਲੋਕਤੰਤਰੀ ਦੇਸ਼ਾਂ ’ਤੇ ਮੰਡਰਾਉਂਦਾ ਰਹਿੰਦਾ ਹੈ। ਸਮੱਸਿਆ ਅੱਤਵਾਦ ਦੀ ਕਿਸਮ ਅਤੇ ਆਯਾਮ ਦੀ ਸਮਝ ਦੀ ਘਾਟ ਨਹੀਂ ਹੈ ਸਗੋਂ ਅੱਤਵਾਦ ਨਾਲ ਅਸਰਦਾਇਕ ਢੰਗ ਨਾਲ ਨਜਿੱਠਣ ਲਈ ਸਹੀ ਜਵਾਬ ਲੱਭਣ ’ਚ ਅਸਫਲਤਾ ਹੈ ਕਿਉਂਕਿ ਇਹ ਘਰੇਲੂ ਧਰਤੀ ’ਤੇ ਚੀਨ ਅਤੇ ਪਾਕਿਸਤਾਨ ਦੀਆਂ ਸਰਹੱਦਾਂ ਦੇ ਪਾਰ ਤੋਂ ਸੰਚਾਲਿਤ ਹੁੰਦਾ ਹੈ।
ਬੇਸ਼ੱਕ ਅੱਤਵਾਦ ਨਾਲ ਲੜਨ ਲਈ ਸੰਯੁਕਤ ਰਾਜ ਅਮਰੀਕਾ ਦਾ ਆਪਣਾ ਏਜੰਡਾ ਹੈ। ਅੱਤਵਾਦ ਨਾਲ ਲੜਨ ’ਤੇ ਭਾਰਤੀ ਵਿਸ਼ਵ ਪੱਧਰੀ ਨਜ਼ਰੀਆ ਅਮਰੀਕੀ ਗਿਣਤੀਆਂ ਅਤੇ ਰਣਨੀਤੀਆਂ ਤੋਂ ਕਾਫੀ ਉਲਟ ਹੈ। ਇਸਲਾਮਾਬਾਦ ਅਤੇ ਬੀਜਿੰਗ ਸਪਾਂਸਰਡ ਅੱਤਵਾਦ ਦੇ ਹੱਥੋਂ ਸਾਲਾਂ ਤੋਂ ਪੀੜਤ ਰਹਿਣ ਦੇ ਬਾਅਦ, ਨਵੀਂ ਦਿੱਲੀ ਦੇ ਨਜ਼ਰੀਏ ਨੇ ਹੁਣ ਤੱਕ ਦੀ ਸਮੱਸਿਆ ਦੀ ਵਿਆਪਕ ਵਿਸ਼ਵ ਪੱਧਰੀ ਸਮਝ ਹਾਸਲ ਕਰ ਲਈ ਹੈ।
ਇਸ ’ਚ ਕੋਈ ਹੈਰਾਨੀ ਨਹੀਂ ਕਿ ਭਾਰਤ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ (ਐੱਨ. ਐੱਸ. ਏ.) ਅਜੀਤ ਡੋਭਾਲ ਨੇ ਕਜ਼ਾਕਿਸਤਾਨ ਦੇ ਅਸਤਾਨਾ ’ਚ ਸ਼ੰਘਾਈ ਸਹਿਯੋਗ ਸੰਗਠਨ (ਐੱਸ. ਸੀ. ਓ.) ਦੀ ਬੈਠਕ ਦੌਰਾਨ ਭਾਰਤ-ਕੇਂਦਰਿਤ ਅੱਤਵਾਦੀ ਸਮੂਹਾਂ ਤੋਂ ਖਤਰੇ ਨਾਲ ਅਸਰਦਾਇਕ ਢੰਗ ਨਾਲ ਲੜਨ ਦੀ ਲੋੜ ’ਤੇ ਜ਼ੋਰ ਦਿੱਤਾ।
ਉਨ੍ਹਾਂ ਨੇ ਅੱਤਵਾਦ ਨਾਲ ਨਜਿੱਠਣ ਲਈ ਸੰਗਠਿਤ ਨਜ਼ਰੀਏ ’ਤੇ ਜ਼ੋਰ ਦਿੱਤਾ ਅਤੇ ਮਾਸਕੋ ’ਚ ਹਾਲ ਹੀ ’ਚ ਹੋਏ ਅੱਤਵਾਦੀ ਹਮਲੇ ਦੀ ਨਿੰਦਾ ਕੀਤੀ ਅਤੇ ਦੋਹਰੇ ਮਾਪਦੰਡਾਂ ਦੇ ਬਿਨਾਂ ਅੱਤਵਾਦ ਨਾਲ ਨਜਿੱਠਣ ’ਚ ਲਗਾਤਾਰਤਾ ਲਈ ਸੁਚੇਤ ਕੀਤਾ।
ਡੋਭਾਲ ਨੇ ਅੱਤਵਾਦ ਵਿਰੁੱਧ ਭਾਰਤ ਦੇ ਸਖਤ ਰੁਖ਼ ਬਾਰੇ ਗੱਲ ਕੀਤੀ ਅਤੇ ਮੌਜੂਦਾ ਖਤਰਿਆਂ ਦੇ ਰੂਪ ’ਚ ਲਸ਼ਕਰ-ਏ-ਤੋਇਬਾ, ਜੈਸ਼-ਏ-ਮੁਹੰਮਦ, ਅਲਕਾਇਦਾ ਅਤੇ ਆਈ. ਐੱਸ. ਆਈ. ਐੱਸ. ਦਾ ਵਰਣਨ ਕੀਤਾ। ਉਨ੍ਹਾਂ ਨੇ ਸੁਚੇਤ ਕੀਤਾ ਕਿ ਜੋ ਲੋਕ ਸਰਹੱਦਾਂ ਪਾਰੋਂ ਅੱਤਵਾਦ ’ਚ ਸਹਾਇਤਾ ਕਰਦੇ ਹਨ, ਉਨ੍ਹਾਂ ਨੂੰ ਜ਼ਿੰਮੇਵਾਰ ਠਹਿਰਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਉਨ੍ਹਾਂ ਵਿਅਕਤੀਆਂ ਜਾਂ ਸੰਸਥਾਵਾਂ ਨੂੰ ਜਵਾਬਦੇਹ ਠਹਿਰਾਉਣ ਦੀ ਲੋੜ ’ਤੇ ਜ਼ੋਰ ਦਿੱਤਾ, ਜੋ ਅੱਤਵਾਦੀ ਕਾਰਿਆਂ ਦਾ ਸਮਰਥਨ, ਵਿੱਤ ਪੋਸ਼ਣ ਜਾਂ ਉਨ੍ਹਾਂ ਨੂੰ ਇਸ ਦੇ ਲਈ ਸਮਰੱਥ ਕਰਦੇ ਹਨ। ਖਾਸ ਤੌਰ ’ਤੇ ਪਾਕਿਸਤਾਨ ਵੱਲੋਂ ਕਈ ਅੱਤਵਾਦੀ ਸੰਗਠਨਾਂ ਨੂੰ ਲਗਾਤਾਰ ਸਮਰਥਨ ਦਿੱਤੇ ਜਾਣ ਨੂੰ ਦੇਖਦੇ ਹੋਏ।
ਅਜਿਹਾ ਪ੍ਰਤੀਤ ਹੁੰਦਾ ਹੈ ਕਿ ਪਾਕਿਸਤਾਨ ਦੀ ਸਿਆਸੀ ਲੀਡਰਸ਼ਿਪ ਦਾ ਮੰਨਣਾ ਹੈ ਕਿ ਉਹ ਕਸ਼ਮੀਰ ਮੁੱਦੇ ’ਤੇ ਕੌਮਾਂਤਰੀ ਭਾਈਚਾਰੇ ਨੂੰ ਧੋਖਾ ਦੇ ਸਕਦੀ ਹੈ। 24ਵੇਂ ਪ੍ਰਧਾਨ ਮੰਤਰੀ ਦੇ ਰੂਪ ’ਚ ਚੁਣੇ ਜਾਣ ਅਤੇ 2022 ਦੇ ਬਾਅਦ ਤੋਂ ਆਪਣਾ ਦੂਜਾ ਕਾਰਜਕਾਲ ਟੀਚਾਬੱਧ ਕਰਨ ਦੇ ਤੁਰੰਤ ਬਾਅਦ ਨੈਸ਼ਨਲ ਅਸੈਂਬਲੀ ’ਚ ਆਪਣੇ ਜੇਤੂ ਭਾਸ਼ਣ ’ਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨੇ ਕਸ਼ਮੀਰ ਮੁੱਦੇ ਦੀ ਤੁਲਨਾ ਫਿਲਸਤੀਨ ਨਾਲ ਕੀਤੀ ਅਤੇ ਉਨ੍ਹਾਂ ਦੀ ਆਜ਼ਾਦੀ ਦਾ ਸਮਰਥਨ ਕਰਨ ਵਾਲੇ ਮਤਿਆਂ ਦੀ ਵਕਾਲਤ ਕੀਤੀ।
ਕਸ਼ਮੀਰ ਅਤੇ ਫਿਲਸਤੀਨ ਦਰਮਿਆਨ ਸਮਾਨਤਾਵਾਂ ਖਿੱਚ ਕੇ ਅਤੇ ਦੋਵਾਂ ਖੇਤਰਾਂ ਦੀ ਆਜ਼ਾਦੀ ਦਾ ਸਮਰਥਨ ਕਰਨ ਵਾਲੇ ਮਤਿਆਂ ਦੀ ਵਕਾਲਤ ਕਰ ਕੇ, ਸ਼ਰੀਫ ਦੀ ਬਿਆਨਬਾਜ਼ੀ ਭਾਰਤ ਪ੍ਰਤੀ ਦੁਸ਼ਮਣੀ ਬਣਾਈ ਰੱਖਣ ਅਤੇ ਸਰਹੱਦ ਪਾਰ ਅੱਤਵਾਦ ਦਾ ਸਮਰਥਨ ਕਰਨ ਦੇ ਪਾਕਿਸਤਾਨ ਦੇ ਇਰਾਦੇ ਨੂੰ ਦਰਸਾਉਂਦੀ ਹੈ ਜਿਸ ਨੇ ਜੰਮੂ-ਕਸ਼ਮੀਰ ਦੇ ਲੋਕਾਂ ਨੂੰ ਠੇਸ ਪਹੁੰਚਾਈ ਹੈ।
ਇਹ ਟਕਰਾਅ ਵਾਲਾ ਰੁਖ਼ ਪਾਕਿਸਤਾਨ ਦੀ ਭਾਰਤ ਪ੍ਰਤੀ ਚੱਲ ਰਹੀ ਦੁਸ਼ਮਣੀ ਅਤੇ ਜੰਮੂ-ਕਸ਼ਮੀਰ ’ਚ ਅੱਤਵਾਦ ਨੂੰ ਸਮਰਥਨ ਬੰਦ ਕਰਨ ’ਚ ਉਸ ਦੀ ਅਣਇੱਛਾ ਨੂੰ ਦਰਸਾਉਂਦਾ ਹੈ।
ਪਾਕਿਸਤਾਨ ਦੀ ਅੱਤਵਾਦ ਨੂੰ ਰਾਜ ਦੀ ਨੀਤੀ ਦੇ ਰੂਪ ’ਚ ਵਰਤੋਂ ਕਰਨੀ, ਸ਼ਮੂਲੀਅਤ ਤੋਂ ਨਾਂਹ ਕਰਦੇ ਹੋਏ, ਇਕ ਸਮੁੱਚੀ ਰਣਨੀਤੀ ਰਹੀ ਹੈ। ਇਸ ਦੇ ਸਬੰਧ ’ਚ ਭਾਰਤ ਨੂੰ ਚੌਕਸ ਰਹਿਣਾ ਚਾਹੀਦਾ ਹੈ। ਖਾਸ ਕਰ ਕੇ ਜਦੋਂ ਉਹ ਚੋਣਾਂ ਦੇ ਮੋਡ ’ਚ ਦਾਖਲ ਹੋ ਰਿਹਾ ਹੋਵੇ। ਪਾਕਿਸਤਾਨ ਨੂੰ ਕਈ ਆਰਥਿਕ ਵੰਗਾਰਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਇਸ ਲਈ ਆਰਥਿਕ ਸਥਿਰਤਾ ’ਤੇ ਅੱਤਵਾਦ ਨੂੰ ਪਹਿਲ ਦੇਣੀ ਇਕ ਗੰਭੀਰ ਵਿਰੋਧਾਭਾਸ ਹੈ। ਚੋਣਾਂ ਨੇੜੇ ਹੋਣ ਦੇ ਕਾਰਨ, ਪਾਕਿਸਤਾਨ ਨੂੰ ਹਿੰਸਾ ਜਾਰੀ ਰੱਖਣ ਦੀ ਬਜਾਏ ਆਪਣੀਆਂ ਆਰਥਿਕ ਵੰਗਾਰਾਂ ਅਤੇ ਆਪਣੇ ਲੋਕਾਂ ਦੀ ਭਲਾਈ ’ਤੇ ਧਿਆਨ ਦੇਣਾ ਚਾਹੀਦਾ ਹੈ।
ਇਸ ਤੋਂ ਇਲਾਵਾ, ਸ਼ਰਨਾਰਥੀਆਂ ਪ੍ਰਤੀ ਪਾਕਿਸਤਾਨ ਦਾ ਨਜ਼ਰੀਆ ਇਕ ਸਪੱਸ਼ਟ ਅਸੰਗਤਤਾ ਨੂੰ ਦਰਸਾਉਂਦਾ ਹੈ ਜਦਕਿ ਇਹ ਫਿਲਸਤੀਨੀਆਂ ਨਾਲ ਇਕਜੁੱਟਤਾ ’ਚ ਖੜ੍ਹਾ ਹੈ। ਇਸ ਨੇ ਦਹਾਕਿਆਂ ਤੋਂ ਦੇਸ਼ ’ਚ ਰਹਿਣ ਵਾਲੇ ਅਫਗਾਨ ਸ਼ਰਨਾਰਥੀਆਂ ਨੂੰ ਕੱਢ ਦਿੱਤਾ ਹੈ। ਸ਼ੁਰੂ ’ਚ ਪਾਕਿਸਤਾਨ ਨੇ ਜੰਗ ਤੋਂ ਬਚ ਕੇ ਨਿਕਲੇ ਅਫਗਾਨਾਂ ਨੂੰ ਪਨਾਹ ਦਿੱਤੀ ਪਰ ਹਾਲ ਦੇ ਘਟਨਾਕ੍ਰਮ ਇਕ ਬਦਲਾਅ ਦਾ ਸੰਕੇਤ ਦਿੰਦੇ ਹਨ ਜੋ ਸ਼ਾਇਦ ਅਮਰੀਕੀ ਸਹਾਇਤਾ ’ਚ ਕਮੀ ਦੇ ਕਾਰਨ ਵਿੱਤੀ ਕਾਰਨਾਂ ਤੋਂ ਪ੍ਰਭਾਵਿਤ ਹੈ। ਪਾਕਿਸਤਾਨੀ ਸਮਾਜ ’ਚ ਉਨ੍ਹਾਂ ਦੇ ਯੋਗਦਾਨ ਦੇ ਬਾਵਜੂਦ ਅਫਗਾਨ ਸ਼ਰਨਾਰਥੀਆਂ ਨੂੰ ਹੁਣ ਬੇਇਨਸਾਫੀ ਵਾਲੇ ਢੰਗ ਨਾਲ ਸੁਰੱਖਿਆ ਖਤਰਾ ਕਰਾਰ ਦਿੱਤਾ ਜਾਂਦਾ ਹੈ। ਇਸ ਨੀਤੀ ਤੋਂ ਦੋਹਰੇ ਮਾਪਦੰਡਾਂ ਦੀ ਬਦਬੂ ਆਉਂਦੀ ਹੈ।
ਪਾਕਿਸਤਾਨ ਨੂੰ ਖੇਤਰ ਨੂੰ ਅਸਥਿਰ ਕਰਨ ਤੋਂ ਰੋਕਣਾ ਜ਼ਰੂਰੀ ਹੈ ਅਤੇ ਭਾਰਤ ਦੀ ਨਵੀਂ ਸਰਕਾਰ ਦਾ ਧਿਆਨ ਪਾਕਿਸਤਾਨ ਨੂੰ ਜੰਮੂ-ਕਸ਼ਮੀਰ ’ਚ ਸ਼ਾਂਤੀ ਭੰਗ ਕਰਨ ਤੋਂ ਰੋਕਣਾ ਅਤੇ ਹਿੰਸਾ ਭੜਕਾਉਣ ਦੇ ਕਿਸੇ ਵੀ ਯਤਨ ਨੂੰ ਅਪ੍ਰਵਾਨ ਕਰਨਾ ਹੋਣਾ ਚਾਹੀਦਾ ਹੈ।
ਪਾਕਿਸਤਾਨ ਨੂੰ ਇਕ ‘ਦੁਸ਼ਟ ਰਾਸ਼ਟਰ’ ਦੇ ਰੂਪ ’ਚ ਮਾਨਤਾ ਸਾਡੇ ਨੀਤੀ ਘਾੜਿਆਂ ਵੱਲੋਂ ਲੰਬੇ ਸਮੇਂ ਤੋਂ ਦਿੱਤੀ ਗਈ ਹੈ। ਬੇਸ਼ੱਕ ਇੰਦਰਾ ਗਾਂਧੀ ਨੇ ਪਾਕਿਸਤਾਨ ਨਾਲ 1971 ਦੀ ਜੰਗ ਦੇ ਦੌਰਾਨ ਦੁਰਲੱਭ ਅਗਵਾਈ ਦੇ ਗੁਣ ਦਿਖਾਏ। ਉਨ੍ਹਾਂ ਨੇ ਫੈਸਲਾਕੁੰਨ ਅਤੇ ਸਖਤੀ ਨਾਲ ਕੰਮ ਕਰਨ ਲਈ ਜ਼ਬਰਦਸਤ ਦਲੇਰੀ, ਦ੍ਰਿੜ੍ਹ ਵਿਸ਼ਵਾਸ ਅਤੇ ਦ੍ਰਿੜ੍ਹ ਇੱਛਾਸ਼ਕਤੀ ਦਾ ਵਿਖਾਵਾ ਕੀਤਾ। ਅੱਜ ਸਾਨੂੰ ਆਪਣੇ ਕੌਮੀ ਮਕਸਦਾਂ ਬਾਰੇ ਪੂਰੀ ਤਰ੍ਹਾਂ ਸਪੱਸ਼ਟ ਹੋਣਾ ਚਾਹੀਦਾ ਹੈ ਅਤੇ ਪਾਕਿਸਤਾਨ ਅਤੇ ਚੀਨ ਵੱਲੋਂ ਪ੍ਰਾਯੋਜਿਤ ਅੱਤਵਾਦ ਦੀ ਲੁਕਵੀਂ ਜੰਗ ਵਿਰੁੱਧ ਫੈਸਲਾਕੁੰਨ ਤੌਰ ’ਤੇ ਆਪਣੀ ਲੜਾਈ ਲੜਨੀ ਚਾਹੀਦੀ ਹੈ।
ਖੇਤਰੀ ਸਰਗਰਮੀ ਅਤੇ ਲਗਾਤਾਰ ਸੁਰੱਖਿਆ ਰੁਕਾਵਟਾਂ ਦੀ ਇਸ ਔਖੀ ਆਪਸੀ ਕਿਰਿਆ ਦੇ ਦਰਮਿਆਨ, ਰਾਸ਼ਟਰਾਂ ਲਈ ਅੱਤਵਾਦ ਦਾ ਮੁਕਾਬਲਾ ਕਰਨ ਅਤੇ ਸ਼ਾਂਤੀ ਨੂੰ ਉਤਸ਼ਾਹਿਤ ਕਰਨ ਲਈ ਆਪਣੀ ਪ੍ਰਤੀਬੱਧਤਾ ਨੂੰ ਅਟੁੱਟ ਤੌਰ ’ਤੇ ਬਣਾਈ ਰੱਖਣਾ ਮਹੱਤਵਪੂਰਨ ਹੈ। ਅਜਿਹਾ ਕਰਨ ’ਚ ਉਹ ਖੇਤਰੀ ਅਤੇ ਵਿਸ਼ਵ ਪੱਧਰ ’ਤੇ ਨਾਗਰਿਕਾਂ ਦੀ ਸੁਰੱਖਿਆ ਅਤੇ ਖੁਸ਼ਹਾਲੀ ਯਕੀਨੀ ਬਣਾਉਂਦੇ ਹਨ।
ਹਰੀ ਜੈਸਿੰਘ
ਰਾਜਿਆਂ ਦੀ ‘ਮੰਡੀ’ ’ਚ ਸਿਆਸਤ ਦਾ ‘ਰੰਗਮੰਚ’
NEXT STORY