ਡਾ. ਨੀਲਮ ਮਹਿੰਦਰ
ਪੂਰੇ ਦੇਸ਼ ’ਚ ਬੋਰਡ ਦੀਆਂ ਪ੍ਰੀਖਿਆਵਾਂ ਦੇ ਐਲਾਨ ਦੇ ਨਾਲ ਹੀ ਮੌਜੂਦਾ ਵਿੱਦਿਅਕ ਸੈਸ਼ਨ ਸਮਾਪਤੀ ਵੱਲ ਹੈ। ਆਜ਼ਾਦ ਭਾਰਤ ਦੇ ਇਤਿਹਾਸ ’ਚ ਇਹ ਪਹਿਲਾ ਅਜਿਹਾ ਸੈਸ਼ਨ ਹੈ ਜੋ ਸਕੂਲ ਤੋਂ ਨਹੀਂ ਸਗੋਂ ਆਨਲਾਈਨ ਸੰਚਾਲਿਤ ਹੋਇਆ ਹੈ। ਅਸਲ ’ਚ ਕੋਰੋਨਾ ਕਾਲ ਸੱਚਮੁੱਚ ਸਭ ਲਈ ਚੁਣੌਤੀ ਭਰਿਆ ਰਿਹਾ ਹੈ। ਇਹ ਸਾਡੇ ਬੱਚਿਆਂ ਲਈ ਵੀ ਰਿਹਾ, ਉਨ੍ਹਾਂ ਦੇ ਅਧਿਆਪਕਾਂ ਲਈ ਵੀ ਅਤੇ ਉਨ੍ਹਾਂ ਦੇ ਮਾਪਿਆਂ ਲਈ ਵੀ।
ਪਰ ਇਸ ਦੇ ਬਾਵਜੂਦ ਅੱਜ ਜੇ ਅਸੀਂ ਪਿੱਛੇ ਮੁੜ ਕੇ ਬੀਤੇ ਹੋਏ ਸਾਲ ਨੂੰ ਇਕ ਉਸਾਰੂ ਨਜ਼ਰੀਏ ਤੋਂ ਵੇਖੀਏ ਤਾਂ ਅਸੀਂ ਕਹਿ ਸਕਦੇ ਹਾਂ ਕਿ ਕੋਰੋਨਾ ਕਾਲ ਬੇਸ਼ੱਕ ਹੀ ਸਾਡੇ ਸਾਹਮਣੇ ਇਕ ਚੁਣੌਤੀ ਵਜੋਂ ਆਇਆ ਹੋਵੇ ਪਰ ਇਹ ਕਾਲ ਅਣਜਾਣਪੁਣੇ ’ਚ ਸਿੱਖਿਆ ਦੇ ਖੇਤਰ ’ਚ ਸਾਡੇ ਵਿਦਿਆਰਥੀਆਂ ਲਈ ਕਈ ਨਵੀਆਂ ਰਾਹਾਂ ਅਤੇ ਮੌਕੇ ਲੈ ਕੇ ਵੀ ਆਇਆ ਹੈ।
ਵੇਖਿਆ ਜਾਵੇ ਤਾਂ ਜਿੱਤਣ ਵਾਲੇ ਅਤੇ ਹਾਰਨ ਵਾਲੇ ’ਚ ਇਹ ਤਾਂ ਫਰਕ ਹੁੰਦਾ ਹੈ ਕਿ ਹਾਰਨ ਵਾਲਾ ਸੰਕਟ ਅੱਗੇ ਗੋਡੇ ਟੇਕ ਦਿੰਦਾ ਹੈ ਜਦਕਿ ਜਿੱਤਣ ਵਾਲਾ ਉਸ ਸੰਕਟ ’ਚ ਮੌਕੇ ਲੱਭ ਲੈਂਦਾ ਹੈ। ਇਸ ਲਈ ਅੱਜ ਜੇ ਇਹ ਕਿਹਾ ਜਾਵੇ ਕਿ ਕੋਰੋਨਾ ਕਾਲ ’ਚ ਿਸੱਖਿਆ ਦੇ ਖੇਤਰ ’ਚ ਕ੍ਰਾਂਤੀਕਾਰੀ ਤਬਦੀਲੀਆਂ ਆਈਆਂ ਹਨ ਤਾਂ ਇਸ ’ਚ ਕੋਈ ਅੱਤਕਥਨੀ ਨਹੀਂ ਹੋਵੇਗੀ।
ਕਿਉਂਕਿ ਆਧੁਨਿਕ ਟੈਕਨਾਲੋਜੀ ਦੇ ਦਮ ’ਤੇ ਅੱਜ ਸਾਡੇ ਵਿਦਿਆਰਥੀਆਂ ਦੇ ਸਾਹਮਣੇ ਸਿੱਖਿਆ ਹਾਸਲ ਕਰਨ ਦੇ ਵੱਖ-ਵੱਖ ਮੰਚ ਅਤੇ ਮਾਧਿਅਮ ਉਪਲਬਧ ਹਨ। ਸਕੂਲਾਂ ਦੀਆਂ ਜਮਾਤਾਂ ਜੋ ਆਨਲਾਈਨ ਚੱਲ ਰਹੀਆਂ ਸਨ, ਤੋਂ ਇਲਾਵਾ ਵਿਦਿਆਰਥੀਆਂ ਕੋਲ ਅੱਜ ਇਹ ਬਦਲ ਹਨ ਕਿ ਉਹ ਕਿਸ ਵਿਸ਼ੇ ਨੂੰ ਕਿਸ ਕੋਲੋਂ ਅਤੇ ਕਦੋਂ ਪੜ੍ਹਨਾ ਚਾਹੁੰਦੇ ਹਨ।
ਯੂ-ਟਿਊਬ ’ਤੇ ਵੱਖ-ਵੱਖ ਵਿਸ਼ਿਆਂ ਦੇ ਵੱਖ-ਵੱਖ ਜਾਣਕਾਰਾਂ ਵੱਲੋਂ ਕਈ ਵੀਡੀਓਜ਼ ਆਸਾਨੀ ਨਾਲ ਉਪਲਬਧ ਹਨ, ਉਹ ਵੀ ਬਿਨਾਂ ਕਿਸੇ ਫੀਸ ਦੇ। ਇੰਨਾ ਹੀ ਨਹੀਂ ਯੂ-ਟਿਊਬ ’ਤੇ ਤਾਂ ਇਕ ਹੀ ਟੌਪਿਕ ’ਤੇ ਕਈ ਅਧਿਆਪਕਾਂ ਦੇ ਕਈ ਵੀਡੀਓਜ਼ ਬੇਹੱਦ ਆਸਾਨੀ ਨਾਲ ਮਿਲ ਜਾਂਦੇ ਹਨ।
ਕਲਪਨਾ ਕਰੋ ਕਿ ਜਿਹੜਾ ਵਿਦਿਆਰਥੀ ਪਹਿਲਾਂ ਸਕੂਲ ਜਾਂਦਾ ਸੀ, ਫਿਰ ਘਰ ਆ ਕੇ ਭੋਜਨ ਵੀ ਮੁਸ਼ਕਲ ਨਾਲ ਖਾਂਦਾ ਸੀ ਕਿ ਇਸ ਦੌਰਾਨ ਉਸ ਦੇ ਕੋਚਿੰਗ ਕਲਾਸ ਜਾਣ ਦਾ ਸਮਾਂ ਹੋ ਜਾਂਦਾ ਸੀ। ਆਉਣ-ਜਾਣ ਦੇ ਸਮੇਂ ਤੋਂ ਇਲਾਵਾ ਵਾਪਸ ਆਉਣ ਤੋਂ ਬਾਅਦ ਉਸ ਨੂੰ ਸਕੂਲ ਅਤੇ ਕੋਚਿੰਗ ਹੋਮ ਵਰਕ ਕਰਨਾ ਪੈਂਦਾ ਸੀ। ਇਸ ਤੋਂ ਇਲਾਵਾ ਕੋਚਿੰਗ ਕਲਾਸ ’ਚ ਜੇ ਕਿਸੇ ਅਧਿਆਪਕ ਦੇ ਪੜ੍ਹਾਉਣ ਦਾ ਢੰਗ ਪਸੰਦ ਨਹੀਂ ਆ ਰਿਹਾ ਤਾਂ ਵੀ ਮਜਬੂਰੀ ’ਚ ਉਸੇ ਕੋਲੋਂ ਪੜ੍ਹਨਾ ਪੈਂਦਾ ਸੀ ਕਿਉਂਕਿ ਪੂਰੇ ਸਾਲ ਦੀ ਫੀਸ ਪਹਿਲਾਂ ਤੋਂ ਹੀ ਦਿੱਤੀ ਹੋਈ ਹੁੰਦੀ ਸੀ।
ਪਰ ਅੱਜ ਉਹ ਵਿਦਿਆਰਥੀ ਘਰ ਬੈਠੇ ਆਪਣੀ ਸਹੂਲਤ ਮੁਤਾਬਿਕ ਸਮੇਂ ’ਤੇ ਆਪਣੀ ਪਸੰਦ ਦੇ ਅਧਿਆਪਕ ਕੋਲੋਂ ਪੜ੍ਹ ਸਕਦਾ ਹੈ। ਹੋਰ ਤਾਂ ਹੋਰ ਜੇ ਉਹ ਚਾਹੇ ਤਾਂ ਦੂਜੇ ਲਿੰਕ ’ਤੇ ਜਾ ਕੇ ਕਿਸੇ ਹੋਰ ਅਧਿਆਪਕ ਕੋਲੋਂ ਵੀ ਪੜ੍ਹ ਸਕਦਾ ਹੈ। ਇਸ ਲਈ ਉਸ ਨੂੰ ਕੋਈ ਫੀਸ ਨਹੀਂ ਦੇਣੀ ਹੋਵੇਗੀ। ਸੋਚੋ ਇਕ ਵਿਦਿਆਰਥੀ ਲਈ ਇਸ ਤੋਂ ਵਧੀਆ ਹੋਰ ਕੀ ਹੋ ਸਕਦਾ ਹੈ? ਸ਼ਾਇਦ ਕੁਝ ਵੀ ਨਹੀਂ। ਇਸੇ ਲਈ ਸਾਡੇ ਵਿਦਿਆਰਥੀਆਂ ਨੇ ਵੀ ਇਸ ਮੌਕੇ ਦਾ ਭਰਪੂਰ ਲਾਭ ਉਠਾਇਆ ਹੈ।
ਸਿੱਟੇ ਵਜੋਂ ਕੋਰੋਨਾ ਕਾਲ ਦਾ ਇਹ ਸਮਾਂ ਸਾਡੇ ਨੌਜਵਾਨ ਪੀੜ੍ਹੀ ’ਚ ਉਸਾਰੂ ਤਬਦੀਲੀ ਦੇ ਉਸ ਦੌਰ ਦਾ ਗਵਾਹ ਬਣਿਆ ਜਦੋਂ ਯੂ-ਟਿਊਬ ’ਤੇ ਫਿਲਮੀ, ਗੈਰ-ਫਿਲਮੀ ਗੀਤਾਂ ਦੀ ਬਜਾਏ ਐਜੂਕੇਸ਼ਨਲ ਵੀਡੀਓ ਟ੍ਰੈਂਡ ਕਰਨ ਲੱਗੇ ਅਤੇ ਯੂ-ਟਿਊਬ ਨੇ ਸਿੱਖਿਆ ਦੇ ਆਧੁਨਿਕ ਪਲੇਟਫਾਰਮ ਦਾ ਰੂਪ ਧਾਰਨ ਕਰ ਲਿਆ।
ਪਰ ਇੱਥੇ ਇਹ ਜ਼ਿਕਰ ਕਰਨਾ ਵੀ ਜ਼ਰੂਰੀ ਹੈ ਕਿ ਅੱਜ ਆਧੁਨਿਕ ਤਕਨੀਕ ਨਾਲ ਸਿੱਖਿਆ ਹਾਸਲ ਕਰਨ ਲਈ ਯੂ-ਟਿਊਬ ਹੀ ਇਕੋ-ਇਕ ਪਲੇਟਫਾਰਮ ਨਹੀਂ ਰਹਿ ਗਿਆ। ਸਰਕਾਰ ਨੇ ਵੀ ਮੌਜੂਦਾ ਹਾਲਾਤ ਨੂੰ ਦੇਖਦੇ ਹੋਏ ਅਤੇ ਵਿਸ਼ੇਸ਼ ਰੂਪ ਨਾਲ ਉਨ੍ਹਾਂ ਵਿਦਿਆਰਥੀਆਂ ਦੇ ਭਵਿੱਖ ਨੂੰ ਧਿਆਨ ’ਚ ਰੱਖਦੇ ਹੋਏ ਜੋ ਆਰਥਿਕ ਪੱਖੋਂ ਓਨੇ ਮਜ਼ਬੂਤ ਨਹੀਂ ਹਨ ਜਾਂ ਫਿਰ ਜਿਨ੍ਹਾਂ ਕੋਲ ਲੈਪਟਾਪ, ਸਮਾਰਟਫੋਨ, ਇੰਟਰਨੈੱਟ ਅਤੇ ਬਰਾਡਬੈਂਡ ਵਰਗੀਆਂ ਸਹੂਲਤਾਂ ਮੁਹੱਈਆ ਨਹੀਂ ਹਨ, ਉਨ੍ਹਾਂ ਤੱਕ ਵੀ ਸਿੱਖਿਆ ਦੀ ਉਪਲਬਧਤਾ ਹੋਵੇ, ਇਸ ਲਈ ਕਈ ਸੌਖੇ ਸਾਧਨਾਂ ਰਾਹੀਂ ਸਿੱਖਿਆ ਦੇਣ ਦੇ ਇਰਾਦੇ ਨਾਲ ਵੱਖ-ਵੱਖ ਕਦਮ ਚੁੱਕੇ ਹਨ।
ਜਿਵੇਂ ਈ-ਪਾਠਸ਼ਾਲਾ ਪੋਰਟਲ ਜਿਸ ’ਚ ਪਹਿਲੀ ਜਮਾਤ ਤੋਂ ਬਾਰ੍ਹਵੀਂ ਜਮਾਤ ਤੱਕ ਦੀਆਂ ਐੱਨ. ਸੀ. ਈ. ਆਰ. ਟੀ. ਦੀਆਂ ਕਿਤਾਬਾਂ ਅਤੇ ਸਬੰਧਤ ਸਮੱਗਰੀ ਉਪਲੱਬਧ ਹੈ। ਖੁਦ ਪੋਰਟਲ ਜਿਸ ’ਤੇ ਨੌਵੀਂ ਜਮਾਤ ਤੋਂ ਲੈ ਕੇ ਪੋਸਟ ਗ੍ਰੈਜੂਏਸ਼ਨ ਤੱਕ ਪੜ੍ਹਾਏ ਜਾਣ ਵਾਲੇ ਵੱਖ-ਵੱਖ ਅਕਾਦਮਿਕ ਕੋਰਸ ਅਤੇ ਡਿਪਲੋਮਾ ਕੋਰਸ ਉਪਲੱਬਧ ਹਨ।
ਇਸੇ ਤਰ੍ਹਾਂ ਪ੍ਰਧਾਨ ਮੰਤਰੀ ਈ-ਵਿੱਦਿਆ ਯੋਜਨਾ ਅਧੀਨ ਡਿਜੀਟਲ ਸਿੱਖਿਆ ਐਜੂਕੇਸ਼ਨ ਚੈਨਲ ਅਤੇ ਕਮਿਊਨਿਟੀ ਰੇਡੀਓ ਵਰਗੇ ਮਾਧਿਅਮਾਂ ਰਾਹੀਂ ਿਦੱਤੀ ਜਾਵੇਗੀ। ਇਸ ਰਾਹੀਂ ਹਰ ਜਮਾਤ ਲਈ ਇਕ ਚੈਨਲ ਹੋਵੇਗਾ। ਦਿੱਲੀ ਸਰਕਾਰ ਨੇ ਤਾਂ ਦੁਨੀਆ ਦਾ ਪਹਿਲਾਂ ਵਰਚੁਅਲ ਸਕੂਲ ਖੋਲ੍ਹਣ ਦਾ ਐਲਾਨ ਕਰ ਦਿੱਤਾ ਹੈ। ਇੱਥੇ ਆਨਲਾਈਨ ਮਾਧਿਅਮ ਰਾਹੀਂ ਪੜ੍ਹਾਈ ਕਰਵਾਈ ਜਾਵੇਗੀ ਅਤੇ ਇਸ ’ਚ ਦੇਸ਼ ਦੇ ਸਾਰੇ ਬੱਚੇ ਪੜ੍ਹ ਸਕਣਗੇ।
ਕੋਵਿਡ-19 ਦੀ ਮੌਜੂਦਾ ਸਥਿਤੀ ’ਚ ਵਿਦਿਆਰਥੀਆਂ ਦੀ ਮਾਨਸਿਕ ਸਿਹਤ ਅਤੇ ਕਲਿਆਣ ਲਈ ਕੇਂਦਰੀ ਮਨੁੱਖੀ ਸੋਮਿਆਂ ਬਾਰੇ ਵਿਕਾਸ ਮੰਤਰਾਲਾ ਵੱਲੋਂ ‘ਮਨੋਦਰਪਣ’ ਪਹਿਲ ਦੀ ਸ਼ੁਰੂਆਤ ਕੀਤੀ ਗਈ ਹੈ। ਇਹ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਦੇ ਮਾਨਸਿਕ ਅਤੇ ਭਾਵਨਾਤਮਕ ਕਲਿਆਣ ਲਈ ਇਕ ਸਥਾਈ ਮਨੋ-ਸਮਾਜਿਕ ਸਹਾਇਤਾ ਪ੍ਰਣਾਲੀ ਵਜੋਂ ਕੰਮ ਕਰੇਗੀ। ਇਨ੍ਹਾਂ ਹਾਲਾਤ ਨੇ ਇਸ ਕਹਾਵਤ ਨੂੰ ਸਹੀ ਸਾਬਿਤ ਕਰ ਦਿੱਤਾ ਹੈ ਕਿ ਲੋੜ ਕਾਢ ਦੀ ਮਾਂ ਹੈ।
ਕਿਉਂਕਿ ਅੱਜ ਸਾਡੇ ਵਿਦਿਆਰਥੀਆਂ ਕੋਲ ਗਿਆਨ ਅਤੇ ਸਿੱਖਿਆ ਦੋਹਾਂ ਦੇ ਬੇਮਿਸਾਲ ਸੋਮੇ ਮੌਜੂਦ ਹਨ ਜੋ ਪਹਿਲਾਂ ਵੀ ਸਨ ਅਤੇ ਸ਼ਾਇਦ ਗੈਰ-ਅਮਲੀ ਪ੍ਰਤੀਤ ਹੁੰਦੇ ਸਨ। ਉਨ੍ਹਾਂ ਨੂੰ ਕੋਰੋਨਾ ਕਾਲ ਨੇ ਪ੍ਰਾਸੰਗਿਕ ਬਣਾ ਦਿੱਤਾ ਹੈ।
ਭਾਰਤ-ਪਾਕਿ : ਸ਼ੁੱਭ ਸੰਕੇਤ
NEXT STORY