ਈ. ਵੀ. ਐੱਮ. ’ਤੇ ਸ਼ੰਕਿਆਂ ਅਤੇ ਸਵਾਲਾਂ ਦਾ ਫੈਸਲਾਕੁੰਨ ਨਿਪਟਾਰਾ ਸਿਰਫ਼ ਚੋਣ ਕਮਿਸ਼ਨ ਜਾਂ ਸੁਪਰੀਮ ਕੋਰਟ ਹੀ ਕਰ ਸਕਦੇ ਹਨ, ਪਰ ਹਰਿਆਣਾ ਸਮੇਤ ਕਈ ਸੂਬਿਆਂ ਵਿਚ ਹੋਈ ਹਾਰ ਵਿਚ ਖ਼ੁਦ ਕਾਂਗਰਸੀਆਂ ਦੀ ਭੂਮਿਕਾ ਵੀ ਘੱਟ ਨਹੀਂ ਹੈ। 90 ਮੈਂਬਰੀ ਹਰਿਆਣਾ ਵਿਧਾਨ ਸਭਾ ਦੀਆਂ ਚੋਣਾਂ ਵਿਚ, ਜਿਸ ਵਿਚ ਸਾਰੇ ਚੋਣ ਪੰਡਿਤ ਇਹ ਭਵਿੱਖਬਾਣੀ ਕਰ ਰਹੇ ਸਨ ਕਿ ਕਾਂਗਰਸ 60 ਜਾਂ 70 ਨੂੰ ਪਾਰ ਕਰ ਜਾਵੇਗੀ, ਉਹ 37 ਸੀਟਾਂ ’ਤੇ ਸਿਮਟ ਕੇ ਰਹਿ ਗਈ, ਭਾਵ ਬਹੁਮਤ ਦੇ ਅੰਕੜੇ ਤੋਂ 9 ਘੱਟ।
ਹਰਿਆਣਾ ਦੇ ਇਤਿਹਾਸ ’ਚ ਪਹਿਲੀ ਵਾਰ ਭਾਜਪਾ ਦੇ ਰੂਪ ’ਚ ਕੋਈ ਸਿਆਸੀ ਪਾਰਟੀ ਲਗਾਤਾਰ ਤੀਜੀ ਵਾਰ ਸਰਕਾਰ ਬਣਾਉਣ ਦਾ ਫਤਵਾ ਹਾਸਲ ਕਰਨ ’ਚ ਸਫਲ ਰਹੀ ਹੈ। ਕੁਝ ਲੋਕਾਂ ਨੂੰ ਇਹ ‘ਚਮਤਕਾਰ’ ਲੱਗ ਸਕਦਾ ਹੈ, ਪਰ ਅਜਿਹਾ ਸੋਚਣਾ ਭਾਜਪਾ ਦੀਆਂ ਚੋਣਾਂ ਜਿੱਤਣ ਦੀਆਂ ਕੋਸ਼ਿਸ਼ਾਂ ਅਤੇ ਕਾਂਗਰਸ ਵੱਲੋਂ ਹਾਰਨ ਦੀਆਂ ਕੋਸ਼ਿਸ਼ਾਂ, ਦੋਵਾਂ ਦਾ ਅਪਮਾਨ ਹੈ।
ਚਾਰ ਮਹੀਨੇ ਪਹਿਲਾਂ ਹੋਈਆਂ ਲੋਕ ਸਭਾ ਚੋਣਾਂ ਵਿਚ ਭਾਜਪਾ ਅਤੇ ਕਾਂਗਰਸ 5-5 ਸੀਟਾਂ ਜਿੱਤਣ ਵਿਚ ਸਫਲ ਰਹੀਆਂ ਸਨ। ਉਦੋਂ ਤੋਂ ਇਹ ਮੰਨਿਆ ਜਾ ਰਿਹਾ ਸੀ ਕਿ ਹਰਿਆਣਾ ਵਿਚ ਸੱਤਾ ਵਿਰੋਧੀ ਤੂਫ਼ਾਨ ਚੱਲ ਰਿਹਾ ਹੈ। ਵਿਧਾਨ ਸਭਾ ਹਲਕਿਆਂ ਵਿਚ ਵੋਟ ਫੀਸਦੀ ਅਤੇ ਲੀਡ ਦੇ ਮਾਮਲੇ ਵਿਚ ਭਾਜਪਾ ਦੇ ਅੱਗੇ ਹੋਣ ਦੇ ਬਾਵਜੂਦ ਇਹ ਗੱਲ ਸਿਰਫ਼ ਕਾਂਗਰਸੀਆਂ ਅਤੇ ਚੋਣ ਪੰਡਿਤਾਂ ਨੂੰ ਹੀ ਪਤਾ ਹੋਵੇਗੀ। ਬੇਸ਼ੱਕ ਇਹ ਵਿਧਾਨ ਸਭਾ ਚੋਣਾਂ ਵਿਚ ਸਖ਼ਤ ਮੁਕਾਬਲੇ ਦਾ ਸੰਕੇਤ ਜ਼ਰੂਰ ਸੀ।
ਲੋਕ ਸਭਾ ਚੋਣਾਂ ਤੋਂ ਸਬਕ ਲੈਂਦਿਆਂ ਭਾਜਪਾ ਨੇ ਆਪਣੇ ਘਟਦੇ ਸਮਰਥਨ ਆਧਾਰ ਨੂੰ ਬਚਾਉਣ ਲਈ ਜ਼ਮੀਨੀ ਪੱਧਰ ’ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ, ਜਦਕਿ ਕਾਂਗਰਸ ਨੇ ਸੱਤਾ ’ਚ ਵਾਪਸੀ ਲਈ ਹਵਾ ’ਚ ਕਿਲੇ ਬਣਾਉਂਦੇ ਹੋਏ ਆਪਸ ’ਚ ਲੜਨਾ ਸ਼ੁਰੂ ਕਰ ਦਿੱਤਾ। ਲੋਕ ਸਭਾ ਚੋਣਾਂ ’ਚ ਕਾਂਗਰਸ ਅਤੇ ‘ਆਪ’ ਵਿਚਾਲੇ ਗੱਠਜੋੜ ਸੀ। ਭਾਵੇਂ ‘ਆਪ’ ਆਪਣੇ ਕੋਟੇ ਦੀ ਇਕਲੌਤੀ ਕੁਰੂਕਸ਼ੇਤਰ ਸੀਟ ਨਹੀਂ ਜਿੱਤ ਸਕੀ, ਪਰ ਗੱਠਜੋੜ ਭਾਜਪਾ ਤੋਂ 5 ਸੀਟਾਂ ਖੋਹਣ ਵਿਚ ਸਫਲ ਰਿਹਾ।
ਰਾਸ਼ਟਰੀ ਸਿਆਸਤ ਦੇ ਦੂਰਗਾਮੀ ਸਮੀਕਰਨਾਂ ਨੂੰ ਧਿਆਨ ਵਿਚ ਰੱਖਦੇ ਹੋਏ ਰਾਹੁਲ ਗਾਂਧੀ ਵਿਧਾਨ ਸਭਾ ਚੋਣਾਂ ਵਿਚ ‘ਆਪ’, ਸਪਾ ਅਤੇ ਸੀ. ਪੀ. ਆਈ. (ਐੱਮ) ਨੂੰ ਕੁਝ ਸੀਟਾਂ ਦੇ ਕੇ ‘ਇੰਡੀਆ’ ਗੱਠਜੋੜ ਦੀ ਏਕਤਾ ਦੀ ਤਸਵੀਰ ਪੇਸ਼ ਕਰਨਾ ਚਾਹੁੰਦੇ ਸਨ। ਇਸ ਨਾਲ ਵੋਟਰਾਂ ਦਾ ਸਿਆਸੀ ਬਦਲਾਂ ਪ੍ਰਤੀ ਭਰੋਸਾ ਵੀ ਵਧਿਆ, ਪਰ ਸੱਤਾ ਵਿਰੋਧੀ ਭਾਵਨਾਵਾਂ ਕਾਰਨ ਚੋਣਾਂ ਜਿੱਤਣ ਦੇ ਭਰੋਸੇ ਵਾਲੇ ਕਾਂਗਰਸੀਆਂ ਨੇ ਉਨ੍ਹਾਂ ਦੀ ਵੀ ਗੱਲ ਨਹੀਂ ਸੁਣੀ।
ਪਤਾ ਨਹੀਂ ਕਾਂਗਰਸੀਆਂ ਨੂੰ ਕਿਸ ਨੇ ਕਿਹਾ ਸੀ ਕਿ ਜਨਤਾ ਨੇ ਉਨ੍ਹਾਂ ਦੀ ਤਾਜਪੋਸ਼ੀ ਦਾ ਫੈਸਲਾ ਕਰ ਲਿਆ ਹੈ, ਇਸ ਲਈ ਉਹ ਚੋਣਾਂ ਜਿੱਤਣ ਦੀ ਬਜਾਏ ਆਪਣਾ ਸਮਾਂ ਅਤੇ ਤਾਕਤ ਆਪਣੀ ‘ਚੌਧਰ’ ਦੀ ਸ਼ਤਰੰਜ ਵਿਛਾਉਣ ਵਿਚ ਲਾਉਣ। ਅਜਿਹਾ ਹੀ ਕੀਤਾ ਗਿਆ। ਸਪਾ ਨਾਲ ਵੀ ਗੱਲ ਨਹੀਂ ਕੀਤੀ ਗਈ। ‘ਆਪ’ ਨਾਲ ਗੱਲਬਾਤ ਹੋਈ, ਪਰ ਇਸ ਨੂੰ ਕਿਸੇ ਸਿਰੇ ਨਹੀਂ ਚੜ੍ਹਨ ਦਿੱਤਾ ਗਿਆ।
ਇਕ ਪਾਸੇ, ਕਾਂਗਰਸ ਨੇ ਸੱਤਾ ਵਿਰੋਧੀ ਵੋਟਾਂ ਦੀ ਵੰਡ ਨੂੰ ਰੋਕਣ ਲਈ ਕੋਈ ਉਪਰਾਲਾ ਨਹੀਂ ਕੀਤਾ, ਜਦਕਿ ਦੂਜੇ ਪਾਸੇ ਇਨੈਲੋ-ਬਸਪਾ ਅਤੇ ਜੇ. ਜੇ. ਪੀ.-ਆਸਪਾ ਗੱਠਜੋੜ ਤੋਂ ਇਲਾਵਾ, 'ਆਪ' ਦੀ ਵੱਖਰੀ ਮੌਜੂਦਗੀ ਨੇ ਉਨ੍ਹਾਂ ਦੇ ਟੁੱਟਣ ਨੂੰ ਯਕੀਨੀ ਬਣਾਇਆ। ਰਹਿੰਦੀ ਕਸਰ ਗਲਤ ਟਿਕਟਾਂ ਦੀ ਵੰਡ ਕਾਰਨ ਲਲਿਤ ਨਾਗਰ, ਸ਼ਾਰਦਾ ਰਾਠੌਰ ਅਤੇ ਚਿਤਰਾ ਸਰਵਰਾ ਵਰਗੇ ਸ਼ਕਤੀਸ਼ਾਲੀ ਬਾਗੀਆਂ ਨੇ ਪੂਰੀ ਕਰ ਦਿੱਤੀ, ਜਿਨ੍ਹਾਂ ਨੇ ਕਾਂਗਰਸ ਉਮੀਦਵਾਰਾਂ ਨਾਲੋਂ ਵੀ ਵੱਧ ਵੋਟਾਂ ਹਾਸਲ ਕਰਕੇ ਭਾਜਪਾ ਦੀ ਜਿੱਤ ਵਿਚ ਮਦਦ ਕੀਤੀ।
ਕਾਂਗਰਸ ਦੇ ਬਾਗੀ ਰਾਜੇਸ਼ ਜੂਨ ਵੀ ਬਹਾਦਰਗੜ੍ਹ ਤੋਂ ਜਿੱਤੇ ਹਨ ਅਤੇ ਹੁਣ ਭਾਜਪਾ ਨੂੰ ਸਮਰਥਨ ਦੇ ਰਹੇ ਹਨ। 14 ਸੀਟਾਂ ’ਤੇ ਆਜ਼ਾਦ ਅਤੇ ਛੋਟੀਆਂ ਪਾਰਟੀਆਂ ਨੂੰ ਜਿੱਤ ਜਾਂ ਹਾਰ ਦੇ ਫਰਕ ਤੋਂ ਵੱਧ ਵੋਟਾਂ ਮਿਲੀਆਂ। ਕੀ ਇਹ ਇਕ ਯੋਜਨਾਬੱਧ ਖੇਡ ਸੀ? ਰਾਹੁਲ ਗਾਂਧੀ ਅਕਸਰ ਕਾਂਗਰਸੀ ਵਰਕਰਾਂ ਨੂੰ ‘ਸ਼ੇਰ’ ਕਹਿੰਦੇ ਹਨ।
ਹਰਿਆਣਾ ਦੀ ਚੋਣ ਰੈਲੀ ’ਚ ਉਨ੍ਹਾਂ ਕਿਹਾ ਕਿ ਜੰਗਲ ’ਚ ਅਕਸਰ ਸ਼ੇਰ ਇਕੱਲਾ ਮਿਲਦਾ ਹੈ ਪਰ ਕਾਂਗਰਸ 'ਚ ਕਈ ‘ਸ਼ੇਰ’ ਹਨ, ਜੋ ਕਈ ਵਾਰ ਆਪਸ 'ਚ ਵੀ ਲੜ ਪੈਂਦੇ ਹਨ। ਸਪੱਸ਼ਟ ਹੈ ਕਿ ਉਨ੍ਹਾਂ ਦਾ ਇਸ਼ਾਰਾ ਭੁਪਿੰਦਰ ਸਿੰਘ ਹੁੱਡਾ ਅਤੇ ਕੁਮਾਰੀ ਸ਼ੈਲਜਾ ਵਿਚਾਲੇ ਹੋਏ ਟਕਰਾਅ ਵੱਲ ਸੀ।
ਰਾਹੁਲ ਨੇ ਸਟੇਜ 'ਤੇ ਹੀ ਦੋਵਾਂ ਦਾ ਹੱਥ ਫੜ ਕੇ ਮੁਲਾਕਾਤ ਕਰਵਾਈ, ਪਰ ਇਸ ਨਾਲ ਉਨ੍ਹਾਂ ਦੇ ਦਿਲਾਂ ਦੀ ਦੂਰੀ ਘੱਟ ਨਹੀਂ ਹੋਈ ਅਤੇ 'ਸ਼ੇਰਾਂ' ਦੀ ਆਪਸੀ ਲੜਾਈ ਕਾਰਨ ਕਾਂਗਰਸ ਦੀ ਸੱਤਾ ਦਾ ਬਾਗ ਖਿੜਨ ਤੋਂ ਪਹਿਲਾਂ ਹੀ ਤਬਾਹ ਹੋ ਗਿਆ। ਕਾਂਗਰਸੀਆਂ ਦੀ ਪੁਰਾਣੀ ਆਦਤ ਹੈ ਕਿ ਉਹ ਆਪਣੇ ਸਿਆਸੀ ਵਿਰੋਧੀਆਂ ਨਾਲ ਲੜਨ ਨਾਲੋਂ ਆਪਸ ਵਿਚ ਲੜਨ ਵਿਚ ਜ਼ਿਆਦਾ ਸਮਾਂ ਅਤੇ ਤਾਕਤ ਲਾਉਂਦੇ ਹਨ। ਇਸ ਕਾਰਨ ਕਾਂਗਰਸ ਲਈ ਸੱਤਾ ਦੀ ਲੜਾਈ ਵਿਚ ਅਕਸਰ ਹਾਰ ਜਾਣਾ ਕੋਈ ਨਵੀਂ ਗੱਲ ਨਹੀਂ ਹੈ ਪਰ ਇਸ ਤੋਂ ਛੁਟਕਾਰਾ ਪਾਉਣ ਲਈ ਕੋਈ ਕਾਰਗਰ ਯਤਨ ਹੁੰਦਾ ਨਜ਼ਰ ਨਹੀਂ ਆ ਰਿਹਾ।
ਈ. ਵੀ. ਐੱਮ. ’ਤੇ ਵਧਦੇ ਸ਼ੰਕਿਆਂ ਅਤੇ ਸਵਾਲਾਂ ਦੇ ਬਾਵਜੂਦ, ਕੋਈ ਵੀ ਇਸ ਸੱਚਾਈ ਤੋਂ ਮੂੰਹ ਨਹੀਂ ਫੇਰ ਸਕਦਾ ਕਿ 'ਮੈਂ ਨਹੀਂ ਤਾਂ ਕੋਈ ਵੀ ਨਹੀਂ' ਦੀਆਂ ਨਿੱਜੀ ਸੱਤਾ ਲਾਲਸਾਵਾਂ ਤੋਂ ਦੁਖੀ ਕਾਂਗਰਸੀਆਂ ਨੇ ਹਰਿਆਣਾ ਵਿਚ ਆਪਣੀ ਹਾਰ ਨੂੰ ਖੁਦ ਹੀ ਯਕੀਨੀ ਬਣਾਇਆ। ਵਿਰੋਧੀ ਧਿਰ ਏਕਤਾ ਦੀ ਤਸਵੀਰ ਨਾਲ ਵੱਡਾ ਸਿਆਸੀ ਸੰਦੇਸ਼ ਦੇ ਸਕਦੀ ਸੀ, ਪਰ ਸੂਬਿਆਂ ਵਿਚ ਸੱਤਾ ’ਤੇ ਕਾਬਜ਼ ਕਾਂਗਰਸ ਦੇ ਆਗੂ ਆਪਣੀ ਸਿਆਸਤ ਤੋਂ ਪਰ੍ਹੇ ਦੇਖਦੇ ਹੀ ਕਿੱਥੇ ਹਨ? ਇਸੇ ਲਈ ਤਾਂ ਕਮਲਨਾਥ ਨੇ ਦੇਸ਼ ਦੇ ਸਭ ਤੋਂ ਵੱਡੇ ਸੂਬੇ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਬਾਰੇ ਟਿੱਪਣੀ ਕੀਤੀ ਸੀ ਕਿ 'ਅਖਿਲੇਸ਼-ਵਖਿਲੇਸ਼ ਕੌਣ ਹੈ?'
ਵਿਧਾਨ ਸਭਾ ਚੋਣਾਂ 'ਚ ਇਕ-ਦੋ ਸੀਟਾਂ ਦੇ ਕਾਬਿਲ ਨਾ ਸਮਝੀ ਜਾਣ ਵਾਲੀ ਸਪਾ ਨੂੰ, ਮੂੰਹ ਭਾਰ ਡਿੱਗਣ ਪਿੱਛੋਂ ਉਸ ਲਈ ਖਜੂਰਾਹੋ ਲੋਕ ਸਭਾ ਸੀਟ ਫਿਰ ਛੱਡ ਦਿੱਤੀ ਗਈ। ਰਾਜਸਥਾਨ ਅਤੇ ਛੱਤੀਸਗੜ੍ਹ ਵਿਚ ਵੀ ਕਾਂਗਰਸ ਦੇ ਹੰਕਾਰੀ ਮਹੰਤਾਂ ਦਾ ਇਹੀ ਰਵੱਈਆ ਸੀ।
ਬੇਸ਼ੱਕ ਚੋਟੀ ਦੇ ਆਗੂ ਹੋਣ ਦੇ ਨਾਤੇ ਰਾਹੁਲ ਗਾਂਧੀ ਚੋਣਾਂ ਤੋਂ ਬਾਅਦ ਚੋਣਾਂ ਵਿਚ ਹਾਰ ਦੀ ਜ਼ਿੰਮੇਵਾਰੀ ਅਤੇ ਜਵਾਬਦੇਹੀ ਤੋਂ ਮੂੰਹ ਨਹੀਂ ਫੇਰ ਸਕਦੇ ਪਰ ਜੇਕਰ ਉਹ ਭਵਿੱਖ ਵਿਚ ਕਾਂਗਰਸ ਦੀ ਕਿਸਮਤ ਨੂੰ ਬਦਲਣਾ ਚਾਹੁੰਦੇ ਹਨ ਤਾਂ ਉਨ੍ਹਾਂ ਆਗੂਆਂ ਤੋਂ ਸਖ਼ਤ ਜਵਾਬਤਲਬੀ ਦਾ ਸਮਾਂ ਆ ਗਿਆ ਹੈ, ਜੋ ਜਿੱਤ ਦੇ ਦਾਅਵੇ ਅਤੇ ਵਾਅਦੇ ਕਰਨ ਤੋਂ ਬਾਅਦ ਮਨਮਾਨੀ ਕਰਦੇ ਹਨ।
ਰਾਜ ਕੁਮਾਰ ਸਿੰਘ
ਕੇਂਦਰ ਨੂੰ ਲੱਦਾਖ ਦੀ ਅਣਦੇਖੀ ਨਹੀਂ ਕਰਨੀ ਚਾਹੀਦੀ
NEXT STORY