ਚੀਨ ਜਿਵੇਂ-ਜਿਵੇਂ ਆਪਣੀ ਆਰਥਿਕ ਦੁਰਦਸ਼ਾ ਵੱਲ ਵਧ ਰਿਹਾ ਹੈ ਉਂਝ ਹੀ ਚੀਨ ਦੇ ਅਮੀਰ ਲੋਕ ਆਪਣੀ ਸਾਰੀ ਧਨ ਜਾਇਦਾਦ ਲੈ ਕੇ ਚੀਨ ਤੋਂ ਬਾਹਰ ਦੂਜੇ ਦੇਸ਼ਾਂ ਨੂੰ ਜਾ ਕੇ ਵੱਸਣ ਲੱਗੇ ਸਨ। ਇਸ ’ਚ ਯੂਰਪ ਦੇ ਕਈ ਦੇਸ਼, ਕੈਨੇਡਾ, ਆਸਟ੍ਰੇਲੀਆ ਵਰਗੇ ਦੇਸ਼ ਚੀਨੀ ਅਮੀਰਾਂ ਨੂੰ ਗੋਲਡਨ ਵੀਜ਼ਾ ਪ੍ਰੋਗਰਾਮ ਤਹਿਤ ਇਨ੍ਹਾਂ ਤੋਂ 5 ਤੋਂ 10 ਲੱਖ ਅਮਰੀਕੀ ਡਾਲਰ ਦਾ ਨਿਵੇਸ਼ ਆਪਣੇ ਦੇਸ਼ਾਂ ’ਚ ਕਰਵਾਉਂਦੇ ਅਤੇ ਫਿਰ ਪੰਜ ਸਾਲ ਦੀ ਉਡੀਕ ਪਿੱਛੋਂ ਇਨ੍ਹਾਂ ਨੂੰ ਆਪਣੇ ਦੇਸ਼ਾਂ ਦੀ ਨਾਗਰਿਕਤਾ ਦੇ ਦਿੰਦੇ ਸੀ ਪਰ ਹਾਲ ਦੇ ਦਿਨਾਂ ’ਚ ਅਮੀਰ ਚੀਨੀ ਬਹੁਤ ਵੱਡੀ ਗਿਣਤੀ ’ਚ ਚੀਨ ਛੱਡ ਕੇ ਇਨ੍ਹਾਂ ਦੇਸ਼ਾਂ ਦਾ ਰੁਖ ਕਰਨ ਲੱਗੇ ਸਨ ਜਿਸ ਨੂੰ ਦੇਖਦੇ ਹੋਏ ਇੱਥੇ ਚੀਨੀਆਂ ਵਿਰੁੱਧ ਅੰਦੋਲਨ ਹੋਣ ਲੱਗੇ ਅਤੇ ਆਪਣੀਆਂ ਸਰਕਾਰਾਂ ਦੀਆਂ ਗੋਲਡਨ ਵੀਜ਼ਾ ਨੀਤੀਆਂ ਦੀ ਆਲੋਚਨਾ ਕਰਨ ਲੱਗੇ।
ਹੁਣ ਜਿਵੇਂ ਹੀ ਇਨ੍ਹਾਂ ਦੇਸ਼ਾਂ ਨੇ ਆਪਣੇ ਗੋਲਡਨ ਵੀਜ਼ਾ ਪ੍ਰੋਗਰਾਮ ਨੂੰ ਖਤਮ ਕੀਤਾ ਹੈ ਉਦੋਂ ਤੋਂ ਚੀਨੀਆਂ ਦਾ ਇਨ੍ਹਾਂ ਦੇਸ਼ਾਂ ’ਚ ਆਉਣਾ ਰੁਕ ਗਿਆ ਹੈ ਅਤੇ ਅਮੀਰ ਚੀਨੀ ਵਰਗ ਹੁਣ ਸ਼ਸ਼ੋਪੰਜ ’ਚ ਫਸ ਗਿਆ ਹੈ ਕਿ ਉਹ ਚੀਨ ਛੱਡ ਕੇ ਜਾਣ ਤਾਂ ਕਿੱਥੇ ਜਾਣ? ਹਾਲ ਹੀ ’ਚ ਆਸਟ੍ਰੇਲੀਆ ਨੇ ਆਪਣੇ ਗੋਲਡਨ ਵੀਜ਼ਾ ਦੇ ਪ੍ਰੋਗਰਾਮ ’ਤੇ ਰੋਕ ਲਾ ਦਿੱਤੀ ਹੈ, ਜਿਸ ਨੂੰ ਉੱਥੇ ਦੀ ਸਰਕਾਰ ਨੇ ਸਾਲ 2012 ’ਚ ਸ਼ੁਰੂ ਕੀਤਾ। ਉਨ੍ਹਾਂ ਨੂੰ ਆਸ ਸੀ ਕਿ ਦੁਨੀਆ ਭਰ ਤੋਂ ਅਮੀਰ ਲੋਕ ਇੱਥੇ ਆ ਕੇ ਪੈਸਾ ਨਿਵੇਸ਼ ਕਰਨਗੇ ਜਿਸ ਨਾਲ ਆਸਟ੍ਰੇਲੀਆ ਦੀ ਅਰਥਵਿਵਥਾ ਤੇਜ਼ ਰਫਤਾਰ ਨਾਲ ਤਰੱਕੀ ਕਰੇਗੀ ਪਰ ਅਜਿਹਾ ਹੋਇਆ ਨਹੀਂ। ਗੋਲਡਨ ਵੀਜ਼ਾ ’ਤੇ ਰੋਕ ਲਾਉਣ ਨਾਲ ਖਾਸ ਕਰ ਕੇ ਅਮੀਰ ਚੀਨੀ ਦੁਬਿਧਾ ’ਚ ਫਸ ਗਏ ਹਨ ਜਿਨ੍ਹਾਂ ਨੇ ਇੱਥੇ ਪੈਸਿਆਂ ਦਾ ਨਿਵੇਸ਼ ਵੀ ਕਰ ਦਿੱਤਾ ਅਤੇ 5 ਸਾਲ ਦੀ ਉਡੀਕ ਪਿੱਛੋਂ ਵੀ ਉਨ੍ਹਾਂ ਨੂੰ ਨਾ ਤਾਂ ਆਸਟ੍ਰੇਲੀਆ ਦੀ ਨਾਗਰਿਕਤਾ ਮਿਲੀ ਅਤੇ ਉਨ੍ਹਾਂ ਦੇ ਪੈਸੇ ਵੀ ਚਲੇ ਗਏ। ਦਰਅਸਲ, ਆਸਟ੍ਰੇਲੀਆ ਸਰਕਾਰ ਨੇ ਇਕ ਰਿਪੋਰਟ ਜਾਰੀ ਕਰ ਕੇ ਕਿਹਾ ਕਿ ਅਮੀਰ ਚੀਨੀ ਵਰਗ ਆਸਟ੍ਰੇਲੀਆ ਆਉਣ ਪਿੱਛੋਂ ਇੱਥੇ ਬਹੁਤ ਘੱਟ ਪੈਸੇ ਨਿਵੇਸ਼ ਕਰਦਾ ਹੈ। ਇਸ ਤੋਂ ਜ਼ਿਆਦਾ ਪੈਸੇ ਤਾਂ ਆਸਟ੍ਰੇਲੀਆ ਦੇ ਲੋਕ ਖਰਚ ਕਰ ਦਿੰਦੇ ਹਨ। ਦਰਅਸਲ, ਅਜੇ ਆਸਟ੍ਰੇਲੀਆ ਨੇ ਆਪਣੇ ਗੋਲਡਨ ਵੀਜ਼ਾ ਪ੍ਰੋਗਰਾਮ ’ਤੇ ਰੋਕ ਲਾਈ ਹੈ ਪਰ ਜਾਣਕਾਰਾਂ ਦਾ ਕਹਿਣਾ ਹੈ ਕਿ ਢੇਰ ਸਾਰੇ ਚੀਨੀਆਂ ਦੇ ਆਸਟ੍ਰੇਲੀਆ ਆਉਣ ਤੋਂ ਬਾਅਦ ਹੁਣ ਆਸਟ੍ਰੇਲੀਆ ਇਸ ਪ੍ਰੋਗਰਾਮ ਨੂੰ ਅਗਲੇ 2 ਸਾਲਾਂ ’ਚ ਖਤਮ ਕਰ ਦੇਵੇਗਾ ਪਰ ਉੱਥੋਂ ਦੇ ਸਰਕਾਰੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਗੋਲਡਨ ਵੀਜ਼ਾ ਜਾਂ ਫਿਰ ਬਿਜ਼ਨੈੱਸ ਇਨੋਵੇਸ਼ਨ ਐਂਡ ਇਨਵੈਸਟਮੈਂਟ ਪ੍ਰੋਗਰਾਮ ਭਾਵ ਬੀ. ਆਈ. ਆਈ. ਪੀ. ਯੋਜਨਾ ’ਚ ਜੋ ਕਮੀਆਂ ਰਹਿ ਗਈਆਂ ਹਨ ਉਨ੍ਹਾਂ ਨੂੰ ਦੂਰ ਕਰ ਕੇ ਇਕ ਨਵੀਂ ਯੋਜਨਾ ਨਾਲ ਵਾਪਸੀ ਕਰੇਗਾ।
ਇਸ ਸਾਲ 16 ਜੂਨ ਨੂੰ ਆਸਟ੍ਰੇਲੀਆਈ ਸਰਕਾਰ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਆਪਣੇ ਪੂਰੇ ਜੀਵਨ ’ਚ ਗੋਲਡਨ ਵੀਜ਼ਾ ਧਾਰਕ ਸਿਰਫ 6 ਲੱਖ ਆਸਟ੍ਰੇਲੀਆਈ ਡਾਲਰ ਦਾ ਆਰਥਿਕ ਨਿਵੇਸ਼ ਕਰ ਰਿਹਾ ਹੈ ਜੋ ਕਿ ਆਮ ਆਸਟ੍ਰੇਲੀਆਈ ਨਾਗਰਿਕ ਵੱਲੋਂ ਆਪਣੇ ਪੂਰੇ ਜੀਵਨਕਾਲ ’ਚ ਕੀਤੇ ਗਏ ਨਿਵੇਸ਼ ਦਾ ਅੱਧੇ ਤੋਂ ਵੀ ਘੱਟ ਹੈ। ਆਮ ਆਸਟ੍ਰੇਲੀਆਈ ਨਿਵੇਸ਼ਕ 16 ਲੱਖ ਆਸਟ੍ਰੇਲੀਆਈ ਡਾਲਰ ਦਾ ਨਿਵੇਸ਼ ਕਰ ਦਿੰਦਾ ਹੈ। ਇਸ ਰਿਪੋਰਟ ’ਚ ਇਹ ਵੀ ਕਿਹਾ ਗਿਆ ਹੈ ਕਿ ਜਿੰਨੇ ਵੀ ਚੀਨੀ ਨਿਵੇਸ਼ਕ ਇੱਥੇ ਆਉਂਦੇ ਹਨ ਉਹ ਸਾਰੇ ਅਮੀਰ ਅਤੇ ਬੁੱਢੇ ਹੁੰਦੇ ਹਨ ਜਿਹੜੇ ਆਪਣੇ ਛੋਟੇ ਜਿਹੇ ਨਿਵੇਸ਼ ਤੋਂ ਘੱਟ ਮੁਨਾਫਾ ਕਮਾਉਂਦੇ ਹਨ।
ਸੱਤਾ ’ਚ ਲੇਬਰ ਪਾਰਟੀ ਆਉਣ ਪਿੱਛੋਂ ਪਹਿਲੇ ਨਿਯਮਾਂ ’ਚ ਬਦਲਾਅ ਕਰਦੇ ਹੋਏ 12 ਮਹੀਨਿਆਂ ’ਚ ਬੀ. ਆਈ. ਆਈ. ਪੀ. ਵੀਜ਼ਾ ਦੇਣ ਦੀ ਮਿਆਦ ਨੂੰ ਵਧਾ ਕੇ 3 ਸਾਲ ਕਰ ਦਿੱਤਾ ਭਾਵ ਪਹਿਲਾਂ ਜਿੱਥੇ ਵੀਜ਼ਾ ਇਕ ਸਾਲ ’ਚ ਮਿਲਦਾ ਸੀ ਓਧਰ ਹੁਣ ਇਹ 3 ਸਾਲ ਬਾਅਦ ਮਿਲਣ ਲੱਗਾ ਪਰ ਹੁਣ ਇਸ ਨੂੰ ਵਧਾ ਕੇ 5 ਸਾਲ ਕਰ ਦਿੱਤਾ ਗਿਆ ਹੈ। ਸੰਦੇਸ਼ ਸਾਫ ਹੈ ਕਿ ਆਸਟ੍ਰੇਲੀਆ ਨਹੀਂ ਚਾਹੁੰਦਾ ਕਿ ਹੋਰ ਚੀਨੀ ਉਸ ਦੇ ਦੇਸ਼ ’ਚ ਆਉਣ। ਇਹੀ ਹਾਲ ਯੂਰਪ ਦੇ ਬਾਕੀ ਦੇਸ਼ਾਂ ਦਾ ਵੀ ਹੈ। ਆਇਰਲੈਂਡ, ਗ੍ਰੀਸ, ਸਪੇਨ ਅਤੇ ਪੁਰਤਗਾਲ ਨੇ ਅਜੇ ਆਪਣੀਆਂ ਗੋਲਡਨ ਵੀਜ਼ਾ ਨੀਤੀਆਂ ਨੂੰ ਖਤਮ ਕਰ ਦਿੱਤਾ ਹੈ। ਯੂਰਪ ’ਚ ਸਭ ਤੋਂ ਪਹਿਲਾਂ ਆਇਰਲੈਂਡ ਨੇ ਸਾਲ 2023 ’ਚ 14 ਫਰਵਰੀ ਨੂੰ ਇਮੀਗ੍ਰੇਸ਼ਨ ਇਨਵੈਸਟਰ ਪ੍ਰੋਗਰਾਮ ਨੂੰ ਖਤਮ ਕਰ ਕੇ ਇਕ ਵੀ ਨਵੀਂ ਅਰਜ਼ੀ ਨੂੰ ਸਵੀਕਾਰ ਨਹੀਂ ਕੀਤਾ। ਇਸ ਦੇ ਦੋ ਦਿਨਾਂ ਬਾਅਦ ਭਾਵ 16 ਫਰਵਰੀ ਨੂੰ ਪੁਰਤਗਾਲ ਨੇ ਵੀ ਅਧਿਕਾਰਤ ਤੌਰ ’ਤੇ ਆਪਣੇ ਇਮੀਗ੍ਰੇਸ਼ਨ ਇਨਵੈਸਟਮੈਂਟ ਪ੍ਰੋਗਰਾਮ ਨੂੰ ਖਤਮ ਕਰਨ ਦਾ ਐਲਾਨ ਕਰ ਦਿੱਤਾ। ਇਨ੍ਹਾਂ ਤੋਂ ਪਹਿਲਾਂ ਬ੍ਰੈਕਸਿਟ ਤੋਂ ਪਿੱਛੋਂ ਬਰਤਾਨੀਆ ਨੇ ਪਿਛਲੇ ਸਾਲ 17 ਫਰਵਰੀ ਨੂੰ ਹੀ ਗੋਲਡਨ ਵੀਜ਼ਾ ਪ੍ਰੋਗਰਾਮ ਨੂੰ ਤਤਕਾਲ ਪ੍ਰਭਾਵ ਤੋਂ ਖਤਮ ਕਰ ਦਿੱਤਾ ਸੀ। ਓਧਰ ਗ੍ਰੀਸ ਨੇ ਮਈ 2023 ਤੋਂ ਗੋਲਡਨ ਵੀਜ਼ਾ ਦੇ ਨਿਯਮਾਂ ’ਚ ਬਦਲਾਅ ਕਰਦੇ ਹੋਏ ਵਿਦੇਸ਼ੀਆਂ ਵੱਲੋਂ ਨਿਵੇਸ਼ ਦੀ ਹੱਦ ਨੂੰ ਵਧਾ ਦਿੱਤਾ।
ਯੂਰਪੀ ਦੇਸ਼ਾਂ ’ਚ ਗੋਲਡਨ ਵੀਜ਼ਾ ਪ੍ਰੋਗਰਾਮ ਦੇ ਚੱਲਦਿਆਂ ਮਨੀ ਲਾਂਡਰਿੰਗ, ਕੁਝ ਲੋਕਾਂ ਵੱਲੋਂ ਟੈਕਸ ਨਾ ਭਰਨਾ ਅਤੇ ਵਧਦੇ ਭ੍ਰਿਸ਼ਟਾਚਾਰ ਦੀ ਗੱਲ ਨੂੰ ਸਵੀਕਾਰ ਕਰਦੇ ਹੋਏ ਕਿਹਾ ਗਿਆ ਹੈ ਕਿ ਇਸ ਪ੍ਰੋਗਰਾਮ ਦਾ ਬੰਦ ਹੋਣਾ ਯੂਰਪੀ ਦੇਸ਼ਾਂ ਲਈ ਇਕ ਚੰਗਾ ਸੰਕੇਤ ਹੈ। ਇਸ ਕਾਰਨ ਯੂਰਪੀ ਸੰਸਦ ਨੇ ਇਸ ਮੁੱਦੇ ’ਤੇ ਦੋ ਦੌਰ ਦੀ ਵੋਟਿੰਗ ਕਰਵਾਈ ਜਿਸ ਪਿੱਛੋਂ ਇਹ ਫੈਸਲਾ ਲਿਆ ਗਿਆ ਕਿ ਹੌਲੀ-ਹੌਲੀ ਗੋਲਡਨ ਵੀਜ਼ਾ ਪ੍ਰੋਗਰਾਮ ਨੂੰ ਖਤਮ ਕਰ ਦਿੱਤਾ ਜਾਵੇਗਾ। ਇਸ ਤੋਂ ਬਾਅਦ ਵਿਦੇਸ਼ੀ ਮੀਡੀਆ ’ਚ ਛਪੀ ਖਬਰ ’ਚ ਕਿਹਾ ਗਿਆ ਕਿ ਪੂਰਾ ਯੂਰਪ ਸਾਲ 2025 ਤੱਕ ਗੋਲਡਨ ਵੀਜ਼ਾ ਪ੍ਰੋਗਰਾਮ ਨੂੰ ਪੂਰੀ ਤਰ੍ਹਾਂ ਖਤਮ ਕਰ ਦੇਵੇਗਾ। ਅਜਿਹੇ ’ਚ ਸਭ ਤੋਂ ਜ਼ਿਆਦਾ ਪ੍ਰੇਸ਼ਾਨੀ ਉਨ੍ਹਾਂ ਅਮੀਰ ਚੀਨੀਆਂ ਨੂੰ ਹੋਵੇਗੀ ਜਿਹੜੇ ਆਪਣਾ ਦੇਸ਼ ਛੱਡ ਕੇ ਵਿਦੇਸ਼ ’ਚ ਚੈਨ ਦੀ ਜ਼ਿੰਦਗੀ ਜਿਊਣਾ ਚਾਹੁੰਦੇ ਹਨ ਕਿਉਂਕਿ ਚੀਨ ’ਚ ਤਾਨਾਸ਼ਾਹੀ, ਬੇਯਕੀਨੀ, ਆਰਥਿਕ ਮੰਦੀ ਨਾਲ ਸੀ. ਪੀ. ਸੀ. (ਚਾਈਨੀਜ਼ ਕਮਿਊਨਿਸਟ ਪਾਰਟੀ) ਵੱਲੋਂ ਅਮੀਰਾਂ ਦੀ ਜਾਇਦਾਦ ਨੂੰ ਕਦੀ ਵੀ ਆਪਣੇ ਕਬਜ਼ੇ ’ਚ ਲੈਣ ਦਾ ਖਦਸ਼ਾ ਵਧ ਗਿਆ ਹੈ।
25 ਜੂਨ 1975 : ਐਮਰਜੈਂਸੀ ਦੀ ਉਹ ਕਾਲੀ ਰਾਤ
NEXT STORY