ਹਾਲ ਹੀ ’ਚ ਚੀਨੀ ਰਾਸ਼ਟਰਮੁਖੀ ਸ਼ੀ ਜਿਨਪਿੰਗ ਨੇ ਰਾਜਧਾਨੀ ਬੀਜਿੰਗ ’ਚ ਬੈਂਕ ਆਫ ਚਾਈਨਾ ਦਾ ਦੌਰਾ ਕੀਤਾ, ਆਮ ਤੌਰ ’ਤੇ ਬੈਂਕ ਯਾਤਰਾ ਕਰਨਾ ਚੀਨੀ ਰਾਸ਼ਟਰਮੁਖੀ ਦੀ ਜ਼ਿੰਮੇਦਾਰੀ ਨਹੀਂ ਹੁੰਦੀ ਪਰ ਸ਼ੀ ਦੀ ਬੈਂਕ ਯਾਤਰਾ ਨੂੰ ਲੈ ਕੇ ਇਸ ਸਮੇਂ ਚੀਨ ਅਤੇ ਦੁਨੀਆ ਭਰ ’ਚ ਕਈ ਅਟਕਲਾਂ ਲਾਈਆਂ ਜਾ ਰਹੀਆਂ ਹਨ। 24 ਅਕਤੂਬਰ ਨੂੰ ਸ਼ੀ ਜਿਨਪਿੰਗ ਅਤੇ ਉਪ-ਪ੍ਰਧਾਨ ਮੰਤਰੀ ਹੋਲਾਫੰਗ ਨਾਲ ਸੀ. ਪੀ. ਸੀ. ਦੇ ਕਈ ਉੱਚ ਅਧਿਕਾਰੀਆਂ ਜਿਨ੍ਹਾਂ ’ਚ ਵਿਦੇਸ਼ੀ ਮੁਦਰਾ ਦੇ ਰਾਜ ਪ੍ਰਸ਼ਾਸਨ ਦੇ ਅਧਿਕਾਰੀ ਵੀ ਸ਼ਾਮਲ ਸਨ, ਨੇ ਬੈਂਕ ਆਫ ਚਾਈਨਾ ਦਾ ਦੌਰਾ ਕੀਤਾ।
ਹਾਲਾਂਕਿ ਇਸ ਯਾਤਰਾ ਬਾਰੇ ਬਹੁਤ ਸਾਰੀਆਂ ਜਾਣਕਾਰੀਆਂ ਨੂੰ ਲੋਕਾਂ ’ਚ ਨਹੀਂ ਆਉਣ ਦਿੱਤਾ ਗਿਆ। ਰਿਕਾਰਡ ਇਹ ਦੱਸਦੇ ਹਨ ਕਿ ਮਾਓ ਤਸੇ ਤੁੰਗ ਦੇ ਸਮੇਂ ਤੋਂ ਹੁਣ ਤਕ ਕਿਸੇ ਵੀ ਚੀਨੀ ਰਾਸ਼ਟਰਪਤੀ ਨੇ ਬੈਂਕ ਆਫ ਚਾਈਨਾ ਦਾ ਦੌਰਾ ਨਹੀਂ ਕੀਤਾ ਅਤੇ ਸ਼ੀ ਜਿਨਪਿੰਗ ਦੀ ਬੈਂਕ ਦੀ ਇਹ ਪਹਿਲੀ ਯਾਤਰਾ ਹੈ। ਬੈਂਕ ਦਾ ਨਿਰੀਖਣ ਕਰਨਾ ਚੀਨ ਦੇ ਪ੍ਰੀਮੀਅਰ ਦਾ ਕੰਮ ਹੁੰਦਾ ਹੈ ਜਾਂ ਵਾਈਸ ਪ੍ਰੀਮੀਅਰ ਦਾ, ਜਿਸ ਦੀ ਇਹ ਜ਼ਿੰਮੇਵਾਰੀ ਹੁੰਦੀ ਹੈ। ਜਾਣਕਾਰ ਇਸ ਤੋਂ ਇਹ ਅੰਦਾਜ਼ਾ ਲਾ ਰਹੇ ਹਨ ਕਿ ਚੀਨ ਦਾ ਤਾਨਾਸ਼ਾਹ ਹੁਣ ਚੀਨ ਦੇ ਵਿੱਤੀ ਤੰਤਰ ’ਤੇ ਵੀ ਆਪਣਾ ਸ਼ਿਕੰਜਾ ਕੱਸਣਾ ਚਾਹੁੰਦਾ ਹੈ ਜਿਸ ਦੀ ਤਿਆਰੀ ਹੁਣ ਤੋਂ ਹੀ ਕੀਤੀ ਜਾ ਰਹੀ ਹੈ।
ਇਸ ਨਾਲ ਸ਼ੀ ਜਿਨਪਿੰਗ ਕੇਂਦਰੀਕ੍ਰਿਤ ਅਤੇ ਏਕੀਕ੍ਰਿਤ ਨਜ਼ਰੀਏ ਵੱਲ ਵਧ ਰਹੇ ਹਨ। ਸੂਤਰਾਂ ਤੋਂ ਮਿਲੀ ਖਬਰ ਅਨੁਸਾਰ ਇਸ ਯਾਤਰਾ ਦੌਰਾਨ ਵਿੱਤੀ ਮਾਹਿਰਾਂ ਨੂੰ ਨਾਲ ਇਸ ਲਈ ਲਿਜਾਇਆ ਗਿਆ ਸੀ ਕਿਉਂਕਿ ਹਾਲ ਹੀ ’ਚ ਚੀਨ ਦੇ ਵਿਦੇਸ਼ੀ ਮੁਦਰਾ ਭੰਡਾਰ ’ਚ ਬਹੁਤ ਵੱਡੀ ਰਕਮ ਦਾ ਨੁਕਸਾਨ ਹੋਇਆ ਹੈ। ਇਹ ਧਨਰਾਸ਼ੀ 3 ਖਰਬ ਅਮਰੀਕੀ ਡਾਲਰ ਜਿੰਨੀ ਵੱਡੀ ਹੈ। ਛੇਤੀ ਹੀ ਚੀਨ ਦੇ ਵੱਡੇ ਅਧਿਕਾਰੀ, ਰੈਗੂਲੇਟਰ ਅਤੇ ਵਿੱਤੀ ਅਧਿਕਾਰੀਆਂ ਦੀ ਇਕ ਉੱਚ-ਪੱਧਰੀ ਗੁਪਤ ਮੀਟਿੰਗ ਹੋਣ ਵਾਲੀ ਹੈ, ਜਿਸ ’ਚ ਚੀਨ ਦੀਆਂ ਵਿੱਤੀ ਨੀਤੀਆਂ ’ਤੇ ਚਰਚਾ ਹੋਵੇਗੀ।
ਜਾਣਕਾਰਾਂ ਦਾ ਮੰਨਣਾ ਹੈ ਕਿ ਇਸ ਸਮੇਂ ਚੀਨ ਆਪਣੇ ਰੀਅਲ ਅਸਟੇਟ ਦੇ ਫੱਟਦੇ ਬੁਲਬੁਲੇ ਤੋਂ ਪ੍ਰੇਸ਼ਾਨ ਹੈ, ਨਾਲ ਹੀ ਚੀਨ ਦੀ ਹਰ ਸਥਾਨਕ ਅਤੇ ਸੂਬਾਈ ਸਰਕਾਰ ਭਾਰੀ ਕਰਜ਼ਿਆਂ ’ਚ ਡੁੱਬੀ ਹੋਈ ਹੈ। ਜੇ ਇਹ ਹਾਲ ਵੱਧ ਦਿਨਾਂ ਤੱਕ ਚੱਲਿਆ ਤਾਂ ਚੀਨ ਦਾ ਪੂਰਾ ਬੈਂਕਿੰਗ ਤੰਤਰ ਅਤੇ ਉਸ ਦੀ ਪੂਰੀ ਅਰਥਵਿਵਸਥਾ ਲੜਖੜਾ ਕੇ ਡਿੱਗ ਜਾਵੇਗੀ। ਅਜਿਹੇ ’ਚ ਜੇ ਕੇਂਦਰੀ ਸਰਕਾਰ ਵਿੱਤੀ ਮਦਦ ਵੀ ਕਰਦੀ ਹੈ ਤਾਂ ਵੀ ਚੀਨ ਦੀ ਅਰਥਵਿਵਸਥਾ ਨੂੰ ਡਿੱਗਣ ਤੋਂ ਕੋਈ ਨਹੀਂ ਰੋਕ ਸਕਦਾ। ਇਸ ਦਾ ਮਤਲਬ ਇਹ ਹੈ ਕਿ ਚੀਨ ਦੀ ਅਰਥਵਿਵਸਥਾ ’ਤੇ ਖਤਰਾ ਤਦ ਵੀ ਬਣਿਆ ਰਹੇਗਾ।
ਫਾਇਨੈਂਸ਼ੀਅਲ ਟਾਈਮਜ਼ ਦੀ ਖਬਰ ਅਨੁਸਾਰ ਚੀਨ ਦੀਆਂ ਸਾਰੀਆਂ ਸੂਬਾਈ ਅਤੇ ਸਥਾਨਕ ਸਰਕਾਰਾਂ ਉਪਰ ਬਹੁਤ ਵੱਡਾ 94 ਖਰਬ ਯੂਆਨ ਦਾ ਕਰਜ਼ਾ ਹੈ। ਜੇ ਇਸ ਨੂੰ ਅਮਰੀਕੀ ਡਾਲਰ ’ਚ ਦੇਖਿਆ ਜਾਵੇ ਤਾਂ ਇਹ 12 ਖਰਬ 85 ਅਰਬ ਡਾਲਰ ਹੈ। ਇਸ ਸਾਲ ਜੁਲਾਈ ’ਚ ਸੀ. ਪੀ. ਸੀ. ਨੇ ਇਕ ਮਤਾ ਰੱਖਿਆ ਸੀ ਕਿ ਸਥਾਨਕ ਪੱਧਰ ’ਤੇ ਕਰਜ਼ਾ ਖਤਰਿਆਂ ਨੂੰ ਦੂਰ ਕਰਨ ਲਈ ਇਕ ਵਿਆਪਕ ਕਰਜ਼ਾ ਕਟੌਤੀ ਯੋਜਨਾ ਬਣਾ ਕੇ ਉਸ ਨੂੰ ਲਾਗੂ ਕੀਤਾ ਜਾਵੇ, ਜਿਸ ਨਾਲ ਸਥਾਨਕ ਪੱਧਰ ’ਤੇ ਧਨ ਦੀ ਕਮੀ ਨਾਲ ਨਜਿੱਠਿਆ ਜਾ ਸਕੇ। ਇਸ ਘਟਨਾ ਦੇ ਅਗਲੇ ਮਹੀਨੇ ਭਾਵ ਅਗਸਤ ’ਚ ਸੀ. ਪੀ. ਸੀ. ਦੀ ਰਾਜ ਪ੍ਰੀਸ਼ਦ ਨੇ ਆਪਣੇ 10 ਸੂਬਿਆਂ ’ਚ ਇਕ ਕਾਰਜਦਲ ਭੇਜਿਆ ਸੀ ਜੋ ਗੰਭੀਰ ਵਿੱਤੀ ਸਮੱਸਿਆ ਨਾਲ ਜੂਝ ਰਹੇ ਇਨ੍ਹਾਂ ਸੂਬਿਆਂ ਦਾ ਵਿੱਤੀ ਲੇਖਾ ਪ੍ਰੀਖਣ ਕਰ ਸਕੇ ਅਤੇ ਉਸ ਦੀ ਰਿਪੋਰਟ ਸਿੱਧੇ ਪ੍ਰਧਾਨ ਮੰਤਰੀ ਲੀ ਛਾਂਗ ਨੂੰ ਕਰੇ।
ਅਜੇ ਹਾਲ ਹੀ ’ਚ ਬੈਲਟ ਐਂਡ ਰੋਡ ਪ੍ਰਾਜੈਕਟ ਦੀ ਮੀਟਿੰਗ ’ਚ ਕਮਿਊਨਿਸਟ ਪਾਰਟੀ ਆਫ ਚਾਈਨਾ ਨੇ ਵਾਅਦਾ ਕੀਤਾ ਸੀ ਕਿ ਉਹ ਇਸ ਪ੍ਰਾਜੈਕਟ ’ਚ 100 ਅਰਬ ਡਾਲਰ ਦਾ ਨਿਵੇਸ਼ ਕਰੇਗੀ। ਹਾਲਾਂਕਿ ਸੀ. ਪੀ. ਸੀ. ਅਧਿਕਾਰਤ ਮੀਡੀਆ ਦੀਆਂ ਬਾਅਦ ਦੀਆਂ ਰਿਪੋਰਟਾਂ ਨੇ 100 ਅਰਬ ਡਾਲਰ ਦੇ ਨਿਵੇਸ਼ ਨੂੰ ਵਾਪਸ ਲੈ ਲਿਆ, ਜਿਸ ਨਾਲ ਆਬਜ਼ਰਵਰਾਂ ਨੇ ਇਸ ਨੂੰ ਸੰਭਾਵਿਤ ਕਮੀ ਵਜੋਂ ਵਰਣਿਤ ਕੀਤਾ। ਇਸ ’ਤੇ ਨੈਟੀਜ਼ਨਾਂ ਦੀ ਤਿੱਖੀ ਪ੍ਰਤੀਕਿਰਿਆ ਦੇਖਣ ਨੂੰ ਮਿਲੀ ਅਤੇ ਉਹ ਸੀ. ਪੀ. ਸੀ. ਦੇ ਇਸ ਕਦਮ ਦੀ ਆਲੋਚਨਾ ਕਰਦੇ ਨਜ਼ਰ ਆਏ। ਚੀਨ ਦੀ ਵਿੱਤੀ ਵਿਵਸਥਾ ਇਸ ਸਮੇਂ ਬੁਰੀ ਤਰ੍ਹਾਂ ਲੜਖੜਾ ਗਈ ਹੈ। ਸੂ ਚਯਾ ਇਨ, ਜੋ ਚੀਨੀ ਰੀਅਲ ਅਸਟੇਟ ਐਵਰਗ੍ਰਾਂਡੇ ਸਮੂਹ ਦੇ ਕਾਰਜਕਾਰੀ ਨਿਰਦੇਸ਼ਕ ਅਤੇ ਚੇਅਰਮੈਨ ਹਨ, ਦੀ ਗ੍ਰਿਫਤਾਰੀ ਪਿੱਛੋਂ ਹਾਲਾਤ ਹੋਰ ਵੀ ਖਰਾਬ ਹੋ ਗਏ ਹਨ ਕਿਉਂਕਿ ਉਸ ਪਿੱਛੋਂ ਕੰਟ੍ਰੀ ਗਾਰਡਨ, ਸੋਹੋ ਸਮੇਤ ਕਈ ਰੀਅਲ ਅਸਟੇਟ ਕੰਪਨੀਆਂ ਢਹਿ-ਢੇਰੀ ਹੋ ਚੁੱਕੀਆਂ ਹਨ।
ਚੀਨ ਲਈ ਨਵੀਂ ਮੁਸੀਬਤ ਬਣਿਆ ਸੂਬਾਈ ਸਰਕਾਰਾਂ ਦਾ ਕਰਜ਼ਾ
NEXT STORY