ਪਿਛਲੇ ਹਫਤੇ ਯੂਨਾਈਟਿਡ ਕਿੰਗਡਮ ’ਚ ਸੰਸਦ ਲਈ ਹੋਈਆਂ ਚੋਣਾਂ ’ਚ ਰਿਸ਼ੀ ਸੁਨਕ ਅਤੇ ਉਨ੍ਹਾਂ ਦੀ ਕੰਜ਼ਰਵੇਟਿਵ ਪਾਰਟੀ ਹਾਰ ਗਈ। ਹਾਰ ਦੇ ਬਾਅਦ ਵੀ ਉਹ ਬੜੇ ਨਿਮਰ ਸਨ। ਉਨ੍ਹਾਂ ਨੇ ਕਿਹਾ, ‘‘ਮੈਂ ਤੁਹਾਡਾ ਗੁੱਸਾ ਸਮਝ ਸਕਦਾ ਹਾਂ। ਮੈਂ ਕਈ ਚੰਗੇ, ਮਿਹਨਤੀ ਉਮੀਦਵਾਰਾਂ ਦੀ ਹਾਰ ਦੀ ਜ਼ਿੰਮੇਵਾਰੀ ਲੈਂਦਾ ਹੈ।’’ ਅਣਕਿਆਸੇ ਨਤੀਜੇ ਐਲਾਨ ਹੋਣ ਦੇ ਤੁਰੰਤ ਬਾਅਦ ਉਨ੍ਹਾਂ ਨੇ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਅਗਲੇ ਦਿਨ ਉਨ੍ਹਾਂ ਨੇ ਕੰਜ਼ਰਵੇਟਿਵ ਪਾਰਟੀ ਦੇ ਨੇਤਾ ਦੇ ਅਹੁਦੇ ਤੋਂ ਵੀ ਅਸਤੀਫਾ ਦੇ ਦਿੱਤਾ, ਜਿਸ ਨਾਲ ਪਾਰਟੀ ’ਚ ਚੋਟੀ ਦੇ ਅਹੁਦੇ ਲਈ ਹੋਰ ਖਾਹਿਸ਼ੀ ਸਿਆਸੀ ਆਗੂਆਂ ਲਈ ਮੈਦਾਨ ਖਾਲੀ ਹੋ ਗਿਆ।
ਮੈਨੂੰ ਯਕੀਨ ਹੈ ਕਿ ਸੋਚਣ ਅਤੇ ਮਹਿਸੂਸ ਕਰਨ ਵਾਲੇ ਭਾਰਤੀਆਂ ਦੀ ਨਜ਼ਰ ਅਤੇ ਘੱਟੋ-ਘੱਟ ਮੇਰੀ ਨਜ਼ਰ ’ਚ ਰਿਸ਼ੀ ਦਾ ਕੱਦ ਹੋਰ ਕਈ ਸਥਾਨ ਉਪਰ ਚਲਾ ਗਿਆ। ਮੇਰੇ ਮਨ ਦੀਆਂ ਅੱਖਾਂ ’ਚ ਮੈਂ ਹਾਰ ’ਤੇ ਉਨ੍ਹਾਂ ਦੀ ਪ੍ਰਤੀਕਿਰਿਆ ਦੀ ਤੁਲਨਾ ਸਾਡੇ ਆਪਣੇ ਹਰਮਨਪਿਆਰੇ ਪ੍ਰਧਾਨ ਮੰਤਰੀ ਦੀ ਪ੍ਰਤੀਕਿਰਿਆ ਨਾਲ ਕੀਤੀ, ਜਦੋਂ ਉਨ੍ਹਾਂ ਦੀ ਪਾਰਟੀ ਨੇ ਲੋਕ ਸਭਾ ’ਚ ਆਪਣੀਆਂ ਪਿਛਲੀਆਂ 303 ਸੀਟਾਂ ’ਚੋਂ 60 ਸੀਟਾਂ ਗੁਆ ਦਿੱਤੀਆਂ ਸਨ। ਮੋਦੀ ਨੇ ਇਸ ਵਾਰ 400 ਸੀਟਾਂ ਜਿੱਤਣ ਦਾ ਦਾਅਵਾ ਕੀਤਾ ਸੀ। ਉਨ੍ਹਾਂ ਨੇ ਦੇਸ਼ ਭਰ ’ਚ ਕਈ ਮੁੱਢਲਾ ਢਾਂਚਾ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ। ਆਪਣੇ ਘੁੰਮਣ-ਫਿਰਨ ਵਾਲੇ ਉਤਸ਼ਾਹ ’ਚ ਦੇਸ਼ ਦੇ ਕੋਨੇ-ਕੋਨੇ ਦੀ ਸੈਰ ਕੀਤੀ, ਅਯੁੱਧਿਆ ’ਚ ਰਾਮ ਜਨਮਭੂਮੀ ਮੰਦਰ ਦਾ ਉਦਘਾਟਨ ਇਕੱਲਿਆਂ ਹੀ ਕੀਤਾ। ਉਨ੍ਹਾਂ ਦੇ ਸਾਰੇ ਯਤਨ ਵਿਅਰਥ ਗਏ।
ਉਨ੍ਹਾਂ ਨੇ ਉੱਤਰ ਪ੍ਰਦੇਸ਼ ਦਾ ਆਪਣਾ ਗੜ੍ਹ ਗੁਆ ਦਿੱਤਾ ਅਤੇ ਹੈਰਾਨੀ ਦੀ ਗੱਲ ਇਹ ਹੈ ਕਿ ਉਹ ਫੈਜ਼ਾਬਾਦ ਸੀਟ ਅਖਿਲੇਸ਼ ਯਾਦਵ ਦੀ ਸਮਾਜਵਾਦੀ ਪਾਰਟੀ ਤੋਂ ਹਾਰ ਗਏ। ਮੋਦੀ ਨੇ ਬਿਨਾਂ ਪਲਕ ਝਪਕੇ, ਆਪਣਾ ਪਿਆਰਾ ਤੀਜਾ ਕਾਰਜਕਾਲ ਜਾਰੀ ਰੱਖਿਆ। ਉਨ੍ਹਾਂ ਲਈ ਇਹ ਹਮੇਸ਼ਾ ਵਾਂਗ ਕੰਮ ਸੀ। ਗਊ ਮਾਸ ਖਾਣ ਵਾਲਿਆਂ ਅਤੇ ਪਸ਼ੂਆਂ ਦਾ ਵਪਾਰ ਕਰਨ ਵਾਲਿਆਂ ਦੀ ਲਿੰਚਿੰਗ ਦੇ ਨਾਲ-ਨਾਲ ਵੱਖ- ਵੱਖ ਅਪਰਾਧਾਂ ਦੇ ਮੁਲਜ਼ਮ ਮੁਸਲਮਾਨਾਂ ਦੇ ਘਰਾਂ ਅਤੇ ਦੁਕਾਨਾਂ ਨੂੰ ਢਾਹੁਣਾ ਭਾਜਪਾ ਸ਼ਾਸਿਤ ਸੂਬਿਆਂ ’ਚ ਜਾਰੀ ਰਿਹਾ। ਉਨ੍ਹਾਂ ਨੇ ਲੋਕ ਸਭਾ ਚੋਣਾਂ ’ਚ ਆਪਣੀ ਖਰਾਬ ਕਾਰਗੁਜ਼ਾਰੀ ’ਤੇ ਕੋਈ ਨਿਰਾਸ਼ਾ ਨਹੀਂ ਪ੍ਰਗਟਾਈ ਅਤੇ ਨਾ ਹੀ ਆਪਣੀ ਪਾਰਟੀ ਦੇ ਮੈਂਬਰਾਂ ਨੂੰ ਇਸ ਗੱਲ ਲਈ ਕੋਈ ਸਪੱਸ਼ਟੀਕਰਨ ਦੇਣ ਦੀ ਲੋੜ ਸਮਝੀ। ਇਸ ਨੂੰ ਉਨ੍ਹਾਂ ਦੀ ਨਿੱਜੀ ਅਸਫਲਤਾ ਹੀ ਕਿਹਾ ਜਾ ਸਕਦਾ ਹੈ ਕਿਉਂਕਿ ਭਾਜਪਾ ਨੇ ਉਨ੍ਹਾਂ ਦੇ ਨਾਂ ’ਤੇ ਚੋਣ ਲੜੀ ਸੀ।
ਰਿਸ਼ੀ ਸੁਨਕ ਭਾਰਤੀ ਮੂਲ ਦੇ ਹਨ। ਉਨ੍ਹਾਂ ਦੇ ਪਰਿਵਾਰ ਦੀਆਂ ਜੜ੍ਹਾਂ ਪੰਜਾਬ ’ਚ ਹਨ। ਉਨ੍ਹਾਂ ਦੀ ਪਤਨੀ ਅਕਸ਼ਤਾ ਮੂਰਤੀ, ਇਨਫੋਸਿਸ ਦੇ ਸੰਸਥਾਪਕ ਨਾਰਾਇਣ ਮੂਰਤੀ ਦੀ ਧੀ ਹੈ। ਉਨ੍ਹਾਂ ਦੀਆਂ ਜੜ੍ਹਾਂ ਦੱਖਣੀ ਭਾਰਤੀ ਸੂਬੇ ਕਰਨਾਟਕ ’ਚ ਹਨ। ਉਹ ਨਰਿੰਦਰ ਮੋਦੀ ਅਤੇ ਲੱਖਾਂ ਭਾਰਤੀਆਂ ਵਾਂਗ ਹੀ ਹਨ। ਫਿਰ ਵੀ ਆਪਣੇ ਕਰੀਅਰ ’ਚ ਇਕ ਝਟਕੇ ’ਤੇ ਸੁਨਕ ਦੀ ਪ੍ਰਤੀਕਿਰਿਆ ਮੋਦੀ ਦੇ ਬਿਲਕੁਲ ਉਲਟ ਸੀ। ਰਿਸ਼ੀ ਸੁਨਕ ਇਕ ਧਾਰਮਿਕ ਹਿੰਦੂ ਹਨ। ਇਹ ਸਪੱਸ਼ਟ ਹੈ ਕਿ ਉਹ ਆਪਣੇ ਧਰਮ ਦੇ ਸਾਰ ਦੀ ਪਾਲਣਾ ਕਰਦੇ ਹਨ। ਉਹ ਬੜੇ ਨਿਮਰ ਅਤੇ ਪਛਚਾਤਾਪੀ ਹਨ। ਉਨ੍ਹਾਂ ਨੇ ਹਾਰ ਲਈ ਆਪਣੀ ਜ਼ਿੰਮੇਵਾਰੀ ਪ੍ਰਵਾਨ ਕੀਤੀ। ਆਰ. ਐੱਸ. ਐੱਸ. ਨੂੰ ਉਨ੍ਹਾਂ ਦੀ ਸ਼ਖਸੀਅਤ ਅਤੇ ਵਤੀਰੇ ਦੇ ਇਸ ਪਹਿਲੂ ’ਤੇ ਟਿੱਪਣੀ ਕਰਨੀ ਚਾਹੀਦੀ ਹੈ ਜਿਵੇਂ ਉਸ ਨੇ ਮੋਦੀ ਦਾ ਨਾਂ ਲਏ ਬਗੈਰ ਕੀਤੀ ਸੀ।
ਆਖਿਰਕਾਰ, ਦੁਨੀਆ ਦੇ ਸਾਰੇ ਮਹਾਨ ਧਰਮਾਂ ਦੀਆਂ ਮੂਲ ਸਿੱਖਿਆਵਾਂ ਇਕੋ ਜਿਹੀਆਂ ਹਨ। ਉਹ ਸਾਰੇ ਨਿਮਰਤਾ ਸਿਖਾਉਂਦੇ ਹਨ ਤੇ ਹੰਕਾਰ ਨੂੰ ਪ੍ਰਵਾਨ ਨਹੀਂ ਕਰਦੇ। ਉਹ ਝੂਠ ਨੂੰ ਪ੍ਰਵਾਨ ਨਹੀਂ ਕਰਦੇ। ਉਹ ਬਿਨਾਂ ਕਿਸੇ ਇਨਾਮ ਦੀ ਆਸ ਦੇ ਤਰਸ ਅਤੇ ਸੇਵਾ ਦਾ ਉਪਦੇਸ਼ ਦਿੰਦੇ ਹਨ। ਫਿਰ, ਸਾਡੇ ‘ਦੇਸੀ’ ਸਿਆਸੀ ਆਗੂ ਸਾਡੇ ਆਪਣੇ ਰਿਸ਼ਤੇਦਾਰਾਂ ਨਾਲੋਂ ਅਲੱਗ ਕਿਉਂ ਹਨ ਜੋ ਦੂਜੇ ਦੇਸ਼ਾਂ ’ਚ ਚਲੇ ਗਏ ਹਨ ਅਤੇ ਉੱਥੇ ਉਨ੍ਹਾਂ ਨੇ ਗੈਰ-ਭਰੋਸੇ ਵਾਲੀ ਮਾਨਤਾ ਪ੍ਰਾਪਤ ਕੀਤੀ ਹੈ? ਰਿਸ਼ੀ ਸੁਨਕ ਉਸ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਜਿਸ ਨੇ ਸਾਡੇ ’ਤੇ 2 ਸ਼ਤਾਬਦੀਆਂ ਜਾਂ ਉਸ ਤੋਂ ਵੱਧ ਸਮੇਂ ਤੱਕ ਰਾਜ ਕੀਤਾ। ਕਮਲਾ ਹੈਰਿਸ, ਜਿਨ੍ਹਾਂ ਦੀ ਮਾਂ ਦਾ ਪਰਿਵਾਰ ਤਮਿਲਨਾਡੂ ਤੋਂ ਅਮਰੀਕਾ ਚਲਾ ਗਿਆ ਸੀ, ਅੱਜ ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਦੇਸ਼ ਦੀ ਉਪ-ਰਾਸ਼ਟਰਪਤੀ ਹਨ।
ਪੱਛਮ ’ਚ ਵਧੀਆ ਜੀਵਨ ਪੱਧਰ ਦੀ ਭਾਲ ਕਰਨ ਵਾਲੇ ਭਾਰਤੀਆਂ ਦੇ ਇਲਾਵਾ ਦੁਨੀਆ ਦੇ ਛੋਟੇ ਦੇਸ਼ਾਂ ’ਚ ਭਾਰਤੀ ਮੂਲ ਦੇ ਨਾਗਰਿਕ ਵੀ ਹਨ। ਉਨ੍ਹਾਂ ਦੇ ਵੱਡੇ-ਵਡੇਰਿਆਂ ਨੂੰ ਵੈਸਟ ਇੰਡੀਜ਼, ਮਾਰੀਸ਼ਸ ਅਤੇ ਫਿਜੀ ’ਚ ਬ੍ਰਿਟਿਸ਼ ਸ਼ਾਸਿਤ ਬਸਤੀਵਾਦਾਂ ’ਚ ਕਪਾਹ ਅਤੇ ਗੰਨੇ ਦੇ ਖੇਤਾਂ ’ਚ ਕੰਮ ਕਰਨ ਲਈ ਮਜ਼ਦੂਰ ਵਜੋਂ ਭਰਤੀ ਕੀਤਾ ਗਿਆ ਸੀ।
ਸਰ ਸੇਵਸਾਗਰ ਰਾਮਗੁਲਾਮ ਤੋਂ ਸ਼ੁਰੂ ਹੋ ਕੇ, ਮਾਰੀਸ਼ਸ ਦੇ ਪ੍ਰਧਾਨ ਮੰਤਰੀ ਹਮੇਸ਼ਾ ਭਾਰਤੀ ਮੂਲ ਦੇ ਰਹੇ ਹਨ। ਸਰ ਵਿਦਿਆਧਰ ਸੂਰਜ ਪ੍ਰਸਾਦ ਨਾਯਪਾਲ, ਜਿਨ੍ਹਾਂ ਦਾ ਮੂਲ ਬਿਹਾਰ ’ਚ ਹੈ, ਖਾਸ ਤੌਰ ’ਤੇ ਬਿਹਾਰ ਦੇ ਇਕ ਪਿੰਡ ਦੇ ਦੁਬੇ ਪਰਿਵਾਰ ’ਚ, ਅੱਜ ਅੰਗ੍ਰੇਜ਼ੀ ਭਾਸ਼ਾ ਦੇ ਮਹਾਨ ਲੇਖਕਾਂ ’ਚੋਂ ਇਕ ਦੇ ਰੂਪ ’ਚ ਉਨ੍ਹਾਂ ਨੂੰ ਪ੍ਰਵਾਨ ਕੀਤਾ ਜਾਂਦਾ ਹੈ। ਉਨ੍ਹਾਂ ਦੇ ਪਰਿਵਾਰ ਨੂੰ 2 ਜਾਂ ਵੱਧ ਸ਼ਤਾਬਦੀਆਂ ਪਹਿਲਾਂ ਵੈਸਟ ਇੰਡੀਜ਼ ’ਚ ਤਬਦੀਲ ਕਰ ਦਿੱਤਾ ਗਿਆ ਸੀ। ਉਨ੍ਹਾਂ ਨੇ ‘ਏ ਹਾਊਸ ਫਾਰ ਮਿਸਟਰ ਬਿਸਵਾਸ’, ‘ਐਨ ਏਰੀਆ ਆਫ ਡਾਰਕਨੈੱਸ’, ‘ਇੰਡੀਆ-ਏ ਵਾਊਂਡਿਡ ਸਿਵਿਲਾਈਜ਼ੇਸ਼ਨ’ ਆਪਣੀਆਂ ਭਰਪੂਰ ਰਚਨਾਵਾਂ ਲਈ ਸਾਹਿਤ ਦਾ ਨੋਬਲ ਪੁਰਸਕਾਰ ਜਿੱਤਿਆ।
ਸਭ ਤੋਂ ਪਹਿਲਾਂ ਉਨ੍ਹਾਂ ਨੂੰ ਮੁਸਲਿਮ ਫੋਬੀਆ ਛੱਡਣਾ ਚਾਹੀਦਾ ਹੈ। ਉਨ੍ਹਾਂ ਨੂੰ ਈ. ਡੀ. ਅਤੇ ਸੀ. ਬੀ. ਆਈ. ਵਰਗੀਆਂ ਕੇਂਦਰੀ ਜਾਂਚ ਏਜੰਸੀਆਂ ਦੇ ਉਤਸ਼ਾਹ ਨੂੰ ਕਾਬੂ ਕਰਨਾ ਚਾਹੀਦਾ ਹੈ ਤਾਂ ਕਿ ਉਹ ਸਿਰਫ ਵਿਰੋਧੀ ਧਿਰ ਦੇ ਸਿਆਸੀ ਆਗੂਆਂ ਅਤੇ ਉਨ੍ਹਾਂ ਦੇ ਰਾਜ ਦੇ ਆਲੋਚਕਾਂ ਦਾ ਪਿੱਛਾ ਨਾ ਕਰਨ। ਉਨ੍ਹਾਂ ਦੀ ਪਾਰਟੀ ’ਚ ਸ਼ੱਕੀ ਨੇਤਾਵਾਂ ਦੀ ਭਰਮਾਰ ਹੈ ਜੋ ਆਪਣੀ ਅਲਮਾਰੀ ’ਚ ਪਿੰਜਰ ਲੁਕਾਈ ਬੈਠੇ ਹਨ। ਜੇਕਰ ਇਸ ਨੂੰ ਜਲਦੀ ਠੀਕ ਨਾ ਕੀਤਾ ਗਿਆ ਤਾਂ ਮੋਦੀ ਦੇ ਅਕਸ ਨੂੰ ਪਹਿਲਾਂ ਰਾਸ਼ਟਰੀ ਅਤੇ ਫਿਰ ਅੰਤਰਰਾਸ਼ਟਰੀ ਪੱਧਰ ’ਤੇ ਨੁਕਸਾਨ ਪਹੁੰਚੇਗਾ। ਉਨ੍ਹਾਂ ਨੂੰ ਖੇਤੀਬਾੜੀ ਕਾਨੂੰਨਾਂ ਪ੍ਰਤੀ ਹੋਈਆਂ ਆਪਣੀਆਂ ਕਮੀਆਂ ’ਤੇ ਵਿਚਾਰ ਕਰਨਾ ਚਾਹੀਦਾ ਹੈ ਜਿਨ੍ਹਾਂ ਬਾਰੇ ਕਈ ਵਿਅਕਤੀਆਂ ਨੇ ਕਿਹਾ ਸੀ ਕਿ ਉਹ ਚੰਗੇ ਕਾਨੂੰਨ ਸਨ ਪਰ ਕਿਸਾਨਾਂ ਦੀ ਲਾਬੀ ਨੂੰ ਠੀਕ ਢੰਗ ਨਾਲ ਨਹੀਂ ਸਮਝਾਇਆ ਗਿਆ। ਜੇਕਰ ਨਰਿੰਦਰ ਮੋਦੀ ਚਾਹੁੰਦੇ ਹਨ ਕਿ ਆਉਣ ਵਾਲੀਆਂ ਪੀੜ੍ਹੀਆਂ ਉਨ੍ਹਾਂ ਨੂੰ ਯਾਦ ਰੱਖਣ ਤਾਂ ਉਨ੍ਹਾਂ ਨੂੰ ਘੱਟੋ-ਘੱਟ ਆਰ. ਐੱਸ. ਐੱਸ. ਦੇ ਸੰਘ ਸੰਚਾਲਕ ਦੀ ਆਵਾਜ਼ ਸੁਣਨੀ ਚਾਹੀਦੀ ਹੈ, ਬੇਸ਼ੱਕ ਹੀ ਉਹ ਉਨ੍ਹਾਂ ਆਮ ਭਾਰਤੀਆਂ ਦੀ ਆਵਾਜ਼ ਨੂੰ ਖਾਰਿਜ ਕਰ ਦੇਣ ਜਿਨ੍ਹਾਂ ਨੇ ਉਨ੍ਹਾਂ ਨੂੰ ਵੋਟਾਂ ਨਹੀਂ ਪਾਈਆਂ।
ਜੂਲੀਓ ਰਿਬੈਰੋ (ਸਾਬਕਾ ਡੀ. ਜੀ. ਪੀ. ਪੰਜਾਬ ਅਤੇ ਸਾਬਕਾ ਆਈ. ਪੀ. ਐੱਸ. ਅਧਿਕਾਰੀ)
ਜੰਮੂ ਕਿਉਂ ਹੈ ਅੱਤਵਾਦ ਦਾ ਨਵਾਂ ਕਸ਼ਮੀਰ?
NEXT STORY