ਵਰਤਮਾਨ ਸਮੇਂ ’ਚ ਜੇ ਦੇਖਿਆ ਜਾਵੇ ਤਾਂ ਹਵਾ ਪ੍ਰਦੂਸ਼ਣ ਵਿਸ਼ਵ ਪੱਧਰ ’ਤੇ ਜਨਤਕ ਸਿਹਤ ਸਮੱਸਿਆ ਬਣਦੀ ਜਾ ਰਹੀ ਹੈ। ਹਵਾ ਪ੍ਰਦੂਸ਼ਣ ਨਾਲ ਅਣਜੰਮੇ ਬੱਚਿਆਂ ਤੋਂ ਲੈ ਕੇ ਸਕੂਲ ਜਾਣ ਵਾਲੇ ਬੱਚਿਆਂ ਤੱਕ, ਖੁੱਲ੍ਹੀ ਅੱਗ ’ਤੇ ਖਾਣਾ ਪਕਾਉਣ ਵਾਲੀਆਂ ਔਰਤਾਂ ਤੱਕ ਸਾਰਿਆਂ ਨੂੰ ਖਤਰਾ ਹੈ। ਹਰ ਸਾਲ ਦੁਨੀਆ ਭਰ ’ਚ ਹਵਾ ਪ੍ਰਦੂਸ਼ਣ ਕਾਰਨ ਲੱਖਾਂ ਲੋਕਾਂ ਦੀ ਮੌਤ ਸਮੇਂ ਤੋਂ ਪਹਿਲਾਂ ਹੀ ਹੋ ਰਹੀ ਹੈ। ਹਵਾ ਪ੍ਰਦੂਸ਼ਣ ਸਾਡੇ ਚਾਰੇ ਪਾਸੇ ਮੰਡਰਾਅ ਰਿਹਾ ਹੈ।
ਜਿਵੇਂ ਘਰ ਦੇ ਅੰਦਰ, ਬਾਹਰ, ਸ਼ਹਿਰਾਂ ’ਚ ਅਤੇ ਪੇਂਡੂ ਇਲਾਕਿਆਂ ’ਚ। ਇਹ ਸਾਨੂੰ ਸਾਰਿਆਂ ਨੂੰ ਵੱਡੇ ਪੱਧਰ ’ਤੇ ਪ੍ਰਭਾਵਿਤ ਕਰ ਰਿਹਾ ਹੈ, ਭਾਵੇਂ ਸਾਨੂੰ ਇਸ ਦਾ ਅਹਿਸਾਸ ਹੋਵੇ ਜਾਂ ਨਾ ਹੋਵੇ। ਆਪਣੀ ਇੱਛਾ ਅਨੁਸਾਰ ਲੰਬੇ ਸਮੇਂ ਤੋਂ ਅਸੀਂ ਜਿਸ ਹਵਾ ’ਚ ਸਾਹ ਲੈਂਦੇ ਆ ਰਹੇ ਹਾਂ, ਅਕਸਰ ਉਸ ਨੂੰ ਹਲਕੇ ’ਚ ਲੈਂਦੇ ਆਏ ਹਾਂ। ਭਾਵੇਂ ਸਾਧਾਰਨ ਹਵਾ ਸੀ, ਬਦਬੂ ਸੀ, ਠੰਡੀ ਹਵਾ ਸੀ ਜਾਂ ਫਿਰ ਗਰਮ ਹਵਾ ਸੀ ਪਰ ਵਰਤਮਾਨ ਦੀ ਖੋਜ ਨੇ ਕੁਝ ਚਿੰਤਾਜਨਕ ਪਹਿਲੂਆਂ ’ਤੇ ਰੋਸ਼ਨੀ ਪਾਉਣੀ ਸ਼ੁਰੂ ਕਰ ਦਿੱਤੀ ਹੈ ਕਿ ਸਾਡੇ ਆਲੇ-ਦੁਆਲੇ ਦੀ ਹਵਾ ’ਚ ਅਸਲ ’ਚ ਕੀ ਹੈ ਅਤੇ ਇਹ ਸਾਡੇ ਸਰੀਰ ਨੂੰ ਕਿਵੇਂ ਪ੍ਰਭਾਵਿਤ ਕਰਦੀ ਹੈ।
ਉਂਝ ਤਾਂ ਹਵਾ ਦੇ ਬਿਨਾਂ ਕੋਈ ਜਿਊਂਦਾ ਨਹੀਂ ਰਹਿ ਸਕਦਾ ਪਰ ਪ੍ਰਦੂਸ਼ਿਤ ਹਵਾ ’ਚ ਸਾਹ ਲੈਣ ਨਾਲ ਸਾਨੂੰ ਬੀਮਾਰੀ ਅਤੇ ਛੇਤੀ ਮੌਤ ਦਾ ਸਾਹਮਣਾ ਕਰਨਾ ਪੈਂਦਾ ਹੈ। ਅੰਕੜਿਆਂ ਦੀ ਮੰਨੀਏ ਤਾਂ ਲਗਭਗ ਸਾਲ 2000 ਪਿੱਛੋਂ ਟਰੱਕਾਂ, ਕਾਰਾਂ ਅਤੇ ਉਦਯੋਗਾਂ ਤੋਂ ਆਉਣ ਵਾਲੀ ਗੰਦੀ ਹਵਾ ਕਾਰਨ ਮਰਨ ਵਾਲਿਆਂ ਦੀ ਗਿਣਤੀ ’ਚ 55 ਫੀਸਦੀ ਦਾ ਵਾਧਾ ਹੋਇਆ ਹੈ। ਦੁਨੀਆ ’ਚ ਸਭ ਤੋਂ ਵੱਧ ਆਬਾਦੀ ਵਾਲੇ ਦੇਸ਼ ਚੀਨ ਅਤੇ ਭਾਰਤ ’ਚ ਹਵਾ ਪ੍ਰਦੂਸ਼ਣ ਨਾਲ ਹੋਣ ਵਾਲੀਆਂ ਮੌਤਾਂ ਦੇ ਮਾਮਲੇ ਸਭ ਤੋਂ ਵੱਧ ਹਨ।
ਇੱਥੇ ਹਰ ਸਾਲ ਲਗਭਗ 22 ਤੋਂ 24 ਲੱਖ ਮੌਤਾਂ ਹਵਾ ਪ੍ਰਦੂਸ਼ਣ ਨਾਲ ਹੁੰਦੀਆਂ ਹਨ ਜਦਕਿ ਵਿਸ਼ਵ ਪੱਧਰ ’ਤੇ ਹਵਾ ਪ੍ਰਦੂਸ਼ਣ ਨਾਲ ਲਗਭਗ 66.7 ਲੱਖ ਲੋਕਾਂ ਦੀਆਂ ਮੌਤਾਂ ਹਰ ਸਾਲ ਹੁੰਦੀਆਂ ਹਨ। ਵਿਸ਼ਵ ਸਿਹਤ ਸੰਗਠਨ ਦੀ ਮੰਨੀਏ ਤਾਂ ਹਵਾ ਪ੍ਰਦੂਸ਼ਣ ਨਾਲ ਕਈ ਗੰਭੀਰ ਬੀਮਾਰੀਆਂ ਦਾ ਖਤਰਾ ਜ਼ਿਆਦਾ ਵਧ ਜਾਂਦਾ ਹੈ। ਇਨ੍ਹਾਂ ’ਚ ਦਿਲ ਦੀਆਂ ਬੀਮਾਰੀਆਂ, ਫੇਫੜਿਆਂ ਦਾ ਕੈਂਸਰ, ਕ੍ਰਾਨਿਕ ਆਬਸਟ੍ਰੈਕਟਿਵ ਪਲਮੋਨਰੀ ਡਿਜ਼ੀਜ਼ (ਸੀ. ਓ. ਪੀ. ਡੀ.) ਅਤੇ ਤੇਜ਼ ਸਾਹ ਇਨਫੈਕਸ਼ਨ ਪ੍ਰਮੁੱਖ ਹਨ।
ਬੱਚੇ, ‘ਐਕਿਊਟ ਰੈਸਪੀਰੇਟਰੀ ਇਨਫੈਕਸ਼ਨ’ ਭਾਵ ਤੇਜ਼ ਸਾਹ ਇਨਫੈਕਸ਼ਨ ਦੇ ਬੇਹੱਦ ਸ਼ਿਕਾਰ ਹੁੰਦੇ ਹਨ। ਇਸ ਲਈ ਸਰਦੀ ਦੇ ਮੌਸਮ ’ਚ ਹਵਾ ਪ੍ਰਦੂਸ਼ਣ ਦਾ ਖਤਰਾ ਜ਼ਿਆਦਾ ਵਧ ਜਾਂਦਾ ਹੈ। ਖਬਰਾਂ ਦੀ ਮੰਨੀਏ ਤਾਂ ਵਰਤਮਾਨ ਸਮੇਂ ’ਚ ਦੇਸ਼ ਦੀ ਰਾਜਧਾਨੀ ਦਿੱਲੀ ਅਤੇ ਉਸ ਦੇ ਆਲੇ-ਦੁਆਲੇ ਦੇ ਇਲਾਕਿਆਂ ’ਚ ਹਵਾ ਦੀ ਗੁਣਵੱਤਾ ਬੇਹੱਦ ਖਰਾਬ ਹੋ ਗਈ ਹੈ। ਇਸ ਨਾਲ ਆਮ ਆਦਮੀ ਦੀ ਜ਼ਿੰਦਗੀ ’ਤੇ ਬੁਰਾ ਅਸਰ ਪੈ ਰਿਹਾ ਹੈ। ਲੋਕਾਂ ਨੂੰ ਸਾਹ ਸਬੰਧੀ ਤਕਲੀਫਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਮਾਹਿਰਾਂ ਦਾ ਕਹਿਣਾ ਹੈ ਕਿ ਪ੍ਰਦੂਸ਼ਿਤ ਵਾਤਾਵਰਣ ’ਚ ਰਹਿਣ ਨਾਲ ਦਿਲ ਅਤੇ ਫੇਫੜੇ ਨੂੰ ਸਭ ਤੋਂ ਵੱਧ ਨੁਕਸਾਨ ਪਹੁੰਚਦਾ ਹੈ। ਹਵਾ ਪ੍ਰਦੂਸ਼ਣ ਇਕ ਸਾਹ ਸਬੰਧੀ ਰੋਗ ਹੈ ਜਿਸ ’ਚ ਰੋਗੀ ਨੂੰ ਸਾਹ ਲੈਣ ’ਚ ਤਕਲੀਫ ਹੁੰਦੀ ਹੈ, ਛਾਤੀ ’ਚ ਦਬਾਅ ਮਹਿਸੂਸ ਹੁੰਦਾ ਹੈ ਅਤੇ ਖੰਘ ਵੀ ਹੁੰਦੀ ਹੈ। ਅਜਿਹਾ ਉਦੋਂ ਹੁੰਦਾ ਹੈ ਜਦ ਵਿਅਕਤੀ ਦੀਆਂ ਸਾਹ ਨਾਲੀਆਂ ’ਚ ਰੋਕ ਪੈਦਾ ਹੋਣ ਲੱਗਦੀ ਹੈ। ਇਹ ਰੁਕਾਵਟ ਐਲਰਜੀ (ਹਵਾ ਜਾਂ ਪ੍ਰਦੂਸ਼ਣ) ਅਤੇ ਕੱਫ ਨਾਲ ਆਉਂਦੀ ਹੈ। ਕਈ ਰੋਗੀਆਂ ’ਚ ਅਜਿਹਾ ਵੀ ਦੇਖਿਆ ਗਿਆ ਹੈ ਕਿ ਸਾਹ ਮਾਰਗ ’ਚ ਸੋਜ ਵੀ ਹੋ ਜਾਂਦੀ ਹੈ।
ਕਾਰਖਾਨੇ, ਬਿਜਲੀ ਘਰਾਂ ਦੀਆਂ ਚਿਮਨੀਆਂ ਅਤੇ ਸਵੈਚਾਲਿਤ ਮੋਟਰਗੱਡੀਆਂ ’ਚ ਵੱਖ-ਵੱਖ ਈਂਧਨਾਂ ਦਾ ਪੂਰਨ ਅਤੇ ਅਧੂਰਾ ਜਲਣਾ ਵੀ ਪ੍ਰਦੂਸ਼ਣ ਦਾ ਕਾਰਨ ਬਣਦਾ ਹੈ। ਹਵਾ ਪ੍ਰਦੂਸ਼ਣ ਨਾਲ ਨਾ ਸਿਰਫ ਪ੍ਰਾਣੀ ਨੂੰ ਸਗੋਂ ਕੁਦਰਤ ਨੂੰ ਵੀ ਭਾਰੀ ਨੁਕਸਾਨ ਪਹੁੰਚ ਰਿਹਾ ਹੈ। ਪ੍ਰਦੂਸ਼ਿਤ ਵਾਯੂਮੰਡਲ ਨਾਲ ਜਦੋਂ ਵੀ ਮੀਂਹ ਪੈਂਦਾ ਹੈ ਉਦੋਂ ਪ੍ਰਦੂਸ਼ਕ ਤੱਤ ਮੀਂਹ ਦੇ ਪਾਣੀ ਨਾਲ ਮਿਲ ਕੇ ਨਦੀਆਂ, ਤਲਾਬਾਂ, ਪਾਣੀ ਦੇ ਭੰਡਾਰਾਂ ਅਤੇ ਮਿੱਟੀ ਨੂੰ ਪ੍ਰਦੂਸ਼ਿਤ ਕਰ ਦਿੰਦੇ ਹਨ। ਇਕ ਮੋਟੇ ਅੰਦਾਜ਼ੇ ਤਹਿਤ ਯੂਰਪੀ ਮਹਾਦੀਪ ’ਚ ਅਮਲੀ ਮੀਂਹ ਕਾਰਨ ਲਗਭਗ 60 ਲੱਖ ਹੈਕਟੇਅਰ ਖੇਤਰ ’ਚ ਜੰਗਲ ਨਸ਼ਟ ਹੋ ਚੁੱਕੇ ਹਨ।
ਓਜ਼ੋਨ ਪਰਤ, ਜੋ ਧਰਤੀ ਲਈ ਇਕ ਰੱਖਿਆ ਕਵਚ ਦਾ ਕੰਮ ਕਰਦੀ ਹੈ, ਅਜਿਹੇ ’ਚ ਵਾਯੂਮੰਡਲ ਦੀਆਂ ਦੂਸ਼ਿਤ ਗੈਸਾਂ ਕਾਰਨ ਉਸ ਨੂੰ ਕਾਫੀ ਨੁਕਸਾਨ ਪਹੁੰਚ ਰਿਹਾ ਹੈ, ਇਸ ਨਾਲ ਕੈਂਸਰ ਵਰਗੇ ਭਿਆਨਕ ਰੋਗਾਂ ’ਚ ਵਾਧਾ ਹੋ ਰਿਹਾ ਹੈ ਅਤੇ ਰੁੱਖਾਂ ਤੋਂ ਕਾਰਬਨਿਕ ਯੌਗਿਕਾਂ ਦੇ ਉਤਸਰਜਨ ’ਚ ਵਾਧਾ ਹੋ ਰਿਹਾ ਹੈ ਅਤੇ ਓਜ਼ੋਨ ਅਤੇ ਹੋਰ ਤੱਤਾਂ ਦੇ ਬਣਨ ਦੀ ਪ੍ਰਕਿਰਿਆ ਵੀ ਪ੍ਰਭਾਵਿਤ ਹੋ ਰਹੀ ਹੈ। ਅਜਿਹੇ ’ਚ ਸਵਾਲ ਹੈ ਕਿ ਅਸੀਂ ਧਰਤੀ ਦੇ ਵਾਯੂਮੰਡਲ ਨੂੰ ਕਿਵੇਂ ਬਚਾ ਸਕਾਂਗੇ?
ਵੱਧ ਤੋਂ ਵੱਧ ਲੋਕ ਖਰਾਬ ਹਵਾ ਦੇ ਸੰਪਰਕ ’ਚ ਆਉਂਦੇ ਜਾ ਰਹੇ ਹਨ, ਇਸ ਲਈ ਹਵਾ ਪ੍ਰਦੂਸ਼ਣ ਨਾਲ ਹੋਣ ਵਾਲੇ ਕੁਲ ਖਤਰਿਆਂ ’ਚ ਵਾਧਾ ਹੋਣ ਦਾ ਖਦਸ਼ਾ ਹੈ, ਜਦਕਿ ਉਦਯੋਗ-ਧੰਦਿਆਂ ਤੋਂ ਹੋਣ ਵਾਲੇ ਪ੍ਰਦੂਸ਼ਣ ਨੂੰ ਕੰਟ੍ਰੋਲ ਕਰ ਕੇ ਹਵਾ ਪ੍ਰਦੂਸ਼ਣ ਨੂੰ ਘੱਟ ਕੀਤਾ ਜਾ ਸਕਦਾ ਹੈ। ਸਭ ਤੋਂ ਪਹਿਲਾਂ ਜੰਗਲਾਂ ਦੀ ਹੋ ਰਹੀ ਅੰਨ੍ਹੇਵਾਹ ਬੇਕਾਬੂ ਕਟਾਈ ਨੂੰ ਘੱਟ ਕੀਤਾ ਜਾ ਸਕਦਾ ਹੈ। ਇਸ ਕਾਰਜ ’ਚ ਸਰਕਾਰ ਦੇ ਨਾਲ-ਨਾਲ ਸਵੈਮਸੇਵੀ ਸੰਸਥਾਵਾਂ ਅਤੇ ਹਰੇਕ ਮਨੁੱਖ ਨੂੰ ਚਾਹੀਦਾ ਹੈ ਕਿ ਜੰਗਲਾਂ ਨੂੰ ਨਸ਼ਟ ਹੋਣ ਤੋਂ ਰੋਕਣ ਅਤੇ ਆਪਣੇ ਚਾਰੋਂ ਪਾਸੇ ਵੱਧ ਤੋਂ ਵੱਧ ਰੁੱਖ ਲਾਉਣ।
ਕਾਰਖਾਨਿਆਂ ਨੂੰ ਸ਼ਹਿਰੀ ਖੇਤਰ ਤੋਂ ਦੂਰ ਸਥਾਪਿਤ ਕਰਨਾ ਚਾਹੀਦਾ ਹੈ, ਨਾਲ ਹੀ ਅਜਿਹੀ ਤਕਨੀਕ ਵਰਤੋਂ ’ਚ ਲਿਆਉਣ ਲਈ ਪਾਬੰਦ ਕਰਨਾ ਚਾਹੀਦਾ ਹੈ ਜਿਸ ਨਾਲ ਕਿ ਧੂੰਏਂ ਦਾ ਜ਼ਿਆਦਾਤਰ ਹਿੱਸਾ ਜਜ਼ਬ ਹੋਵੇ ਅਤੇ ਰਹਿੰਦ-ਖੂੰਹਦ ਪਦਾਰਥ ਅਤੇ ਗੈਸਾਂ ਜ਼ਿਆਦਾ ਮਾਤਰਾ ’ਚ ਹਵਾ ’ਚ ਨਾ ਮਿਲ ਸਕਣ। ਪਰਿਵਾਰ ਨਿਯੋਜਨ ਸਿੱਖਿਆ ਦੀ ਉਚਿਤ ਵਿਵਸਥਾ ਕੀਤੀ ਜਾਣੀ ਚਾਹੀਦੀ ਹੈ ਤਾਂ ਕਿ ਆਬਾਦੀ ਵਾਧੇ ਨੂੰ ਵਧਣ ਤੋਂ ਰੋਕਿਆ ਜਾਵੇ। ਬਿਨਾਂ ਧੂੰਏਂ ਦੇ ਚੁੱਲ੍ਹੇ ਅਤੇ ਸੌਰ ਊਰਜਾ ਦੀ ਤਕਨੀਕ ਨੂੰ ਉਤਸ਼ਾਹਿਤ ਕਰ ਕੇ ਇਸ ਨੂੰ ਹੋਰ ਜ਼ਿਆਦਾ ਉੱਨਤ ਅਤੇ ਸੁਖਾਲਾ ਬਣਾਉਣਾ ਹੋਵੇਗਾ। ਹਵਾ ਪ੍ਰਦੂਸ਼ਣ ਨੂੰ ਰੋਕਣ ਨਾਲ ਸਬੰਧਤ ਸਾਰੇ ਜ਼ਰੂਰੀ ਤੱਥਾਂ ਨੂੰ ਬੱਚਿਆਂ ਦੇ ਸਿਲੇਬਸ ’ਚ ਸ਼ਾਮਲ ਕਰ ਕੇ ਬੱਚਿਆਂ ’ਚ ਇਸ ਪ੍ਰਤੀ ਚੇਤਨਾ ਅਤੇ ਜਾਗਰੂਕਤਾ ਫੈਲਾਈ ਜਾਣੀ ਚਾਹੀਦੀ ਹੈ।
ਭਾਰਤ ’ਚ ਹਵਾ ਪ੍ਰਦੂਸ਼ਣ ਨਾਲ ਸਮੇਂ ਤੋਂ ਪਹਿਲਾਂ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਨੂੰ ਘੱਟ ਕਰਨ ਦਾ ਸਭ ਤੋਂ ਪ੍ਰਭਾਵੀ ਤਰੀਕਾ ਹੈ ਇਸ ਦਿਸ਼ਾ ’ਚ ਗੰਭੀਰਤਾ ਨਾਲ ਵਿਚਾਰ ਕਰਨਾ , ਤਦ ਹੀ ਅਸੀਂ ਹਵਾ ਪ੍ਰਦੂਸ਼ਣ ਦੇ ਖਤਰਿਆਂ ਨਾਲ ਪ੍ਰਭਾਵੀ ਢੰਗ ਨਾਲ ਨਜਿੱਠ ਸਕਾਂਗੇ। ਜੇ ਭਾਰਤ ਨੂੰ ਹਵਾ ਪ੍ਰਦੂਸ਼ਣ ਤੋਂ ਮੁਕਤ ਕਰਨਾ ਹੈ ਤਾਂ ‘ਡਬਲਿਊ. ਐੱਚ. ਓ.’ ਦੇ ਨਿਰਦੇਸ਼ਾਂ ਦਾ ਸਖਤੀ ਨਾਲ ਪਾਲਣ ਕਰਨਾ ਹੋਵੇਗਾ। ਭਾਰਤ ਦੀ ਅੱਧੀ ਆਬਾਦੀ ਭਾਵ 66 ਕਰੋੜ ਲੋਕ ਉਨ੍ਹਾਂ ਇਲਾਕਿਆਂ ’ਚ ਰਹਿੰਦੇ ਹਨ ਜਿੱਥੇ ਸੂਖਮ ਕਣ ਪਦਾਰਥ (ਪਾਰਟੀਕੁਲੇਟ ਮੈਟਰ) ਪ੍ਰਦੂਸ਼ਣ ਭਾਰਤ ਦੇ ਸੁਰੱਖਿਅਤ ਮਾਪਦੰਡਾਂ ਤੋਂ ਕਈ ਗੁਣਾ ਵੱਧ ਹੈ।
ਇਹ ਬੇਹੱਦ ਖਤਰਨਾਕ ਹੈ। ਅਜਿਹੇ ’ਚ ਜੇ ਭਾਰਤ ਹਵਾ ਪ੍ਰਦੂਸ਼ਣ ’ਤੇ ਜਲਦੀ ਹੀ ਕਾਬੂ ਨਾ ਕਰ ਸਕਿਆ ਤਾਂ 2025 ਤਕ ਇਕੱਲੀ ਰਾਜਧਾਨੀ ਦਿੱਲੀ ’ਚ ਹੀ ਹਵਾ ਪ੍ਰਦੂਸ਼ਣ ਨਾਲ ਹਰ ਸਾਲ ਹਜ਼ਾਰਾਂ ਲੋਕਾਂ ਦੀਆਂ ਜਾਨਾਂ ਜਾ ਸਕਦੀਆਂ ਹਨ। ਅਜਿਹੇ ’ਚ ਜ਼ਰੂਰੀ ਹੈ ਕਿ ਹਵਾ ਪ੍ਰਦੂਸ਼ਣ ਸਮੇਤ ਹੋਰ ਸਭ ਤਰ੍ਹਾਂ ਦੇ ਪ੍ਰਦੂਸ਼ਣਾਂ ਤੋਂ ਸਥਾਈ ਤੌਰ ’ਤੇ ਰਾਹਤ ਦੇਣ ਵਾਲੇ ਉਪਾਵਾਂ ਨੂੰ ਅਪਣਾਇਆ ਜਾਵੇ। ਹਵਾ ਪ੍ਰਦੂਸ਼ਣ ਨੂੰ ਕੰਟ੍ਰੋਲ ਕਰਨ ਦਾ ਕੰਮ ਸਿਰਫ ਸਰਕਾਰ ’ਤੇ ਨਾ ਛੱਡ ਕੇ ਹਰੇਕ ਨਾਗਰਿਕ ਨੂੰ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਸਹਿਯੋਗ ਕਰਨਾ ਹੋਵੇਗਾ ਕਿਉਂਕਿ ਬਿਨਾਂ ਲੋਕ-ਸਹਿਯੋਗ ਦੇ ਇਸ ਨੂੰ ਕੰਟ੍ਰੋਲ ਕਰ ਸਕਣਾ ਸੰਭਵ ਨਹੀਂ ਹੈ।
ਪ੍ਰਿੰ. ਡਾ. ਮੋਹਨ ਲਾਲ ਸ਼ਰਮਾ
ਪ੍ਰਦੂਸ਼ਣ ਦੇ ਅਸਲੀ ਕਾਰਨ ਲੱਭਣੇ ਪੈਣਗੇ
NEXT STORY