ਭਾਜਪਾ ਵਕਫ਼ (ਸੋਧ) ਬਿੱਲ, 2025 ਨੂੰ ਪੂਰੀ ਤਾਕਤ ਨਾਲ ਅੱਗੇ ਵਧਾ ਰਹੀ ਹੈ, ਉੱਥੇ ਹੀ ਰਾਸ਼ਟਰੀ ਜਨਤਾ ਦਲ ਖੁੱਲ੍ਹ ਕੇ ਇਸ ਦੇ ਵਿਰੁੱਧ ਸਾਹਮਣੇ ਆਇਆ ਹੈ। ਰਾਜਦ ਸੁਪਰੀਮੋ ਲਾਲੂ ਪ੍ਰਸਾਦ ਯਾਦਵ ਅਤੇ ਬਿਹਾਰ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਤੇਜਸਵੀ ਯਾਦਵ ਵਕਫ਼ (ਸੋਧ) ਬਿੱਲ ਦੇ ਖਿਲਾਫ ਆਲ ਇੰਡੀਆ ਮੁਸਲਿਮ ਪਰਸਨਲ ਲਾਅ ਬੋਰਡ (ਏ. ਆਈ. ਐੱਮ. ਪੀ. ਐੱਲ. ਬੀ.) ਵਲੋਂ ਆਯੋਜਿਤ ਵਿਰੋਧ ਪ੍ਰਦਰਸ਼ਨ ਵਿਚ ਸ਼ਾਮਲ ਹੋਏ।
ਤੇਜਸਵੀ ਯਾਦਵ ਨੇ ਕਿਹਾ ਕਿ ਪਾਰਟੀ ਸੱਤਾ ਵਿਚ ਰਹੇ ਜਾਂ ਨਾ ਰਹੇ, ਉਹ ਸੜਕ ਤੋਂ ਸਦਨ ਤੱਕ ਆਪਣਾ ਵਿਰੋਧ ਪ੍ਰਦਰਸ਼ਨ ਉਦੋਂ ਤੱਕ ਜਾਰੀ ਰੱਖੇਗੀ ਜਦੋਂ ਤੱਕ ਵਕਫ਼ ਬਿੱਲ ਵਾਪਸ ਨਹੀਂ ਲਿਆ ਜਾਂਦਾ। ਉਨ੍ਹਾਂ ਕਿਹਾ ਕਿ ਜੋ ਲੋਕ ਇਸ ਬਿੱਲ ਰਾਹੀਂ ਵਕਫ਼ ਜਾਇਦਾਦ ਹੜੱਪਣਾ ਚਾਹੁੰਦੇ ਹਨ, ਉਨ੍ਹਾਂ ਨੂੰ ਕਦੇ ਵੀ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ।
ਜਨ ਸੁਰਾਜ ਪਾਰਟੀ (ਜੇ. ਐੱਸ. ਪੀ.) ਦੇ ਨੇਤਾ ਪ੍ਰਸ਼ਾਂਤ ਕਿਸ਼ੋਰ, ਆਜ਼ਾਦ ਸਮਾਜ ਪਾਰਟੀ (ਏ. ਐੱਸ. ਪੀ.) ਦੇ ਪ੍ਰਧਾਨ ਚੰਦਰਸ਼ੇਖਰ ਆਜ਼ਾਦ ਅਤੇ ਸਮਾਜਵਾਦੀ ਪਾਰਟੀ ਦੇ ਸੰਸਦ ਮੈਂਬਰ ਮੌਲਾਨਾ ਮੋਹਿਬੁੱਲਹਾ ਵੀ ਪਟਨਾ ਵਿਚ ਹੋਏ ਵਿਰੋਧ ਪ੍ਰਦਰਸ਼ਨ ਵਿਚ ਸ਼ਾਮਲ ਹੋਏ। ਇਸ ਦੌਰਾਨ, ਭਾਜਪਾ ਸੰਸਦ ਮੈਂਬਰ ਅਤੇ ਵਕਫ਼ ਬਿੱਲ ’ਤੇ ਸਾਂਝੀ ਸੰਸਦੀ ਕਮੇਟੀ ਦੇ ਚੇਅਰਮੈਨ ਜਗਦੰਬਿਕਾ ਪਾਲ ਨੇ ਏ. ਆਈ. ਐੱਮ. ਪੀ. ਐੱਲ. ਬੀ. ’ਤੇ ਦੇਸ਼ ਪੱਧਰੀ ਅੰਦੋਲਨ ਰਾਹੀਂ ਮੁੱਦੇ ਦਾ ਸਿਆਸੀਕਰਨ ਦਾ ਦੋਸ਼ ਲਾਇਆ।
ਸਦਨ ਵਿਚ ਰਾਹੁਲ ਨੂੰ ਬੋਲਣ ਨਹੀਂ ਦਿੱਤਾ ਜਾ ਰਿਹਾ : ‘ਇੰਡੀਆ’ ਬਲਾਕ ਪਾਰਟੀਆਂ ਦੇ ਇਕ ਵਫ਼ਦ ਨੇ ਵੀਰਵਾਰ ਨੂੰ ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਇਕ ਪੱਤਰ ਸੌਂਪਿਆ ਜਿਸ ਵਿਚ ਸਰਕਾਰ ਵੱਲੋਂ ਸੰਸਦੀ ਪ੍ਰਕਿਰਿਆਵਾਂ ਅਤੇ ਲੋਕਤੰਤਰੀ ਨਿਯਮਾਂ ਪ੍ਰਤੀ ਵਧ ਰਹੀ ਅਣਦੇਖੀ ’ਤੇ ਚਿੰਤਾ ਪ੍ਰਗਟ ਕੀਤੀ ਗਈ, ਜਿਸ ਵਿਚ ਡਿਪਟੀ ਚੇਅਰਮੈਨ ਦਾ ਅਹੁਦਾ ਖਾਲੀ ਹੋਣ ਅਤੇ ਵਿਰੋਧੀ ਧਿਰ ਦੇ ਨੇਤਾ ਨੂੰ ਬੋਲਣ ਦਾ ਮੌਕਾ ਨਾ ਦਿੱਤੇ ਜਾਣ ਵਰਗੇ ਮੁੱਦਿਆਂ ਦਾ ਹਵਾਲਾ ਦਿੱਤਾ ਗਿਆ।
ਕਾਂਗਰਸ, ਸਮਾਜਵਾਦੀ ਪਾਰਟੀ, ਤ੍ਰਿਣਮੂਲ ਕਾਂਗਰਸ, ਡੀ. ਐੱਮ. ਕੇ., ਸ਼ਿਵ ਸੈਨਾ (ਯੂ. ਬੀ. ਟੀ.) ਅਤੇ ਹੋਰ ਭਾਰਤੀ ਪਾਰਟੀਆਂ ਦੇ ਸੰਸਦ ਮੈਂਬਰਾਂ ਵਲੋਂ ਦਸਤਖਤ ਕੀਤੀ ਗਈ ਇਸ ਪਟੀਸ਼ਨ ਨੇ ਵਿਰੋਧੀ ਏਕਤਾ ਨੂੰ ਉਜਾਗਰ ਕੀਤਾ ਹੈ। ਇਹ ਪਟੀਸ਼ਨ ਅਤੇ ਸਪੀਕਰ ਨਾਲ ਮੁਲਾਕਾਤ ਰਾਹੁਲ ਦੇ ਉਸ ਦੋਸ਼ ਤੋਂ ਇਕ ਦਿਨ ਬਾਅਦ ਹੋਈ ਹੈ ਜਿਸ ਵਿਚ ਉਨ੍ਹਾਂ ਨੂੰ ਸਦਨ ਵਿਚ ਬੋਲਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ। ਇਸ ਤੋਂ ਪਹਿਲਾਂ ਬਿਰਲਾ ਨੇ ਵਿਰੋਧੀ ਧਿਰ ਦੇ ਨੇਤਾ ਨੂੰ ਸਦਨ ਦੇ ਉੱਚ ਨਿਯਮਾਂ ਅਨੁਸਾਰ ਵਿਵਹਾਰ ਨਾ ਕਰਨ ਲਈ ਫਟਕਾਰ ਲਾਈ ਸੀ।
ਹਾਲਾਂਕਿ ਸਪੀਕਰ ਨੇ ਇਹ ਨਹੀਂ ਦੱਸਿਆ ਕਿ ਉਹ ਕਿਸ ਵਿਵਹਾਰ ’ਤੇ ਇਤਰਾਜ਼ ਕਰ ਰਹੇ ਹਨ, ਪਰ ਭਾਜਪਾ ਦੇ ਸੋਸ਼ਲ ਮੀਡੀਆ ਮੁਖੀ ਅਮਿਤ ਮਾਲਵੀਆ ਨੇ ਰਾਹੁਲ ’ਤੇ ਉਨ੍ਹਾਂ ਦੇ ‘ਗੈਰ-ਸੰਸਦੀ ਵਿਵਹਾਰ’ ਲਈ ਹਮਲਾ ਬੋਲਿਆ ਅਤੇ ਇਕ ਵੀਡੀਓ ਵੀ ਨੱਥੀ ਕੀਤੀ ਜਿਸ ਵਿਚ ਰਾਹੁਲ ਗਾਂਧੀ ਆਪਣੀ ਭੈਣ ਅਤੇ ਸੰਸਦ ਮੈਂਬਰ ਪ੍ਰਿਯੰਕਾ ਗਾਂਧੀ ਵਾਡਰਾ ਦੀਆਂ ਗੱਲ੍ਹਾਂ ਨੂੰ ਦਬਾਉਂਦੇ ਹੋਏ ਦਿਖਾਈ ਦੇ ਰਹੇ ਸਨ ਜਦੋਂ ਇਕ ਕਾਂਗਰਸੀ ਮੈਂਬਰ ਸਦਨ ਵਿਚ ਬੋਲ ਰਿਹਾ ਸੀ।
ਬਾਅਦ ਵਿਚ ਇਹ ਵੀਡੀਓ ਭਾਜਪਾ ਦੇ ਅਧਿਕਾਰਤ ਹੈਂਡਲ ਤੋਂ ਵੀ ਪੋਸਟ ਕੀਤੀ ਗਈ। ਪੱਤਰ ਵਿਚ ਇਹ ਵੀ ਦੋਸ਼ ਲਾਇਆ ਗਿਆ ਹੈ ਕਿ ਮਹੱਤਵਪੂਰਨ ਮੰਤਰਾਲਿਆਂ ਨੂੰ ਬਜਟ ਵੰਡ ’ਤੇ ਚਰਚਾ ਤੋਂ ਬਾਹਰ ਰੱਖਿਆ ਜਾ ਰਿਹਾ ਹੈ, ਜਿਸ ਨਾਲ ਵਿੱਤੀ ਫੈਸਲਿਆਂ ’ਤੇ ਸੰਸਦੀ ਨਿਗਰਾਨੀ ਘਟ ਰਹੀ ਹੈ।
ਏ. ਆਈ. ਏ. ਡੀ. ਐੱਮ. ਕੇ.-ਭਾਜਪਾ ਗੱਠਜੋੜ ਦੇ ਦੁਬਾਰਾ ਸਰਗਰਮ ਹੋਣ ਦੀਆਂ ਅਟਕਲਾਂ ਤੇਜ਼ : ਏ. ਆਈ. ਏ. ਡੀ. ਐੱਮ. ਕੇ. ਦੇ ਜਨਰਲ ਸਕੱਤਰ ਅਤੇ ਤਾਮਿਲਨਾਡੂ ਵਿਚ ਵਿਰੋਧੀ ਧਿਰ ਦੇ ਨੇਤਾ ਏਡੱਪਾਦੀ ਕੇ. ਪਲਾਨੀਸਵਾਮੀ (ਈ. ਪੀ. ਐੱਸ.) ਨੇ 25 ਮਾਰਚ ਨੂੰ ਨਵੀਂ ਦਿੱਲੀ ਵਿਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ, ਜਿਸ ਨਾਲ ਏ. ਆਈ. ਏ. ਡੀ. ਐੱਮ. ਕੇ.-ਭਾਜਪਾ ਗੱਠਜੋੜ ਦੀ ਸੰਭਾਵਿਤ ਪੁਨਰ-ਸੁਰਜੀਤੀ ਬਾਰੇ ਸਿਆਸੀ ਅਟਕਲਾਂ ਤੇਜ਼ ਹੋ ਗਈਆਂ।
ਤਾਮਿਲਨਾਡੂ ਵਿਚ ਵਿਧਾਨ ਸਭਾ ਚੋਣਾਂ ਵਿਚ ਸਿਰਫ਼ ਇਕ ਸਾਲ ਤੋਂ ਵੱਧ ਸਮਾਂ ਬਾਕੀ ਹੈ, ਅਜਿਹੇ ’ਚ ਇਸ ਮੀਟਿੰਗ ਨੂੰ ਇਕ ਮਹੱਤਵਪੂਰਨ ਰਣਨੀਤਕ ਕਦਮ ਵਜੋਂ ਦੇਖਿਆ ਜਾ ਰਿਹਾ ਹੈ, ਖਾਸ ਕਰ ਕੇ ਇਸ ਲਈ ਕਿਉਂਕਿ ਸੱਤਾਧਾਰੀ ਦ੍ਰਮੁਕ ਨੇ ਹੱਦਬੰਦੀ ਅਤੇ ਦੋ-ਭਾਸ਼ਾ ਨੀਤੀ ਵਰਗੇ ਵਿਵਾਦਪੂਰਨ ਮੁੱਦਿਆਂ ’ਤੇ ਆਪਣੀ ਮੁਹਿੰਮ ਤੇਜ਼ ਕਰ ਦਿੱਤੀ ਹੈ।
ਹਾਲਾਂਕਿ, ਪਲਾਨੀਸਵਾਮੀ ਨੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਇਸ ਮੁਲਾਕਾਤ ਦਾ ਉਨ੍ਹਾਂ ਦੀ ਪਾਰਟੀ ਅਤੇ ਭਾਜਪਾ ਵਿਚਕਾਰ ਨਵੇਂ ਗੱਠਜੋੜ ਨਾਲ ਕੋਈ ਲੈਣਾ-ਦੇਣਾ ਹੈ। ਦੂਜੇ ਪਾਸੇ, ਅਮਿਤ ਸ਼ਾਹ ਨੇ ਵੱਡੀ ਇੱਛਾ ਅਤੇ ਉਮੀਦ ਪ੍ਰਗਟ ਕੀਤੀ ਕਿ ਰਾਸ਼ਟਰੀ ਲੋਕਤੰਤਰੀ ਗੱਠਜੋੜ (ਐੱਨ. ਡੀ. ਏ.) ਅਗਲੇ ਸਾਲ ਤਾਮਿਲਨਾਡੂ ਵਿਚ ਸਰਕਾਰ ਬਣਾਏਗਾ, ਜਿਸ ਨਾਲ ਏ. ਆਈ. ਏ. ਡੀ. ਐੱਮ. ਕੇ.-ਭਾਜਪਾ ਗੱਠਜੋੜ ਦੇ ਪੁਨਰ ਸੁਰਜੀਤ ਹੋਣ ਦੀਆਂ ਅਟਕਲਾਂ ਨੂੰ ਹਵਾ ਮਿਲੀ।
ਬੀਜਦ ਵਿਧਾਇਕਾਂ ਨੇ ਓਡਿਸ਼ਾ ਵਿਧਾਨ ਸਭਾ ਵਿਚ ਗੰਗਾ ਜਲ ਛਿੜਕਿਆ : ਬੀਜਦ ਵਿਧਾਇਕਾਂ ਨੇ ਵੀਰਵਾਰ ਨੂੰ ਓਡਿਸ਼ਾ ਵਿਧਾਨ ਸਭਾ ਵਿਚ ਪੁਲਸ ਕਰਮਚਾਰੀਆਂ ਦੇ ਵਿਧਾਨ ਸਭਾ ਕੰਪਲੈਕਸ ਵਿਚ ਦਾਖਲ ਹੋਣ ਦੇ ਵਿਰੋਧ ਵਿਚ ਗੰਗਾ ਜਲ ਛਿੜਕਿਆ। ਜਿਵੇਂ ਹੀ ਵਿਧਾਨ ਸਭਾ ਦੀ ਕਾਰਵਾਈ ਸ਼ੁਰੂ ਹੋਈ, ਬੀਜਦ ਵਿਧਾਇਕ ਗੰਗਾ ਜਲ ਨਾਲ ਭਰੇ ਘੜੇ ਲੈ ਕੇ ਸਦਨ ਵਿਚ ਦਾਖਲ ਹੋਏ। ਇਸ ਤੋਂ ਪਹਿਲਾਂ ਕਿ ਕੋਈ ਕੁਝ ਸਮਝ ਸਕਦਾ, ਵਿਧਾਇਕਾਂ ਨੇ ਪਾਣੀ ਛਿੜਕਣਾ ਸ਼ੁਰੂ ਕਰ ਦਿੱਤਾ। ਸਪੀਕਰ ਸੁਰਮਾ ਪਾੜੀ ਨੇ ਦਖਲ ਦਿੱਤਾ ਅਤੇ ਵਿਧਾਇਕਾਂ ਨੂੰ ਅਜਿਹੀਆਂ ਸਰਗਰਮੀਆਂ ਤੋਂ ਬਚਣ ਅਤੇ ਸਦਨ ਛੱਡਣ ਦੀ ਅਪੀਲ ਕੀਤੀ।
ਸਪੀਕਰ ਦੇ ਕਹਿਣ ’ਤੇ, ਉਹ ਸਦਨ ਤੋਂ ਬਾਹਰ ਚਲੇ ਗਏ ਅਤੇ ਸਦਨ ਦੇ ਬਾਹਰ ਗੰਗਾ ਜਲ ਛਿੜਕਿਆ। ਕਾਂਗਰਸ ਨੇ ਵਿਧਾਨ ਸਭਾ ਦੇ ਬਾਹਰ ਭਾਰੀ ਵਿਰੋਧ ਪ੍ਰਦਰਸ਼ਨ ਕੀਤਾ।
ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਪਾਰਟੀ ਨੂੰ ਕਰਨਗੇ ਮਜ਼ਬੂਤ : ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਨੇ ਵੀਰਵਾਰ ਨੂੰ ਪਾਰਟੀ ਦੇ ਜ਼ਿਲਾ ਇਕਾਈ ਮੁਖੀਆਂ ਨੂੰ ਆਉਣ ਵਾਲੀਆਂ ਸੂਬਾਈ ਚੋਣਾਂ ਜਿੱਤਣ ਲਈ ਏਕਤਾ ਅਤੇ ਲੰਬੇ ਸਮੇਂ ਦੀ ਰਣਨੀਤੀ ਨਾਲ ਕੰਮ ਕਰਨ ਦੀ ਅਪੀਲ ਕੀਤੀ।
ਉਨ੍ਹਾਂ ਕਿਹਾ ਕਿ ਪਾਰਟੀ ਦੀ ਵਿਚਾਰਧਾਰਾ ਮਜ਼ਬੂਤ ਹੈ ਪਰ ਸੱਤਾ ਵਿਚ ਆਉਣ ਤੋਂ ਬਿਨਾਂ ਇਸ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਨਹੀਂ ਕੀਤਾ ਜਾ ਸਕਦਾ। ਜ਼ਿਲਾ ਕਾਂਗਰਸ ਪ੍ਰਧਾਨਾਂ ਦੀਆਂ ਤਿੰਨ ਨਿਰਧਾਰਤ ਮੀਟਿੰਗਾਂ ਵਿਚੋਂ ਪਹਿਲੀ ਨੂੰ ਸੰਬੋਧਨ ਕਰਦੇ ਹੋਏ, ਰਾਹੁਲ ਗਾਂਧੀ ਨੇ ਕਾਂਗਰਸ ਪਾਰਟੀ ਦੀ ਨੀਂਹ ਵਜੋਂ ਜ਼ਿਲਾ ਕਾਂਗਰਸ ਕਮੇਟੀਆਂ ਦੀ ਭੂਮਿਕਾ ’ਤੇ ਜ਼ੋਰ ਦਿੱਤਾ।
ਖੜਗੇ ਨੇ ਕਿਹਾ ਕਿ ਕਾਂਗਰਸ ਨੇ ਭਾਰਤੀ ਜਨਤਾ ਪਾਰਟੀ ਅਤੇ ਉਸ ਦੇ ਸਹਿਯੋਗੀਆਂ ਵਿਰੁੱਧ ਇਕਜੁੱਟ ਹੋ ਕੇ ਚੋਣ ਲੜੀ ਅਤੇ ਲੋਕ ਸਭਾ ਚੋਣਾਂ ਵਿਚ ਉਨ੍ਹਾਂ ਨੂੰ 240 ਸੀਟਾਂ ਤੱਕ ਸੀਮਤ ਕਰ ਦਿੱਤਾ। ਉਨ੍ਹਾਂ ਕਿਹਾ ਕਿ ਜੇਕਰ ਕਾਂਗਰਸ ਨੂੰ 20-30 ਹੋਰ ਸੀਟਾਂ ਮਿਲਦੀਆਂ ਤਾਂ ਇਕ ਬਦਲਵੀਂ ਸਰਕਾਰ ਬਣ ਜਾਂਦੀ।
ਕਈ ਸਾਲਾਂ ਵਿਚ ਪਹਿਲੀ ਵਾਰ ਹੈ ਜਦੋਂ ਪਾਰਟੀ ਨੇ ਜ਼ਿਲਾ ਮੁਖੀਆਂ ਨਾਲ ਅਜਿਹੀ ਮੀਟਿੰਗ ਕੀਤੀ, ਜਿਸ ਵਿਚ 13 ਸੂਬਿਆਂ ਅਤੇ 3 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ 338 ਜ਼ਿਲਾ ਕਾਂਗਰਸ ਕਮੇਟੀਆਂ ਨੇ ਸ਼ਿਰਕਤ ਕੀਤੀ। ਇਹ ਮੀਟਿੰਗਾਂ ਦੀ ਲੜੀ ਵਿਚ ਪਹਿਲੀ ਸੀ ਅਤੇ 3 ਅਤੇ 4 ਅਪ੍ਰੈਲ ਨੂੰ ਇੱਥੇ ਦੋ ਹੋਰ ਮੀਟਿੰਗਾਂ ਹੋਣੀਆਂ ਹਨ।
–ਰਾਹਿਲ ਨੋਰਾ ਚੋਪੜਾ
ਮਰਦਾਂ ਨੂੰ ਕਾਨੂੰਨੀ ਸੁਰੱਖਿਆ ਮਿਲਣੀ ਜ਼ਰੂਰੀ ਹੈ
NEXT STORY