ਆਖਿਰ ਸਲਮਾਨ ਖੁਰਸ਼ੀਦ ਅਤੇ ਸ਼ਸ਼ੀ ਥਰੂਰ ਤੋਂ ਕਾਂਗਰਸ ਲੀਡਰਸ਼ਿਪ ਨਾਰਾਜ਼ ਕਿਉਂ ਹੈ? ਉਨ੍ਹਾਂ ਨੂੰ ਪਾਰਟੀ ਦਾ ਇਕ ਵਰਗ ਕਿਸ ‘ਅਪਰਾਧ’ ਦਾ ਦੋਸ਼ੀ ਮੰਨਦਾ ਹੈ? ਉਹ ਵਿਦੇਸ਼ ਜਾ ਕੇ ਇਤਿਹਾਸਕ ‘ਆਪ੍ਰੇਸ਼ਨ ਸਿੰਧੂਰ’ ਵਿਚ ਪਾਕਿਸਤਾਨ ਵਿਰੁੱਧ ਭਾਰਤ ਦਾ ਪੱਖ ਹੀ ਰੱਖ ਰਹੇ ਹਨ। ਕੀ ਇਹ ਮੰਨਣਾ ਚਾਹੀਦਾ ਹੈ ਕਿ ਕੋਈ ਵੀ ਕਾਂਗਰਸੀ ਵਿਰੋਧੀ ਧਿਰ ਦਾ ਹਿੱਸਾ ਹੁੰਦੇ ਹੋਏ ਸੰਕਟ ਸਮੇਂ ਭਾਰਤ ਦੀ ਨੁਮਾਇੰਦਗੀ ਨਹੀਂ ਕਰ ਸਕਦਾ?
ਯਾਦ ਰਹੇ ਕਿ ਸਾਲ 1994 ’ਚ ਪਾਕਿਸਤਾਨ ਨੇ ਕਸ਼ਮੀਰ ’ਚ ਮਨੁੱਖੀ ਅਧਿਕਾਰਾਂ ਦੀ ਕਥਿਤ ਉਲੰਘਣਾ ਨੂੰ ਲੈ ਕੇ ਮੁਸਲਿਮ ਦੇਸ਼ਾਂ ਰਾਹੀਂ ਭਾਰਤ ਨੂੰ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕਮਿਸ਼ਨ ’ਚ ਘੇਰਨ ਦੀ ਰਣਨੀਤੀ ਬਣਾਈ ਸੀ।
ਇਸ ਪਾਕਿਸਤਾਨੀ ਪ੍ਰਸਤਾਵ ਦੀ ਸੁਣਵਾਈ ਲਈ ਤਤਕਾਲੀ ਪ੍ਰਧਾਨ ਮੰਤਰੀ ਪੀ. ਵੀ. ਨਰਸਿਮ੍ਹਾ ਰਾਓ ਨੇ ਪਾਰਟੀ ਰਾਜਨੀਤੀ ਤੋਂ ਉੱਪਰ ਉੱਠ ਕੇ ਅਤੇ ਰਾਸ਼ਟਰੀ ਹਿੱਤ ਨੂੰ ਸਰਵਉੱਚ ਸਮਝਦੇ ਹੋਏ ਤਤਕਾਲੀ ਵਿਰੋਧੀ ਧਿਰ ਦੇ ਨੇਤਾ ਅਟਲ ਬਿਹਾਰੀ ਵਾਜਪਾਈ ਨੂੰ ਭਾਰਤੀ ਵਫ਼ਦ ਦੇ ਮੁਖੀ ਵਜੋਂ ਜੇਨੇਵਾ ਭੇਜਿਆ ਸੀ।
ਉਦੋਂ ਪਾਕਿਸਤਾਨ ਦਾ ਝੂਠ ਅਟਲ ਜੀ ਦੀ ਬੁੱਧੀਮਤਾ ਅਤੇ ਤਰਕਪੂਰਨ ਪੈਰਵੀ ਅਤੇ ਨਰਸਿਮ੍ਹਾ ਰਾਓ ਸਰਕਾਰ ਦੀ ਕੂਟਨੀਤੀ ਦੇ ਸਾਹਮਣੇ ਟਿਕ ਨਹੀਂ ਸਕਿਆ ਸੀ। ਉਦੋਂ ਅਜਿਹਾ ਕਰਕੇ ਨਾ ਤਾਂ ਅਟਲ ਜੀ ਕਾਂਗਰਸੀ ਹੋ ਗਏ ਅਤੇ ਨਾ ਹੀ ਨਰਸਿਮ੍ਹਾ ਰਾਓ ਭਾਜਪਾਈ।
ਜੋ ਕੰਮ ਦੇਸ਼ਹਿੱਤ ’ਚ 3 ਦਹਾਕੇ ਪਹਿਲਾਂ ਅਟਲ ਜੀ ਨੇ ਬਤੌਰ ਵਿਰੋਧੀ ਧਿਰ ਨੇਤਾ ਕੀਤਾ ਸੀ, ਉਹੀ ਜ਼ਿੰਮੇਵਾਰੀ ਹੁਣ ਕਾਂਗਰਸ ਤੋਂ ਸਲਮਾਨ ਖੁਰਸ਼ੀਦ, ਸ਼ਸ਼ੀ ਥਰੂਰ ਅਤੇ ਮਨੀਸ਼ ਤਿਵਾੜੀ ਨਿਭਾਅ ਰਹੇ ਹਨ ਪਰ ਕਾਂਗਰਸ ਦਾ ਪ੍ਰਭਾਵਸ਼ਾਲੀ ਹਿੱਸਾ, ਜਿਸ ’ਚ ਪਾਰਟੀ ਪ੍ਰਧਾਨ ਮੱਲਿਕਾਰਜੁਨ ਖੜਗੇ, ਰਾਹੁਲ ਗਾਂਧੀ ਸਮੇਤ ਕਈ ਪਾਰਟੀ ਨੇਤਾ ਸ਼ਾਮਲ ਹਨ, ਉਨ੍ਹਾਂ ਇਹ ਰਾਸ਼ਟਰੀ ਕਵਾਇਦ ਰਾਸ ਨਹੀਂ ਆ ਰਹੀ ਹੈ ਅਤੇ ਉਹ ਆਪਣੇ ਹੀ ਆਗੂਆਂ ਨੂੰ ਭਾਰਤ ਦਾ ਪੱਖ ਰੱਖਣ ਲਈ ਕੋਸ ਰਹੇ ਹਨ। ਇਹ ਦੇਸ਼ ਅਤੇ ਕਾਂਗਰਸੀ ਦੋਵਾਂ ਦੀ ਬਦਕਿਸਮਤ ਹੈ।
ਇਸ ਦੌਰਾਨ ਮਹਾਭਾਰਤ ਦਾ ਇਕ ਪ੍ਰਸੰਗ ਬਹੁਤ ਪ੍ਰਾਸੰਗਿਕ ਹੈ। ਜਦੋਂ ਪਾਂਡਵ ਬਨਵਾਸ ’ਚ ਸਨ ਉਦੋਂ ਖਬਰ ਮਿਲੀ ਕਿ ਕਿਸੇ ਦੁਸ਼ਮਣ ਨੇ ਦੁਰਯੋਧਨ ਨੂੰ ਬੰਦੀ ਬਣਾ ਲਿਆ ਹੈ। ਇਹ ਸੁਣ ਕੇ ਯੁਧਿਸ਼ਠਰ ਨੂੰ ਚਿੰਤਾ ਹੋਈ। ਉਨ੍ਹਾਂ ਨੇ ਭੀਮ ਨੂੰ ਕਿਹਾ, ‘‘ਸਾਨੂੰ ਦੁਰਯੋਧਨ ਦੀ ਮਦਦ ਕਰਨੀ ਚਾਹੀਦੀ ਹੈ।’’ ਭੀਮ ਨੂੰ ਇਹ ਗੱਲ ਚੰਗੀ ਨਹੀਂ ਲੱਗੀ। ਉਨ੍ਹਾਂ ਨੇ ਕਿਹਾ, ‘‘ਤੁਸੀਂ ਉਸੇ ਦੁਰਯੋਧਨ ਦੀ ਗੱਲ ਕਰ ਰਹੇ ਹੋ ਜਿਸ ਨੇ ਦ੍ਰੋਪਦੀ ਦਾ ਚੀਰਹਰਣ ਕਰਵਾਇਆ, ਸਾਨੂੰ ਬਨਵਾਸ ਦਿਵਾਇਆ ਅਤੇ ਹਰ ਤਰ੍ਹਾਂ ਦਾ ਅਪਮਾਨ ਕੀਤਾ। ਤੁਸੀਂ ਇਹ ਸਭ ਭੁੱਲ ਗਏ।’’
ਅਰਜੁਨ ਵੀ ਉਥੇ ਮੌਜੂਦ ਸਨ। ਯੁਧਿਸ਼ਠਰ ਨੇ ਉਹੀ ਗੱਲ ਅਰਜੁਨ ਨੂੰ ਕਹੀ। ਅਰਜੁਨ ਬਿਨਾਂ ਬਹਿਸ ਕੀਤੇ ਦੁਰਯੋਧਨ ਨੂੰ ਛੁਡਾਉਣ ਚੱਲ ਪਏ। ਕੁਝ ਦੇਰ ਬਾਅਦ ਵਾਪਸ ਪਰਤ ਕੇ ਅਰਜੁਨ ਨੇ ਦੱਸਿਆ ਕਿ ਦੁਸ਼ਮਣ ਹਾਰ ਗਿਆ ਹੈ ਅਤੇ ਦੁਰਯੋਧਨ ਹੁਣ ਸੁਰੱਖਿਅਤ ਹੈ। ਉਦੋਂ ਯੁਧਿਸ਼ਠਰ ਬੋਲੇ, ‘‘ਭੀਮ! ਸਾਡੇ ਦਰਮਿਆਨ ਚਾਹੇ ਜਿਹੋ ਜਿਹਾ ਵੀ ਝਗੜਾ ਹੋਵੇ ਪਰ ਦੁਨੀਆ ਸਾਨੂੰ ਭਰਾ ਹੀ ਸਮਝਦੀ ਹੈ। ਕੌਰਵ 100 ਹਨ, ਅਸੀਂ 5 ਅਤੇ ਅਸੀਂ ਮਿਲ ਕੇ 105 ਹੋਏ। ਜੇਕਰ ਸਾਡੇ ’ਚੋਂ ਕਿਸੇ ਇਕ ਦਾ ਵੀ ਅਪਮਾਨ ਹੁੰਦਾ ਹੈ ਤਾਂ ਸਾਡੇ ਸਾਰਿਆਂ ਦਾ ਅਪਮਾਨ ਹੈ।’’ ਜੋ ਕੰਮ ਦੁਆਪਰ ਯੁੱਗ ’ਚ ਯੁਧਿਸ਼ਠਰ ਨੇ ਕੀਤਾ, ਉਹੀ ਕੰਮ 1994 ’ਚ ਅਟਲ ਜੀ ਤੋਂ ਬਾਅਦ ਹੁਣ ਕਾਂਗਰਸ ਦੇ 3 ਨੇਤਾ ਕਰ ਰਹੇ ਹਨ।
ਉਦੋਂ ਸ਼ਾਇਦ ਹੀ ਅਟਲ ਜੀ ਤੋਂ ਕਿਸੇ ਵੀ ਭਾਜਪਾ ਨੇਤਾ ਨੇ ਪੁੱਛਿਆ ਸੀ ਕਿ ਉਨ੍ਹਾਂ ਨੇ ਵਿਰੋਧੀ ਪਾਰਟੀ ਦਾ ਨੇਤਾ ਹੋਣ ਦੇ ਨਾਤੇ ਦੁਨੀਆ ’ਚ ਭਾਰਤ ਦਾ ਪੱਖ ਕਿਉਂ ਰੱਖਿਆ ਪਰ ਕਾਂਗਰਸ ਦਾ ਇਕ ਵਰਗ ਆਪਣੇ ਆਗੂਆਂ ਦੀ ਨੁਮਾਇੰਦਗੀ ’ਤੇ ਬੌਖਲਾਅ ਰਿਹਾ ਹੈ। ਆਖਿਰ ਇਸ ਅਸੁਰੱਖਿਆ ਦਾ ਕਾਰਨ ਕੀ ਹੈ?
ਦਰਅਸਲ, ‘ਆਪ੍ਰੇਸ਼ਨ ਸਿੰਧੂਰ’ ਸਿਰਫ ਕੋਈ ਫੌਜੀ ਕਾਰਵਾਈ ਨਹੀਂ, ਸਗੋਂ ਆਜ਼ਾਦ ਭਾਰਤ ਦੀ ਨਵੀਂ ਦਿਸ਼ਾ ਅਤੇ ਨਵਾਂ ਯੁੱਧ ਸਿਧਾਂਤ ਹੈ। ਇਹ ਉਹ ਸਪੱਸ਼ਟ ਲਕੀਰ ਹੈ ਜਿਸ ਨੇ ਤੈਅ ਕਰ ਦਿੱਤਾ ਹੈ ਕਿ ਹੁਣ ਭਾਰਤ ਅਤੇ ਪਾਕਿਸਤਾਨ ਦੇ ਰਿਸ਼ਤੇ ਕਿਸ ਰਸਤੇ ’ਤੇ ਚੱਲਣਗੇ।
ਹੁਣ ਜੇਕਰ ਪਾਕਿਸਤਾਨ ਦੀ ਸਰਜ਼ਮੀਂ ਤੋਂ ਕੋਈ ਅੱਤਵਾਦੀ ਹਮਲਾ ਹੁੰਦਾ ਹੈ ਤਾਂ ਭਾਰਤ ਨਾ ਤਾਂ ਕੈਂਡਲ ਮਾਰਚ ਕੱਢੇਗਾ, ਨਾ ਤਖਤੀਆਂ ਉਠਾਏਗਾ ਅਤੇ ਨਾ ਹੀ ‘ਸਖਤ ਨਿੰਦਾ’ ਜਾਂ ‘ਸਖਤ ਵਿਰੋਧ’ ਵਰਗੇ ਖੋਖਲੇ ਸ਼ਬਦਾਂ ਦਾ ਸਹਾਰਾ ਲਵੇਗਾ। ਹੁਣ ਜਵਾਬ ਹੋਵੇਗਾ ਸਿੱਧਾ ਅਤੇ ਸਾਫ। ‘ਸਰਜੀਕਲ ਸਟ੍ਰਾਈਕ’, ਤੋਪਾਂ ਦੀ ਧਮਕ, ਬ੍ਰਹਮੋਸ ਵਰਗੀਆਂ ਮਿਜ਼ਾਈਲਾਂ ਦੀ ਮਾਰ ਅਤੇ ਲੋੜ ਪਈ ਤਾਂ ਉਸ ਤੋਂ ਵੀ ਅੱਗੇ ਜਾਣ ਤੋਂ ਗੁਰੇਜ਼ ਨਹੀਂ ਕਰਾਂਗੇ।
ਬੇਸ਼ੱਕ 1971 ’ਚ ਭਾਰਤ ਦੀ ਜਿੱਤ ਬਹੁਤ ਵੱਡੀ ਅਤੇ ਇਤਿਹਾਸਕ ਸੀ। ਭਾਰਤੀ ਲੀਡਰਸ਼ਿਪ ਨੇ ਉਦੋਂ ਪਾਕਿਸਤਾਨ ਨੂੰ ਦੋ ਟੁਕੜਿਆਂ ’ਚ ਤੋੜ ਕੇ ਉਸ ਦੇ 93 ਹਜ਼ਾਰ ਫੌਜੀਆਂ ਨੂੰ ਗੋਡਿਆਂ ਭਾਰ ਲਿਆ ਦਿੱਤਾ ਸੀ। ਕੀ ਇਸ ਪਲ ’ਤੇ ਮਾਣ ਕਰਨ ਲਈ ਕਿਸੇ ਭਾਰਤੀ ਦਾ ਕਾਂਗਰਸੀ ਹੋਣਾ ਜ਼ਰੂਰੀ ਹੈ? 1980 ਦੇ ਦਹਾਕੇ ਤੋਂ ਪਾਕਿਸਤਾਨ ਅੱਤਵਾਦ ਦੀ ਵਰਤੋਂ ਆਪਣੀ ਭਾਰਤ ਵਿਰੋਧੀ ਨੀਤੀ ’ਚ ਕਰ ਰਿਹਾ ਹੈ। ਇਸ ਸਮੇਂ ਦੌਰਾਨ ਦੇਸ਼ ’ਚ ਹੋਈਆਂ ਸਾਰੀਆਂ ਅੱਤਵਾਦੀ ਘਟਨਾਵਾਂ ’ਚੋਂ, 1993 ਅਤੇ 2008 ’ਚ ਮੁੰਬਈ ’ਤੇ ਹੋਇਆ ਜੇਹਾਦੀ ਹਮਲਾ ਸਭ ਤੋਂ ਭਿਆਨਕ ਸੀ।
ਉਦੋਂ ਸੈਂਕੜੇ ਬੇਗੁਨਾਹ ਮਾਰੇ ਗਏ ਸਨ। ਉਸ ਸਮੇਂ ਭਾਰਤ ਖਾਮੋਸ਼ ਰਿਹਾ, ਸਬਰ ਕੀਤਾ ਪਰ ਹੁਣ ਸਭ ਬਦਲ ਗਿਆ ਹੈ। ਪਾਕਿਸਤਾਨ ਵਲੋਂ ਕਿਸੇ ਹਿਮਾਕਤ ਦਾ ਜਵਾਬ ਭਾਰਤ ਸਹਿਣਸ਼ੀਲਤਾ ਨਾਲ ਨਹੀਂ, ਜੰਗੀ ਗਰਜ ਨਾਲ ਦੇਵੇਗਾ। ਅਜਿਹੇ ’ਚ ‘ਆਪ੍ਰੇਸ਼ਨ ਸਿੰਧੂਰ’ ਦੀ ਸਫਲਤਾ ਰਾਸ਼ਟਰ ਦੀ ਉਪਲਬੱਧੀ ਹੈ ਅਤੇ ਉਸ ’ਤੇ ਫਖਰ ਕਰਨ ਨਾਲ ਕੋਈ ਵੀ ਵਿਅਕਤੀ ਭਾਜਪਾਈ ਜਾਂ ‘ਮੋਦੀ-ਭਗਤ’ ਨਹੀਂ ਹੋ ਜਾਂਦਾ।
ਆਖਿਰ ਕਾਂਗਰਸ ਦੇ ਸੰਕਟ ਦਾ ਕਾਰਨ ਕੀ ਹੈ? ਆਜ਼ਾਦੀ ਤੋਂ ਪਹਿਲਾਂ ਕਾਂਗਰਸ ਅਜਿਹੀ ਪਾਰਟੀ ਸੀ, ਜਿਸ ’ਚ ਹਰ ਤਰ੍ਹਾਂ ਦੀ ਸੋਚ ਰੱਖਣ ਵਾਲਿਆਂ ਲਈ ਜਗ੍ਹਾ ਸੀ। ਲੋਕਮਾਨਿਆ ਤਿਲਕ, ਮਦਨ ਮੋਹਨ ਮਾਲਵੀਆ, ਲਾਲਾ ਲਾਜਪਤ ਰਾਏ, ਡਾ. ਕੇਸ਼ਵ ਬਲਿਰਾਮ ਹੈਡਗੇਵਾਰ, ਗਾਂਧੀ ਜੀ, ਸਰਦਾਰ ਪਟੇਲ ਅਤੇ ਨੇਤਾ ਜੀ ਸੁਭਾਸ਼ ਚੰਦਰ ਬੋਸ ਵਰਗੇ ਆਗੂ ਭਾਰਤ ਦੀ ਸਨਾਤਨ ਸੱਭਿਅਤਾ ਤੋਂ ਪ੍ਰੇਰਿਤ ਸਨ।
ਪਰ ਗਾਂਧੀ ਜੀ ਦੀ ਬੇਰਹਿਮੀ ਨਾਲ ਹੱਤਿਆ ਅਤੇ ਸਰਦਾਰ ਪਟੇਲ ਦੀ ਮੌਤ ਤੋਂ ਬਾਅਦ, ਜਦੋਂ ਪੰਡਿਤ ਨਹਿਰੂ ਨੇ ਕਾਂਗਰਸ ’ਤੇ ਪੂਰਾ ਕੰਟਰੋਲ ਸੰਭਾਲ ਲਿਆ, ਤਾਂ ਪਾਰਟੀ ਦਾ ਮੂਲ ਸੁਭਾਅ, ਜੋ ਕਿ ਰਾਸ਼ਟਰਵਾਦ ਅਤੇ ਭਾਰਤੀ ਸੱਭਿਆਚਾਰ ਨਾਲ ਜੁੜਿਆ ਹੋਇਆ ਸੀ, ਹੌਲੀ-ਹੌਲੀ ਫਿੱਕਾ ਪੈਣ ਲੱਗਾ। ਇੰਦਰਾ ਗਾਂਧੀ ਦੇ ਯੁੱਗ ਦੌਰਾਨ ਇਸ ਬਦਲਾਅ ਨੂੰ ਹੋਰ ਮਜ਼ਬੂਤੀ ਮਿਲੀ।
ਜੇਕਰ ਕਾਂਗਰਸ ਨੂੰ ਭਾਰਤੀ ਰਾਜਨੀਤੀ ’ਚ ਦੁਬਾਰਾ ਪ੍ਰਾਸੰਗਿਕ ਬਣਨਾ ਹੈ, ਤਾਂ ਇਸ ਨੂੰ ਨਿੱਜੀ ਰੰਜਿਸ਼ਾਂ, ਵੰਸ਼ਵਾਦ ਦੀ ਰਾਜਨੀਤੀ ਅਤੇ ਖੱਬੇਪੱਖੀ ਸੋਚ ਤੋਂ ਉੱਪਰ ਉੱਠ ਕੇ ਦੇਸ਼ਹਿੱਤ ’ਚ ਸੋਚਣਾ ਪਵੇਗਾ।
ਬਲਬੀਰ ਪੁੰਜ
ਕੱਲ੍ਹ ਲਈ ਇਕ ਹਰਿਤ ਵਾਅਦਾ ਹੈ
NEXT STORY